ਕੋਈ ਵੀ ਬਟਵਾਰਾ ਬਰਸਾਤ ਤੋਂ ਬਾਅਦ ਉੱਗੀਆਂ ਖੁੰਬਾਂ ਵਾਂਗ ਨਹੀਂ ਵਾਪਰਦਾ। ਹਰ ਵੰਡ ਦਾ ਬੜਾ ਵੱਡਾ ਇਤਿਹਾਸ ਹੁੰਦਾ ਹੈ। ਵੰਡ ਦੇ ਬੀਜ ਜਨੂੰਨ ਵਿਚ ਬਿਰਾਜਮਾਨ ਹੁੰਦੇ ਹਨ। ਦੂਸਰੇ ਪ੍ਰਤੀ ਬੇਧਿਆਨੀ ਇਸ ਨੂੰ ਬੀਜਦੀ ਹੈ। ਅਸਹਿਣਸ਼ੀਲਤਾ ਇਸ ਨੂੰ ਗਰਮਾਉਂਦੀ ਹੈ ਅਤੇ ਸਵਾਰਥ ਇਸ ਨੂੰ ਜਨਮ ਦਿੰਦਾ ਹੈ। ਹਿੰਦੂ, ਮਹਾਤਮਾ ਗਾਂਧੀ ਨੂੰ ਹਿੰਦੂ ਮੁਸਲਮਾਨ ਏਕਤਾ ਦਾ ਅਵਤਾਰ ਮੰਨਦੇ ਹਨ, ਤਾਂ ਫਿਰ ਦੇਸ਼ ਦੀ ਵੰਡ ਦਾ ਦੋਸ਼ੀ ਕੌਣ ਹੈ?
ਜਦ ਦੇਸ਼ ‘ਚ 1937 ਵਿਚ ਪਹਿਲੀ ਵਾਰ ਪ੍ਰਾਦੇਸ਼ਿਕ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ ਤਾਂ ਮਹਾਤਮਾ ਗਾਂਧੀ ਦੀ ਰਹਿਨੁੁਮਾਈ ਵਿਚ ਕਾਂਗਰਸ ਨੇ ਘੱਟ ਗਿਣਤੀਆਂ ਖ਼ਾਸ ਕਰ ਮੁਸਲਿਮ ਲੀਗ ਨਾਲ ਇਹ ਚੋਣ ਵਾਅਦਾ ਕੀਤਾ ਕਿ ਚੋਣਾਂ ਉਪਰੰਤ ਬਣਨ ਵਾਲੇ ਕੈਬਨਿਟ ਮੰਤਰੀ ਮੰਡਲਾਂ ਵਿਚ ਮੁਸਲਮਾਨਾਂ ਨੂੰ ਵੀ ਹਿੰਦੂਆਂ ਦੇ ਬਰਾਬਰ ਹਿੱਸੇਦਾਰੀ ਦਿੱਤੀ ਜਾਵੇਗੀ। ਪਰ ਚੋਣਾਂ ਜਿੱਤਣ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਦੇਸ਼ ਵਿਚ ਸਿਰਫ ਦੋ ਪਾਰਟੀਆਂ ਕਾਂਗਰਸ ਅਤੇ ਬ੍ਰਿਟਿਸ਼ ਹੀ ਹਨ। ਜਦ ਕਿ ਦੇਸ਼ ਵਿਚ ਮੁਸਲਿਮ ਲੀਗ ਅਤੇ ਡਾ. ਅੰਬੇਡਕਰ ਦੀ ‘ਇੰਡੀਪੈਂਡੈਂਟ ਲੇਬਰ ਪਾਰਟੀ’ ਵੀ ਸੀ। ਚੋਣਾਂ ਉਪਰੰਤ ਗਾਂਧੀ ਜੀ ਦੇ ਵਾਅਦੇ ਅਨੁਸਾਰ ਮੁਸਲਮਾਨਾਂ ਨੂੰ ਮੰਤਰੀ ਮੰਡਲਾਂ ‘ਚ ਬਰਾਬਰ ਮੰਤਰੀ ਨਹੀਂ ਲਿਆ ਗਿਆ।
