ਡਾ. ਪਾਂਡੁਰੰਗ ਵਾਮਨ ਕਾਣੇ ਅਜਿਹੇ ਸ਼ਖਸ ਹੋਏ ਜਿਹਨਾਂ ਨੇ ਖੁਦ ਨੂੰ ਪੂਰੀ ਸ਼ਿਦਤ ਨਾਲ ਅਧਿਐਨ ਕਾਰਜ ਵਿੱਚ ਡੋਬ ਰੱਖਿਆ। ਉਹ ਸਧਾਰਨ ਮੱਧ ਵਰਗੀ ਸਨਾਤਨੀ ਬ੍ਰਾਹਮਣ ਪਰਿਵਾਰ ਵਿੱਚ 7 ਮਈ, 1880 ਨੂੰ ਜਨਮੇ। ਉਹਨਾਂ ਦੇ ਪਿਤਾ ਵਾਮਨ ਸ਼ੰਕਰ ਕਾਣੇ ਵਕੀਲ ਸਨ। ਕਾਣੇ ਨੇ ਹਾਈ ਸਕੂਲ ਦੀ ਪ੍ਰੀਖਿਆ ਐੱਸ ਪੀ ਜੀ ਸਕੂਲ ਤੋਂ ਪਾਸ ਕੀਤੀ ਤੇ ਪੂਰੇ ਜ਼ਿਲੇ ਚ 23 ਵਾਂ ਸਥਾਨ ਹਾਸਲ ਕੀਤਾ। 1897 ਵਿੱਚ ਮੈਟ੍ਰਿਕ ਪਾਸ ਕਰ ਲਈ, ਇਸ ਤੋਂ ਬਾਅਦ ਬੀਏ, ਐਮਏ, ਐਲਐਲਬੀ, ਐਲਐਲਐਮ ਪਾਸ ਕੀਤੀ। ਸੱਤ ਸਾਲ ਤੱਕ ਸਰਕਾਰੀ ਸਕੂਲਾਂ ਚ ਪੜਾਇਆ। ਪਰ ਜਦ ਤਰੱਕੀ ਵੇਲੇ ਪੱਖਪਾਤ ਹੋਇਆ ਤਾਂ ਉਹਨਾਂ ਨੇ ਸਰਕਾਰੀ ਸੇਵਾ ਤੋਂ ਅਸਤੀਫਾ ਦੇ ਦਿੱਤਾ। ਫੇਰ ਉਹ ਬਾਂਬੇ ਹਾਈਕੋਰਟ ਚ ਵਕਾਲਤ ਕਰਨ ਲੱਗੇ। ਲਿਖਣ ਪੜਨ ਦੀ ਕੁਦਰਤੀ ਚੇਟਕ ਸੀ। ਉਹਨਾਂ ਨੇ ਧਰਮ ਸ਼ਾਸਤਰ ਦੇ ਇਤਿਹਾਸ ‘ਤੇ ਖੋਜ ਕਾਰਜ ਕਰਕੇ ਕਿਤਾਬ ਲਿਖੀ। ਇੱਥੇ ਧਰਮ ਦਾ ਅਰਥ ਕਨੂੰਨ ਤੋਂ ਹੈ। ਉਹਨਾਂ ਦੀ ਇਸ ਮਹਾਨ ਰਚਨਾ ਵਿੱਚ ਪਿਛਲੇ 2400 ਸਾਲਾਂ ਦੌਰਾਨ ਹਿੰਦੂਆਂ ਦੇ ਧਾਰਮਿਕ ਤੇ ਦੀਵਾਨੀ ਕਨੂੰਨਾਂ ਦੀ ਵਿਕਾਸ ਯਾਤਰਾ ਦਾ ਜਿ਼ਕਰ ਹੈ। ਇਹ ਕਿਤਾਬ ਆਪਣੇ ਆਪ ਵਿੱਚ ਵਿਲੱਖਣ ਹੈ, ਕਿਉਂਕਿ ਕਾਣੇ ਨੇ ਕਨੂੰਨਾਂ ਦੀ ਵਿਕਾਸ ਯਾਤਰਾ ਦਾ ਵਰਣਨ ਕਰਦਿਆਂ ਡੂੰਘੇਰੀ ਸਮੀਖਿਆ ਕੀਤੀ ਹੈ, ਪਰ ਇਸ ਕਿਤਾਬ ਦੀ ਰਚਨਾ ਗਾਥਾ ਵੀ ਘੱਟ ਨਹੀਂ ਹੈ।
ਉਹਨਾਂ ਸ਼ਾਇਦ ਖੁਦ ਨਾ ਸੋਚਿਆ ਹੋਵੇ ਕਿ ਉਹ ਭਾਰਤੀ ਧਰਮ ਸ਼ਾਸਤਰ ਦਾ ਇਤਿਹਾਸ ਲਿਖਣਗੇ। ਉਹ ਤਾਂ ਸੰਸਕ੍ਰਿਤ ਚ ਇੱਕ ਗ੍ਰੰਥ ਵਿਵਹਾਰ ਮਯੂਖ ਦੀ ਰਚਨਾ ਵਿੱਚ ਲੱਗੇ ਹੋਏ ਸਨ। ਉਸ ਗ੍ਰੰਥ ਨੂੰ ਸਿਰਜਣ ਤੋਂ ਬਾਅਦ ਉਹਨਾਂ ਦੇ ਮਨ ਚ ਆਇਆ ਕਿ ਪੁਸਤਕ ਦਾ ਇੱਕ ਪਰੀਚੈ ਲਿਖਿਆ ਜਾਵੇ, ਤਾਂ ਜੋ ਪਾਠਕਾਂ ਨੂੰ ਧਰਮ ਸ਼ਾਸਤਰ ਦੇ ਇਤਿਹਾਸ ਦੀ ਸੰਖੇਪ ਜਾਣਕਾਰੀ ਮਿਲ ਸਕੇ। ਇਸ ਕੋਸ਼ਿਸ਼ ਵਿੱਚ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਗ੍ਰੰਥਾਂ ਦੀ ਖੋਜ ਕੀਤੀ, ਜਾਣਕਾਰੀ ਦੇ ਪੜਾਅ ਦਰ ਪੜਾਅ ਸਰ ਕਰਦੇ ਰਹੇ, ਤੇ ਕਾਗਜ਼ਾਂ ਤੇ ਸਾਰੀ ਜਾਣਕਾਰੀ ਉਤਾਰਦੇ ਰਹੇ। ਇਸ ਤਰਾਂ ਇੱਕ ਨਵਾਂ ਵਿਸ਼ਾਲ ਗ੍ਰੰਥ ਤਿਆਰ ਹੋਇਆ, ਧਰਮ ਸ਼ਾਸਤਰ ਦਾ ਇਤਿਹਾਸ। ਉਸ ਵਕਤ ਡਾ ਕਾਣੇ ਪੰਜਾਹ ਸਾਲ ਦੇ ਸਨ, ਜਦ ਇਸ ਦੀ ਪਹਿਲੀ ਜਿਲਦ 1930 ਵਿੱਚ ਛਪੀ ਸੀ, ਫੇਰ ਸੰਸਕ੍ਰਿਤ ਤੇ ਮਰਾਠੀ ਵਿੱਚ ਇਸ ਦੀ ਛਪਾਈ ਹੋਈ। ਜਦ ਆਖਰੀ ਜਿਲਦ ਆਈ ਤਾਂ ਉਹ 85 ਸਾਲਾਂ ਦੇ ਸਨ। ਕਰੀਬ 6500 ਪੰਨਿਆਂ ਦੇ ਇਤਿਹਾਸਕ ਗ੍ਰੰਥ ਤੋਂ ਇਲਾਵਾ ਵੀ ਉਹਨਾਂ ਦੇ ਕਈ ਗ੍ਰੰਥ ਪ੍ਰਕਾਸ਼ਿਤ ਹੋਏ। ਉੱਤਰ ਰਾਮਚਰਿਤਰ ਤੋਂ ਲੈ ਕੇ ਕਾਦੰਬਰੀ, ਹਰਸ਼ਚਰਿਤ, ਹਿੰਦੂਆਂ ਦੇ ਰੀਤੀ ਰਿਵਾਜ ਅਤੇ ਆਧੁਨਿਕ ਕਨੂੰਨ ਤੇ ਸੰਸਕ੍ਰਿਤ ਕਾਵਿ ਸ਼ਾਸਤਰ ਦਾ ਇਤਿਹਾਸ ਉਹਨਾਂ ਦੀਆਂ ਰਚਨਾਵਾਂ ਹਨ। ਡਾ ਕਾਣੇ ਦੇ ਅਤਿ ਵਿਸਤ੍ਰਿਤ ਗਿਆਨ ਅਤੇ ਉਹਨਾਂ ਦੀ ਰਚਨਾ ਦੇ ਅਧਿਕਾਰਿਤ ਸਰੂਪ ਨੂੰ ਦੇਖਦਿਆਂ ਸ਼ਾਸਨ ਤੰਤਰ ਦੀ ਬਹਿਸ ਵਿੱਚ ਅੱਜ ਵੀ ਹਰ ਪੱਖ ਖੁਦ ਨੂੰ ਮਜ਼ਬੂਤ ਕਰਨ ਲਈ ਕਾਣੇ ਦੇ ਵਿਚਾਰਾਂ ਦਾ ਸਹਾਰਾ ਲੈਂਦੇ ਹਨ। ਉਹਨਾਂ ਦਾ ਦ੍ਰਿਸ਼ਟੀਕੋਣ ਉਦਾਰ, ਅਚੋਲਨਾਤਮਕ ਅਤੇ ਆਧੁਨਿਕ ਹੈ। ਉਹਨਾਂ ਦਾ ਮੰਨਣਾ ਸੀ ਕਿ ਧਾਰਮਿਕ ਨਿਯਮ ਸਥਾਈ ਨਹੀਂ ਹੁੰਦੇ। ਉਹ ਛੂਤ-ਛਾਤ, ਵਿਧਵਾਵਾਂ ਦੇ ਮੁੰਡਨ ਜਿਹੀਆਂ ਪੁਰਾਤਨ ਪ੍ਰੰਪਰਾਵਾਂ ਦੇ ਸਦਾ ਵਿਰੋਧੀ ਰਹੇ। ਡਾ ਕਾਣੇ ਸੰਸਕ੍ਰਿਤ ਦੇ ਆਚਾਰੀਆ ਮੁੰਬਈ ਯੂਨੀਵਰਸਿਟੀ ਦੇ ਚਾਂਸਲਰ ਤੇ ਸਾਲ 1953 ਤੋਂ 1959 ਤੱਕ ਰਾਜ ਸਭਾ ਮੈਂਬਰ ਰਹੇ। ਉਹਨਾਂ ਨੇ ਪੈਰਿਸ, ਇਸਤਾਂਬੁਲ ਅਤੇ ਕੈਂਬ੍ਰਿਜ ਦੇ ਸੰਮੇਲਨਾਂ ਵਿੱਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ। ਸਾਹਿਤ ਅਕਾਦਮੀ ਨੇ 1956 ਚ ਉਹਨਾਂ ਨੂੰ ਧਰਮ ਸ਼ਾਸਤਰ ਦੇ ਇਤਿਹਾਸ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ। ਭਾਰਤ ਸਰਕਾਰ ਨੇ ਉਹਨਾਂ ਨੂੰ ਮਹਾਮਹੋਪਾਧਿਆਇ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਸੀ। ਭਾਰਤ ਸਰਕਾਰ ਨੇ 1963 ਵਿੱਚ ਕਾਣੇ ਨੂੰ ਭਾਰਤ ਰਤਨ ਦੇ ਸਰਬ ਉੱਚ ਸਨਮਾਨ ਨਾਲ ਨਿਵਾਜਿਆ ਸੀ।
ਡਾ. ਪਾਂਡੁਰੰਗ ਵਾਮਨ ਕਾਣੇ ਭਾਰਤ ‘ਚ ਪਹਿਲੇ ਅਤੇ ਹੁਣ ਤੱਕ ਦੇ ਇਕਮਾਤਰ ਇਤਿਹਾਸਕਾਰ ਹਨ, ਜਿਨ੍ਹਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਵਾਜਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਦੀ ਕਿਤਾਬ ‘ਧਰਮਸ਼ਾਸਤਰ ਦਾ ਇਤਿਹਾਸ’ ਲਈ ਦਿੱਤਾ ਗਿਆ ਸੀ। ਉਨ੍ਹਾਂ ਦੀ ਕਿਤਾਬ ਦੀ ਖ਼ਾਸ ਗੱਲ ਹੈ ਕਿ ਇਸ ‘ਚ ਜਨਮ, ਸੋਲਹ ਸੰਸਕਾਰ, ਵਿਆਹ ਤੋਂ ਲੈ ਕੇ ਮੌਤ ਤੱਕ ਪ੍ਰਾਚੀਨ ਭਾਰਤ ਦੇ ਸਮਾਜਿਕ ਨਿਯਮ, ਕਾਨੂੰਨਾਂ ਤੋਂ ਲੈ ਕੇ ਰੀਤੀ-ਰਿਵਾਜ਼ਾਂ ਦਾ ਸੰਕਲਨ ਹੈ। ਇਸ ਨੂੰ ਲਿਖਣ ‘ਚ ਡਾ. ਪਾਂਡੁਰੰਗ ਨੂੰ 30 ਸਾਲ ਤੋਂ ਵਧ ਦਾ ਸਮਾਂ ਲੱਗਾ। ਇਹ 5 ਹਿੱਸਿਆਂ ‘ਚ ਹੈ। ਇਸ ‘ਚ ਕੁੱਲ 6500 ਪੰਨੇ ਹਨ। ਇਹ ਭਾਰਤ ਸਮੇਤ ਦੁਨੀਆ ਦੀਆਂ ਚੁਨਿੰਦਾ ਕਿਤਾਬਾਂ ‘ਚ ਗਿਣੀ ਜਾਂਦੀ ਹੈ। ਅੱਜ ਦੇ ਦੌਰ ‘ਚ ਇਸ ਕਿਤਾਬ ਦਾ ਮਹੱਤਵ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਇਸ ਨੂੰ ਭਾਰਤ ਦੇ ਸਮਾਜਿਕ ਨਿਯਮਾਂ ਦੀ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ।
Comment here