ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਦੋ ਨਸ਼ਾ ਪੀੜਤਾਂ ਦੀ ਗਈ ਜਾਨ

ਧੂਰੀ ਚ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਤਰਨਤਾਰਨ ਚ ਨਸ਼ੇੜੀ ਨੇ ਲਿਆ ਫਾਹਾ

ਧੂਰੀ – ਪੰਜਾਬ ਵਿੱਚ ਨਸ਼ੇ ਨਾਲ ਜਵਾਨੀ ਦਾ ਉਜਾੜਾ ਜਾਰੀ ਹੈ। ਧੂਰੀ ਵਿਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਸੋਨੂੰ ਕੁਮਾਰ (20) ਪੁੱਤਰ ਬਬਲੀ ਵਾਸੀ ਧੂਰੀ ਦੀ ਲਾਸ਼ ਸ਼ੱਕੀ ਹਾਲਾਤ ’ਚ ਸਥਾਨਕ ਡਬਲ ਫਾਟਕਾਂ ਦੇ ਨਜ਼ਦੀਕ ਸਥਿਤ ਬਰਨਾਲਾ ਰੇਲਵੇ ਲਾਈਨ ਕੋਲੋਂ ਮਿਲੀ। ਮੌਕੇ  ’ਤੇ ਪੁੱਜੀ ਜੀ. ਆਰ. ਪੀ. ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਸੀ, ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਹਮਾਇਤੀਆਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਪੁਲਸ ਉਹਨਾਂ ਦੇ ਮੁੰਡੇ ਨਾਲ ਨਸ਼ਾ ਕਰਨ ਵਾਲੇ ਉਸਦੇ ਸਾਥੀਆਂ ਅਤੇ ਨਸ਼ਾ ਵੇਚਣ ਵਾਲੇ ਸਮੱਗਲਰਾਂ ਦੇ ਖ਼ਿਲਾਫ਼ ਕਤਲ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰੇ। ਜੇਕਰ ਅਜਿਹਾ ਨਹੀਂ ਕੀਤਾ ਗਿਆ, ਤਾਂ ਉਹ ਲਾਸ਼ ਨੂੰ ਚੌਂਕ ’ਚ ਰੱਖ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇੱਥੇ ਭਾਜਪਾ ਆਗੂ ਅਤੇ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਮੰਗ ਕੀਤੀ ਕਿ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਅਤੇ ਮ੍ਰਿਤਕ ਨੂੰ ਆਪਣੇ ਨਾਲ ਲੈ ਕੇ ਜਾਣ ਵਾਲੇ ਉਸਦੇ ਸਾਥੀਆਂ ਅਤੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਤਲ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਏ।

ਸਿਵਲ ਹਸਪਤਾਲ ਤਰਨਤਾਰਨ ’ਚ ਨੌਜਵਾਨ ਨੇ ਲਿਆ ਫਾਹਾ

ਤਰਨਤਾਰਨ ਦੇ ਸਿਵਲ ਹਸਪਤਾਲ ਕੰਪਲੈਕਸ ’ਚ ਇਕ ਨੌਜਵਾਨ ਦੀ ਲਾਸ਼ ਰੁੱਖ ਨਾਲ ਲਟਕਦੀ ਬਰਾਮਦ ਹੋਈ। ਨੌਜਵਾਨ ਦੀ ਮੌਤ ਦੀ ਬਰੀਕੀ ਨਾਲ ਜਾਂਚ ਕਰਨ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਨਸ਼ਾ ਛੁਡਾਊ ਕੇਂਦਰ ਤੋਂ ਆਪਣਾ ਇਲਾਜ ਕਰਵਾ ਰਿਹਾ ਸੀ ਪਰ ਮੌਤ ਤੋਂ ਕੁਝ ਮਹੀਨੇ ਪਹਿਲਾਂ ਨਸ਼ੇ ਦਾ ਇਲਾਜ ਛੱਡ ਚੁੱਕਾ ਸੀ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਦੁਬਾਰਾ ਨਸ਼ੇ ਚ ਫਸ ਗਿਆ ਸੀ ਤਾਂ ਕਰਕੇ ਨਸ਼ੇ ਦੀ ਹਾਲਤ ਵਿੱਚ ਜਾਂ ਤੋਟ ਵਿੱਚ ਉਸ ਨੇ ਫਾਹਾ ਲਾਇਆ, ਜਾਂ ਕਿਸੇ ਨੇ ਉਸ ਨੂੰ ਜਬਰੀ ਨਸ਼ਾ ਦੇ ਕੇ ਕਥਿਤ ਤੌਰ ਤੇ ਉਸ ਦਾ ਕਤਲ ਕਰਕੇ ਲਾਸ਼ ਰੁੱਖ ਨਾਲ ਲਟਕਾਅ ਦਿੱਤੀ। ਪੁਲਸ ਪੀੜਤ ਪਰਿਵਾਰ ਦੀ ਸ਼ਿਕਾਇਤ ਤੇ ਕਾਰਵਾਈ ਕਰ ਰਹੀ ਹੈ।

Comment here