ਵਾਸ਼ਿੰਗਟਨ-ਦੱਖਣੀ ਚੀਨ ਸਾਗਰ ਵਿੱਚ ਅਭਿਆਸ ਕਰ ਰਿਹਾ ਇੱਕ ਯੂਐਸ ਨੇਵੀ ਐਫ-35ਸੀ ਲਾਈਟਨਿੰਗ II ਲੜਾਕੂ ਜਹਾਜ਼ ਇੱਕ ਯੂਐਸ ਏਅਰਕ੍ਰਾਫਟ ਕੈਰੀਅਰ ਦੇ ਡੈੱਕ ‘ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸੱਤ ਮਲਾਹ ਜ਼ਖ਼ਮੀ ਹੋ ਗਏ। ਫੌਜ ਨੇ ਇਹ ਜਾਣਕਾਰੀ ਦਿੱਤੀ। ਯੂਐਸਐਸ ਕਾਰਲ ਵਿਨਸਨ ਦੇ “ਡੈੱਕ ‘ਤੇ ਉਤਰਨ ਵੇਲੇ” ਕਰੈਸ਼ ਹੋਣ ਤੋਂ ਪਹਿਲਾਂ ਪਾਇਲਟ ਨੇ ਜਹਾਜ਼ ਤੋਂ ਛਾਲ ਮਾਰ ਦਿੱਤੀ। ਫੌਜ ਦੇ ਹੈਲੀਕਾਪਟਰ ਰਾਹੀਂ ਪਾਇਲਟ ਦਾ ਪਤਾ ਲਗਾਇਆ ਗਿਆ, ਉਸ ਦੀ ਹਾਲਤ ਸਥਿਰ ਹੈ। ਇਸ ਹਾਦਸੇ ‘ਚ ਕੁੱਲ 7 ਮਲਾਹ ਜ਼ਖਮੀ ਹੋ ਗਏ ਹਨ, ਜਿਨ੍ਹਾਂ ‘ਚੋਂ ਤਿੰਨ ਨੂੰ ਫਿਲੀਪੀਨ ਦੀ ਰਾਜਧਾਨੀ ਮਨੀਲਾ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਜਹਾਜ ਵਿੱਚ ਹੀ ਬਾਕੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫੌਜ ਨੇ ਕਿਹਾ ਕਿ ਮੰਗਲਵਾਰ ਸਵੇਰੇ ਮਨੀਲਾ ਭੇਜੇ ਗਏ ਤਿੰਨ ਮਲਾਹਾਂ ਦੀ ਹਾਲਤ ਸਥਿਰ ਹੈ। ਯੂਐਸ ਪੈਸੀਫਿਕ ਫਲੀਟ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਕੋਲ ਹਾਦਸੇ ਦੇ ਕਾਰਨਾਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੈ ਅਤੇ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਚੀਨ ਦੱਖਣੀ ਚੀਨ ਸਾਗਰ ‘ਤੇ ਆਪਣਾ ਦਾਅਵਾ ਕਰਦਾ ਹੈ ਅਤੇ ਤਾਈਵਾਨ ‘ਤੇ ਲਗਾਤਾਰ ਦਬਾਅ ਵਧਾ ਰਿਹਾ ਹੈ। ਇਸ ਤਰ੍ਹਾਂ, ਅਮਰੀਕਾ ਅਤੇ ਇਸਦੇ ਸਹਿਯੋਗੀ ਦੇਸ਼ਾਂ ਨੇ ਇਸ ਖੇਤਰ ਵਿੱਚ ਅਭਿਆਸ ਤੇਜ਼ ਕਰ ਦਿੱਤਾ ਹੈ, ਜਿਸ ਨੂੰ ਉਹ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਨੇਵੀਗੇਸ਼ਨ ਦੀ ਆਜ਼ਾਦੀ ਕਹਿੰਦੇ ਹਨ।
Comment here