ਮਿਸਟਰ ਜਿਨਾਹ ਤੇ ਮੁਸਲਮਾਨ ਨੇਤਾਵਾਂ ਨੇ ਕਿਹਾ ਕਿ ਜਦ ਉੱਚ ਜਾਤੀ ਹਿੰਦੂ, ਮੁਸਲਮਾਨਾਂ ਨੂੰ ਪ੍ਰਾਂਤਾਂ ਵਿਚ ਹੀ ਸੱਤਾ ‘ਚ ਨਹੀਂ ਆਉਣ ਦੇ ਰਹੇ ਤਾਂ ਫਿਰ ਉਹ ਕੇਂਦਰ ਵਿਚ ਕਦੋਂ ਆਉਣ ਦੇਣਗੇ? ਮਿਸਟਰ ਜਿਨਾਹ ਜੋ ਪਹਿਲਾਂ ਬੜੇ ਉਦਾਰਵਾਦੀ ਮੁਸਲਮਾਨ ਸਨ, ਇਸ ਧੋਖੇ ਕਾਰਨ ਕੱਟੜ ਮੁਸਲਮਾਨ ਬਣ ਗਏ ਅਤੇ ਉਹ ਭਾਰਤ ਵਿਚ ਹਿੰਦੂਆਂ ਨਾਲ ਰਹਿਣ ਦੇ ਵਿਰੁੱਧ ਹੋ ਗਏ। ਰੋਸ ਵਜੋਂ ਮੁਸਲਿਮ ਲੀਗ ਨੇ ਆਪਣੇ ਲਾਹੌਰ ਦੇ ਸੰਮੇਲਨ ਵਿਚ 26 ਮਾਰਚ 1940 ਨੂੰ ਅਲੱਗ ਦੇਸ਼ ਪਾਕਿਸਤਾਨ ਦੀ ਮੰਗ ਰੱਖ ਦਿੱਤੀ। ਸਵਾਰਥੀ ਆਗੂਆਂ ਦੀਆਂ ਇਹ ਹੀ ਵਿਵਹਾਰਕ ਗੱਲਾਂ ਸਨ, ਜਿਨ੍ਹਾਂ ਨੇ ਮੁਸਲਮਾਨਾਂ ਨੂੰ ਨਿਰਾਸ਼ ਕਰ ਕੇ ਪਾਕਿਸਤਾਨ ਵੱਲ ਧੱਕ ਦਿੱਤਾ।
ਡਾ. ਅੰਬੇਡਕਰ ਨੇ ਨਵੀਂ ਦਿੱਲੀ ਵਿਚ ‘ਦੀ ਟਾਇਮਜ਼ ਆਫ਼ ਇੰਡੀਆ’ ਨਾਲ ਇਕ ਭੇਂਟ ਵਾਰਤਾ ‘ਚ ਕਿਹਾ, ‘ਅੱਜ ਦੇਸ਼ ਅੰਦਰ ਹਿੰਦੂ ਭਾਰਤ ਅਤੇ ਮੁਸਲਿਮ ਭਾਰਤ ਦੀ ਮੰਗ ਕੀਤੀ ਜਾ ਰਹੀ ਹੈ। ਜੇ ਇਸ ਵਿਚਾਰ ਨੂੰ ਆਮ ਲੋਕਾਂ ਦਾ ਵਿਚਾਰ ਬਣਾਉਣ ਦੀ ਖੁੱਲ੍ਹ ਦੇ ਦਿੱਤੀ ਗਈ ਤਾਂ ਅਖੰਡ ਭਾਰਤ ਦੀ ਆਸ ਜਾਂਦੀ ਲੱਗੇਗੀ। ਹੁਣ ਇਸ ਸਮੱਸਿਆ ਨੂੰ ਹੱਲ ਕਰਨਾ ਕਾਂਗਰਸ ਅਤੇ ਬਹੁਗਿਣਤੀ ਹਿੰਦੂਆਂ ਉਤੇ ਨਿਰਭਰ ਕਰਦਾ ਹੈ। ਮੈਂ ਆਸ ਕਰਦਾ ਹਾਂ ਕਿ ਕਾਂਗਰਸ ਵਿਚ ਰਾਜਸੀ ਸੂਝ-ਬੂਝ ਆਵੇ ਤਾਂ ਜੋ ਕਿ ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡੇ ਜਾਣ ਤੋਂ ਰੋਕਿਆ ਜਾ ਸਕੇ।”
ਡਾ. ਅੰਬੇਡਕਰ ਨੇ ਜਦ ਦੇਖਿਆ ਕਿ ਮਿਸਟਰ ਜਿਨਾਹ ਅਤੇ ਗਾਂਧੀ ਆਪਣੇ ਨਿੱਜੀ ਸਵਾਰਥਾਂ ਲਈ ਦ੍ਰਿੜ੍ਹ ਹਨ ਤਾਂ ਉਨ੍ਹਾਂ ਉਪਰੋਕਤ ਦੋਵਾਂ ਨੇਤਾਵਾਂ ਗਾਂਧੀ ਅਤੇ ਜਿਨਾਹ, ਉਨ੍ਹਾਂ ਦੀਆਂ ਪਾਰਟੀਆਂ, ਕਾਂਗਰਸ ਅਤੇ ਮੁਸਲਮ ਲੀਗ, ਦੋਵਾਂ ਦੀਆਂ ਕੌਮਾਂ ਹਿੰਦੂ ਅਤੇ ਮੁਸਲਮਾਨ ਅਤੇ ਦੋਵਾਂ ਦੇ ਨਜ਼ਰੀਏ ਨੂੰ ਭਾਂਪਦਿਆਂ ਇਕ ਕਿਤਾਬ ‘ਥਾਟਸ ਆਨ ਪਾਕਿਸਤਾਨ, ਔਰ ਪਾਰਟੀਸ਼ਨ ਆਫ਼ ਇੰਡੀਆ’ ਜਾਂ ‘ਭਾਰਤ ਦਾ ਬਟਵਾਰਾ’ ਲਿਖੀ। ਇਸ ਕਿਤਾਬ ਵਿਚ ਉਨ੍ਹਾਂ ਨੇ ਦੋਵਾਂ ਕੌਮਾਂ ਦੇ ਸਿਧਾਂਤਾਂ ਪ੍ਰਤੀ ਚਾਨਣਾ ਪਾਉਂਦਿਆਂ ਦੇਸ਼ ਦੇ ਹੱਲ ਅਤੇ ਏਕੇ ਲਈ ਕਈ ਯੋਜਨਾਵਾਂ ਅਤੇ ਕਈ ਤਰ੍ਹਾਂ ਦੇ ਸੁਝਾਅ ਪੇਸ਼ ਕੀਤੇ।
ਡਾ. ਅੰਬੇਡਕਰ ਇਕ ਆਸ਼ਾਵਾਦੀ ਇਨਸਾਨ ਸਨ। ਉਹ ਹਰ ਸਮੱਸਿਆ ਦੇ ਹੱਲ ਲਈ ਅੰਤ ਤੱਕ ਕੋਸ਼ਿਸ਼ ਕਰਦੇ ਸਨ। ਉਨ੍ਹਾਂ ਨੇ ਦੇਸ਼ ਦੀ ਵੰਡ ਨੂੰ ਟਾਲਣ ਲਈ ਸੱਤਾਧਾਰੀ ਅੰਗਰੇਜ਼ਾਂ, ਹਿੰਦੂਆਂ ਅਤੇ ਮੁਸਲਮਾਨਾਂ ਸਾਹਮਣੇ ਤਿੰਨ ਠੋਸ ਯੋਜਨਾਵਾਂ ਰੱਖੀਆਂ। ਜੋ ਇਸ ਪ੍ਰਕਾਰ ਸਨ-
ਪਹਿਲੀ ਯੋਜਨਾ-ਸੰਪਰਦਾਇਕ ਸਮੱਸਿਆ ਅੱਜ ਭਾਰਤ ਦੀ ਇਕ ਯਥਾਰਥਕ ਸਮੱਸਿਆ ਹੈ। ਇਸ ਦਾ ਹੱਲ ਪ੍ਰਭਾਵਸ਼ਾਲੀ ਢੰਗ ਨਾਲ ਤੁੁਰੰਤ ਹੋਣਾ ਚਾਹੀਦਾ ਹੈ। ਬਹੁਗਿਣਤੀ ਸੰਪਰਦਾਇ ਅਤੇ ਘੱਟ-ਗਿਣਤੀ ਸੰਪਰਦਾਇ ਦੇ ਇਸ ਸੰਘਰਸ਼ ਵਿਚ ਬਹੁਗਿਣਤੀ ਸੰਪਰਦਾਇ ਨੂੰ ਘੱਟ-ਗਿਣਤੀ ਸੰਪਰਦਾਇ ਤੋਂ ਕੁੁਝ ਅਧਿਕ ਨੁਮਾਇੰਦਗੀ ਦਿੱਤੀ ਜਾ ਸਕਦੀ ਹੈ। ਪਰ ਇਹ ਕਿਸੇ ਵੀ ਹਾਲਤ ਵਿਚ ਨਿਰਪੱਖ ਬਹੁਮਤ ਦੀ ਮੰਗ ਨਹੀਂ ਕਰ ਸਕਦਾ। ਜਿਨ੍ਹਾਂ ਪ੍ਰਾਂਤਾਂ ਵਿਚ ਹਿੰਦੂਆਂ ਦੀ ਬਹੁਗਿਣਤੀ ਹੈ, ਉਥੇ ਵੀ ਇਹੀ ਸਿਧਾਂਤ ਲਾਗੂ ਹੋਣਾ ਚਾਹੀਦਾ ਹੈ। ਜਿਨ੍ਹਾਂ ਪ੍ਰਾਂਤਾਂ ਵਿਚ ਮੁਸਲਮਾਨਾਂ ਦੀ ਬਹੁ-ਗਿਣਤੀ ਹੈ, ਉਥੇ ਵੀ ਇਹੀ ਸਿਧਾਂਤ ਲਾਗੂ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ਇਸ ਦਾ ਮਤਲਬ ਇਹੀ ਹੈ ਕਿ ਕਿਸੇ ਵੀ ਸੰਪਰਦਾਇ ਨੂੰ 40 ਪ੍ਰਤੀਸ਼ਤ ਤੋਂ ਜ਼ਿਆਦਾ ਨੁੁਮਾਇੰਦਗੀ ਨਹੀਂ ਮਿਲਣੀ ਚਾਹੀਦੀ। ਮੇਰੀ ਇਸ ਯੋਜਨਾ ਨੂੰ ਲਾਗੂ ਕਰਨ ਨਾਲ ਸੰਪਰਦਾਇਕ ਬਹੁਗਿਣਤੀ ਦਾ ਉਹ ਖ਼ਤਰਾ ਜੋ ਪਾਕਿਸਤਾਨ ਦੀ ਕਲਪਨਾ ਦਾ ਮੂਲ ਅਧਾਰ ਹੈ, ਖ਼ਤਮ ਹੋ ਜਾਵੇਗਾ।
