ਸਿਆਸਤਖਬਰਾਂਦੁਨੀਆ

ਦੱਖਣ-ਪੂਰਬੀ ਏਸ਼ੀਆ ’ਤੇ ਚੀਨ ਦਾ ਦਬਦਬਾ ਜਾਰੀ

ਬੀਜਿੰਗ-ਚੀਨ ਅਜੇ ਵੀ ਆਪਣੀ ਦਾਦਾਗਿਰੀ ਪੂਰੇ ਦੱਖਣ ਚੀਨ ਸਾਗਰ ’ਚ ਦਿਖਾ ਰਿਹਾ ਹੈ ਅਤੇ ਉਹ ਨਾ ਸਿਰਫ ਫਿਲੀਪੀਨਜ਼ ਸਗੋਂ ਵੀਅਤਨਾਮ, ਬਰੁਨੇਈ, ਇੰਡੋਨੇਸ਼ੀਆ, ਤਾਈਵਾਨ ਅਤੇ ਮਲੇਸ਼ੀਆ ਦੇ ਟਾਪੂਆਂ ਨੂੰ ਵੀ ਹੜੱਪ ਚੁੱਕਾ ਹੈ ਅਤੇ ਉਨ੍ਹਾਂ ’ਤੇ ਫੌਜੀ ਅੱਡੇ ਬਣਾ ਰਿਹਾ ਹੈ। ਚੀਨ ਦੀਆਂ ਇਨ੍ਹਾਂ ਹਰਕਤਾਂ ਨੂੰ ਦੇਖ ਕੇ ਸਾਫ ਹੋ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਚੀਨ ਆਪਣੀ ਮਜ਼ਬੂਤ ਫੌਜ ਅਤੇ ਆਰਥਿਕ ਹਾਲਤ ਦਾ ਲਾਭ ਉਠਾ ਕੇ ਖੇਤਰ ਦੇ ਛੋਟੇ ਦੇਸ਼ਾਂ ਨੂੰ ਦਬਾ ਰਿਹਾ ਹੈ ਅਤੇ ਪੂਰੇ ਦੱਖਣ-ਪੂਰਬੀ ਏਸ਼ੀਆ ’ਤੇ ਆਪਣਾ ਗਲਬਾ ਕਾਇਮ ਕਰਨਾ ਚਾਹੁੰਦਾ ਹੈ।
ਦੱਖਣ ਚੀਨ ਸਾਗਰ ’ਚ ਚੀਨ ਦਾ ਹਮਲਾਵਰਪੁਣਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅਜੇ ਹਾਲ ਹੀ ’ਚ ਚੀਨੀ ਕੋਸਟਗਾਰਡ ਜਹਾਜ਼ਾਂ ਨੇ ਦੋ ਫਿਲੀਪੀਨੀ ਸਪਲਾਈ ਬੇੜੀਆਂ ਨੂੰ ਸ਼ਾਲ ਟਾਪੂ ’ਤੇ ਜਾਣ ਤੋਂ ਰੋਕਿਆ ਅਤੇ ਉਨ੍ਹਾਂ ’ਤੇ ਪਾਣੀ ਦੀ ਵਾਛੜ ਕੀਤੀ। ਚੀਨੀ ਜਹਾਜ਼ਾਂ ਨੇ ਫਿਲੀਪੀਨੀ ਬੇੜੀਆਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਸ ਦੇ ਬਾਅਦ ਫਿਲੀਪੀਨਜ਼ ਦੀਆਂ ਬੇੜੀਆਂ ਜੋ ਸ਼ਾਲ ਟਾਪੂ ’ਤੇ ਆਪਣੇ ਫੌਜੀਆਂ ਲਈ ਰਸਦ ਲੈ ਕੇ ਜਾ ਰਹੀਆਂ ਸਨ, ਉਹ ਨਹੀਂ ਜਾ ਸਕੀਆਂ। ਉਨ੍ਹਾਂ ਨੂੰ ਚੀਨੀ ਜਹਾਜ਼ਾਂ ਨੇ ਰੋਕ ਦਿੱਤਾ। ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਥਿਓਡੋਰ ਲਾਕਸਿਨ ਜੂਨੀਅਰ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ।
ਲਾਕਸਿਨ ਨੇ ਕਿਹਾ ਕਿ ਹਾਲਾਂਕਿ ਇਸ ਘਟਨਾ ’ਚ ਕੋਈ ਵੀ ਫਿਲੀਪੀਨੀ ਜ਼ਖਮੀ ਨਹੀਂ ਹੋਇਆ ਪਰ ਉਨ੍ਹਾਂ ਨੂੰ ਆਪਣੀ ਮੁਹਿੰਮ ਰੱਦ ਕਰਨੀ ਪਈ ਜੋ ਪੱਛਮੀ ਪਾਲਾਵਾਨ ਇਲਾਕੇ ’ਚ ਸ਼ਾਲ ਟਾਪੂ ’ਤੇ ਖਾਣਾ ਅਤੇ ਰਸਦ ਪਹੁੰਚਾਉਣ ਜਾ ਰਹੇ ਸਨ। ਇਸ ਰਸਦ ਦੀ ਉਡੀਕ ਟਾਪੂ ’ਤੇ ਤਾਇਨਾਤ ਫਿਲੀਪੀਨੀ ਫੌਜੀ ਬੇਸਬਰੀ ਨਾਲ ਕਰ ਰਹੇ ਸਨ। ਪੱਛਮੀ ਪਾਲਾਵਾਨ ਇਲਾਕੇ ’ਚ ਸਥਿਤ ਟਾਪੂ ਫਿਲੀਪੀਨਜ਼ ਦਾ ਵਿਸ਼ੇਸ਼ ਆਰਥਿਕ ਇਲਾਕਾ ਹੈ ਜਿਸ ’ਤੇ ਚੀਨ ਜਬਰੀ ਕਬਜ਼ਾ ਕਰਨਾ ਚਾਹੁੰਦਾ ਹੈ। ਥਿਓਡੋਰ ਲਾਕਸਿਨ ਜੂਨੀਅਰ ਨੇ ਟਵਿਟਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਚੀਨੀ ਕੋਸਟਗਾਰਡ ਜਹਾਜ਼ਾਂ ਨੇ ਨਾਜਾਇਜ਼ ਢੰਗ ਨਾਲ ਕੌਮਾਂਤਰੀ ਮਾਨਤਾ ਪ੍ਰਾਪਤ ਵਿਸ਼ੇਸ਼ ਆਰਥਿਕ ਖੇਤਰ ਦੀ ਅਣਦੇਖੀ ਕਰ ਕੇ ਫਿਲੀਪੀਨੀ ਬੇੜੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ।
ਚੀਨ ਸਮੇਂ-ਸਮੇਂ ’ਤੇ ਫਿਲੀਪੀਨਜ਼, ਵੀਅਤਨਾਮ, ਮਲੇਸ਼ੀਆ, ਬਰੁਨੇਈ ਅਤੇ ਤਾਈਵਾਨ ਵਰਗੇ ਦੇਸ਼ਾਂ ਦੇ ਸਮੁੰਦਰੀ ਇਲਾਕਿਆਂ ’ਤੇ ਆਪਣਾ ਨਾਜਾਇਜ਼ ਦਾਅਵਾ ਕਰਦਾ ਆਇਆ ਹੈ ਅਤੇ ਇਨ੍ਹਾਂ ਦੇ ਵਿਸ਼ੇਸ਼ ਇਲਾਕਿਆਂ ’ਚ ਨਾਜਾਇਜ਼ ਢੰਗ ਨਾਲ ਵੜ ਕੇ ਕਦੀ ਮੱਛੀਆਂ ਫੜਦਾ ਹੈ ਤੇ ਕਦੀ ਤੇਲ ਦੀ ਖੋਜ ਲਈ ਆਪਣੇ ਜਹਾਜ਼ਾਂ ਨੂੰ ਤਾਇਨਾਤ ਕਰਦਾ ਹੈ। ਜਦੋਂ ਇਨ੍ਹਾਂ ਦੇਸ਼ਾਂ ਦੀਆਂ ਕਿਸ਼ਤੀਆਂ ਅਤੇ ਜਹਾਜ਼ ਆਪਣੇ ਟਾਪੂਆਂ ’ਤੇ ਜਾਣ ਲੱਗਦੇ ਹਨ ਤਾਂ ਉਨ੍ਹਾਂ ਨੂੰ ਧੱਕੇਸ਼ਾਹੀ ਨਾਲ ਭਜਾ ਦਿੱਤਾ ਜਾਂਦਾ ਹੈ। ਚੀਨ ਇਹ ਦਾਅਵਾ ਕਰਦਾ ਹੈ ਕਿ ਸੱਤ ਸ਼ਾਲ ਟਾਪੂ ਚੀਨ ਦੇ ਇਲਾਕੇ ’ਚ ਹਨ ਅਤੇ ਇਨ੍ਹਾਂ ਇਲਾਕਿਆਂ ’ਚ ਚੀਨ ਨੇ ਮਿਜ਼ਾਈਲਾਂ ਤਾਇਨਾਤ ਕੀਤੀਆਂ ਹੋਈਆਂ ਹਨ ਜਿਸ ਨਾਲ ਨਾ ਸਿਰਫ ਦੱਖਣੀ-ਪੂਰਬੀ ਦੱਖਣ ਏਸ਼ੀਆ ’ਚ ਤਣਾਅ ਵਧ ਰਿਹਾ ਹੈ ਸਗੋਂ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਅਤੇ ਅਮਰੀਕਾ ਦੀ ਚਿੰਤਾ ਵੀ ਵਧ ਗਈ ਹੈ।
ਫਿਲੀਪੀਨਜ਼ ਦੀ ਸਰਕਾਰ ਨੇ ਚੀਨ ਦੀ ਇਸ ਹਰਕਤ ਦੀ ਨਿੰਦਾ ਕੀਤੀ ਹੈ ਅਤੇ ਆਪਣਾ ਗੁੱਸਾ ਮੀਡੀਆ ਰਾਹੀਂ ਕੱਢਿਆ। ਚੀਨ ਨੇ ਚੋਰੀ ਅਤੇ ਸੀਨਾਜ਼ੋਰੀ ਕਰਦੇ ਹੋਏ ਆਪਣੇ ਪੁਰਾਣੇ ਅੰਦਾਜ਼ ’ਚ ਦੁਨੀਆ ਦੇ ਸਾਹਮਣੇ ਆਪਣਾ ਪੱਖ ਰੱਖਿਆ ਹੈ। ਪੇਈਚਿੰਗ ’ਚ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਤਸਾਓ ਲੀਚਿਆਨ ਨੇ ਕਿਹਾ ਕਿ ਚੀਨੀ ਇਲਾਕੇ ’ਚ 2 ਫਿਲੀਪੀਨੀ ਬੇੜੀਆਂ ਨਾਜਾਇਜ਼ ਢੰਗ ਨਾਲ ਦਾਖਲ ਹੋ ਰਹੀਆਂ ਸਨ ਤਾਂ ਚੀਨੀ ਕੋਸਟਗਾਰਡ ਜਹਾਜ਼ਾਂ ਨੇ ਚੀਨ ਦੀ ਪ੍ਰਭੂਸੱਤਾ ਨੂੰ ਬਣਾਈ ਰੱਖਦੇ ਹੋਏ ਉਨ੍ਹਾਂ ਨੂੰ ਚੀਨੀ ਇਲਾਕਿਆਂ ’ਚੋਂ ਭਜਾ ਦਿੱਤਾ।
ਇਸ ਘਟਨਾ ਦੇ ਕਾਰਨ ਇਸ ਸਮੇਂ ਫਿਲੀਪੀਨਜ਼ ’ਚ ਭੜਥੂ ਪਿਆ ਹੋਇਆ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਹਰਮੋਜੇਨਸ ਐਸਪਰੋਨ ਨੇ ਮੀਡੀਆ ਨੂੰ ਦੱਸਿਆ ਕਿ 2 ਚੀਨੀ ਕੋਸਟਗਾਰਡ ਜਹਾਜ਼ਾਂ ਨੇ ਫਿਲੀਪੀਨਜ਼ ਦੀਆਂ ਲੱਕੜ ਵਾਲੀਆਂ 3 ਬੇੜੀਆਂ ਨੂੰ ਆਪਣੇ ਹੀ ਇਲਾਕੇ ’ਚੋਂ ਅੱਗੇ ਜਾਣ ਤੋਂ ਰੋਕਿਆ ਅਤੇ ਇਕ ਚੀਨੀ ਜਹਾਜ਼ ਨੇ ਲਗਭਗ 1 ਘੰਟੇ ਤੱਕ ਫਿਲੀਪੀਨਜ਼ ਦੀਆਂ 3 ਬੇੜੀਆਂ ’ਤੇ ਪਾਣੀ ਦੀ ਵਾਛੜ ਕੀਤੀ। ਇਸ ਦੇ ਕਾਰਨ ਇਕ ਫਿਲੀਪੀਨਜ਼ ਬੇੜੀ ਨੂੰ ਨੁਕਸਾਨ ਵੀ ਪੁੱਜਾ ਜਿਸ ਦਾ ਆਊਟਗੇਅਰ ਪਾਣੀ ਦੀ ਤੇਜ਼ ਵਾਛੜ ਨਾਲ ਟੁੱਟ ਗਿਆ।
