ਨਵੀਂ ਦਿੱਲੀ- ਅੱਜ ਦੇਸ਼ ਅੱਜ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪਹਾੜਾਂ ਤੋਂ ਲੈ ਕੇ ਮੈਦਾਨ ਤਕ ਦੇਸ਼ ਵਾਸੀਆਂ ਦਾ ਜੋਸ਼ ਨਜ਼ਰ ਆ ਰਿਹਾ ਹੈ। ਜਸ਼ਨਾਂ ਚ ਸ਼ਾਮਲ ਹੋਣ ਲਈ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ। ਇਥੇ ਪੀ.ਐੱਮ. ਮੋਦੀ ਨੇ ਦੇਸ਼ ਲਈ ਵੱਖ-ਵੱਖ ਜੰਗਾਂ ਅਤੇ ਆਪਰੇਸ਼ਨਾਂ ’ਚ ਸ਼ਹੀਦ ਹੋਏ ਕਰੀਬ 26,000 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸਤੋਂ ਬਾਅਦ ਪੀ.ਐੱਮ. ਮੋਦੀ ਨੇ ਵਿਜ਼ੀਟਰ ਬੁੱਕ ’ਚ ਸਾਈਨ ਕੀਤਾ। ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਖ਼ਾਸ ਅੰਦਾਜ ‘ਚ ਨਜ਼ਰ ਆਉਂਦੇ ਹਨ। ਇਸ ਵਾਰ 73ਵੇਂ ਗਣਤੰਤਰ ਦਿਵਸ ‘ਤੇ ਪੀ.ਐੱਮ. ਮੋਦੀ ਦੇ ਸਿਰ ‘ਤੇ ਸਾਫ਼ਾ ਨਹੀਂ ਸਗੋਂ ਖ਼ਾਸ ਟੋਪੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗਮਛਾ ਪਾਇਆ ਹੋਇਆ ਸੀ। ਇਹ ਖ਼ਾਸ ਟੋਪੀ ਉਤਰਾਖੰਡ ਦੀ ਹੈ ਅਤੇ ਗਮਛਾ ਮਣੀਪੁਰ ਦਾ। ਇਸ ਟੋਪੀ ‘ਤੇ ਬ੍ਰਹਮਾਕਮਲ ਦਾ ਫੁੱਲ ਬਣਿਆ ਹੈ, ਜੋ ਕਿ ਉਤਰਾਖੰਡ ਦਾ ਸਟੇਟ ਫੁੱਲ ਹੈ। ਪੀ.ਐੱਮ. ਮੋਦੀ ਨੇ ਇਸ ਟੋਪੀ ਉਨ੍ਹਾਂ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਪਹਿਨੀ ਹੈ, ਜਿਨ੍ਹਾਂ ਨੇ ਆਪਣੀ ਭਾਰਤ ਮਾਂ ਦੀ ਰੱਖਿਆ ‘ਚ ਆਪਣਾ ਬਲੀਦਾਨ ਦਿੱਤਾ, ਜੋ ਸਰਦੀ-ਗਰਮੀ, ਮੀਂਹ ਦੀ ਪਰਵਾਹ ਨਾ ਕਰਦੇ ਹੋਏ ਸਰਹੱਦ ‘ਤੇ 24 ਘੰਟੇ ਸਾਡੇ ਦੇਸ਼ ਦੀ ਰੱਖਿਆ ਕਰਦੇ ਹਨ ਅਤੇ ਜਿਨ੍ਹਾਂ ਦੀ ਬਦੌਲਤ ਅਸੀਂ ਆਪਣੇ ਘਰਾਂ ‘ਚ ਸੁਕੂਨ ਦਾ ਸਾਹ ਲੈ ਪਾਉਂਦੇ ਹਾਂ।