ਦੂਜੀ ਯੋਜਨਾ-ਭਾਰਤ ਨੂੰ ਅਖੰਡ ਬਣਾਈ ਰੱਖਣ ਲਈ ਡਾ. ਅੰਬੇਡਕਰ ਨੇ ਸੰਵਿਧਾਨ ਸਭਾ ਸਾਹਮਣੇ 17 ਦਸੰਬਰ 1946 ਨੂੰ ਦੂਜੀ ਯੋਜਨਾ ਇਹ ਰੱਖੀ, ਜਿਸ ਵਿਚ ਉਨ੍ਹਾਂ ਕਿਹਾ; ‘ਮੁਸਲਮ ਲੀਗ ਦੀ ਗ਼ੈਰ-ਹਾਜ਼ਰੀ ਵਿਚ ਸੰਵਿਧਾਨ ਬਣਾਉਣ ਲਈ ਅੱਗੇ ਚੱਲਣਾ ਠੀਕ ਨਹੀਂ ਹੋਵੇਗਾ।’ ਡਾ. ਅੰਬੇਡਕਰ ਨੇ ਕਿਹਾ ਕਿ ਇਸ ਵਕਤ ਸਾਡੇ ਸਾਹਮਣੇ ਤਿੰਨ ਬਦਲ ਹਨ-
(1) ਇਕ ਪਾਰਟੀ, ਦੂਜੀ ਪਾਰਟੀ ਦੀਆਂ ਮੰਗਾਂ ‘ਤੇ ਵਿਚਾਰ ਕਰੇ।
(2) ਦੋਵੇਂ ਆਪਸੀ ਸਮਝੌਤਾ ਕਰ ਕੇ ਸ਼ਾਂਤੀ ਸਥਾਪਿਤ ਕਰਨ।
(3) ਜਾਂ ਫਿਰ ਆਪਸ ਵਿਚ ਖੁੱਲ੍ਹੀ ਲੜਾਈ ਜਾਂ ਯੁੁੱਧ ਹੋਵੇਗਾ।
ਤੀਜੀ ਯੋਜਨਾ-ਡਾ. ਅੰਬੇਡਕਰ ਦੀ ਤੀਜੀ ਯੋਜਨਾ ਇਹ ਸੀ ਕਿ ਭਾਰਤ ਦੀ ਵੰਡ ਸੰਬੰਧੀ ਸੰਬੰਧਿਤ ਵਿਧਾਇਕਾਂ ਤੋਂ ਅਲੱਗ-ਅਲੱਗ ਲੋਕ ਮਤ ਕਰਵਾਇਆ ਜਾਵੇ। ਜੇਕਰ ਚੁਣੇ ਹੋਏ ਵਿਧਾਇਕ ਇਨ੍ਹਾਂ ਦੋਵਾਂ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਫੌਰੀ ਅਲੱਗ-ਅਲੱਗ ਹੋਣ ਦੇ ਹੱਕ ਵਿਚ ਵੋਟ ਪਾਉਂਦੇ ਹਨ ਤਾਂ ਫਿਰ ਸਥਾਈ ਤੌਰ ‘ਤੇ ਬਟਵਾਰਾ ਕਰ ਦਿੱਤਾ ਜਾਏ।
ਉਨ੍ਹਾਂ ਕਿਹਾ ਕਿ ਹਿੰਦੂਆਂ ਦੀ ਆਬਾਦੀ ਦਾ ਪਾਕਿਸਤਾਨ ਤੋਂ ਅਤੇ ਮੁਸਲਮਾਨਾਂ ਦੀ ਆਬਾਦੀ ਦਾ ਹਿੰਦੋਸਤਾਨ ਤੋਂ ਮਿਲਟਰੀ ਦੀ ਦੇਖ-ਰੇਖ ਅਧੀਨ ਸੰਪੂਰਨ ਵਟਾਂਦਰਾ ਕਰ ਲਿਆ ਜਾਵੇ। ਵਟਾਂਦਰਾ ਉਵੇਂ ਕੀਤਾ ਜਾਵੇ, ਜਿਵੇਂ ਕਿ ਤੁੁਰਕੀ, ਗਰੀਸ ਅਤੇ ਬੁਲਗਾਰੀਆ ਵਲੋਂ ਵਿਨਾਸ਼ਕਾਰੀ ਯੁੁੱਧਾਂ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਸੀ।