ਚੀਨ ਦੀਆਂ ਕਾਰਸਤਾਨੀਆਂ ਨੂੰ ਦੁਨੀਆ ਦੇ ਸਾਹਮਣੇ ਰੱਖਣ ਲਈ ਫਿਲੀਪੀਨਜ਼ ਨੇ 2014 ’ਚ ਕੁਝ ਇਕ ਦਰਜਨ ਵਿਦੇਸ਼ੀ ਪੱਤਰਕਾਰਾਂ ਨੂੰ ਸੱਦਿਆ ਸੀ। ਜਦੋਂ ਉਨ੍ਹਾਂ ਨੂੰ ਸ਼ਾਲ ਟਾਪੂ ’ਤੇ ਆਪਣੀ ਸਮੁੰਦਰੀ ਫੌਜ ਦੇ ਜਹਾਜ਼ਾਂ ’ਚ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਦੋ ਚੀਨੀ ਕੋਸਟਗਾਰਡ ਦੇ ਜਹਾਜ਼ਾਂ ਨੇ ਫਿਲੀਪੀਨੀ ਜਹਾਜ਼ਾਂ ਦਾ ਰਸਤਾ ਦੋ ਵਾਰ ਰੋਕਣ ਦੀ ਕੋਸ਼ਿਸ਼ ਕੀਤੀ। ਚੀਨੀ ਕੋਸਟਗਾਰਡ ਦੀ ਬਦਮਾਸ਼ੀ ਇੱਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਆਪਣੇ ਰੇਡੀਓ ਸੰਦੇਸ਼ ਰਾਹੀਂ ਫਿਲੀਪੀਨੀ ਜਹਾਜ਼ਾਂ ਨੂੰ ਤੁਰੰਤ ਉਹ ਇਲਾਕਾ ਛੱਡਣ ਲਈ ਕਿਹਾ ਅਤੇ ਚਿਤਾਵਨੀ ਦਿੱਤੀ ਕਿ ਇਸ ਸਮੇਂ ਉਹ ਚੀਨੀ ਪਾਣੀ ਇਲਾਕੇ ’ਚ ਹਨ ਜਦਕਿ ਫਿਲੀਪੀਨੀ ਜਹਾਜ਼ ਆਪਣੇ ਦੇਸ਼ ਦੀ ਸਮੁੰਦਰੀ ਸਰਹੱਦ ’ਚ ਸਨ।
ਇਸ ਇਲਾਕੇ ’ਚ ਅਮਰੀਕੀ ਸਮੁੰਦਰੀ ਫੌਜ ਲੜਾਕੂ ਜਹਾਜ਼ਾਂ ਰਾਹੀਂ ਗਸ਼ਤ ਲਗਾਉਂਦੀ ਹੈ ਜਿਸ ਨਾਲ ਇਸ ਇਲਾਕੇ ਦੇ ਦੇਸ਼ਾਂ ਨੂੰ ਚੀਨ ਤੋਂ ਕੋਈ ਖਤਰਾ ਨਾ ਰਹੇ। ਚੀਨ ਇਸ ਸਮੇਂ ਦਾਦਾਗਿਰੀ ਕਰਦੇ ਹੋਏ ਅਮਰੀਕਾ ਨੂੰ ਵੀ ਚਿਤਾਵਨੀ ਦਿੰਦਾ ਹੈ ਕਿ ਉਹ ਦੱਖਣ ਚੀਨ ਸਾਗਰ ਖੇਤਰ ’ਚ ਨਾ ਆਵੇ ਅਤੇ ਇਹ ਖੇਤਰੀ ਮਾਮਲਾ ਹੈ ਜਿਸ ਤੋਂ ਅਮਰੀਕਾ ਨੂੰ ਦੂਰ ਰਹਿਣਾ ਚਾਹੀਦਾ ਹੈ ਪਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਇਸ ਤੋਂ ਪਹਿਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਲੀਪੀਨਜ਼ ਅਤੇ ਇਲਾਕੇ ਦੇ ਦੂਸਰੇ ਦੇਸ਼ਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਆਪਸੀ ਰੱਖਿਆ ਸੰਘੀ ਦੇ ਕਾਰਨ ਉਹ ਫਿਲੀਪੀਨਜ਼ ਦੀ ਪੂਰੀ ਤਰ੍ਹਾਂ ਰੱਖਿਆ ਕਰੇਗਾ।

Comment here