ਫ਼ਤਹਿਗੜ੍ਹ ਸਾਹਿਬ-ਡੀਸੀ ਦਫਤਰ ਦਾ ਘਿਰਾਓ ਕਰ ਰਹੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਮਿਲਣ ਆਏ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਪੀਏ ਰਾਮ ਕ੍ਰਿਸ਼ਨ ਭੱਲਾ ਨਾਲ ਖਿੱਚ ਧੂਹ ਕਰਕੇ ਉਨ੍ਹਾਂ ਨੂੰ ਧਰਨੇ ’ਤੇ ਆਪਣੇ ਨਾਲ ਬਿਠਾ ਲਿਆ, ਜੋ ਕਈ ਘੰਟੇ ਕਿਸਾਨਾਂ ਨਾਲ ਧਰਨੇ ’ਤੇ ਬੈਠੇ ਰਹੇ। ਇਸ ਦੌਰਾਨ ਡੀਸੀ ਨੇ ਵੀ ਕਿਸਾਨਾਂ ਨੂੰ ਸਮਝਾਇਆ ਪ੍ਰੰਤੂ ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਯੂਰੀਆ ਨਹੀਂ ਮਿਲਦਾ ਉਹ ਪੀਏ ਨੂੰ ਜਾਣ ਨਹੀਂ ਦੇਣਗੇ। ਕਿਉਂਕਿ ਪਹਿਲਾਂ ਉਹ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਬੈਠੇ ਰਹੇ, ਜਿਸ ਤੋਂ ਬਾਅਦ ਕਣਕ ਦੀ ਬਿਜਾਈ ਸਮੇਂ ਡੀਏਪੀ ਦੀ ਘਾਟ ਕਾਰਨ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ ਅਤੇ ਹੁਣ ਜਦੋਂ ਕਣਕ ਦੀ ਫ਼ਸਲ ਨੂੰ ਖਾਦ ਦੀ ਜ਼ਰੂਰਤ ਹੈ ਤਾਂ ਹੁਣ ਉਨ੍ਹਾਂ ਨੂੰ ਯੂਰੀਏ ਦੀ ਘਾਟ ਕਾਰਨ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਚੰਨੀ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ।
ਦੂਜੇ ਪਾਸੇ ਪੀਏ ਰਾਮ ਕਿਸ਼ਨ ਭੱਲਾ ਨੇ ਕਿਹਾ ਕਿ ਸੂਬੇ ਅੰਦਰ ਯੂਰੀਏ ਦੀ ਕਿੱਲਤ ਚੱਲ ਰਹੀ ਹੈ ਅਤੇ ਉਹ ਵੀ ਕਿਸੇ ਮਸਲੇ ਲਈ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਪੁੱਜੇ ਸਨ ਤਾਂ ਉਨ੍ਹਾਂ ਨੂੰ ਕਿਸਾਨਾਂ ਨੇ ਆਪਣੇ ਨਾਲ ਧਰਨੇ ’ਤੇ ਬਿਠਾ ਲਿਆ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਕਿਉਂਕਿ ਕਿਸਾਨ ਵੀ ਉਨ੍ਹਾਂ ਦੀ ਭਰਾ ਹਨ। ਧਰਨਾਕਾਰੀਆਂ ਨੂੰ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਨੇ ਜਲਦੀ ਹੀ ਖਾਦ ਦੀ ਘਾਟ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ ਤਾਂ ਕਿਸਾਨਾਂ ਨੇ ਧਰਨਾ ਚੁੱਕ ਲਿਆ।
ਧਰਨੇ ’ਤੇ ਬੈਠੇ ਕਿਸਾਨਾਂ ਨੇ ਖੇਤੀ ਮੰਤਰੀ ਦਾ ਪੀਏ ਜਬਰੀ ਨਾਲ ਬਿਠਾਇਆ

Comment here