ਪੰਜਾਬ ਦੇ ਵਿੱਚ ਨਸ਼ਿਆਂ ਦਾ ਵੱਗ ਰਿਹਾ ਛੇਵਾਂ ਦਰਿਆ ਕਈ ਘਰਾਂ ਦੇ ਚਿਰਾਗ ਬੁਝਾ ਚੁੱਕਾ ਹੈ। ਇੱਕ ਵਾਰ ਚਿੱਟੇ ਦੀ ਲੱਤ ‘ਚ ਲੱਗਣ ਵਾਲੇ ਨੌਜਵਾਨ ਦਾ ਨਸ਼ੇ ਦੀ ਲੱਤ ਚੋਂ ਬਾਹਰ ਨਿਕਲਣਾ ਬੇਹੱਦ ਮੁਸ਼ਕਿਲ ਮੰਨਿਆ ਜਾਂਦਾ ਹੈ ਪਰ ਰਾਜਦੀਪ ਸਿੰਘ ਨੌਜਵਾਨਾਂ ਲਈ ਵੱਡੀ ਉਦਾਹਰਣ ਹੈ, ਜੋ ਨਸ਼ਾ ਛੱਡ ਕੇ ਚੰਗੇ ਰਾਹ ਪੈਣਾ ਚਾਹੁੰਦੇ ਹਨ। ਰਾਜਦੀਪ ਹੁਣ ਪੀਸ ਫਾਊਂਡੇਸ਼ਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜੋ ਕਿ ਯੂ ਐਨ ਵੱਲੋਂ ਪ੍ਰਮਾਣਿਤ ਹੈ ਅਤੇ ਨਸ਼ੇ ਵਿਰੁੱਧ ਚੱਲ ਰਹੇ ਪ੍ਰੋਗਰਾਮ ਦਾ ਹਿੱਸਾ ਬਣ ਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰ ਰਿਹਾ ਹੈ।
ਹੁਣ ਤੱਕ ਰਾਜਦੀਪ ਸਿੰਘ 250 ਦੇ ਕਰੀਬ ਸਰਕਾਰੀ ਸਕੂਲਾਂ ਦੇ ਵਿੱਚ ਨਾਟਕ ਕਰਵਾ ਕੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਨਸ਼ੇ ਦੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਹੁਣ ਇਹੀ ਮਕਸਦ ਹੈ ਕਿ ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ। ਇਸ ਦੇ ਚੱਲਦੇ ਰਾਜਦੀਪ ਨੂੰ ਪੰਜਾਬ ਸਰਕਾਰ ਕਈ ਸਨਮਾਨ ਚਿੰਨ੍ਹ ਵੀ ਦੇ ਚੁੱਕੀ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਸ ਨੂੰ ਪ੍ਰਸ਼ੰਸ਼ਾ ਪੱਤਰ ਦੇ ਚੁੱਕੇ ਹਨ। ਭਾਰਤੀ ਫ਼ੌਜ ਵੱਲੋਂ ਉਸ ਨੂੰ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਇੱਕਲੌਤਾ ਪੰਜਾਬ ਦਾ ਅਜਿਹਾ ਬਾਈਕਰ ਹੈ ਜੋ ਕਿ ਨਸ਼ੇ ਖਿਲਾਫ ਸਭ ਤੋਂ ਵੱਡੀ ਰੈਲੀ ਕੱਢਣ ਦਾ ਕੀਰਤੀਮਾਨ ਸਥਾਪਿਤ ਕਰ ਚੁੱਕਾ ਹੈ।
ਰਾਜਦੀਪ ਸਿੰਘ ਹੁਣ ਤੱਕ 5 ਵਾਰ ਇੰਡੀਆ ਬੁੱਕ ਆਫ ਰਿਕਾਰਡ ਚ ਅਪਣਾ ਨਾਂਅ ਦਰਜ ਕਰਵਾ ਚੁੱਕਾ ਹੈ। ਇਸ ਦੇ ਨਾਲ ਹੀ 2 ਵਾਰ ਲਿਮਕਾ ਬੁੱਕ ਆਫ ਰਿਕਾਰਡ, ਅਸੀਸਟ ਵਰਲਡ ਰਿਕਾਰਡ ਹੋਲਡਰ, ਵਜਰ ਵਰਲਡ ਰਿਕਾਰਡ, ਗਲੋਬਲ ਰਿਕਾਰਡ ‘ਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਰਾਜਦੀਪ ਨੂੰ ਪੰਜਾਬ ਸਰਕਾਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵੀ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਇਸ ਦੇ ਨਾਲ ਹੀ ਗਰੇਲੂ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ 2010 ਚ ਰਾਜਦੀਪ ਦਾ ਵਿਆਹ ਹੋਇਆ ਸੀ ਤੇ ਉਸ ਦੀ ਇਕ ਬੇਟੀ ਅਤੇ ਇਕ ਬੇਟਾ ਹੈ। ਉਹ ਪੰਜਾਬ ਦਾ ਇਕਲੌਤਾ ਪਾਧਰੀ ਹੈ ਜੋਕਿ ਬਾਈਕ ਰਾਈਡੰਗ ਕਰਦਾ ਹੈ। ਇਸ ਦੇ ਨਾਲ ਹੀ ਰਾਜਦੀਪ Say no to drug ਨਾਂ ਦੇ ਸਲੋਗਨ ਹੇਠ ਲੱਦਾਖ ਤੋਂ ਲਾਹੌਲ ਸਪੀਤੀ ਤੱਕ 6 ਰੈਲੀਆਂ ਕੱਢ ਚੁੱਕਾ ਹੈ। ਇਸ ਤੋਂ ਇਲਾਵਾ ਸ਼ਿੰਕੁਲਾ ਦ੍ਰਰਾ, ਜਾਲੋਰੀ ਦ੍ਰਰਾ ਵਰਗੇ ਕਈ ਅਹਿਮ ਹਿੱਸਿਆਂ ‘ਚ ਜਾ ਚੁੱਕਾ ਹੈ।
