ਅਪਰਾਧਸਿਆਸਤਵਿਸ਼ੇਸ਼ ਲੇਖ

ਧਰਮ ਅਧਾਰਿਤ ਨਫਰਤੀ ਪ੍ਰਚਾਰ ਦੇਸ਼ ਲਈ ਸਹੀ ਨਹੀਂ

ਜਿਵੇਂ ਜਿਵੇਂ ਨਵੇਂ ਸਾਲ ਦਾ ਸੂਰਜ ਚੜ੍ਹਨ ਦਾ ਸਮਾਂ ਨੇੜੇ ਆਈ ਜਾ ਰਿਹਾ ਹੈ, ਦਿਲਾਂ ਵਿਚ ਮਾਯੂਸੀ ਵੱਧ ਰਹੀ ਹੈ। ਜਿਹੜੀਆਂ ਗੱਲਾਂ ਬਾਰੇ ਚੇਤਾਵਨੀਆਂ ਦਿਤੀਆਂ ਜਾ ਰਹੀਆਂ ਸਨ, ਉਹ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸਾਈਆਂ ਦਾ ਵੱਡਾ ਦਿਨ ਸਾਰੀ ਦੁਨੀਆਂ ਦੇ ਬੱਚਿਆਂ ਵਾਸਤੇ ਖ਼ਾਸ ਹੁੰਦਾ ਹੈ ਕਿਉਂਕਿ ਇਸ ਨੂੰ ਤੋਹਫ਼ਿਆਂ ਨਾਲ ਜੋੜ ਕੇ ਬੱਚਿਆਂ ਨੂੰ ਚੰਗੀ ਜੀਵਨ ਜਾਚ ਵਾਸਤੇ ਉਤਸ਼ਾਹਿਆ ਜਾਂਦਾ ਹੈ। ਜੋ ਬੱਚਾ ‘ਚੰਗਾ ਬੱਚਾ’ ਹੋਵੇਗਾ, ਸਾਰੇ ਸਾਲ ਕਿਸੇ ਦਾ ਦਿਲ ਨਹੀਂ ਦੁਖਾਏਗਾ ਤੇ ਸ਼ਰਾਰਤ ਨਹੀਂ ਕਰੇਗਾ, ਉਸ ਨੂੰ ਸੇਂਟਾ ਕਲਾਜ਼ ਉਸ ਦਾ ਮਨਪਸੰਦ ਤੋਹਫ਼ਾ ਦੇਵੇਗਾ।
ਇਸਾਈ ਧਰਮ ਤੋਂ ਇਹ ਚੰਗੀ ਗੱਲ ਸਿਖਣ ਦੀ ਬਜਾਏ ਅਸੀ ਬੱਚਿਆਂ ਨੂੰ ਨਫ਼ਰਤ ਦੇ ਪਾਠ ਸਿਖਾਣੇ ਸ਼ੁਰੂ ਕਰ ਦਿਤੇ ਹਨ। ਆਗਰਾ ਵਿਚ ਕ੍ਰਿਸਮਿਸ ਤੇ ਜੀਸਸ ਦੇ ਬੁਤ ਨੂੰ ਪਹਿਲਾਂ ਮਾਰਿਆ ਗਿਆ ਤੇ ਫਿਰ ਸਾੜਿਆ ਗਿਆ। ਉਤਰਾਖੰਡ ਵਿਚ ਹਿੰਦੂ ਧਰਮ ਦੇ ਇਕ ਠੇਕੇਦਾਰ ਨੇ ਇਕ ਧਾਰਮਕ ਸਮਾਗਮ ਨੂੰ ਮੁਸਲਮਾਨ ਧਰਮ ਵਿਰੁਧ ਨਫ਼ਰਤ ਉਗਲਣ ਦਾ ਸਬੱਬ ਬਣਾ ਲਿਆ ਅਤੇ ਅਪਣੇ ਧਰਮ ਦੇ ਚੰਗੇ ਪੱਖਾਂ ਬਾਰੇ ਗੱਲ ਕਰਨ ਦੀ ਬਜਾਏ ਮੰਚਾਂ ਤੋਂ ਇਹ ਆਖਿਆ ਗਿਆ ਕਿ ਹਿੰਦੂ ਧਰਮ ਦੇ ਦੁਸ਼ਮਣ ਮੁਸਲਮਾਨਾਂ ਨੂੰ ਖ਼ਤਮ ਕਰਨ ਵਾਸਤੇ ਸੈਂਕੜੇ ਲੋਕ ਹਥਿਆਰ ਚੁਕ ਕੇ ਤਿਆਰ ਰਹਿਣ। ਪਰ ਇਸ ਤੋਂ ਬਾਅਦ ਜਿਸ ਤਰ੍ਹਾਂ ਵੀ ਸਥਿਤੀ ਅੱਗੇ ਬਣਦੀ ਜਾ ਰਹੀ ਹੈ, ਉਸ ਨਾਲ ਘਬਰਾਹਟ ਵਧਦੀ ਹੀ ਜਾ ਰਹੀ ਹੈ।
