ਨਵੀਂ ਦਿੱਲੀ-ਅੱਜ ਦੇਸ਼ ਸਿਵਲ ਸੇਵਾ ਦਿਵਸ ਮਨਾ ਰਿਹਾ ਹੈ, ਇਕ ਪਾਸੇ ਜਿੱਥੇ ਵਿਰੋਧੀ ਧਿਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ‘ਤੇ ਹਮਲਾਵਰ ਹੈ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਕਿਹਾ ਹੈ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਕੁਝ ਫ਼ੈਸਲੇ ਲੋਕ ਲੁਭਾਉਣੇ ਹੋ ਸਕਦੇ ਹਨ, ਕੁਝ ਤਤਕਾਲੀ ਤੌਰ ‘ਤੇ ਖੇਤਰ ਵਿਸ਼ੇਸ਼ ਦੇ ਲੋਕਾਂ ਨੂੰ ਚੰਗੇ ਲੱਗ ਸਕਦੇ ਹਨ ਪਰ ਜ਼ਮੀਨੀ ਪੱਧਰ ‘ਤੇ ਅਧਿਕਾਰੀਆਂ ਨੂੰ ਪਹਿਲਾਂ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਉਸ ਫ਼ੈਸਲੇ ਨਾਲ ਭਵਿੱਖ ‘ਚ ਵੀ ਦੇਸ਼ ਦੀ ਅਖੰਡਤਾ ‘ਤੇ ਕੋਈ ਮਾੜਾ ਅਸਰ ਨਾ ਪਵੇ। 15ਵੇਂ ਸਿਵਲ ਸੇਵਾ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਵਿਗਿਆਨ ਭਵਨ ‘ਚ ਦੇਸ਼ ਭਰ ਤੋਂ ਆਏ ਨੌਕਰਸ਼ਾਹਾਂ ਨੂੰ ਸੰਬੋਧਨ ਕਰਦਿਆਂ ਇਹ ਵੱਡਾ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨੇ ਨੌਕਰਸ਼ਾਹਾਂ ਸਾਹਮਣੇ ਤਿੰਨ ਟੀਚੇ ਰੱਖੇ। ਪਹਿਲ, ਅਜਿਹਾ ਕੰਮ ਕਰੋ ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ‘ਚ ਆਸਾਨ ਤੇ ਸਕਾਰਾਤਮਕ ਬਦਲਾਅ ਆਵੇ, ਦੂਜਾ, ਭਾਰਤ ਦੇ ਵਧਦੇ ਕੱਦ ਤੇ ਬਦਲਦੀ ਭੂਮਿਕਾ ਨੂੰ ਦੇਖਦੇ ਹੋਏ ਜੋ ਵੀ ਯੋਜਨਾਵਾਂ ਤੇ ਸ਼ਾਸਨ ਮਾਡਲ ਵਿਕਸਤ ਕਰੋ ਵਿਸ਼ਵ ਸੰਦਰਭ ‘ਚ ਕਰੋ ਤੇ ਤੀਜਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤਰਜੀਹ ‘ਚ ਰੱਖੋ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਏਕਤਾ ਤੇ ਅਖੰਡਤਾ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਕੋਈ ਵੀ ਫ਼ੈਸਲਾ ਲਓ ਤਾਂ ਇਹ ਧਿਆਨ ਰੱਖੋ ਕਿ ਉਸ ਦਾ ਲੰਬੇ ਸਮੇਂ ਤਕ ਦਾ ਨਤੀਜਾ ਦੇਸ਼ ਦੀ ਅਖੰਡਤਾ ‘ਤੇ ਮਾੜਾ ਅਸਰ ਨਾ ਪਾਉਂਦਾ ਹੋਵੇ। ਹਰ ਫ਼ੈਸਲਾ ਅਜਿਹਾ ਲਓ ਜਿਸ ‘ਚ ਨੇਸ਼ਨ ਫਸਟ ਦੀ ਛਾਪ ਹੋਵੇ। ਜ਼ਾਹਿਰ ਤੌਰ ‘ਤੇ ਇਹ ਉਨ੍ਹਾਂ ਸਿਆਸੀ ਦਲਾਂ ਲਈ ਵੀ ਸੰਦੇਸ਼ ਹੋ ਸਕਦਾ ਹੈ ਜੋ ਅਸਿੱਧੇ ਤੌਰ ‘ਤੇ ਘੁਸਪੈਠ, ਵੱਖਵਾਦ, ਅੱਤਵਾਦ ਜਿਹੇ ਮੁੱਦਿਆਂ ‘ਤੇ ਵੀ ਮਨੁੱਖੀ ਅਧਿਕਾਰ ਦੀ ਗੱਲ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਦੂਜੇ ਟੀਚੇ ਨੂੰ ਵੀ ਵਿਸਥਾਰ ਨਾਲ ਸਮਝਾਇਆ ਤੇ ਕਿਹਾ ਕਿ ਵਿਸ਼ਵ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਭਾਰਤ ਵੀ ਅੰਮਿ੍ਤਕਾਲ ਤੋਂ ਹੁਣ ਸ਼ਤਾਬਦੀ ਵਰ੍ਹੇ ਵੱਲ ਵਧਣ ਵਾਲਾ ਹੈ। ਅਜਿਹੇ ‘ਚ ਕੋਈ ਵੀ ਫ਼ੈਸਲਾ ਉਸ ਬਦਲਾਅ ਦੇ ਮੁਤਾਬਕ ਹੋਣਾ ਚਾਹੀਦਾ ਹੈ। ਸਾਨੂੰ ਹਰ ਪੱਧਰ ‘ਤੇ ਸੁਧਾਰ ਦੀ ਵੀ ਲੋੜ ਹੈ ਤੇ ਆਧੁਨਿਕੀਕਰਨ ਦੀ ਵੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਕਾਨੂੰਨਾਂ ਤੋਂ ਸਾਨੂੰ ਛੁਟਕਾਰਾ ਮਿਲਣਾ ਚਾਹੀਦਾ ਹੈ ਜੋ ਸਾਡੇ ਲਈ ਬੰਧਨ ਬਣੇ ਹੋਏ ਹਨ। ਪਹਿਲੇ ਪੰਜ ਸਾਲ ‘ਚ ਕੇਂਦਰ ਸਰਕਾਰ ਨੇ 1500 ਅਜਿਹੇ ਕਾਨੂੰਨ ਰੱਦ ਕੀਤੇ ਪਰ ਹਾਲੇ ਵੀ ਕਈ ਮੌਜੂਦ ਹਨ। ਸ਼ਾਸਨ ਵਿਵਸਥਾ ‘ਚ ਵੀ ਸੁਧਾਰ ਲਿਆਓ ਤੇ ਸਾਧਾਰਨ ਜਨਤਾ ਦੇ ਜੀਵਨ ‘ਚ ਵੀ। ਨੌਕਰਸ਼ਾਹਾਂ ਨੂੰ ਝੰਜੋੜਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਲਈ ਸੇਫ ਖੇਡਣ ਦਾ ਸੁਭਾਅ ਬਣ ਜਾਂਦਾ ਹੈ, ਫਿਰ ਲੋਕ ਖ਼ੁਦ ਨੂੰ ਲੈ ਕੇ ਵੀ ਉਦਾਸੀਨ ਹੋ ਜਾਂਦੇ ਹਨ। ਇਸ ਨੂੰ ਤੋੜਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਕਿਸੇ ਰਾਜ ਵਿਵਸਥਾ ਤੋਂ ਨਹੀਂ ਬਣਿਆ ਹੈ ਤੇ ਨਾ ਹੀ ਕਿਸੇ ਰਾਜ ਸਿੰਘਾਸਨ ਦਾ ਰਾਜ ਹੈ। ਇਹ ਦੇਸ਼ ਪਰੰਪਰਾਵਾਂ ਨਾਲ ਚੱਲਿਆ ਹੈ ਤੇ ਜਦੋਂ ਲੋੜ ਹੋਈ ਉਨ੍ਹਾਂ ਪਰੰਪਰਾਵਾਂ ‘ਚ ਵੀ ਬਦਲਾਅ ਲਿਆਂਦਾ ਜਿੱਥੇ ਕੋਈ ਖ਼ੁਸ਼ਹਾਲ ਤੇ ਜਾਗਰੂਕ ਦੇਸ਼ ਝਿਜਕਦਾ ਹੈ। ਇਸੇ ਤਹਿਤ ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਰਵਾਇਤਾਂ ‘ਚ ਕੋਈ ਵੀ ਬਦਲਾਅ ਕਰਨ ਤੋਂ ਡਰਦਾ ਹੈ। ਹਿੰਦੂਆਂ ‘ਚ ਵੀ ਪਹਿਲਾਂ ਇਹ ਸੋਚ ਸੀ ਕਿ ਚੰਦਨ ਦੀ ਲੱਕੜੀ ‘ਚ ਸੜੇ ਤਾਂ ਹੀ ਜੀਵਨ ਸਫਲ ਹੋਇਆ ਪਰ ਹੁਣ ਬਿਜਲੀ ਵਾਲੇ ਸ਼ਮਸ਼ਾਨਘਾਟ ਆਮ ਹੋ ਗਏ ਹਨ। ਆਜ਼ਾਦੀ ਦੇ 75 ਸਾਲ ਦੇ ਕ੍ਰਮ ‘ਚ ਤਾਂ ਕਈ ਸਮਾਗਮ ਹੋ ਹੀ ਰਹੇ ਹਨ ਪਰ ਨੌਕਰਸ਼ਾਹਾਂ ਨੂੰ ਪ੍ਰਧਾਨ ਮੰਤਰੀ ਨੇ ਸ਼ਤਾਬਦੀ ਵਰ੍ਹੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ 75 ਤੋਂ 100 ਦਾ ਕਾਲਖੰਡ ਰੁਟੀਨ ਨਹੀਂ ਹੋਣਾ ਚਾਹੀਦਾ। ਇਹ ਇਕ ਇਕਾਈ ਦੇ ਰੂਪ ‘ਚ ਹੋਣਾ ਚਾਹੀਦਾ ਹੈ। ਪੂਰੀ ਸੋਚ ਤੇ ਵਿਕਾਸ ਉਸੇ ਦਿਸ਼ਾ ‘ਚ ਤੈਅ ਹੋਣੇ ਚਾਹੀਦੇ ਹਨ। ਅੰਮਿ੍ਤਕਾਲ ਲਈ ਵੀ ਉਨ੍ਹਾਂ ਨੇ ਇਕ ਅਹਿਮ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਉਸ ਜ਼ਿਲ੍ਹੇ ‘ਚ ਕੰਮ ਕਰਨ ਵਾਲੇ ਪੁਰਾਣੇ ਜ਼ਿਲ੍ਹਾ ਅਧਿਕਾਰੀਆਂ ਨੂੰ ਬੁਲਾਉਣਾ ਚਾਹੀਦਾ ਹੈ, ਮੁੱਖ ਮੰਤਰੀ ਉਸ ਸੂਬੇ ‘ਚ ਕੰਮ ਕਰਨ ਵਾਲੇ ਮੁੱਖ ਸਕੱਤਰਾਂ ਨੂੰ ਬੁਲਾਉਣ ਤੇ ਪ੍ਰਧਾਨ ਮੰਤਰੀ ਹੁਣ ਤਕ ਦੇ ਸਾਰੇ ਕੈਬਨਿਟ ਸਕੱਤਰਾਂ ਨੂੰ ਬੁਲਾਉਣ ਤੇ ਵਿਚਾਰ ਵਟਾਂਦਰਾ ਕਰਨ ਤਾਂ ਬਹੁਤ ਕੁਝ ਨਿਕਲ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਵਿਵਸਥਾ ’ਚ ਅਸੀਂ ਕਿਤੇ ਵੀ ਹੋਈਏ ਪਰ ਜਿਸ ਵਿਵਸਥਾ ਤੋਂ ਅਸੀਂ ਨਿਕਲੇ ਹਾਂ, ਉਸ ’ਚ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਦੇਸ਼ ਦੀ ਏਕਤਾ ਅਤੇ ਅਖੰਡਤਾ। ਇਹ ਟੀਚਾ ਕਦੇ ਵੀ ਗੁੰਮ ਨਹੀਂ ਹੋਣਾ ਚਾਹੀਦਾ। ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
Comment here