ਸਾਹਿਤਕ ਸੱਥਵਿਸ਼ੇਸ਼ ਲੇਖ

ਦੋਵਾਂ ਪੰਜਾਬਾਂ ਦੀ ਪਿਆਰੀ ਸੀ ਅੰਮ੍ਰਿਤਾ ਪ੍ਰੀਤਮ

ਅੱਜ ਜਨਮ ਦਿਨ ਤੇ ਵਿਸ਼ੇਸ਼

ਨਾਰੀ ਸਾਹਿਤ ਜਗਤ ਦਾ ਮਾਣ ਅੰਮ੍ਰਿਤਾ ਪ੍ਰੀਤਮ ਨੂੰ ਆਪਣੀ ਜ਼ਿੰਦਗੀ ਵਿਚ ਜਿੰਨਾ ਮਾਣ ਸਤਿਕਾਰ ਮਿਲਿਆ ਉਹ ਅਜੇ ਤਕ ਕਿਸੇ ਪੰਜਾਬੀ ਨਾਰੀ ਨੂੰ ਨਹੀਂ ਮਿਲਿਆ। ਹੁਣ ਦੋਹਾਂ ਪੰਜਾਬਾਂ ਵਿਚ ਜੋ ਨਾਂ ਸਭ ਤੋਂ ਵੱਧ ਚਰਚਾ ਵਿਚ ਰਿਹਾ ਹੈ, ਉਹ ਇਸ ਵਿਲੱਖਣ ਇਸਤਰੀ ਦਾ ਹੀ ਹੈ। ਜੇ ਉਸ ਦੀ ਇਕ ਵਿਸ਼ੇਸ਼ ਕਵਿਤਾ ਦਾ ਨਾਂ ਲਿਆ ਜਾਵੇ ਤਾਂ ‘ਅੱੱਜ ਆਖਾਂ ਵਾਰਿਸ ਸ਼ਾਹ ਨੂੰ’ ਇਕ ਅਜਿਹੀ ਕਵਿਤਾ ਹੈ ਜਿਸ ਨੂੰ ਪੜ੍ਹ ਕੇ ਦੋਵੇਂ ਪੰਜਾਬ ਦੇ ਲੋਕ ਅੱਥਰੁੁ ਕੇਰਦੇ ਹਨ। ਜਿੰਨਾ ਚਿਰ ਤਕ ਉਹ ਜਿਉਂਦੀ ਰਹੀ, ਉਹ ਚਰਚਾ ਵਿਚ ਰਹੀ। ਉਸ ਦਾ ਜੀਵਨ ਬਹੁਤ ਦਿਲਚਸਪ ਘਟਨਾਵਾਂ ਨਾਲ ਭਰਿਆ ਹੋਇਆ ਹੈ। ਅੰਮ੍ਰਿਤਾ ਦਾ ਸਬੰਧ ਵੰਡ ਤੋਂ ਪਹਿਲਾਂ ਦੇ ਸਾਹਿਤਕਾਰਾਂ ਨਾਲ ਵਿਸ਼ੇਸ਼ ਤੌਰ ’ਤੇ ਜੋੜਿਆ ਜਾਂਦਾ ਹੈ। ਉਸ ਦਾ ਜਨਮ 31 ਅਗਸਤ 1919 ਵਿਚ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੇ ਘਰ ਗੁਜਰਾਂਵਾਲਾ ਵਿਚ ਹੋਇਆ ਜੋ ਉਸ ਸਮੇਂ ਦੇ ਪ੍ਰਸਿੱਧ ਸਕਾਲਰ ਤੇ ਪ੍ਰਚਾਰਕ ਸਨ। ਅੰਮ੍ਰਿਤਾ ਦੀ ਮਾਂ ਰਾਜ ਕੌਰ ਉਸ ਦੇ ਬਚਪਨ ਵਿਚ ਜਦੋਂ ਉਹ ਕੇਵਲ 11 ਸਾਲ ਦੀ ਮਾਸੂਮ ਬਾਲੜੀ ਸੀ ਗੁਜ਼ਰ ਗਈ। ਇਸ ਸਦਮੇ ਨੂੰ ਉਹ ਭੁਲਾ ਨਾ ਸਕੀ। ਇਸ ਤੋਂ ਉਭਰਨ ਲਈ ਉਸ ਨੇ ਕਵਿਤਾ ਦਾ ਸਹਾਰਾ ਲਿਆ ਤੇ ਔਰਤ ਦੇ ਜਜ਼ਬਿਆਂ ਦੀ ਪੇਸ਼ਕਾਰੀ ਵਿਚ ਚਰਮ ਸੀਮਾ ਛੋਹੀ। ਕਵਿਤਾ ਵਿਚ ਪਿੰਗਲ ਦੇ ਨਿਯਮ ਉਸਨੇ ਆਪਣੇ ਪਿਤਾ ਤੋਂ ਸਿੱਖੇ ਤੇ ਇਸ ਦੌਰਾਨ ਚਪੇੜਾਂ ਵੀ ਖਾਧੀਆਂ। ਅੰਮ੍ਰਿਤਾ ਜਿਹੜੀ ਪਹਿਲਾਂ ਕੇਵਲ ਅੰਮ੍ਰਿਤਾ ਕੌਰ ਸੀ, 16 ਸਾਲ ਦੀ ਉਮਰ ਵਿਚ ਪ੍ਰੀਤਮ ਸਿੰਘ ਬਜਾਜ ਨਾਲ ਸ਼ਾਦੀ ਕਰ ਕੇ ਉਹ ਅੰਮ੍ਰਿਤਾ ਪ੍ਰੀਤਮ ਬਣ ਗਈ ਤੇ ਪਤੀ ਦੀ ਸਿਫ਼ਤ ਵਿਚ ਉਸਨੇ ਕੁੱਝ ਕਵਿਤਾਵਾਂ ਵੀ ਲਿਖੀਆਂ ਜਿਨ੍ਹਾਂ ਵਿਚ ਇਕ ਨਵੀਂ ਨਵੇਲੀ ਦੁਲਹਨ ਦੇ ਪਿਆਰ ਦਾ ਪ੍ਰਗਟਾਵਾ ਹੈ। ਫਿਰ ਮਾਨਸਿਕ ਤੇ ਬੌਧਿਕ ਦੋਹਾਂ ਵਿਚ ਵਿੱਥ ਵਧ ਜਾਣ ਕਰਕੇ ਉਹ ਵਧੇਰੇ ਕਰਕੇ ਕੇਵਲ ਅੰਮ੍ਰਿਤਾ ਦੇ ਰੂਪ ਵਿਚ ਵਿਚਰਣ ਲਗ ਪਈ। ਉਸਨੇ ਬਚਪਨ ਤੇ ਜਵਾਨੀ ਲਾਹੌਰ ਵਿਚ ਗੁਜ਼ਾਰੀ। ਵੰਡ ਤੋਂ ਪਹਿਲਾਂ ਤਕ ਉਹ ਲਾਹੌਰ ਰੇਡਿਓ ਲਈ ਗੀਤ ਲਿਖਦੀ ਰਹੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਹ ਦੇਹਰਾਦੂਨ ਤੇ ਦਿੱਲੀ ਵਿਚ ਵਿਸ਼ੇਸ਼ ਤੌਰ ’ਤੇ ਰਹੀ। ਬਿਰਧ ਅਵਸਥਾ ਵਿਚ ਉਸ ਨੂੰ ਭੁੱਲਣ ਵਾਲੀ ਬਿਮਾਰੀ ਹੋ ਗਈ ਤੇ ਉਸ ਦਾ ਇਸ ਲੰਮੀ ਬਿਮਾਰੀ ਤੋਂ ਬਾਅਦ 31 ਅਕਤੂਬਰ 2005 ਵਿਚ ਦੇਹਾਂਤ ਹੋ ਗਿਆ। ਰਵਾਇਤੀ ਪੜ੍ਹਾਈ ਉਸਨੇ ਕੇਵਲ ਸਕੂਲ ਪੱਧਰ ਤਕ ਹੀ ਕੀਤੀ ਪਰ ਪੰਜਾਬੀ ਦਾ ਕੋਈ ਕੋਰਸ ਜਾਂ ਜਮਾਤ ਨਹੀਂ ਜਿੱਥੇ ਉਸ ਦੀ ਕੋਈ ਕਿਤਾਬ ਨਾ ਲੱਗੀ ਹੋਵੇ। ਇਕ ਵਾਰ ਜਦੋਂ ਉਸਨੇ ਇਹ ਗੱਲ ਪੱਤਰਕਾਰ ਖੁਸ਼ਵੰਤ ਸਿੰਘ ਨੂੰ ਦੱਸੀ ਕਿ ਉਹ ਆਤਮ-ਕਥਾ ਲਿਖ ਰਹੀ ਹੈ ਤਾਂ ਖੁਸ਼ਵੰਤ ਸਿੰਘ ਨੇ ਕਿਹਾ “ਤੇਰੀ ਸਾਰੀ ਜ਼ਿੰਦਗੀ ਕੇਵਲ ਇਕ ਰਸੀਦੀ ਟਿਕਟ ਦੇ ਪਿੱਛੇ ਸਮਾ ਸਕਦੀ ਹੈ।’’ ਇਸ ’ਤੇ ਆਪਣੀ ਸਵੈ-ਜੀਵਨੀ ਦਾ ਨਾਂ ‘ਰਸੀਦੀ ਟਿਕਟ’ ਰਖਿਆ। ਉਸ ਨੇ ਬੜੀ ਬੇਬਾਕੀ ਨਾਲ ਆਪਣੀ ਜ਼ਿੰਦਗੀ ਨੂੰ ਇਸ ਵਿਚ ਬਿਆਨ ਕੀਤਾ ਹੈ ਤੇ ਸਾਹਿਰ ਲੁਧਿਆਣਵੀ ਨਾਲ ਸਬੰਧਾਂ ਦਾ ਜ਼ਿਕਰ ਕੀਤਾ ਹੈ। ਭਾਸ਼ਾ ਵਿਭਾਗ ਜਾਂ ਕੇਂਦਰ ਦਾ ਕੋਈ ਇਨਾਮ ਨਹੀਂ ਜੋ ਉਸ ਦੀ ਝੋਲੀ ਵਿਚ ਨਾ ਪਿਆ ਹੋਵੇ। ਹਿੰਦੀ ਵਿਚ ਵੀ ਉਸਨੂੰ ਮਾਨਤਾ ਮਿਲੀ। ਉਸ ਨੇ ‘ਨਾਗਮਣੀ’ ਮੈਗਜ਼ੀਨ ਵੀ ਕੱਢਿਆ ਲੇਖਕ ਇਸ ਵਿਚ ਛਪ ਜਾਣਾ ਹੀ ਵਿਸ਼ੇਸ਼ ਮਾਣ ਮਹਿਸੂਸ ਕਰਦੇ ਸਨ। ਉਸਨੇ ਕਈ ਲੇਖਕ ਬਣਾਏ। ਅੰਮ੍ਰਿਤਾ ਦੀਆਂ ਮਕਬੂਲ ਕਵਿਤਾਵਾਂ ਵਿੱਚੋਂ ‘ਕੁਕਨੂਸ’ ਇਕ ਬਹੁਤ ਹੀ ਸੰਜੀਦਾ ਸੋਗੀ ਕਵਿਤਾ ਹੈ ਜਿਸ ਵਿਚ ਇਸ ਭਾਵ ਨੂੰ ਪੇਸ਼ ਕੀਤਾ ਗਿਆ ਹੈ ਕਿ ਉਹ ਇਕ ਪ੍ਰੇਮਿਕਾ ਦੇ ਰੂਪ ਵਿਚ ਕਹਿੰਦੀ ਹੈ ਕਿ ਉਸਦਾ ਪ੍ਰੇਮੀ ਹੁਣ ਉਸ ਦੀ ਤਕਦੀਰ ਲਿਖ ਜਾਵੇ ਉਸਦਾ ਹੁਣ ਉਸ ਬਿਨਾਂ ਜੀਣਾ ਮੁਹਾਲ ਹੋ ਗਿਆ ਹੈ। ਉਸ ਦਾ ਸਾਰੀ ਉਮਰ ਦਾ ਪਿਆਰ ਬਿਨ ਆਵਾਜ਼ ਰਿਹਾ ਹੈ ਪਰ ਉਸਦੇ ਹਰ ਗੀਤ ਵਿਚ ਉਸ ਲਈ ਪਿਆਰ ਛਲਕਦਾ ਹੈ। ਉਸ ਦੀਆਂ ਕਵਿਤਾਵਾਂ ਦੇ ਬੋਲ ਰਾਤ ਨੂੰ ਤਾਰਿਆਂ ਦੀ ਤਰ੍ਹਾਂ ਸੁਲਘਦੇ ਹਨ। ਅੱਜ ਉਸ ਦਾ ਕੋਈ ਗੀਤ ਦੀਪਕ ਰਾਗ ਗਾਏਗਾ ਤੇ ਕੁਕਨੂਸ ਸੜ ਕੇ ਸੁਆਹ ਹੋ ਜਾਵੇਗਾ।

