ਜੋਹਾਨਸਬਰਗ-ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਦੱਖਣੀ ਅਫ਼ਰੀਕਾ ਦੇ ਪੂਰਬੀ ਕੇਪ ਸੂਬੇ ਵਿੱਚ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਘੱਟੋਂ-ਘੱਟ ਅੱਠ ਲੋਕਾਂ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਅਤੇ ਇਸ ਦੌਰਾਨ 3 ਹੋਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਜਾਣਕਾਰੀ ਦੱਖਣੀ ਅਫ਼ਰੀਕੀ ਪੁਲਸ ਨੇ ਸੋਮਵਾਰ ਨੂੰ ਦਿੱਤੀ। ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸ਼ਾਮ 5 ਵਜੇ ਦੇ ਕਰੀਬ ਕਵਾਜ਼ਾਕੇਲੇ ‘ਚ ਇਕ ਘਰ ਦਾ ਮਾਲਕ ਕਈ ਮਹਿਮਾਨਾਂ ਨਾਲ ਆਪਣੀ ਜਨਮਦਿਨ ਦੀ ਪਾਰਟੀ ਕਰ ਰਿਹਾ ਸੀ। ਇਸ ਦੌਰਾਨ ਦੋ ਬੰਦੂਕਧਾਰੀ ਉਸ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੂਰਬੀ ਕੇਪ ‘ਚ ਪੁਲਸ ਬੁਲਾਰੇ ਪ੍ਰਿਸਿਲਾ ਨਾਇਡੂ ਨੇ ਦੱਸਿਆ ਕਿ ਇਸ ਗੋਲ਼ੀਬਾਰੀ ਦੌਰਾਨ 2 ਔਰਤਾਂ ਤੇ 2 ਪੁਰਸ਼ ਗੰਭੀਰ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਕ ਵਿਅਕਤੀ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਨਾਇਡੂ ਨੇ ਦੱਸਿਆ ਕਿ ਇਸ ਗੋਲ਼ੀਬਾਰੀ ਦੌਰਾਨ ਮਕਾਨ ਮਾਲਕ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਇਸ ਸਬੰਧੀ ਪੁਲਸ ਨੇ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਦਕਿ ਘਟਨਾ ਵਾਲੀ ਥਾਂ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ।
ਦੱਖਣੀ ਅਫ਼ਰੀਕਾ ‘ਚ ਬੰਦੂਕਧਾਰੀਆਂ ਨੇ ਅੱਠ ਲੋਕਾਂ ਦੀ ਲਈ ਜਾਨ


Comment here