ਸਿਆਸਤ

ਦੋ ਪੈਰ ਲੱਕੜ ਦੇ

ਰਾਤ ਦੇ ਘੁੱਪ ਹਨੇਰੇ ਵਿਚ ਇੰਜਣ ਨੇ ਲੰਮੀ ਚੀਕ ਮਾਰੀ ਤਾਂ ਆਲ੍ਹਣਿਆਂ ਵਿਚ ਸੌਂ ਰਹੇ ਪੰਛੀਆਂ ਨੇ ਤ੍ਰਭਕ ਕੇ ਖੰਭ ਫੜਫੜਾਏ। ਗੱਡੀ ਦੀ ਦੁਫਾੜ ਕੀਤੀ ਹੋਈ ਹਵਾ ਵਿਚ ਰੁੱਖ ਕੰਬੇ। ਪਹਾੜੀ ਬਸਤੀ ਦੇ ਸੁੰਨਸਾਨ ਜਿਹੇ ਸਟੇਸ਼ਨ ਨੇ ਉਸਲਵੱਟ ਭੰਨੀ ਤੇ ਫਿਰ ਸੋਮਨ ਹੋ ਗਿਆ। ਉਥੇ ਉਤਰਨ ਵਾਲਾ ਉਹੀ ਇੱਕ ਮੁਸਾਫ਼ਿਰ ਸੀ। ਫ਼ੌਜੀ ਸਾਥੀਆਂ ਨੇ ਪਹਿਲਾਂ ਸਹਾਰਾ ਦੇ ਕੇ ਉਹਨੂੰ ਉਤਾਰਿਆ ਤੇ ਫਿਰ ਉਹਦਾ ਸਾਮਾਨ ਲਾਹ ਕੇ ਮੁੜ ਗੱਡੀ ਵਿਚ ਜਾ ਬੈਠੇ।
ਗੱਡੀ ਤੁਰੀ ਤਾਂ ਇੰਜਣ ਦੇ ਧੂੰਏਂ ਦੀ ਗਹਿਰ ਵਿਚ ਅੰਬਰ ਦੇ ਤਾਰੇ ਗੁਆਚ ਗਏ। ਉਹਨੇ ਧੂੰਏਂ ਵਰਗਾ ਸਾਹ ਭਰਿਆ ਤੇ ਤੁਰੀ ਜਾਂਦੀ ਗੱਡੀ ਦੀ ਕਾਲੀ ਪਿੱਠ ਵੇਖਣ ਲੱਗ ਪਿਆ। ਉਹਦੇ ਚਿਹਰੇ ‘ਤੇ ਕੁਝ ਇਸ ਤਰ੍ਹਾਂ ਦਾ ਭਾਵ ਆਇਆ ਜਿਵੇਂ ਗੱਡੀ ਵਿਚ ਬੈਠ ਕੇ ਉਹਨੇ ਹਾਲੇ ਦੂਰ ਤਕ ਜਾਣਾ ਸੀ।
ਝੰਡੀ ਬਾਬੂ ਕੰਮ ਭੁਗਤਾ ਕੇ ਮੁੜਿਆ ਤਾਂ ਪਲੇਟਫਾਰਮ ਦੀ ਬਿਮਾਰ ਜਿਹੀ ਬੱਤੀ ਲਾਗਲੇ ਬੈਂਚ ‘ਤੇ ਜਗਤੇ ਫ਼ੌਜੀ ਨੂੰ ਬੈਠਿਆਂ ਵੇਖ ਕੇ ਹੈਰਾਨ ਰਹਿ ਗਿਆ।
“ਓਏ ਜਗਤ ਸਿੰਹਾਂ! ਤੂੰ?” ਉਹਨੇ ਝੰਡੀ ਕੱਛ ਵਿਚ ਦੇ ਲਈ ਤੇ ਅਗਾਂਹ ਨੂੰ ਅਹੁਲਿਆ। ਪਿੰਡ ਵਾਲਿਆਂ ਦੇ ਭਾਣੇ ਤਾਂ ਜਗਤਾ ਜੰਗ ਵਿਚ ਹੀ ਮਰ ਮੁੱਕ ਗਿਆ ਸੀ। ਜਗਤੇ ਫ਼ੌਜੀ ਨੇ ਫਹੁੜੀਆਂ ਸੰਭਾਲਦਿਆਂ ਉਠਣ ਦਾ ਯਤਨ ਕੀਤਾ ਤਾਂ ਫਹੁੜੀਆਂ ਨੇ ਠੱਕ ਠੱਕ ਕੀਤੀ।
ਜਿਨ੍ਹਾਂ ਪੈਰਾਂ ਨਾਲ ਉਹ ਦੌੜਦਾ ਹੁੰਦਾ ਸੀ, ਉਹ ਪੈਰ ਕਿੱਥੇ ਸਨ?
ਹਨੇਰੇ ਵਿਚ ਉਨ੍ਹਾਂ ਦੇ ਠਹਾਕਿਆਂ ਦੀਆਂ ਫੁਲਝੜੀਆਂ ਖਿੜਨੀਆਂ ਸਨ, ਤੇ ਜਾਂ ਫਿਰ ਉਨ੍ਹਾਂ ਫੁਲਝੜੀਆਂ ਤੋਂ ਸਿਤਾਰੇ ਝੜਨੇ ਸਨ, ਪਰ ਹੋਇਆ ਇਹ ਕਿ ਗਲਵਕੜੀ ਵਾਲੀਆਂ ਬਾਹਵਾਂ ਨੇ ਉਹਨੂੰ ਮੋਢਿਆਂ ਤੋਂ ਫੜ ਕੇ ਮੁੜ ਉਸੇ ਬੈਂਚ ‘ਤੇ ਬਿਠਾ ਦਿੱਤਾ। ਇਧਰ-ਉਧਰ ਦੀਆਂ ਗੱਲਾਂ ਕਰਦਿਆਂ ਸਲ੍ਹਾਬੀ ਜਿਹੀ ਚੁੱਪ ਭਰੇ ਹੋਏ ਜ਼ਖ਼ਮ ਵਾਂਗ ਟਸ ਟਸ ਕਰਨ ਲੱਗ ਪਈ।
ਜਗਤੇ ਫ਼ੌਜੀ ਲਈ ਇਸ ਵੇਲੇ ਸਾਮਾਨ ਪਿੰਡ ਤਕ ਲੈ ਕੇ ਜਾਣਾ ਸੰਭਵ ਨਹੀਂ ਸੀ। ਸਾਮਾਨ ਝੰਡੀ ਬਾਬੂ ਕੋਲ ਰੱਖ ਕੇ ਉਹਨੇ ਫਹੁੜੀਆਂ ਸੰਭਾਲੀਆਂ ਤੇ ਪਿੰਡ ਦੇ ਰਾਹ ਪੈ ਗਿਆ।
ਜਦੋਂ ਜੰਗ ਦੀਆਂ ਆਵਾਈਆਂ ਖ਼ਬਰਾਂ ‘ਚੋਂ ਨਿਕਲ ਕੇ ਘਰਾਂ ਤਕ ਪਹੁੰਚੀਆਂ ਸਨ ਤਾਂ ਜਗਤੇ ਫ਼ੌਜੀ ਦੀ ਛੁੱਟੀ ਰੱਦ ਹੋ ਗਈ ਸੀ। ਤੁਰਨ ਵੇਲੇ ਪਿੰਡ ਦੇ ਇੱਕ ਪਿਨਸ਼ਨੀਏ ਨੇ ਆਖਿਆ ਸੀ, “ਪੁੱਤਰ, ਇੱਕ ਗੱਲ ਚੇਤੇ ਰੱਖੀਂ। ਜੰਗ ਦੌੜ ਹੁੰਦੀ ਹੈ…ਬਸ ਦੌੜ! ਭਾਵੇਂ ਬਚਾਅ ਕਰ ਰਹੇ ਹੋਈਏ ਤੇ ਭਾਵੇਂ ਹਮਲਾ, ਅਸੀਂ ਦੌੜਦੇ ਹਾਂ। ਜੋ ਸਿਪਾਹੀ ਪੂਰਾ ਦੌੜ ਨਹੀਂ ਸਕਿਆ, ਤਾਂ ਸਮਝੋ ਕਿ ਉਹ ਲੜਾਈ ਹਾਰ ਗਿਆ।” ਜਗਤੇ ਫ਼ੌਜੀ ਕੋਲੋਂ ਵੀ ਪੂਰਾ ਦੌੜਿਆ ਨਹੀਂ ਸੀ ਗਿਆ। ਇਹ ਵੀ ਗਨੀਮਤ ਸੀ ਕਿ ਉਹ ਗੋਲੀਆਂ ਦੀ ਵਾਛੜ ਵਿਚ ਵੀ ਜਿਉਂਦਾ ਰਹਿ ਗਿਆ ਸੀ।
ਜੰਗ ਦੇ ਦਿਨੀਂ ਬਿਗਾਨੀਆਂ ਜੂਹਾਂ ਨੂੰ ਭਾਰੇ ਫ਼ੌਜੀ ਬੂਟਾਂ ਹੇਠ ਮਿਧਦਿਆਂ ਉਹ ਆਪਣੇ ਪਿੰਡ ਲਈ ਤਰਸਦਾ ਰਿਹਾ ਸੀ। ਹੁਣ ਪਿੰਡ ਉਹਦੀਆਂ ਅੱਖਾਂ ਸਾਹਮਣੇ ਸੀ ਤਾਂ ਉਹ ਪਿੰਡ ਦੇ ਘਰਾਂ ਨੂੰ ਵੇਖ ਕੇ ਘਬਰਾ ਗਿਆ। ਉਹਨੇ ਆਪਣੇ ਬੁਝੇ ਹੋਏ ਮਨ ਨੂੰ ਸਮਝਾਇਆ, ਲੱਕੜ ਦੇ ਪੈਰਾਂ ਦੇ ਜੁਆਬ ਵਿਚ ਉਹਦੀ ਹਿੱਕ ‘ਤੇ ਲਟਕਦਾ ਤਮਗਾ ਫਿੱਕਾ ਨਹੀਂ ਸੀ।
ਜਗਤੇ ਫ਼ੌਜੀ ਦੇ ਪਿੰਡ ਪਹੁੰਚਣ ਦੀ ਕਿਸੇ ਨੂੰ ਕੋਈ ਖ਼ਬਰ ਨਹੀਂ ਸੀ, ਪਰ ਸਵੇਰ ਦੀ ਪੌਣ ਪਤਾ ਨਹੀਂ ਕਿਹੜੇ ਵੇਲੇ ਬੂਹਿਆਂ ‘ਤੇ ਦਸਤਕ ਦੇ ਆਈ। ਉਹ ਇੱਕ ਇੱਕ ਕਰ ਕੇ ਘਰਾਂ ‘ਚੋਂ ਨਿਕਲੇ ਤੇ ਉਹਦੇ ਵਿਹੜੇ ਵਿਚ ਜਮ੍ਹਾਂ ਹੋ ਗਏ। ਉਹ ਚਾਹੁੰਦੇ ਸਨ ਕਿ ਜ਼ਿਹਨ ਦੇ ਖਲੋਤੇ ਹੋਏ ਪਾਣੀਆਂ ਵਿਚ ਕਦੇ-ਕਦਾਈਂ ਕੋਈ ਠੀਕਰੀ ਡਿੱਗੇ, ਲਹਿਰਾਂ ਉਠਣ ਤੇ ਕਿਨਾਰਿਆਂ ਵੱਲ ਦੌੜਨ…ਪਰ ਇਹ ਤਾਂ ਜਵਾਰਭਾਟਾ ਸੀ ਜੀਹਨੇ ਵਸਦੇ-ਰਸਦੇ ਘਰ ਦੀ ਛੱਤ ਹੇਠਲੀ ਬੁਰਜੀ ਖੋਰ ਦਿੱਤੀ ਸੀ। ਉਹ ਇਹ ਤਾਂ ਨਹੀਂ ਸਨ ਚਾਹੁੰਦੇ।
ਸੁੱਖ-ਸਾਂਦ ਪੁੱਛਣ ਆਉਣ ਵਾਲਿਆਂ ਦੀ ਆਵਾਜਾਈ ਕੁਝ ਦਿਨ ਰਹੀ ਤੇ ਫਿਰ ਲੋਕੀਂ ਆਪੋਆਪਣੇ ਕੰਮੀ-ਕਾਰੀਂ ਰੁੱਝ ਗਏ।
ਜੰਗ ਨੇ ਜਗਤੇ ਫ਼ੌਜੀ ਨੂੰ ਚੁੱਪ-ਗੜੁੱਪ ਕਰ ਦਿੱਤਾ ਸੀ। ਜੰਗ ਸਾਰੇ ਫ਼ੌਜੀਆਂ ਨੂੰ ਹੀ ਗੁੰਮਸੁੰਮ ਕਰ ਦਿੰਦੀ ਹੈ, ਪਰ ਪਿੰਡ ਦੀ ਜੂਹ ਵਿਚ ਲੱਕੜ ਦੇ ਪੈਰਾਂ ਦੀ ਠੱਕ ਠੱਕ ਗੁੰਮ-ਸੁੰਮ ਨਹੀਂ ਸੀ। ਉਹ ਠੱਕ ਠੱਕ ਅਕਸਰ ਸੀਤ ਹਵਾ ਦਾ ਮੱਥਾ ਠਕੋਰਦੀ ਰਹਿੰਦੀ ਸੀ।
“ਮੈਂ ਜਿਉਂਦਾ, ਮੈਂ ਜਾਗਦਾ!”
“ਮੈਂ ਜਿਉਂਦਾ, ਮੈਂ ਜਾਗਦਾ!”
ਉਸ ਠੱਕ ਠੱਕ ਨਾਲ ਘਰਾਂ ਦੇ ਅੰਦਰ ਕੁੰਗੜੇ ਲੋਕ ਕਈ ਵਾਰ ਤ੍ਰਭਕ ਕੇ ਉਠ ਬੈਠਦੇ ਸਨ।
ਸਮਾਂ ਆਪਣੀ ਤੋਰੇ ਬੀਤ ਰਿਹਾ ਸੀ, ਪਰ ਇਹ ਤਾਂ ਨਹੀਂ ਸੀ ਹੋਇਆ ਕਿ ਜਗਤੇ ਫ਼ੌਜੀ ਦੇ ਚੇਤੇ ਨੂੰ ਹੀ ਉਲੀ ਲਗ ਗਈ ਹੋਵੇ।
ਇਹ ਹਾਲੇ ਕੱਲ੍ਹ ਦੀ ਗੱਲ ਸੀ।
ਰਾਤ ਦੇ ਹੱਲੇ ਵੇਲੇ ਉਹ ਭੁਲੇਖੇ ਨਾਲ ਮਾਈਨ ਫੀਲਡ ਦੇ ਵਿਚੋਂ ਦੀ ਅੱਗੇ ਵਧ ਆਏ ਸਨ। ਬਾਰੂਦੀ ਸੁਰੰਗਾਂ ਲਗਾਤਾਰ ਉਨ੍ਹਾਂ ਦੇ ਚੀਥੜੇ ਖਿਲਾਰਦੀਆਂ ਰਹੀਆਂ ਸਨ। ਸੁਰੰਗਾਂ ਫਟਣ ਨਾਲ ਬਹੁਤ ਮਿੱਟੀ ਉਡੀ ਸੀ। ਉਸ ਮਿੱਟੀ ਨੇ ਆਪਣੇ ਪਰਾਏ ਵਿਚ ਕੋਈ ਵੀ ਫ਼ਰਕ ਬਾਕੀ ਨਹੀਂ ਸੀ ਰਹਿਣ ਦਿੱਤਾ।
ਜਿਸ ਪਹਾੜੀ ‘ਤੇ ਆ ਕੇ ਉਨ੍ਹਾਂ ਮੋਰਚੇ ਮੱਲੇ, ਉਥੋਂ ਹੇਠਾਂ ਪੰਘਲ ਹੋਏ ਹਨੇਰੇ ਵਿਚ ਖਿੱਲਰੀਆਂ ਪਈਆਂ ਲਾਸ਼ਾਂ ਦਿਸ ਰਹੀਆਂ ਸਨ।