ਪ੍ਰੰਤੂ ਇਸ ਸਮੇਂ ਗਾਂਧੀ ਜੀ ਦੀ ਇਕ ਹੀ ਜ਼ਿਦ ਉਤੇ ਅੜੇ ਹੋਏ ਸਨ, ‘ਪਾਕਿਸਤਾਨ ਦੀ ਮੰਗ ਪਾਪ ਹੈ, ਪਾਕਿਸਤਾਨ ਮੇਰੀ ਲਾਸ਼ ਉਤੇ ਬਣੇਗਾ।’
ਡਾ. ਅੰਬੇਡਕਰ ਨੇ ਕਿਹਾ ਕਿ ਕੋਈ ਮੰਗ ਪਾਪ ਜਾਂ ਪੁੰਨ ਨਹੀਂ ਹੁੰਦੀ। ਕਿਸੇ ਦੇਸ਼ ਦੀ ਵੰਡ ਸਮਾਜਿਕ ਜਾਂ ਸੈਨਿਕ ਸਵਾਲ ਹੁੰਦਾ ਹੈ। ਭਾਰਤ ਹੀ ਇਕੱਲਾ ਦੇਸ਼ ਨਹੀਂ ਹੈ, ਜਿਸ ਨੂੰ ਵੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੋਲੈਂਡ ਦੀ ਤਿੰਨ ਵਾਰ ਵੰਡ ਹੋਈ ਹੈ। ਪਿਛਲੇ 150 ਸਾਲਾਂ ਦੇ ਇਤਿਹਾਸ ‘ਚ ਯੂਰਪੀਨ ਦੇਸ਼ਾਂ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ, ਜਿਸ ਦੀ ਵੰਡ ਨਾ ਹੋਈ ਹੋਵੇ। ਉਨ੍ਹਾਂ ਕਿਹਾ, ‘ਅੱਜ ਹਿੰਦੁਸਤਾਨ ਦੇ ਰਾਜਸੀ ਆਕਾਸ਼ ‘ਤੇ ਦੋ ਤਾਰੇ ਗਾਂਧੀ ਤੇ ਜਿਨਾਹ ਚਮਕਦੇ ਹਨ। ਇਕ ਹਿੰਦੂਆਂ ਦੀ ਅਗਵਾਈ ਕਰਦਾ ਹੈ ਤੇ ਦੂਜਾ ਮੁਸਲਮਾਨਾਂ ਦੀ। ਇਨ੍ਹਾਂ ਦੋਵਾਂ ਪੁਰਖਾਂ ਦੇ ਹੱਥਾਂ ਵਿਚ ਰਾਜਨੀਤੀ ਵਿਅਰਥ ਇਕ ਮੁਕਾਬਲਾ ਬਣ ਕੇ ਰਹਿ ਗਈ ਹੈ। ਜੇਕਰ ਗਾਂਧੀ ਜੀ ਮਹਾਤਮਾ ਕਹਿਲਾਉਂਦੇ ਹਨ ਤਾਂ ਲਾਜ਼ਮੀ ਹੈ ਕਿ ਜਿਨਾਹ ਸਾਹਿਬ ਨੂੰ ‘ਕਾਇਦੇ-ਆਜ਼ਮ’ ਕਿਹਾ ਜਾਏ। ਜੇਕਰ ਗਾਂਧੀ ਜੀ ਪਾਸ ਕਾਂਗਰਸ ਹੈ ਤਾਂ ਜਿਨਾਹ ਪਾਸ ਵੀ ਮੁਸਲਿਮ ਲੀਗ ਹੈ। ਜੇਕਰ ਕਾਂਗਰਸ ਬਿਆਨ ਜਾਰੀ ਕਰਦੀ ਹੈ ਤਾਂ ਲੀਗ ਵੀ ਕਰਦੀ ਹੈ। ਜੇਕਰ ਕਾਂਗਰਸ ਪ੍ਰਧਾਨ ਸਮਾਚਾਰ ਪੱਤਰ ਸੰਮੇਲਨ ਬੁਲਾਉਂਦੇ ਹਨ ਤਾਂ ਮੁਸਲਿਮ ਲੀਗ ਦਾ ਪ੍ਰਧਾਨ ਵੀ ਇਹੋ ਕੁਝ ਕਰਦਾ ਹੈ। ਜੇਕਰ ਕਾਂਗਰਸ ਸੰਯੁਕਤ ਕੌਮਾਂਤਰੀ ਸਭਾ (ਯੂ. ਐਨ. ਓ) ਨੂੰ ਅਪੀਲ ਕਰਦੀ ਹੈ ਤਾਂ ਮੁਸਲਿਮ ਲੀਗ ਕਿਉਂ ਪਿੱਛੇ ਰਹੇ। ਅੰਤ ਨੂੰ ਇਹ ਕਦੋਂ ਤੱਕ ਚੱਲੇਗਾ? ਦੋਵਾਂ ਵਿਚਕਾਰ ਕਦੋਂ ਸਮਝੌਤਾ ਹੋਵੇਗਾ? ਕੋਈ ਫ਼ੈਸਲਾ ਛੇਤੀ ਹੁੰਦਾ ਤਾਂ ਨਜ਼ਰ ਨਹੀਂ ਆਉਂਦਾ।
ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਡਾ. ਅੰਬੇਡਕਰ ਦੀ ਕੋਈ ਵੀ ਦਲੀਲ ਅਤੇ ਅਪੀਲ ਨਹੀਂ ਮੰਨੀ ਗਈ। ਬਰਤਾਨਵੀ ਪਾਰਲੀਮੈਂਟ ਵਿਚ 4 ਜੁਲਾਈ, 1947 ਨੂੰ ਭਾਰਤ ਦੀ ਆਜ਼ਾਦੀ ਦਾ ਬਿੱਲ ਪੇਸ਼ ਕੀਤਾ ਗਿਆ ਜੋ 15 ਜੁਲਾਈ 1947 ਨੂੰ ਪਾਸ ਕਰ ਦਿੱਤਾ ਗਿਆ। ਅੰਤ ਭਾਰਤ ਦੀ ਵੰਡ ਹੋਈ। 15 ਅਗਸਤ 1947 ਨੂੰ ਹਿੰਦੋਸਤਾਨ ਬਣ ਗਿਆ ਪਰ ਪਾਕਿਸਤਾਨ ਇਕ ਦਿਨ ਪਹਿਲਾਂ 14 ਅਗਸਤ ਨੂੰ ਹੀ ਬਣ ਚੁੱਕਾ ਸੀ। ਪਰ ਪਾਕਿਸਤਾਨ ਗਾਂਧੀ ਜੀ ਦੀ ਲਾਸ਼ ਉਤੇ ਨਹੀਂ ਬਣਿਆ। ਕਿਉਂਕਿ ਗਾਂਧੀ ਜੀ ਅਜੇ ਜ਼ਿੰਦਾ ਸਨ ਜਦ ਕਿ ਮੁਸਲਮਾਨ ਤੇ ਹਿੰਦੂ ਸਿੱਖਾਂ ਵਿਚਕਾਰ ਫ਼ਿਰਕੂ ਫ਼ਸਾਦ ਜੰਗਲ ਦੀ ਅੱਗ ਵਾਂਗ ਫੈਲ ਰਹੇ ਸਨ।
ਦੋਵਾਂ ਦੇਸ਼ਾਂ ਤੇ ਕੌਮਾਂ ਵਿਚਕਾਰ ਫ਼ਿਰਕੂ ਫ਼ਸਾਦ ਏਨੇ ਭਿਆਨਕ ਸਨ ਕਿ ਇਕ ਮੌਕਾ ਅਜਿਹਾ ਵੀ ਆਇਆ ਕਿ ਪੰਡਿਤ ਨਹਿਰੂ ਤੇ ਸਰਦਾਰ ਪਟੇਲ ਨੇ ਲਾਰਡ ਮਾਊਂਟਬੈਟਨ ਨੂੰ ਸਰਕਾਰ ਦਾ ਕਾਰੋਬਾਰ ਫਿਰ ਤੋਂ ਸਾਂਭਣ ਦੀ ਬੇਨਤੀ ਕੀਤੀ ਕਿਉਂਕਿ ਫ਼ਿਰਕੂ ਫ਼ਸਾਦਾਂ ਵਿਚ ਲੱਖਾਂ ਲੋਕ ਮਾਰੇ ਜਾ ਰਹੇ ਸਨ।