ਪਹਿਲਾਂ ਇਕ ਵੀਡੀਉ ਇਨ੍ਹਾਂ ਹਿੰਦੂ ਆਗੂਆਂ ਦੇ ਸਾਹਮਣੇ ਆਇਆ ਜਿਥੇ ਇਹ ਪੁਲਿਸ ਕੋਲ ਮੁਸਲਮਾਨਾਂ ਵਿਰੁਧ ਸ਼ਿਕਾਇਤ ਕਰਵਾ ਰਹੇ ਹਨ ਤੇ ਸੱਭ ਦੀ ਆਪਸ ਵਿਚ ਦੋਸਤੀ ਵੇਖ ਕੇ ਇਹ ਸਵਾਲ ਉਠਦਾ ਹੈ ਕਿ ਨਫ਼ਰਤ ਫੈਲਾਉਣ ਵਾਲੇ ਤਾਂ ਪੁਲਿਸ ਦੇ ਕਰੀਬੀ ਹਨ, ਤਾਂ ਫਿਰ ਬਚਾਅ ਵਾਸਤੇ ਕੌਣ ਆਵੇਗਾ? ਫਿਰ ਇਕ ਹੋਰ ਵੀਡੀਉ ਸਾਹਮਣੇ ਆਇਆ ਜਿਸ ਵਿਚ ਉਤਰਾਖੰਡ ਦੇ ਸਕੂਲ ਵਿਚ ਬੱਚਿਆਂ ਨੂੰ ਮੁਸਲਮਾਨਾਂ ਨੂੰ ਖ਼ਤਮ ਕਰਨ ਦੀ ਸਹੁੰ ਚੁਕਵਾਈ ਜਾ ਰਹੀ ਸੀ। ਸਿੱਖਾਂ ਨੂੰ ਲੈ ਕੇ ਤਾਂ ਅੱਜ ਨਾਹਰਾ ਇਹ ਲਗਾਇਆ ਜਾ ਰਿਹਾ ਹੈ ਕਿ ਹਿੰਦੂਆਂ ਨੂੰ ਸਿੱਖਾਂ ਨਾਲ ਕੋਈ ਦੁਸ਼ਮਣੀ ਨਹੀਂ ਤੇ ਅੱਜ ਸਿੱਖਾਂ ਨੂੰ ਖ਼ੁਸ਼ ਕਰਨ ਵਾਸਤੇ ਪ੍ਰਧਾਨ ਮੰਤਰੀ ਆਪ ਸੱਭ ਕੁੱਝ ਦੇਖ ਰਹੇ ਹਨ।
79.7 ਫ਼ੀ ਸਦੀ ਹਿੰਦੂਆਂ ਨੂੰ 2 ਫ਼ੀ ਸਦੀ ਇਸਾਈਆਂ ਤੇ 19 ਫ਼ੀ ਸਦੀ ਮੁਸਲਮਾਨਾਂ ਤੋਂ ਖ਼ਤਰਾ ਹੈ। ਉਹ ਡਰ ਵਿਚ ਇਹ ਸੱਭ ਕਰ ਰਹੇ ਹਨ। ਚੁਨੌਤੀ ਹਿੰਦੂਆਂ ਵਾਸਤੇ ਸੱਭ ਤੋਂ ਵੱਡੀ ਹੈ। ਕੀ ਉਹ ਅਪਣੇ ਗ੍ਰੰਥਾਂ ਵਿਚ ਲਿਖੇ ਪਿਆਰ ਤੇ ਸ਼ਹਿਣਸ਼ੀਲਤਾ ਦੇ ਪਾਠ ਪੜ੍ਹਨਗੇ ਜਾਂ ਸਿਆਸੀ ਤਾਕਤ ਨੂੰ ਹੋਰ ਵਧਾਉਣ ਲਈ ਅਪਣੇ ਧਰਮ ਨੂੰ ਨਫ਼ਰਤ ਦੀ ਪਾਠਸ਼ਾਲਾ ਬਣਾਉਣਗੇ? ਜਿਸ ਬੱਚੇ ਨੂੰ ਸਕੂਲ ਵਿਚ ਕਸਾਈ ਬਣਨ ਦਾ ਪਾਠ ਸਿਖਾਇਆ ਜਾਵੇ, ਕੀ ਉਸ ਬੱਚੇ ਦੇ ਮਾਤਾ ਪਿਤਾ ਖ਼ੁਸ਼ ਹੋਣਗੇ? ਸਿਆਸਤਦਾਨ ਕਿਉਂ ਨਹੀਂ ਅਪਣੇ ਬੱਚਿਆਂ ਨੂੰ ਇਹ ਪਾਠ ਸਿਖਾਉਣ ਵਾਸਤੇ ਇਨ੍ਹਾਂ ਥਾਵਾਂ ’ਤੇ ਭੇਜਦੇ? ਕਦੇ ਸੁਣਿਆ ਹੈ ਕਿ ਕਿਸੇ ਸਿਆਸਤਦਾਨ ਦਾ ਬੇਟਾ ਆਪ ਕਿਸੇ ਫ਼ਿਰਕੂ ਭੀੜ ਦਾ ਹਿੱਸਾ ਬਣਿਆ ਹੋਵੇ?
ਹੇਠਲੇ ਪੱਧਰ ਦੇ ਆਗੂ ਭੜਕੀਲੇ ਭਾਸ਼ਣ ਦੇ ਕੇ ਆਮ ਗ਼ਰੀਬ ਇਨਸਾਨਾਂ ਦੇ ਮਨਾਂ ਵਿਚ ਨਫ਼ਰਤ ਦੀ ਅੱਗ ਬਾਲਦੇ ਹਨ। ਪਰ ਫਿਰ ਜਦ ਉਨ੍ਹਾਂ ਦੀ ਬਾਲੀ ਅੱਗ ਭਾਂਬੜ ਦਾ ਰੂਪ ਧਾਰ ਲੈਂਦੀ ਹੈ ਤਾਂ ਉਨ੍ਹਾਂ ਨੂੰ ਉਚ ਅਹੁਦੇ ਬਖ਼ਸ਼ ਕੇ ਨਿਵਾਜਿਆ ਜਾਂਦਾ ਹੈ। ਪਰ ਭੀੜ ਜਾਂ ਤਾਂ ਮਾਰੀ ਜਾਂਦੀ ਹੈ ਜਾਂ ਜੇਲਾਂ ਵਿਚ ਭੇਜ ਦਿਤੀ ਜਾਂਦੀ ਹੈ। ਜੇ ਬਚ ਵੀ ਜਾਵੇ ਤਾਂ ਅਪਣੀ ਹੈਵਾਨੀਅਤ ਨੂੰ ਯਾਦ ਕਰ ਕੇ ਤੇ ਉਸ ਤੋਂ ਸ਼ਰਮਸਾਰ ਹੋ ਕੇ ਸਾਰੀ ਉਮਰ ਬੇਦੋਸ਼ਿਆਂ ਦੀਆਂ ਭਿਆਨਕ ਚੀਕਾਂ ਦੀਆਂ ਆਵਾਜ਼ਾਂ ਵਿਚ ਘਿਰੀ ਕਦੇ ਚੈਨ ਨਹੀਂ ਲੈ ਸਕਦੀ।
ਅੱਜ ਜ਼ਿੰਮੇਵਾਰੀ ਹਿੰਦੂ ਧਰਮ ਨੂੰ ਮੰਨਣ ਵਾਲੇ ਆਮ ਇਨਸਾਨ ਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਛਵੀ ਦੁਨੀਆਂ ਵਿਚ ਛੱਡ ਕੇ ਜਾਣਾ ਚਾਹੁੰਦਾ ਹੈ। ਮਹਾਤਮਾ ਗਾਂਧੀ ਵਿਚ ਬਤੌਰ ਮਨੁੱਖ, ਬਹੁਤ ਖ਼ਾਮੀਆਂ ਸਨ ਪਰ ਦੁਨੀਆਂ ਉਸ ਨੂੰ ਅਹਿੰਸਾ ਵਾਸਤੇ ਯਾਦ ਕਰਦੀ ਹੈ ਤੇ ਨਾਲ ਹੀ ਭਾਰਤ ਦਾ ਨਾਮ ਵੀ ਲੈਂਦੀ ਹੈ। ਕੀ ਗੌਡਸੇ ਨੂੰ ਦੁਨੀਆਂ ਉਹ ਸਤਿਕਾਰ ਦੇਵੇਗੀ? ਕੀ ਉਤਰਾਖੰਡ ਦੀਆਂ ਨਫ਼ਰਤ ਦੀਆਂ ਪਾਠਸ਼ਾਲਾਵਾਂ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਤੇ ਇਕ ਚੰਗਾ ਜੀਵਨ ਦੇਣਗੀਆਂ? ਕੀ ਤੁਹਾਡੇ ਦੇਸ਼ ਦੀਆਂ ਪਾਠਸ਼ਾਲਾਵਾਂ ਤੁਹਾਨੂੰ ਮੁਸਲਮਾਨ ਅਤਿਵਾਦ ਨਾਲ ਕਟਹਿਰੇ ਵਿਚ ਖੜਾ ਕਰਨਗੀਆਂ ਜਾਂ ਤੁਹਾਨੂੰ ਨੋਬਲ ਪੁਰਸਕਾਰ ਦੇ ਹੱਕਦਾਰ ਬਣਾਉਣਗੀਆਂ? ਅੱਜ ਦੇਸ਼ ਦੀ ਰੂਹ ਨੂੰ ਖ਼ਤਰਾ ਹੈ ਨਾ ਕਿ ਦੇਸ਼ ਦੀਆਂ ਸਰਹੱਦਾਂ ਨੂੰ। ਸਾਡੇ ਬੱਚੇ ਕਸਾਈ ਬਣਾਏ ਜਾ ਰਹੇ ਹਨ। ਫ਼ੈਸਲਾ ਆਮ ਹਿੰਦੂ ਦੇ ਹੱਥ ਵਿਚ ਹੈ।

-ਨਿਮਰਤ ਕੌਰ

Comment here