ਇਕ ਹੋਰ ਹਰਮਨ ਪਿਆਰੀ ਕਵਿਤਾ ‘ਸੁਨੇਹੜੇ’ ਪੁਸਤਕ ਵਿਚ ਹੈ ਇਸ ਨਾਂ ’ਤੇ ਹੈ ਜਿਸ ’ਤੇ ਉਸ ਨੂੰ ਸਾਹਿਤ ਦਾ ਸਾਹਿਤ ਅਕਾਦਮੀ ਇਨਾਮ ਮਿਲਿਆ। ਕੁੱਝ ਸਮਾਂ ਉਹ ‘ਦ੍ਰਿਸ਼ਟੀ’ ਦੀ ਮੁੱਖ ਸੰਪਾਦਕ ਵੀ ਰਹੀ। ਉਸ ਦੇ ਬੋਲ ਤੀਰ ਤੋਂ ਵੀ ਤੇਜ਼ ਵਾਰ ਕਰਦੇ ਹਨ ਉਹ ਆਪਣੀ ਪ੍ਰਸਿੱਧ ਕਵਿਤਾ ‘ਅੰਨ ਦਾਤਾ’ ਵਿਚ ਇਕ ਤਿੱਖਾ ਵਾਰ ਕਰਦੀ ਹੋਈ ਲਿਖਦੀ ਹੈ :

ਮੈਂ ਚੰਮ ਦੀ ਗੁੱਡੀ

ਖੇਡ ਲੈ ਖਿਡਾ ਲੈ

ਲਹੂੁ ਦਾ ਪਿਆਲਾ ਪੀ ਲੈ

ਪਿਲਾ ਲੈ

ਤੇਰੇ ਸਾਹਵੇ ਖੜ੍ਹੀ ਹਾਂ

ਅਹਿ ਵਰਤਣ ਦੀ ਸ਼ੈਅ

ਜਿਵੇ ਚਾਹੇ ਵਰਤ ਲੈ।

ਉਗੀ ਹਾਂ, ਪਿਸੀ ਹਾਂ, ਗੁੱਝੀ ਹਾਂ ਵਿਲੀ ਹਾਂ

ਤੇ ਅਜੇ ਤੱਤੇ ਤਵੇ ’ਤੇ ਹਾਂ

ਜਿਵੇਂ ਚਾਹੇ ਪਰਤ ਲੈ।

ਅੰਮ੍ਰਿਤਾ ਦੇ ਬੋਲ ਵਿਚ ਜ਼ੋਰ ਹੈ ਤੇ ਹਰ ਜੀਵ ਦੀ ਮਾਨਸਿਕਤਾ ਨੂੰ ਝੰਜੋੜਦੇ ਹਨ, ਇਸਤਰੀ ਪੁਰਸ਼ ਦੇ ਜਜ਼ਬਿਆਂ ਨੂੰ ਪੇਸ਼ ਕਰਦੀ ਹੋਈ ਉਹ ਇਕ ਚਿੰਤਕ ਦੀ ਭੂਮਿਕਾ ਵੀ ਨਿਭਾਉਂਦੀ ਹੈ। ਉਹ ਲਿਖਦੀ ਹੈ

ਦੋ ਮਿੱਟੀ ਦੇ ਢੇਰ ਅੰਡਜ, ਜੇਰਜ, ਸੇਤਜ, ਉਤਭੁਜ,

ਉਸਰੇ ਲੱਖਾਂ ਵੇਰ, ਢੱਠੇ ਲੱਖਾਂ ਵੇਰ।

ਉਸਨੇ ਆਪਣੇ ਉਚਾਰਣ ਨੂੰ ਉਸ ਮੁਕਾਮ ਤਕ ਪਹੁੰਚਾਇਆ ਕਿ ਹੁਣ ਅੰਮ੍ਰਿਤਾ ਇਕ ਰੇਡਿਓ, ਟੈਲੀਵਿਯਨ ਵਿਚ ਇਕ ਆਦਰਸ਼ ਬਣ ਗਈ ਹੈ ਤੇ ਹਰ ਲੜਕੀ ਇਸ ਖੇਤਰ ਵਿਚ ਉਸ ਵਰਗਾ ਬਣਨਾ ਚਾਹੁੰਦੀ ਹੈ। ਅੰਮ੍ਰਿਤਾ ਨੇ ਆਪਣੀਆਂ ਰਚਨਾਵਾਂ ਵਿਚ ਕਈ ਪੜਾਅ ਤਹਿ ਕੀਤੇ ਹਨ ਤੇ ਹਰ ਪੜਾਅ ਵਿੱਚੋਂ ਉਹ ਬਲਵਾਨ ਹੋ ਕੇ ਨਿਕਲੀ ਹੈ।

