ਖਬਰਾਂਚਲੰਤ ਮਾਮਲੇਦੁਨੀਆ

ਦੱਖਣੀ ਕੋਰੀਆ ਬਰਫ਼ਬਾਰੀ ‘ਚ 50 ਵਾਹਨ ਟਕਰਾਏ, ਇਕ ਦੀ ਮੌਤ

ਸਿਓਲ-ਪੋਚਿਓਨ ਸ਼ਹਿਰ ਦੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਹਵਾਂਗ ਤਾਏ-ਗਿਓਨ ਨੇ ਕਿਹਾ ਕਿ ਦੱਖਣੀ ਕੋਰੀਆ ਦੀ ਰਾਜਧਾਨੀ ਨੇੜੇ ਬਰਫ਼ ਨਾਲ ਢੱਕੇ ਹਾਈਵੇਅ ‘ਤੇ ਐਤਵਾਰ ਰਾਤ ਨੂੰ ਕਰੀਬ 50 ਵਾਹਨਾਂ ਦੀ ਆਪਸੀ ਟੱਕਰ ਹੋ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਕਿਹਾ ਕਿ ਗੁਰੀ-ਪੋਚਿਓਨ ਹਾਈਵੇਅ ‘ਤੇ ਘੱਟੋ-ਘੱਟ 47 ਵਾਹਨ ਸੜਕ ਤਿਲਕਣ ਕਾਰਨ ਇੱਕ-ਦੂਜੇ ਨਾਲ ਟਕਰਾ ਗਏ।
ਇਹ ਹਾਦਸਾ ਸਿਓਲ ਤੋਂ ਲਗਭਗ 40 ਕਿਲੋਮੀਟਰ ਉੱਤਰ ਵਿਚ ਪੋਚਿਓਨ ਵੱਲ ਜਾਣ ਵਾਲੇ ਹਾਈਵੇਅ ਨੇੜੇ ਵਾਪਰਿਆ। ਤਸਵੀਰਾਂ ‘ਚ ਪੁਲਸ ਅਧਿਕਾਰੀ ਅਤੇ ਬਚਾਅ ਕਰਮਚਾਰੀਆਂ ਨੂੰ ‘ਸਟਰੇਚਰ’ ਲੈ ਕੇ ਮਲਬੇ ਵਿਚ ਸੜਕ ‘ਤੇ ਦੌੜਦੇ ਹੋਏ ਦੇਖਿਆ ਜਾ ਸਕਦਾ ਹੈ। ਇੱਕ ਯਾਤਰੀ ਬੱਸ ਸਮੇਤ ਕਈ ਵਾਹਨ ਅੱਗੋਂ ਅਤੇ ਪਿੱਛੋਂ ਨੁਕਸਾਨੇ ਗਏ। ਉੱਤਰੀ ਗਯੋਂਗਗੀ ਸੂਬੇ ਦੇ ਫਾਇਰ ਵਿਭਾਗ ਦੇ ਅਧਿਕਾਰੀ ਕਿਮ ਡੌਗ-ਵਾਨ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਗੱਡੀ ਵਿੱਚ ਸਵਾਰ ਘੱਟੋ-ਘੱਟ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦੋਂ ਕਿ ਕਰੀਬ 29 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਵਾਂਗ ਨੇ ਦੱਸਿਆ ਕਿ ਜਿਨ੍ਹਾਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਸੀ, ਉਨ੍ਹਾਂ ਨੂੰ ਬਚਾਅ ਕਰਮਚਾਰੀਆਂ ਨੇ ਬੱਸਾਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ।

Comment here