ਜਗਤੇ ਫ਼ੌਜੀ ਦੇ ਮੋਰਚੇ ਤੋਂ ਪੰਝੀ-ਤੀਹ ਕਰਮਾਂ ਦੀ ਵਿੱਥ ‘ਤੇ ਮਿੱਟੀ ਵਿਚ ਲਿਬੜਿਆਤਿਬੜਿਆ ਅਜਨਬੀ ਸੈਨਿਕ ਪਿਆ ਸੀ। ਬਾਰੂਦੀ ਸੁਰੰਗ ਫਟਣ ਨਾਲ ਉਹਦੀਆਂ ਦੋਵੇਂ ਲੱਤਾਂ ਉਡ ਚੁੱਕੀਆਂ ਸਨ। ਉਹਦੀਆਂ ਲੱਤਾਂ ਦੇ ਲੁੰਝਾਂ ‘ਚੋਂ ਲਹੂ ਵਗ ਵਗ ਕੇ ਨੇੜੇ ਦੀ ਮਿੱਟੀ ਗੜੁੱਚ ਹੋ ਗਈ ਸੀ। ਜਿਉਣ ਦੇ ਯਤਨ ਵਿਚ ਉਹ ਹਾਲੇ ਤਕ ਮੌਤ ਨਾਲ ਜੂਝ ਰਿਹਾ ਸੀ। ਉਹ ਵਾਰ ਵਾਰ ਤੜਫ਼ਦਾ ਸੀ ਤੇ ਕਦੇ-ਕਦਾਈਂ ਬੇਹੋਸ਼ੀ ਵਿਚ ਉਹਦੇ ਮੂੰਹੋਂ ਲੰਮੀ ਲੇਰ ਨਿਕਲ ਜਾਂਦੀ ਸੀ। ਉਸ ਵੇਲੇ ਉਹ ਡੂੰਘੀ ਖੱਡ ਦੇ ਕਿਨਾਰੇ ਪਿਆ ਹੋਇਆ ਸੀ ਤੇ ਹਿਲਦਾ ਹਿਲਦਾ ਕਿਸੇ ਵੇਲੇ ਵੀ ਖੱਡ ਵੱਲ ਲੁੜਕ ਸਕਦਾ ਸੀ।
ਉਨ੍ਹਾਂ, ਉਸ ਸੈਨਿਕ ਨੂੰ ਪਛਾਣਨ ਦਾ ਯਤਨ ਕੀਤਾ। ਉਹਦਾ ਚਿਹਰਾ ਵੀ ਮਿੱਟੀ ਵਿਚ ਗੁਆਚਾ ਹੋਇਆ ਸੀ ਤੇ ਵਰਦੀ ਦਾ ਰੰਗ ਵੀ। ਪਹਿਲੀ ਨਜ਼ਰੇ ਉਹ ਆਮ ਮਨੁੱਖ ਹੀ ਜਾਪਦਾ ਸੀ। ਉਹ ਨਾ ਉਹਨੂੰ ਦੋਸਤ ਕਹਿ ਸਕੇ, ਨਾ ਦੁਸ਼ਮਣ।
ਰਾਤ ਅੱਖਾਂ ਵਿਚ ਹੀ ਬੀਤ ਚੁੱਕੀ ਸੀ। ਉਨ੍ਹਾਂ ਦੀਆਂ ਕਈ ਦਿਨਾਂ ਦੀਆਂ ਉਣੀਂਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਅੱਜ ਉਹ ਸ਼ਾਇਦ ਥੋੜ੍ਹਾ ਜਿਹਾ ਸੌਂ ਸਕਣ, ਪਰ…।
‘ਪਰ’ ਦੇ ਅਗਲੇ ਸਿਰੇ ‘ਤੇ ਪਿਆ ਜ਼ਖ਼ਮੀ ਸੈਨਿਕ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਸ ਤੋਂ ਵੀ ਅੱਗੇ ਮੌਸਮੀ ਨਦੀ ਸੀ ਤੇ ਮੌਸਮੀ ਨਦੀ ਦੇ ਦੂਜੇ ਪਾਸੇ ਦੁਸ਼ਮਣ ਦੇ ਮੋਰਚੇ ਸਨ। ਕਾਂਉਡਾਰੀ ਨਾਲ ਉਹ ਵਿੱਥ ਤਿੰਨ ਕੁ ਸੌ ਗਜ਼ ਦੀ ਬਣਦੀ ਸੀ; ਯਾਨੀ ਉਹ ਦੁਸ਼ਮਣ ਦੇ ਨਿੱਕੇ ਹਥਿਆਰਾਂ ਦੀ ਮਾਰ ਹੇਠ ਸਨ।
ਸਰਘੀ ਦੇ ਹਨੇਰੇ ਵਿਚ ਉਸ ਸੈਨਿਕ ਨੂੰ ਚੁੱਕ ਲਿਆਉਣ ਦੀ ਦੋ ਵਾਰ ਕੋਸ਼ਿਸ਼ ਹੋਈ ਸੀ, ਪਰ ਦੁਸ਼ਮਣ ਦੀਆਂ ਗੋਲੀਆਂ ਦੀ ਬੁਛਾੜ ਨੇ ਉਨ੍ਹਾਂ ਦੇ ਯਤਨਾਂ ‘ਤੇ ਹੂੰਝਾ ਫੇਰ ਦਿੱਤਾ ਸੀ।
ਉਨ੍ਹਾਂ ਕੋਲੋਂ ਸੈਨਿਕ ਦਾ ਦਰਦ ਹੁਣ ਹੋਰ ਨਹੀਂ ਸੀ ਵੇਖਿਆ ਜਾ ਰਿਹਾ। ਉਹ ਕੀ ਕਰਨ? ਕੰਪਨੀ ਕਮਾਂਡਰ ਕੁਝ ਚਿਰ ਸੋਚੀਂ ਲੱਥਾ ਰਿਹਾ ਤੇ ਫਿਰ ਕੰਪਨੀ ਦੇ ਸੂਬੇਦਾਰ ਮੇਜਰ ਨਾਲ ਮਸ਼ਵਰਾ ਕਰਨ ਪਿੱਛੋਂ ਢੁਕਵਾਂ ਫੈਸਲਾ ਲੈ ਲਿਆ। ਸਿਪਾਹੀ ਜਗਤ ਸਿੰਘ ਨੂੰ ਜ਼ਿੰਮੇਵਾਰੀ ਸੌਂਪਦਿਆਂ ਉਹਨੇ ਜ਼ਖ਼ਮੀ ਸੈਨਿਕ ਨੂੰ ਗੋਲੀ ਮਾਰਨ ਦਾ ਹੁਕਮ ਦਾਗ ਦਿੱਤਾ, “ਸਿਰਫ਼ ਏਕ ਰਾਊਂਡ ਫਾਇਰ ਹੋਗਾ ਔਰ ਜ਼ਰੂਰਤ ਪੜ੍ਹਨੇ ਪਰ ਦੂਸਰਾ।”
ਜਗਤੇ ਨੇ ਮੱਥੇ ਦੀ ਤਰੇਲੀ ਪੂੰਝੀ। ਮੁਲਕ ਦੇ ਕਹਿਣ ‘ਤੇ ਬੰਦੇ ਮਾਰੇ ਜਾ ਸਕਦੇ ਹੁੰਦੇ ਨੇ। ਇਹੀ ਜੰਗ ਹੁੰਦੀ ਹੈ, ਪਰ ਇੱਦਾਂ ਬੰਦਾ ਮਾਰਨਾ।
ਇਹ ਦਿਨ ਦੀਵੀ ਕਤਲ ਸੀ।
ਉਂਜ ਤਾਂ ਕਿਸੇ ਵੀ ਸੈਨਿਕ ਨੂੰ ਹੁਕਮ ਅਦੂਲੀ ਨਹੀਂ ਸੀ ਆਉਂਦੀ, ਪਰ ਜਗਤੇ ਫ਼ੌਜੀ ਦਾ ਤਾਂ ਵਜੂਦ ਵੀ ਹਰੀ ਵਰਦੀ ਸੀ। ਉਹਨੇ ਰਾਈਫਲ ਦਾ ਬੱਟ ਮੋਢੇ ਨਾਲ ਲਾ ਕੇ ਨਿਸ਼ਾਨਾ ਸਾਧਿਆ। ਉਹਦੀ ਰਾਈਫਲ ਦੀ ਸੇਧ ਵਿਚ ਪਿਆ ਜ਼ਖ਼ਮੀ ਸੈਨਿਕ ਜਿਉਂਦੇ ਹੋਣ ਦੀ ਤਸਦੀਕ ਵਜੋਂ ਬੇਹੋਸ਼ੀ ਵਿਚ ਚੀਕਿਆ।
ਜਗਤੇ ਫ਼ੌਜੀ ਨੇ ਭੰਮੱਤਰੇ ਹੋਏ ਨੇ ਸਿਰ ਚੁੱਕ ਕੇ ਕੰਪਨੀ ਕਮਾਂਡਰ ਵੱਲ ਵੇਖਿਆ। ਉਹਦੀਆਂ ਅੱਖਾਂ ਵਿਚ ਮਨ ਦਾ ਸੰਤਾਪ ਪੜ੍ਹ ਕੇ ਕੰਪਨੀ ਕਮਾਂਡਰ ਉਚੀ ਆਵਾਜ਼ ਵਿਚ ਬੋਲਿਆ, “ਜਵਾਨ, ਸ਼ੂਟ ਕਰੋ। ਯਹ ਹੁਕਮ ਹੈ ਹਮਾਰਾ।”
ਉਹਨੇ ਮੁੜ ਨਿਸ਼ਾਨਾ ਸਾਧ ਲਿਆ। ਇੱਕ! ਦੋ! ਤਿੰਨ!…ਸਾਰਿਆਂ ਦੇ ਸਾਹ ਸੂਤੇ ਗਏ। ਉਹਨੇ ਅਪਰਚਰ ਦੀ ਮੋਰੀ ਵਿਚ ਵੇਖਿਆ ਤੇ ਫੋਰ ਸਾਈਡ ਦੀ ਨੋਕ ਨੂੰ ਜ਼ਖ਼ਮੀ ਸਿਪਾਹੀ ਨਾਲ ਇੱਕ-ਮਿੱਕ ਕਰ ਕੇ ਰਾਈਫਲ ਦੇ ਘੋੜੇ ‘ਤੇ ਉਂਗਲ ਦਾ ਦਬਾਅ ਵਧਾ ਦਿੱਤਾ। ਉਹਦੀ ਇਕਾਗਰਤਾ ਸਿਮਟਦੀ ਸਿਮਟਦੀ ਇੱਕ ਬਿੰਦੂ ਹੋ ਗਈ। ਉਂਗਲ ਦਾ ਦਬਾਅ ਘੋੜੇ ‘ਤੇ ਕੁਝ ਹੋਰ ਵਧਿਆ। ਆਪੋ ਆਪਣੀ ਥਾਈਂ ਮੋਰਚੇ ਮੱਲੀ ਬੈਠੇ ਕੰਪਨੀ ਦੇ ਜਵਾਨਾਂ ਨੇ ਜਗਤੇ ਫ਼ੌਜੀ ਵੱਲ ਕੁਝ ਇਸ ਤਰ੍ਹਾਂ ਧਿਆਨ ਮੋੜਿਆ ਜਿਵੇਂ ਗੋਲੀ ਦੀ ਆਵਾਜ਼ ਜ਼ਿੰਦਗੀ ਵਿਚ ਪਹਿਲੀ ਵਾਰ ਸੁਣਨੀ ਹੁੰਦੀ ਹੈ।
ਅਗਲੇ ਛਿਣ ਅਣਕਿਆਸੀ ਹੋਣੀ ਵਾਪਰੀ। ਜ਼ਖ਼ਮੀ ਸੈਨਿਕ ਅਚਨਚੇਤੀ ਫੇਰ ਚੀਕ ਪਿਆ। ਸੂਲੀ ‘ਤੇ ਟੰਗੀ ਚੁੱਪ ਵੇਲੇ ਜਗਤਾ ਫ਼ੌਜੀ ਤਲਿਸਮ ‘ਚੋਂ ਜਾਗ ਪਿਆ। ਉਹਨੇ ਰਾਈਫਲ ਹੇਠਾਂ ਰੱਖ ਦਿੱਤੀ ਤੇ ਫੁਰਤੀ ਨਾਲ ਮੋਰਚੇ ‘ਚੋਂ ਉਠ ਕੇ ਜ਼ਖ਼ਮੀ ਸੈਨਿਕ ਵੱਲ ਸੰਤੋੜ ਨੱਸਿਆ।
ਡੌਰ-ਭੌਰ ਹੋਈ ਹਵਾ ਇੱਕ ਛਿਣ ਲਈ ਖਲੋ ਗਈ। ਬਾਰੂਦੀ ਸੁਰੰਗਾਂ ਸੁੱਤੀਆਂ ਪਈਆਂ ਰਹੀਆਂ। ਉਸ ਪਲ ਕਿਸੇ ਨੂੰ ਸਾਹ ਲੈਣਾ ਵੀ ਯਾਦ ਨਾ ਆਇਆ। ਹੈਰਾਨ ਹੋਇਆ ਦੁਸ਼ਮਣ ਜਦੋਂ ਸੁਚੇਤ ਹੋਇਆ, ਉਦੋਂ ਸਿਪਾਹੀ ਜਗਤ ਸਿੰਘ ਜ਼ਖ਼ਮੀ ਸੈਨਿਕ ਨੂੰ ਮੋਢੇ ‘ਤੇ ਚੁੱਕ ਕੇ ਵਾਪਸ ਦੌੜ ਪਿਆ ਸੀ। ਉਨ੍ਹਾਂ ਕਾਹਲੀ ਨਾਲ ਮਸ਼ੀਨਗੰਨ ਦਾ ਮੂੰਹ ਖੋਲ੍ਹ ਦਿੱਤਾ।
ਗੋਲੀਆਂ ਦੀ ਵਾਛੜ ਨੇ ਉਹਦੇ ਅੱਗੇ-ਪਿੱਛੇ ਘੱਟੇ ਦੇ ਗੁਬਾਰ ਉਡਾ ਦਿੱਤੇ। ਕੰਨ ਪਾੜਵਾਂ ਰੌਲਾ ਕਾਇਨਾਤ ਵਿਚ ਫੈਲ ਗਿਆ। ਉਹ ਦੌੜਦਾ ਰਿਹਾ ਤੇ ਆਪਣੇ ਮੋਰਚੇ ਕੋਲ ਪਹੁੰਚ ਕੇ ਜ਼ਖ਼ਮੀ ਸੈਨਿਕ ਸਮੇਤ ਢੇਰੀ ਹੋ ਗਿਆ।
ਬੇਸੁਰਤੀ ਵਿਚ ਪਤਾ ਨਹੀਂ ਉਹਦੇ ਕਿੰਨੇ ਕੁ ਦਿਨ ਲੰਘ ਗਏ। ਹੋਸ਼ ਆਈ ਵੀ ਤਾਂ ਵੱਖ ਵੱਖ ਸੈਨਿਕ ਹਸਪਤਾਲਾਂ ਦੀਆਂ ਕੰਧਾਂ ਦੇ ਅੰਦਰਵਾਰ ਭਟਕਦੀ ਰਹੀ।
ਲੰਮੇ ਅਰਸੇ ਤੋਂ ਪਿਛੋਂ ਜਦੋਂ ਉਹਨੇ ਨਵੇਂ ਪੈਰ ਪਹਿਲੀ ਵਾਰ ਜ਼ਮੀਨ ‘ਤੇ ਧਰੇ ਤਾਂ ਜਾਣ ਲਿਆ ਕਿ ਮਿੱਟੀ ਦੀ ਛੋਹ ਉਹਦੇ ਪੈਰਾਂ ਕੋਲੋਂ ਹਮੇਸ਼ਾ ਲਈ ਗੁਆਚ ਗਈ ਸੀ। ਹੁਣ ਇਨ੍ਹਾਂ ਪੈਰਾਂ ਨਾਲ ਨਾ ਉਹ ਘਾਹ ‘ਤੇ ਪਈ ਤ੍ਰੇਲ ਨੂੰ ਹੀ ਮਹਿਸੂਸ ਕਰ ਸਕੇਗਾ ਤੇ ਨਾ ਮਿੱਟੀ ਦੀ ਸਿੱਲ੍ਹ ਨੂੰ। ਨਾ ਇਹ ਪੈਰ ਪਾਣੀ ਦੀਆਂ ਲਹਿਰਾਂ ਨਾਲ ਖੇਡ ਸਕਿਆ ਕਰਨਗੇ ਤੇ ਨਾ ਹੀ ਕਿਸੇ ਨੂੰ ਛੋਹ ਕੇ ਲਹਿਰਾਂ ਪੈਦਾ ਕਰ ਸਕਿਆ ਕਰਨਗੇ।
ਉਹ ਫਿਰ ਵੀ ਇਨ੍ਹਾਂ ਪੈਰਾਂ ਦਾ ਸ਼ੁਕਰਗੁਜ਼ਾਰ ਸੀ। ਇਨ੍ਹਾਂ ਪੈਰਾਂ ਨੇ ਟੁੰਡੀਆਂ ਲੱਤਾਂ ਨੂੰ ਤੋਰ ਬਖ਼ਸ਼ੀ ਸੀ।
ਦੋ ਪੈਰ ਲੱਕੜ ਦੇ!