ਰਾਜਦੀਪ ਨੇ ਦੱਸਿਆ ਕਿ ਜਦੋਂ ਉਹ 18 ਸਾਲ ਦਾ ਸੀ ਤਾਂ ਪੜ੍ਹਾਈ ਦੇ ਦਬਾਅ ਦੇ ਕਾਰਨ ਉਸ ਦੇ ਦੋਸਤਾਂ ਨੇ ਉਸ ਨੂੰ ਨਸ਼ੇ ਦੀ ਲਤ ਲਗਾ ਦਿੱਤੀ, ਜਿਸ ਤੋਂ ਬਾਅਦ ਉਹ ਚਿੱਟੇ ਦਾ ਨਸ਼ਾ ਕਰਨ ਲੱਗ ਗਿਆ, ਪਰ ਇੱਕ ਦਿਨ ਉਸ ਦੇ ਦੋਸਤ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਕੇ ਉਹ ਨਸ਼ਾ ਛੱਡ ਦੇਵੇਗਾ। ਉਸ ਨੇ ਬਿਨ੍ਹਾਂ ਕਿਸੇ ਨਸ਼ਾ ਛੁਡਾਊ ਕੇਂਦਰ ਜਾ ਕੇ ਨਸ਼ਾ ਛੱਡਿਆ ਅਤੇ ਫਿਰ ਉਨ੍ਹਾਂ ਫੈਸਲਾ ਕੀਤਾ ਕਿ ਕਿਉਂ ਨਾ ਉਸ ਵਰਗੇ ਹੋਰ ਨੌਜਵਾਨਾਂ ਨੂੰ ਵੀ ਨਸ਼ੇ ਦੀ ਦਲਦਲ ਚੋਂ ਬਾਹਰ ਕੱਢੇ ਜੋ ਕਿ ਆਪਣੀ ਜਿੰਦਗੀ ਬਰਬਾਦ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਨਸ਼ੇ ਦੇ ਖਿਲਾਫ ਆਪਣੀ ਕਹਾਣੀ ਦੱਸ ਕੇ ਜਾਗਰੂਕ ਕਰਦਾ ਹੈ। ਇਸ ਦੇ ਨਾਲ ਹੀ 40 ਮਿੰਟ ਦਾ ਉਸ ਦੀ ਜ਼ਿੰਦਗੀ ‘ਤੇ ਅਧਾਰਿਤ ਇਕ ਨਾਟਕ ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਨਸ਼ੇ ਤਿਆਗਣ ਲਈ ਪ੍ਰੇਰਿਤ ਕਰਦਾ ਹੈ।
ਰਾਜਦੀਪ ਨੂੰ ਬਾਈਕ ਚਲਾਉਣ ਦਾ ਸੌਂਕ ਆਪਣੇ ਪਿਤਾ ਤੋਂ ਮਿਲਿਆ ਹੈ ਜੋ ਕਿ ਬਾਈਕ ਦੇ ਸੌਂਕੀਨ ਸਨ। ਜਿਸ ਕਰਕੇ ਉਸ ਨੇ ਬਾਈਕ ਕਲੱਬ ਦੇ ਨਾਲ ਜੁੜ ਕੇ ਇਸ ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਉਸ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਇਕ ਬਾਈਕ ਰੈਲੀ ਕੱਢੀ, ਜਿਸ ‘ਚ ਇੰਨ੍ਹੀਂ ਵੱਡੀ ਗਿਣਤੀ ‘ਚ ਬਾਈਕਰ ਇਕੱਠੇ ਹੋਏ ਕਿ 5 ਰਿਕਾਰਡ ਉਨ੍ਹਾਂ ਨੇ ਇਕੱਠਿਆਂ ਹੀ ਬਣਾ ਦਿੱਤੇ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਉਹ ਇਕੱਲੇ ਬਾਈਕਰ ਹਨ, ਜਿਸ ਨੇ ਨਸ਼ੇ ਦੇ ਖ਼ਿਲਾਫ਼ ਲਿਮਕਾ ਬੁੱਕ ਆਫ ਰਿਕਾਰਡ ‘ਚ ਅਪਣਾ ਨਾਂ ਦਰਜ ਕਰਵਾਇਆ ਹੈ। ਰਾਜਦੀਪ ਨੇ ਕਿਹਾ ਕਿ ਨਸ਼ੇ ਕਾਰਨ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਜਿਸ ਨੂੰ ਮੋੜਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਉਹ ਨਸ਼ੇ ਦੇ ਵਿਰੁੱਧ ਪਿੰਡਾਂ ਅਤੇ ਸਕੂਲਾਂ-ਕਾਲਜਾਂ ‘ਚ ਨੌਜਵਾਨਾਂ ਨੂੰ ਨਸ਼ੇ ਤਿਆਗਣ ਦੀ ਅਪੀਲ ਕਰਦਾ ਹੈ।
Comment here