ਡਾ. ਅੰਬੇਡਕਰ ਦੀ ਪੁਸਤਕ ਵਿਚ ਦਰਜ ਭਵਿੱਖਬਾਣੀਆਂ ਸੱਚੀਆਂ ਸਾਬਤ ਹੋਈਆਂ। 1947 ਵਿਚ ਜਦ ਭਾਰਤ ਦੀ ਵੰਡ ਹੋਈ, ਤਾਂ ਲੋਕ ਇਧਰੋਂ-ਉਧਰ ਜਾ ਰਹੇ ਸਨ ਤਾਂ ਫ਼ਿਰਕੂ ਫ਼ਸਾਦਾਂ ਦੇ ਰੂਪ ਵਿਚ ਇਕ ਵੱਡਾ ਘੱਲੂਘਾਰਾ ਵਾਪਰਿਆ, ਜਿਸ ਵਿਚ 10 ਲੱਖ ਲੋਕ ਮਾਰੇ ਗਏ। ਇਕ ਕਰੋੜ ਲੋੋਕਾਂ ਨੂੰ ਆਪਣੇ ਘਰਾਂ ਤੋਂ ਉਜੜਨਾ ਪਿਆ। ਦੋਵਾਂ ਪਾਸਿਆਂ ਤੋਂ ਇਕ ਲੱਖ ਲੜਕੀਆਂ ਨੂੰ ਚੁੱਕ ਕੇ ਉਨ੍ਹਾਂ ਦੀ ਬੇਪਤੀ ਕੀਤੀ ਗਈ, ਉਨ੍ਹਾਂ ਦਾ ਜ਼ਬਰਦਸਤੀ ਧਰਮ ਬਦਲਿਆ ਗਿਆ, ਉਨ੍ਹਾਂ ਵਿਚੋਂ ਅਨੇਕਾਂ ਨੂੰ ਵੇਚਿਆ ਗਿਆ।
ਡਾ. ਅੰਬੇਡਕਰ ਇਨਾਂ ਹਾਲਾਤ ਤੇ ਘਟਨਾਵਾਂ ਪ੍ਰਤੀ ਪਹਿਲਾਂ ਹੀ ਜਾਗਰੂਕ ਸਨ। ਜੇਕਰ ਡਾ. ਅੰਬੇਡਕਰ ਦੀਆਂ ਦਲੀਲਾਂ ਅਤੇ ਸੁਝਾਵਾਂ ਨੂੰ ਮੰਨ ਲਿਆ ਜਾਂਦਾ ਤਾਂ ਲੱਖਾਂ ਲੋਕੀਂ ਵੱਢ-ਵਢਾਂਗੇ ਅਤੇ ਉਜਾੜੇ ਤੋਂ ਬਚ ਜਾਣੇ ਸੀ। ਉਨ੍ਹਾਂ ਆਪਣੀ ਕਿਤਾਬ ‘ਥਾਟਸ ਆਨ ਪਾਕਿਸਤਾਨ’ ਵਿਚ ਕਿਹਾ ਸੀ ਕਿ ਤਬਾਹੀ ਤੋਂ ਬਚਣ ਲਈ ਪਹਿਲਾਂ ਹੀ ਮਿਲਟਰੀ ਦੀ ਰਹਿਨੁਮਾਈ ਵਿਚ ਆਬਾਦੀ ਦੀ ਅਦਲਾ ਬਦਲੀ ਕਰ ਲੈਣੀ ਚਾਹੀਦੀ ਹੈ ਪਰ ਉਨ੍ਹਾਂ ਦੇ ਸੁਝਾਅ ਉਤੇ ਆਗੂਆਂ ਨੇ ਕੋਈ ਧਿਆਨ ਨਹੀਂ ਦਿੱਤਾ।
ਜੇਕਰ ਦੇਸ਼ ਦੀ ਵੰਡ ਤੋਂ ਪਹਿਲਾਂ, ਡਾ. ਅੰਬੇਡਕਰ ਦੇ ਸੁਝਾਅ ਅਨੁਸਾਰ ਮਿਲਟਰੀ ਲਾ ਕੇ ਹਿੰਦੂਆਂ ਦੀ ਆਬਾਦੀ ਦਾ ਪਾਕਿਸਤਾਨ ਤੋਂ ਅਤੇ ਮੁਸਲਮਾਨਾਂ ਦੀ ਆਬਾਦੀ ਦਾ ਹਿੰਦੋਸਤਾਨ ਤੋਂ ਸ਼ਾਂਤਮਈ ਢੰਗ ਨਾਲ ਤਬਾਦਲਾ ਕਰ ਲਿਆ ਜਾਂਦਾ, ਤਾਂ 10 ਲੱਖ ਲੋਕ ਕਤਲ ਨਾ ਹੁੰਦੇ, ਲੱਖਾਂ ਔਰਤਾਂ ਦੀ ਬੇਇੱਜ਼ਤੀ ਨਾ ਹੁੰਦੀ ਅਤੇ ਜਾਇਦਾਦਾਂ ਦਾ ਨੁਕਸਾਨ ਨਾ ਹੁੰਦਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਦੇ ਬਟਵਾਰੇ ਸਮੇਂ ਜਦ ਦਲਿਤ ਲੋਕ ਭਾਰਤ ਆਉਣ ਲੱਗੇ ਤਾਂ ਪਾਕਿਸਤਾਨ ਸਰਕਾਰ ਨੇ ਦਲਿਤਾਂ ਦੇ ਭਾਰਤ ਜਾਣ ਉੱਤੇ ਇਸ ਕਰਕੇ ਪਾਬੰਦੀ ਲਾ ਦਿੱਤੀ ਕਿ ਜੇ ਦਲਿਤ ਹਿੰਦੋਸਤਾਨ ਚਲੇ ਗਏ ਤਾਂ ਫ਼ਿਰ ਉਨ੍ਹਾਂ ਦੀ ਗੰਦਗੀ ਕੌਣ ਉਠਾਏਗਾ? ਸੜਕਾਂ ਦੀ ਸਫ਼ਾਈ ਕੌਣ ਕਰੇਗਾ? ਇਸ ਸੋਚ ਤਹਿਤ ਪਾਕਿਸਤਾਨ ਸਰਕਾਰ ਨੇ ਦਲਿਤਾਂ ਨੂੰ ਭਾਰਤ ਆਉਣ ਤੋਂ ਰੋਕ ਲਿਆ ਅਤੇ ਮੁਸਲਮਾਨ ਬਣਨ ਲਈ ਮਜਬੂਰ ਕੀਤਾ।
ਡਾ. ਅੰਬੇਡਕਰ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਕਾਸ਼ਬਾਣੀ ਤੋਂ ਐਲਾਨ ਕੀਤਾ ਕਿ ਸਾਰੇ ਦਲਿਤ ਸ਼ੋਸ਼ਿਤ ਮਜ਼ਦੂਰ ਭਾਰਤ ਆਉਣ ਲਈ ਇਕ ਕੈਂਪ ਵਿਚ ਇਕੱਠੇ ਹੋ ਜਾਣ। ਅਸੀਂ ਫ਼ੌਜ ਭੇਜ ਰਹੇ ਹਾਂ, ਉਹ ਤੁਹਾਨੂੰ ਆਪਣੀ ਸੁਰੱਖਿਆ ‘ਵਿਚ ਭਾਰਤ ਲੈ ਕੇ ਆਵੇਗੀ।
ਡਾ. ਅੰਬੇਡਕਰ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਸਲਾਹ ਦੇ ਕੇ ਭਾਰਤੀ ਫ਼ੌਜ ਖ਼ਾਸ ਕਰਕੇ ਮਹਾਰ ਰੈਜੀਮੈਂਟ ਦੇ ਸੈਨਿਕ ਪਾਕਿਸਤਾਨ ਭੇਜੇ ਤੇ ਵੱਡੀ ਗਿਣਤੀ ਵਿਚ ਉਥੇ ਰਹਿੰਦੇ ਹਿੰਦੂ-ਸਿੱਖ ਦਲਿਤਾਂ ਦਾ ਮਿਲਟਰੀ ਦੀ ਦੇਖ-ਰੇਖ ‘ਚ ਸ਼ਾਂਤਮਈ ਤਬਾਦਲਾ ਕਰਾਇਆ ਤਾਂ ਲੱਖਾਂ ਲੋਕ ਮੌਤ ਦੇ ਮੂੰਹ ਵਿਚੋਂ ਬਚ ਗਏ। ਜਲੰਧਰ, ਲੁਧਿਆਣਾ, ਅੰਬਾਲਾ, ਮੇਰਠ, ਦਿੱਲੀ, ਗੁਰਦਾਸਪੁਰ ਵਰਗੇ ਸ਼ਹਿਰਾਂ ਦੀਆਂ ਦਰਜਨਾਂ ਬਸਤੀਆਂ ‘ਚ ਵਸੇ ਮੌਜੂਦਾ ਦਲਿਤ, ਪਾਕਿਸਤਾਨ ਵਿਚੋਂ ਹਿਜਰਤ ਕਰ ਕੇ ਆਏ ਹੋਏ ਲੋਕ ਹੀ ਹਨ। ਨਹੀਂ ਤਾਂ ਜੇ ਡਾ. ਅੰਬੇਡਕਰ ਉਪਰਾਲਾ ਨਾ ਕਰਦੇ ਤਾਂ ਮੁਸਲਮਾਨ, ਹਿੰਦੂ, ਸਿੱਖਾਂ ਵਾਂਗ ਦਲਿਤ ਵੀ ਵੱਡੀ ਪੱਧਰ ਉਤੇ 1947 ਦੇ ਘੱਲੂਘਾਰੇ ਵਿਚ ਮਾਰੇ ਜਾਂਦੇ। ਡਾ. ਅੰਬੇਡਕਰ ਦਾ ਇਹ ਪੰਜਾਬੀਆਂ ਉੱਤੇ ਹੀ ਨਹੀਂ ਮਨੁੱਖਤਾ ਲਈ ਮਹਾਨ ਪਰਉਪਕਾਰ ਸੀ।
-ਐਸ ਐਲ ਵਿਰਦੀ ਐਡਵੋਕੇਟ
Comment here