ਇਹ ਪੈਰ ਕਿਸੇ ਦੇ ਵੀ ਹੋ ਸਕਦੇ ਹਨ, ਪਰ ਉਸ ਦੇ ਸਨ।
ਜਗਤੇ ਫ਼ੌਜੀ ਦੇ ਮੱਥੇ ਵਿਚ ਕਦੇ ਕਦਾਈਂ ਇੱਕ ਖਿਆਲ ਭਰੇ ਹੋਏ ਫੋੜੇ ਵਾਂਗ ਟਸ ਟਸ ਕਰਦਾ। ਜੇ ਉਹਦੇ ਦੋਵੇਂ ਪੈਰ ਸਾਲਮ ਰਹਿ ਜਾਂਦੇ ਤਾਂ ਉਹ ਤਰੱਕੀ ਜ਼ਰੂਰ ਕਰਦਾ। ਕੀ ਪਤੈ, ਉਹ ਸੂਬੇਦਾਰੀ ਦੀ ਪੈਨਸ਼ਨ ਲੈ ਕੇ ਘਰ ਆਉਂਦਾ।
ਉਹਨੇ ਆਪਣਾ ਸੁਪਨਾ ਪੁੱਤਰ ਦੀਆਂ ਅੱਖਾਂ ਵਿਚ ਵੇਖਣ ਦਾ ਯਤਨ ਕੀਤਾ।
ਬਾਲ ਵਰੇਸੇ ਗੰਗੇ ਨੇ ਨਾ ਜਗਤੇ ਫ਼ੌਜੀ ਦੀ ਵਰਦੀ ਪਾ ਕੇ ਹੀ ਵੇਖੀ, ਤੇ ਨਾ ਕਦੇ ਉਹਦੇ ਤਗਮਿਆਂ ਨਾਲ ਹੀ ਖੇਡਿਆ।
ਗੰਗੇ ਦੀਆਂ ਅੱਖਾਂ ‘ਚ ਪਰੀਆਂ ਦਾ ਦੇਸ਼ ਸੀ। ਜਗਤੇ ਫ਼ੌਜੀ ਦੀਆਂ ਦੋਵੇਂ ਧੀਆਂ ਗੰਗੇ ਤੋਂ ਨਿੱਕੀਆਂ ਸਨ, ਪਰ ਗੁੱਡੀਆਂ ਪਟੋਲੇ ਖੇਡਦੀਆਂ ਵੀ ਵੱਡੀਆਂ ਦਿਸਣ ਲੱਗ ਪਈਆਂ ਸਨ। ਜਗਤਾ ਫ਼ੌਜੀ ਉਨ੍ਹਾਂ ਦੇ ਫ਼ਿਕਰ ਵਿਚ ਕਾਹਲਾ ਪੈ ਗਿਆ। ਉਹਨੇ ਇੱਕ ਇੱਕ ਕਰ ਕੇ ਦੋਵੇਂ ਧੀਆਂ ਘਰ ‘ਚੋਂ ਤੋਰ ਦਿੱਤੀਆਂ।
ਧੀਆਂ ਵੱਲੋਂ ਸੁਰਖਰੂ ਹੋ ਕੇ ਉਹਨੇ ਗੰਗੇ ਦੇ ਅੰਗਾਂ ਨੂੰ ਮੌਲਦਿਆਂ ਵੇਖਿਆ। ਉਥੋਂ ਦੇ ਰਿਵਾਜ ਅਨੁਸਾਰ ਇੰਨਾ ਹੀ ਬਹੁਤ ਸੀ। ਗੰਗੇ ਦੀ ਉਮਰ ਜੇ ਹੁਣ ਨਿੱਕੀ ਵੀ ਸੀ ਤਾਂ ਹੌਲੀ ਹੌਲੀ ਆਪੇ ਵੱਡੀ ਹੋ ਜਾਣੀ ਸੀ।
ਪਹਿਲਾਂ ਗੰਗੇ ਦਾ ਵਿਆਹ ਹੋਇਆ ਤੇ ਫਿਰ ਉਪਰੋਥਲੀ ਦੋ ਬਾਲ। ਅਗਲੇਰੇ ਵਰ੍ਹੇ ਇੰਨੇ ਮੀਂਹ ਪਏ ਕਿ ਪਹਾੜ ਦੀ ਢਲਾਨ ‘ਤੇ ਬਣੇ ਉਨ੍ਹਾਂ ਦੇ ਪੌੜੀਆਂ ਵਰਗੇ ਖੇਤ ਹੇਠਾਂ ਨੂੰ ਵਹਿ ਗਏ। ਬਰਸਾਤਾਂ ਆਈਆਂ ਤੇ ਲੰਘ ਗਈਆਂ।
ਜਿਥੇ ਉਨ੍ਹਾਂ ਦੇ ਖੇਤ ਹੁੰਦੇ ਸਨ, ਉਹ ਢਲਾਨਾਂ ਜੰਗਲੀ ਝਾੜੀਆਂ ਨੇ ਮੱਲ ਲਈਆਂ। ਉਨ੍ਹਾਂ ਢਲਾਨਾਂ ਨੂੰ ਮੁੜ ਖੇਤ ਬਣਦਿਆਂ ਹੁਣ ਵਕਤ ਲੱਗਣਾ ਸੀ, ਪਰ ਢਿੱਡ ਦੀ ਭੁੱਖ ਨੇ ਤਾਂ ਨਵੇਂ ਖੇਤਾਂ ਦੀ ਉਸ ਫ਼ਸਲ ਨੂੰ ਨਹੀਂ ਸੀ ਉਡੀਕਣਾ। ਉਹ ਗੁਰਬਤ ਵਿਚ ਅਜਿਹੇ ਭਿੱਜੇ ਕਿ ਮੁੜ ਰਾਸ ਹੀ ਨਹੀਂ ਆਏ।
ਸ਼ੁਰੂ ਵਿਚ ਜਗਤੇ ਫ਼ੌਜੀ ਨੂੰ ਪੈਨਸ਼ਨ ਦੀ ਰਕਮ ਨਿੱਕੀ ਨਹੀਂ ਸੀ ਲੱਗੀ। ਘਰ ਦਾ ਗੁਜ਼ਾਰਾ ਸੋਹਣਾ ਤੁਰ ਪਿਆ ਸੀ। ਉਹਦੇ ਖੇਤਾਂ ਦੀ ਆਮਦਨ ਤਾਂ ਸਗੋਂ ਵਾਧੂ ਸੀ, ਪਰ ਕੁਝ ਵਰ੍ਹਿਆਂ ਪਿਛੋਂ ਕੁਝ ਵੀ ਵਾਧੂ ਨਹੀਂ ਸੀ ਰਿਹਾ। ਕੀਮਤਾਂ ਹੌਲੀ ਹੌਲੀ ਸੱਤਵੇਂ ਆਸਮਾਨ ਨੂੰ ਜਾ ਲੱਗੀਆਂ ਸਨ, ਪਰ ਹਰ ਮਹੀਨੇ ਮਿਲਣ ਵਾਲੀ ਪੈਨਸ਼ਨ ਦੀ ਰਕਮ ਉਥੇ ਦੀ ਉਥੇ ਹੀ ਖਲੋਤੀ ਹੋਈ ਸੀ।
ਉਹ ਹਰ ਮਹੀਨੇ ਵਰਦੀ ਪਾਉਂਦਾ ਸੀ।
ਸ਼ਹਿਰ ਜਾਂਦਾ ਸੀ। ਪੈਨਸ਼ਨ ਦੇਣ ਵਾਲੇ ਅਫ਼ਸਰ ਨੂੰ ਚੁਸਤ ਸਲੂਟ ਮਾਰਨ ਦੀ ਕੋਸ਼ਿਸ਼ ਕਰਦਾ ਸੀ ਤੇ ਪੈਨਸ਼ਨ ਦੀ ਨਿਗੂਣੀ ਜਿਹੀ ਰਕਮ ਲੈ ਕੇ ਪਰਤ ਆਉਂਦਾ ਸੀ। ਕਿਸੇ ਨੂੰ ਕੀ ਮਿਲਦਾ ਸੀ, ਇਹਦੇ ਨਾਲ ਉਹਦਾ ਕੋਈ ਸਰੋਕਾਰ ਨਹੀਂ ਸੀ।
ਪਰ ਇੱਕ ਦਿਨ ਸਰੋਕਾਰ ਹੋ ਗਿਆ। ਇੱਕ ਨਵੇਂ ਪਿਨਸ਼ਨੀਏ ਨੇ ਉਹਦੇ ਸਾਹਮਣੇ ਹੀ ਸੌ ਸੌ ਦੇ ਤਿੰਨ ਕੜਕਦੇ ਹੋਏ ਨੋਟ ਜੇਬ ਵਿਚ ਪਾ ਲਏ।
ਕਿਧਰੇ ਕੋਈ ਭੁਲੇਖਾ ਤਾਂ ਨਹੀਂ ਸੀ?
ਜਦੋਂ ਰੈਂਕ ਇੱਕੋ ਸੀ ਤਾਂ ਦੋਵਾਂ ਦੀ ਪੈਨਸ਼ਨ ਇੱਕੋ ਕਿਉਂ ਨਹੀਂ ਸੀ। ਕੀ ਮਹਿੰਗਾਈ ਸਿਰਫ਼ ਹੁਣ ਵਾਲੇ ਸੈਨਿਕਾਂ ਲਈ ਹੀ ਵਧੀ ਸੀ? ਉਹਨੇ ਕਿਸੇ ਵੀ ਮਾਈ ਦੇ ਲਾਲ ਤੋਂ ਘੱਟ ਮੱਲਾਂ ਨਹੀਂ ਸਨ ਮਾਰੀਆਂ ਹੋਈਆਂ। ਉਹ ਕਿਸੇ ਨਾਲੋਂ ਕਿਹੜੀ ਗੱਲੋਂ ਪਿਛੇ ਰਿਹਾ ਸੀ?
ਜਗਤੇ ਫ਼ੌਜੀ ਨੇ ਉਲਝਣ ਜਿਹੀ ਵਿਚ ਆਪਣੇ ਧੌਲੇ ਵਾਲਾਂ ਵਿਚ ਹੱਥ ਫੇਰਿਆ। ਇੱਕ ਦਿਨ ਉਹਨੇ ਤੜਕਸਾਰ ਹੀ ਵਰਦੀ ਪਾ ਲਈ ਤੇ ਫਹੁੜੀਆਂ ਸੰਭਾਲਦਿਆਂ ਗੰਗੇ ਨੂੰ ਨਾਲ ਤੁਰਨ ਲਈ ਆਖਿਆ। ਪਰੀਆਂ ਦਾ ਦੇਸ਼ ਹਾਲੇ ਗੰਗੇ ਦੀਆਂ ਅੱਖਾਂ ਵਿਚ ਖੰਡਰ ਨਹੀਂ ਸੀ ਹੋਇਆ, ਪਰ ਜਗਤੇ ਫ਼ੌਜੀ ਨੂੰ ਪਤਾ ਸੀ ਕਿ ਹੁਣ ਗੰਗੇ ਦੇ ਭਰਤੀ ਹੋਣ ਦਾ ਵੇਲਾ ਸੀ।
ਫ਼ੌਜ ਉਨ੍ਹਾਂ ਦੀ ਰੋਜ਼ੀ-ਰੋਟੀ ਹੀ ਨਹੀਂ, ਜਿਉਣ ਦਾ ਢੰਗ ਵੀ ਸੀ। ਜੰਗਲ ਦਾ ਹਰ ਰਾਹ ਪਾਣੀ ਵੱਲ ਜਾਂਦਾ ਸੀ ਤੇ ਉਸ ਦੇ ਘਰ ਦੇ ਮਰਦਾਂ ਦਾ ਰਾਹ ਫ਼ੌਜ ਵੱਲ। ਰਾਹ ਹੋਰ ਵੀ ਸਨ, ਪਰ ਹੋਰ ਰਾਹਾਂ ਨੂੰ ਉਹ ਨਹੀਂ ਸਨ ਜਾਣਦੇ।
ਗੰਗੇ ਨੇ ਘਰ ਦੀਆਂ ਕੰਧਾਂ ਵੱਲ ਵੇਖਿਆ ਜਿਵੇਂ ਲੋੜਾਂ ਦੀ ਫਹਿਰਿਸਤ ਪੜ੍ਹ ਰਿਹਾ ਹੋਵੇ ਤੇ ਅਗਲੇ ਪਲ ਉਹ ਚੁੱਪ-ਚਾਪ ਪਿਉ ਨਾਲ ਤੁਰ ਪਿਆ।
ਭਰਤੀ ਅਫ਼ਸਰ ਨੇ ਇੱਕ ਵਾਰ ਜਗਤੇ ਫ਼ੌਜੀ ਦੀ ਪੁਰਾਣੀ ਵਰਦੀ ਵੱਲ ਵੇਖਿਆ ਤੇ ਦੂਜੀ ਵਾਰ ਉਹਦੀ ਬੁੱਢੀ ਹਿੱਕ ‘ਤੇ ਲਟਕਦੇ ਤਗਮਿਆਂ ਵੱਲ।…ਤੇ ਫਿਰ ਉਹਦੀ ਸਰਕਦੀ ਹੋਈ ਨਜ਼ਰ ਲੱਕੜ ਦੇ ਪੈਰਾਂ ‘ਤੇ ਟਿਕ ਗਈ…ਤੇ ਲੱਕੜ ਦੇ ਪੈਰਾਂ ਦੀ ਖ਼ਰਾਇਤ ਗੰਗਾ ਭਰਤੀ ਹੋ ਗਿਆ।
ਸਿੱਖਲਾਈ ਪੂਰੀ ਹੋਣ ਪਿਛੋਂ ਸਿਪਾਹੀ ਗੰਗਾ ਸਿੰਘ ਨੇ ਕੁਝ ਦਿਨਾਂ ਲਈ ਪਿੰਡ ਆਉਣਾ ਸੀ। ਖ਼ੁਦ ਆਉਣ ਦੀ ਬਜਾਏ ਉਹਦੀ ਸੁੱਖ-ਸਾਂਦ ਲਾਲ ਲਿਫ਼ਾਫ਼ੇ ਨੇ ਆਣ ਦੱਸੀ। ਡਾਕੀਏ ਦੇ ਜਾਣ ਪਿਛੋਂ ਜਗਤੇ ਫ਼ੌਜੀ ਨੇ ਲਾਲ ਲਿਫ਼ਾਫ਼ਾ ਉਲਟਪਲਟ ਕੇ ਵੇਖਿਆ, ਬਾਹਰ ਸੈਂਸਰ ਦਾ ਠੱਪਾ ਤੇ ਅੰਦਰ ਸੰਖੇਪ ਜਿਹੀ ਇਬਾਰਤ। ਉਸ ਜਾਣ ਲਿਆ ਕਿ ਸਿਪਾਹੀ ਗੰਗਾ ਸਿੰਘ ਮੁਹਾਜ਼ ‘ਤੇ ਪਹੁੰਚ ਚੁੱਕਿਆ ਸੀ।
ਜਗਤੇ ਫ਼ੌਜੀ ਨੇ ਆਉਣ ਵਾਲੀ ਜੰਗ ਦਾ ਖ਼ਤਰਾ ਕਿਆਸ ਲਿਆ, ਪਰ ਮੁਲਕਾਂ ਦੀ ਜੰਗ ਤੋਂ ਵੀ ਪਹਿਲਾਂ ਭੁੱਖ ਦੀ ਜੰਗ ਸੀ, ਜੀਹਨੇ ਉਹਨੂੰ ਬੇਹਾਲ ਕੀਤਾ ਹੋਇਆ ਸੀ।
ਗੰਗੇ ਨੇ ਹਾਲੇ ਤਕ ਘਰ ਕੋਈ ਪੈਸਾ-ਧੇਲਾ ਨਹੀਂ ਸੀ ਭੇਜਿਆ। ਆਮ ਫ਼ੌਜੀ ਤਨਖ਼ਾਹ ਦੀ ਰਕਮ ਜਮ੍ਹਾਂ ਹੋਣ ਦਿੰਦੇ ਸਨ। ਹਰ ਮਹੀਨੇ ਲੈਣ ਨਾਲ ਤਨਖਾਹ ਖੁਰਦ-ਬੁਰਦ ਹੋ ਜਾਂਦੀ ਸੀ। ਛੁੱਟੀ ਆਉਣ ਵੇਲੇ ਉਹ ਸਾਰੀ ਰਕਮ ਇਕੱਠੀ ਲੈ ਆਉਂਦੇ ਸਨ। ਇਕੱਠੀ ਹੋਈ ਰਕਮ ਨਾਲ ਉਨ੍ਹਾਂ ਦੇ ਕਈ ਕਾਰਜ ਸੌਰ ਜਾਂਦੇ ਸਨ। ਸ਼ਾਇਦ ਗੰਗੇ ਨੇ ਵੀ ਛੁੱਟੀ ਵੇਲੇ ਸਾਰੀ ਰਕਮ ਇਕੱਠੀ ਲੈ ਆਉਣ ਬਾਰੇ ਸੋਚਿਆ ਹੋਵੇ, ਪਰ ਗੰਗੇ ਨੂੰ ਇਸ ਤਰ੍ਹਾਂ ਨਹੀਂ ਸੀ ਸੋਚਣਾ ਚਾਹੀਦਾ। ਉਹਦੇ ਕੋਲੋਂ ਘਰ ਦੀ ਹਾਲਤ ਕਿਹੜੀ ਗੁੱਝੀ ਹੋਈ ਸੀ। ਖੇਤਾਂ ‘ਚੋਂ ਆਉਣ ਵਾਲੀ ਕਮਾਈ ਨੂੰ ਗਾਰ ਖਾ ਚੁੱਕੀ ਸੀ। ਮਹਿੰਗਾਈ ਸਾਹਵੇਂ ਉਹਦੀ ਪੈਨਸ਼ਨ ਨਿਗੂਣੀ ਹੋ ਗਈ ਸੀ। ਦੋ ਡੰਗ ਦੀ ਰੋਟੀ ਦਾ ਵੀ ਸੰਸਾ ਸੀ ਤੇ ਉਪਰੋਂ ਛੋਟੀ ਧੀ ਜਣੇਪਾ ਕੱਟਣ ਪਹੁੰਚ ਗਈ ਸੀ। ਉਹਨੇ ਗੰਗੇ ਨੂੰ ਖ਼ਤ ਲਿਖਣਾ ਚਾਹਿਆ, ਪਰ ਉਹਦੇ ਕੋਲੋਂ ਪੁੱਤਰ ਸਾਹਵੇਂ ਥੋੜਾਂ ਦਾ ਚਿੱਠਾ ਫਰੋਲ ਨਾ ਹੋਇਆ।
ਗੁਰਬਤ ਦੇ ਇਨ੍ਹਾਂ ਦਿਨਾਂ ਵਿਚ ਹੀ ਲੜਾਈ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਜਾਗ ਪਈ। ਕੀਹਨੇ ਕੀਹਦੇ ‘ਤੇ ਹਮਲਾ ਕੀਤਾ ਸੀ? ਰੱਬ ਜਾਣੇ, ਪਰ ਇੰਨਾ ਉਸ ਨੂੰ ਜ਼ਰੂਰ ਪਤਾ ਸੀ ਕਿ ਇਹ ਹਮਲਾ ਸਿੱਧਾ ਉਹਦੀਆਂ ਆਂਦਰਾਂ ‘ਤੇ ਹੋਇਆ ਸੀ।
ਚਾਹੀਦਾ ਤਾਂ ਇਹ ਸੀ ਕਿ ਉਹ ਜੰਗ ਨੂੰ ਗਏ ਪੁੱਤ ਦੀ ਵਾਪਸੀ ਉਡੀਕਦਾ, ਪਰ ਬੇਧਿਆਨੀ ਵਿਚ ਉਹ ਗੰਗੇ ਦੀ ਤਨਖ਼ਾਹ ਉਡੀਕਣ ਲੱਗ ਪਿਆ। ਉਹਦਾ ਜੀਅ ਕੀਤਾ, ਕੁਲੱਛਣੀ ਸੋਚ ਵਾਲਾ ਮੱਥਾ ਕਿਸੇ ਪੱਥਰ ਨਾਲ ਮਾਰ ਕੇ ਪਾੜ ਲਵੇ।
ਜਗਤੇ ਫ਼ੌਜੀ ਦੀ ਘਰਵਾਲੀ ਆਪਣੀ ਥਾਂ ਫ਼ਿਕਰਮੰਦ ਸੀ। ਉਹ ਘਰ ਦੀ ਕਿਹੜੀ ਕੰਧ ਨੂੰ ਪੀਹ ਕੇ ਗੁੰਨ੍ਹੇ ਤੇ ਰੋਟੀਆਂ ਪਕਾਵੇ।
ਉਸ ਵੇਲੇ ਤਗਮੇ ਖਿਲਾਰੀ ਬੈਠਾ ਜਗਤਾ ਫ਼ੌਜੀ ਸੋਚੀਂ ਪਿਆ ਹੋਇਆ ਸੀ। ਬਿੜਕ ਸੁਣ ਕੇ ਉਸ ਸਿਰ ਉਪਰ ਚੁੱਕਿਆ ਤਾਂ ਬੀਵੀ ਨੂੰ ਵੇਖ ਕੇ ਪ੍ਰੇਸ਼ਾਨ ਜਿਹਾ ਹੋ ਗਿਆ। ਬੀਵੀ ਦੇ ਚਿਹਰੇ ‘ਤੇ ਪੋਹਲੀ ਵਰਗੇ ਪ੍ਰਸ਼ਨ ਸਨ। ਪੁੱਛੇ ਜਾਣ ਦੇ ਡਰੋਂ ਉਹ ਕਾਹਲੀ ਨਾਲ ਬੋਲਿਆ, “ਭਾਗਵਾਨੇ, ਸੋਚਦਾਂ, ਇਹ ਸਾਰੇ ਤਗਮੇਂ ਵੇਚ ਘੱਤਾਂ…ਹੁਣ ਆਪਣੇ ਇਹ ਕਿਸ ਕੰਮ।”
ਬੀਵੀ ਨੇ ਹੈਰਾਨ ਹੋ ਕੇ ਉਹਦੇ ਵੱਲ ਵੇਖਿਆ।
“ਵੇਖ, ਇਹ ਮੈਡਲ ਕਿਸੇ ਹਾਰੀ ਸਾਰੀ ਨੂੰ ਨਹੀਂ ਮਿਲਦਾ।” ਜਗਤੇ ਫ਼ੌਜੀ ਦੀ ਤਲੀ ‘ਤੇ ਉਹ ਮੈਡਲ ਸੀ ਜਿਹੜਾ ਇੰਨੇ ਸਾਲਾਂ ਤੋਂ ਲੱਕੜ ਦੇ ਪੈਰਾਂ ਦਾ ਓਹਲਾ ਬਣਨ ਦਾ ਯਤਨ ਕਰਦਾ ਰਿਹਾ ਸੀ। ਉਹ ਇੱਕ ਛਿਣ ਚੁੱਪ ਰਿਹਾ ਤੇ ਫਿਰ ਹਉਕੇ ਵਰਗਾ ਲੰਮਾ ਸਾਹ ਭਰਿਆ, “ਵੇਖ ਲਈ ਭਾਵੇਂ। ਇਹ ਬਹੁਤ ਮਹਿੰਗਾ ਵਿਕੂ।”
ਬੀਵੀ ਨੇ ਉਹਦੇ ਅੰਦਰੋਂ ਕੁਝ ਟੁੱਟ ਕੇ ਕਿਰਨ ਦੀ ਆਵਾਜ਼ ਸੁਣ ਲਈ ਸੀ।
ਉਹਦੀ ਗੱਲ ਦੇ ਜੁਆਬ ਵਿਚ ਉਹ ਚੁੱਪ ਹੀ ਰਹੀ।
ਐਤਵਾਰ ਦੇ ਪਹੁ-ਫੁਟਾਲੇ ਨਾਲ ਜਗਤੇ ਫ਼ੌਜੀ ਦੇ ਪੈਰ ਮੰਡੀ ਵੱਲ ਤੁਰ ਪਏ।
ਐਤਵਾਰੀ ਮੰਡੀ ਵਿਚ ਲੋਕ ਦੂਰੋਂ-ਨੇੜਿਓਂ ਆਪਣੀਆਂ ਵਸਤਾਂ ਲੈ ਕੇ ਪਹੁੰਚੇ ਹੋਏ ਸਨ। ਕਸਬੇ ਦੀ ਸੜਕ ‘ਤੇ ਦੂਰ ਤਕ ਉਨ੍ਹਾਂ ਦੀਆਂ ਚੀਜ਼ਾਂ ਦਾ ਖਿਲਾਰਾ ਪਿਆ ਹੋਇਆ ਸੀ। ਉਹਨੇ ਵੀ ਯੋਗ ਥਾਂ ਵੇਖ ਕੇ ਪੁਰਾਣੇ ਟਾਟ ਦਾ ਟੁਕੜਾ ਵਿਛਾ ਲਿਆ। ਟਾਟ ਉਤੇ ਉਹਨੇ ਸਲੀਕੇ ਨਾਲ ਇੱਕ ਇੱਕ ਕਰ ਕੇ ਸਾਰੇ ਤਗਮੇ ਟਿਕਾ ਦਿੱਤੇ।