ਪਹਿਲੇ ਪੜਾਅ ਵਿਚ ਉਸ ਦੇ ਧਾਰਮਿਕ ਤੇ ਸਦਾਚਾਰਕ ਚਿੰਤਨ ਦੇ ਭਾਵ ਆ ਜਾਂਦੇ ਹਨ, ‘ਅੰਮ੍ਰਿਤਾ ਲਹਿਰਾਂ’ ਤੋਂ ਸ਼ੁਰੂ ਹੋ ਕੇ ‘ਓ ਗੀਤਾਂ ਵਾਲਿਆ, ਪੱਥਰ ਗੀਟੇ, ਲੰਮੀਆਂ ਵਾਟਾਂ, ਸਰਘੀ ਵੇਲਾ’ ਆਦਿ ਪੁਸਤਕਾਂ ਆ ਜਾਂਦੀਆਂ ਹਨ। ਦੂਜੇ ਪੜਾਅ ਵਿਚ, ‘ਸੁਨੇਹੜੇ, ਅਸ਼ੋਕ ਚੇਤੀ, ਕਸਤੂਰੀ’ ਅਦਿ ਰਚਨਾਵਾਂ ਆ ਜਾਂਦੀਆਂ ਹਨ। ਉਸ ਦੀ ਕਵਿਤਾ ਦਾ ਪ੍ਰੌੜ ਰੂਪ ਉਸ ਸਮੇਂ ਮਿਲਦਾ ਹੈ ਜਦੋਂ ਉਹ ਕਾਗਜ਼ ਤੇ ਕੈਨਵਸ ਪੁਸਤਕ ਲਿਖਦੀ ਹੈ। ਜੇਕਰ ਅੰਤਰਰਾਸ਼ਟਰੀ ਇਨਾਮਾਂ ਸਨਮਾਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਤੇ ਰਾਸ਼ਟਰੀ ਇਨਾਮਾਂ ਵਿੱਚੋਂ ਸ਼੍ਰੋਮਣੀ ਸਾਹਿਤਕਾਰ ਇਨਾਮ, ਪਦਮ ਸ਼੍ਰੀ, ਪਦਮ ਵਿਭੂਸ਼ਨ, ਇਨਾਮ ਸਨਮਾਨ ਆ ਜਾਂਦੇ ਹਨ। ਉਹ ਇਕ ਬਹੁਭਾਂਤੀ ਲੇਖਕਾ ਸੀ, ਉਸ ਦੇ ਪ੍ਰਸਿੱਧ ਨਾਵਲਾਂ ਵਿੱਚੋਂ ‘ਆਲ੍ਹਣਾ, ਪਿੰਜਰ, ਡਾਕਟਰ ਦੇਵ’ ਆਦਿ ਵਿਸ਼ੇਸ਼ ਹਨ। ਉਸ ਦੇ ਨਾਵਲ ‘ਪਿੰਜਰ’ ’ਤੇ ਇਕ ਫਿਲਮ ਵੀ ਬਣੀ ਹੈ। ਨਿਰਸੰਦੇਹ ਉਹ ਵੀਹਵੀਂ ਸਦੀ ਦੀ ਸਰਵੋਤਮ ਲੇਖਿਕਾ ਰਹੀ ਹੈ ਜਿਸ ਨੇ ਔਰਤ ਦੇ ਸਰੋਕਾਰਾਂ ਨੂੰ ਸਮਝਿਆ ਹੈ। ‘ਸੁਨੇਹੜੇ’ ਪੁਸਤਕ ’ਤੇ ਉਸ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ। ਬਾਅਦ ਵਿਚ ਜਦੋਂ ਉਸ ਦੀ ਸ਼ੋਭਾ ਸਰਹੱਦਾਂ ਚੀਰ ਕੇ ਬਾਹਰਲੇ ਮੁਲਕਾਂ ਵਿਚ ਗਈ ਤਾਂ ਪੰਜਾਬੀ ਦਾ ਕੇਵਲ ਉਸ ਇਸਤਰੀ ਨੂੰ ਹੀ ‘ਗਿਆਨ ਪੀਠ’ ਇਨਾਮ ‘ਕਾਗਜ਼ ਤੇ ਕੈਨਵਸ’ ਪੁਸਤਕ ਲਿਖਣ ’ਤੇ ਮਿਲਿਆ। ਉਹ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਰਾਜ ਸਭਾ ਦੀ ਮੈਂਬਰ ਵੀ ਰਹੀ।

– ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ

Comment here