ਮੰਡੀ ਵਿਚ ਭਾਂਤ-ਭਾਂਤ ਦੀਆਂ ਦੁਕਾਨਾਂ ਸਨ, ਪਰ ਜਗਤੇ ਫ਼ੌਜੀ ਦੀ ਦੁਕਾਨ ਕੁਝ ਅਲੋਕਾਰ ਹੀ ਸੀ। ਕਈਆਂ ਨੇ ਉਥੇ ਖਲੋ ਕੇ ਉਤਸੁਕਤਾ ਨਾਲ ਉਨ੍ਹਾਂ ਤਗਮਿਆਂ ਨੂੰ ਵੇਖਿਆ ਸੀ ਤੇ ਫਿਰ ਅਗਾਂਹ ਤੁਰ ਗਏ ਸਨ। ਹਾਲੇ ਤਕ ਕਿਸੇ ਨੇ ਵੀ ਉਨ੍ਹਾਂ ਤਗਮਿਆਂ ਦਾ ਮੁੱਲ ਪੁੱਛਣ ਦੀ ਲੋੜ ਮਹਿਸੂਸ ਨਹੀਂ ਸੀ ਕੀਤੀ।
ਧੁੱਪ ਹੌਲੀ ਹੌਲੀ ਤਿੱਖੀ ਹੋ ਗਈ।
ਉਹਦੀਆਂ ਲੱਤਾਂ ਦੇ ਟੁੰਡਾਂ ‘ਤੇ ਪਸੀਨੇ ਨਾਲ ਅੱਚਵੀ ਜਿਹੀ ਹੋਣ ਲੱਗ ਪਈ। ਉਹਨੇ ਪਿੰਜਣੀਆਂ ਤੋਂ ਵੱਧਰੀਆਂ ਖੋਲ੍ਹੀਆਂ ਤੇ ਲੱਕੜ ਦੇ ਦੋਵੇਂ ਪੈਰ ਵਾਰੀ-ਵਾਰੀ ਪਾਸੇ ਟਿਕਾ ਦਿੱਤੇ। ਪੱਟੀਆਂ ਉਤਾਰ ਕੇ ਉਹਨੇ ਟੁੰਡਾਂ ‘ਤੇ ਹੱਥ ਫੇਰਿਆ। ਸਾਹ ਪਿਛਾਂਹ ਖਿੱਚ ਕੇ ਉਹਨੇ ਕੱਸੀ ਹੋਈ ਫ਼ੌਜੀ ਪੇਟੀ ਖੋਲ੍ਹੀ ਤੇ ਪੈਰ ਕੋਲ ਰੱਖ ਦਿੱਤੀ। ਸਿਰ ਤੋਂ ਫ਼ੌਜੀ ਟੋਪੀ ਲਾਹ ਕੇ ਉਹਨੇ ਅੱਗੇ ਧਰ ਲਈ ਤੇ ਦੂਧੀਆ ਵਾਲਾਂ ਵਿਚ ਉਂਗਲਾਂ ਫੇਰਦਿਆਂ ਅੱਖਾਂ ਮੀਟ ਲਈਆਂ।
ਪੱਥਰ ਦੀ ਢੋਅ ਲਾਈ ਬੈਠਿਆਂ ਉਹ ਊਂਘਣ ਲੱਗ ਪਿਆ।
ਲੋਕਾਂ ਦੀ ਭੀੜ ਭਾਵੇਂ ਹੌਲੀ ਹੌਲੀ ਵਧ ਗਈ ਸੀ, ਪਰ ਉਹ ਇੱਕ ਦੁਕਾਨ ਦਿਨ ਭਰ ਸੁੰਝੀ ਹੀ ਰਹੀ। ਦੂਰ ਖੜ੍ਹਾ ਇੱਕ ਆਦਮੀ ਕੁਝ ਚਿਰ ਉਸ ਬੁੱਢੇ ਅਪਾਹਜ ਫ਼ੌਜੀ ਨੂੰ ਵੇਖਦਾ ਰਿਹਾ। ਉਹਨੇ ਤਰਸ ਨਾਲ ਭਰ ਕੇ ਇੱਕ ਵਾਰ ਉਹਦੇ ਨੰਗੇ ਟੁੰਡਾਂ ਵੱਲ ਵੇਖਿਆ ਤੇ ਫਿਰ ਕੋਲ ਪਏ ਲੱਕੜ ਦੇ ਪੈਰਾਂ ਵੱਲ। ਉਹ ਦੁਕਾਨ ਤਕ ਆਇਆ ਤੇ ਝੁਕ ਕੇ ਤਗਮਿਆਂ ਵੱਲ ਵੇਖਣ ਲੱਗ ਪਿਆ। ਉਹ ਮੁੜ ਸਿੱਧਾ ਖਲੋ ਗਿਆ ਤੇ ਜੇਬ ‘ਚੋਂ ਅਠਿਆਨੀ ਕੱਢ ਕੇ ਉਹਦੇ ਅੱਗੇ ਪਈ ਟੋਪੀ ਵਿਚ ਸੁੱਟ ਦਿੱਤੀ।
ਸਿੱਕੇ ਦੇ ਡਿੱਗਣ ਦੀ ਆਵਾਜ਼ ਨਾਲ ਉਹਨੇ ਤ੍ਰਭਕ ਕੇ ਅੱਖਾਂ ਖੋਲ੍ਹੀਆਂ। ਉਹਨੇ ਇੱਕ ਵਾਰ ਟੋਪੀ ਵਿਚ ਪਈ ਅਠਿਆਨੀ ਵੱਲ ਵੇਖਿਆ ਤੇ ਫਿਰ ਤੁਰੇ ਜਾਂਦੇ ਦਾਨੀ ਦੀ ਪਿੱਠ ਵੱਲ। ਜ਼ਿੱਲਤ ਤੇ ਅਪਮਾਨ ਦੀ ਮਿਲੀ-ਜੁਲੀ ਭਾਵਨਾ ਨਾਲ ਉਹਦਾ ਚਿਹਰਾ ਭਖਣ ਲੱਗ ਪਿਆ। ਉਹਨੇ ਤਗਮੇ ਚੁੱਕੇ ਤੇ ਤੁਰੇ ਜਾਂਦੇ ਬੰਦੇ ਦੀ ਪਿੱਠ ‘ਤੇ ਵਗਾਹ ਮਾਰੇ।
ਉਸ ਰਾਤ ਉਸ ਨੇ ਗੰਗੇ ਨੂੰ ਪਹਿਲਾ ਖ਼ਤ ਲਿਖਿਆ, “ਪੁੱਤਰ! ਤੇਰੀ ਲੜਾਈ ਸਾਡੇ ਸਾਰਿਆਂ ਦੀ ਰੋਜ਼ੀ-ਰੋਟੀ ਦੀ ਲੜਾਈ ਹੈ। ਤੂੰ ਲੜਾਈ ਵਿਚ ਜਿਉਂਦਾ ਰਹਿਣ ਦੀ ਕੋਸ਼ਿਸ਼ ਕਰੀਂ। ਤੂੰ ਮਰ ਗਿਆ ਤਾਂ ਸਮਝ ਲਵੀਂ-ਅਸੀਂ ਸਾਰੇ ਲੜਾਈ ਹਾਰ ਗਏ ਹਾਂ। ਯਾਦ ਰੱਖੀਂ, ਤੇਰੀ ਸੂਰਬੀਰਤਾ ਦੇ ਤਗਮੇ ਸੰਡੇ ਮਾਰਕੀਟ ਵਿਚ ਵੀ ਨਹੀਂ ਵਿਕ ਸਕਣੇ।”
ਪਤਾ ਨਹੀਂ ਜਗਤਾ ਫ਼ੌਜੀ ਉਹ ਖ਼ਤ ਡਾਕੇ ਪਾ ਵੀ ਸਕਿਆ ਜਾਂ ਨਹੀਂ, ਪਰ ਇੱਕ ਗੱਲ ਸੌ ਵਿਸਵੇ ਪੱਕੀ ਸੀ ਕਿ ਉਸ ਦਿਨ ਤੋਂ ਪਹਿਲਾਂ ਕਿਸੇ ਵੀ ਪਿਉ ਨੇ ਆਪਣੇ ਫ਼ੌਜੀ ਪੁੱਤਰ ਨੂੰ ਇਹੋ ਜਿਹਾ ਖ਼ਤ ਨਹੀਂ ਲਿਖਿਆ ਹੋਣਾ।

-ਜਸਬੀਰ ਭੁੱਲਰ

 

Comment here