ਰਾਜਪਥ ਚ ਸ਼ਾਨਦਾਰ ਪਰੇਡ
ਇਸ ਸਾਲ ਦੀ ਗਣਤੰਤਰ ਦਿਵਸ ਪਰੇਡ ਕੋਰੋਨਾ ਪ੍ਰੋਟੋਕੋਲ ਦੇ ਨਾਲ ਆਯੋਜਿਤ ਕੀਤੀ ਗਈ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਡ ਨੇ ਦੇਸ਼ ਦੀਆਂ ਤਿੰਨੋਂ ਫੌਜਾਂ-ਦਾ ਸੈਲਿਊਟ ਸਵਿਕਾਰ ਕੀਤਾ। ਦੱਸ ਦੇਈਏ ਕਿ ਦੇਸ਼ ਦੀਆਂ ਤਿੰਨੋਂ ਫੌਜਾਂ- ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦਾ ਸੈਲਿਊਟ ਕਰਨ ਦਾ ਤਰੀਕਾ ਵੱਖ-ਵੱਖ ਹੈ। ਇਸ ਦੀ ਇਕ ਖਾਸ ਵਜ੍ਹਾ ਹੈ। ਆਓ ਜਾਣਦੇ ਹਾਂ ਕਿਹੜੀ ਫੌਜ ਕਿਸ ਤਰ੍ਹਾਂ ਕਰਦੀ ਹੈ ਸੈਲਿਊਟ ਅਤੇ ਕੀ ਹੈ ਤਿੰਨਾਂ ’ਚ ਫਰਕ। ਇੰਡੀਅਨ ਆਰਮੀ ਯਾਨੀ ਥਲ ਸੈਨਾ ਦਾ ਸੈਲਿਊਟ ਪੂਰੇ ਹੱਥ ਦੀ ਤਲੀ ਵਿਖਾ ਕੇ ਕੀਤਾ ਜਾਂਦਾ ਹੈ। ਸੈਲਿਊਟ ਕਰਦੇ ਸਮੇਂ ਹੱਥ ਦਾ ਪੂਰਾ ਪੰਜਾ ਸਾਹਮਣੇ ਵਿਖਾਇਆ ਜਾਂਦਾ ਹੈ। ਇਸ ਵਿਚ ਸਾਰੀਆਂ ਊਂਗਲੀਆਂ ਖੁੱਲ੍ਹੀਆਂ ਰਹਿੰਦੀਆਂ ਹਨ ਅਤੇ ਅੰਗੂਠਾ ਸਿਰ ਅਤੇ ਭਰਵੱਟੇ ਦੇ ਵਿਚਕਾਰ ਰਹਿੰਦਾ ਹੈ। ਇੰਡੀਅਨ ਨੇਵੀ ਯਾਨੀ ਜਲ ਸੈਨਾ ਦਾ ਸੈਲਿਊਟ ਆਰਮੀ ਦੇ ਸੈਲਿਊਟ ਤੋਂ ਵੱਖਰਾ ਹੁੰਦਾ ਹੈ। ਇਸ ਵਿਚ ਹੱਥ ਦੀ ਤਲੀ ਵਿਖਾਈ ਨਹੀਂ ਦਿੰਦੀ। ਹੱਥ ਪੂਰੀ ਤਰ੍ਹਾਂ ਹੇਠਾਂ ਵਲ ਮੁੜਿਆ ਹੁੰਦਾ ਹੈ। ਅੰਗੂਠੇ ਦੀ ਸਥਿਤੀ ਮੱਥੇ ’ਤੇ ਸਿਰ ਅਤੇ ਭਰਵੱਟੇ ਦੇ ਵਿਚਕਾਰ ਹੀ ਰਹਿੰਦੀ ਹੈ। ਇੰਡੀਅਨ ਏਅਰ ਫੋਰਸ ਯਾਨੀ ਹਵਾਈ ਫੌਜ ਦਾ ਸੈਲਿਊਟ ਪਹਿਲਾਂ ਆਰਮੀ ਦੀ ਤਰ੍ਹਾਂ ਹੀ ਹੁੰਦਾ ਸੀ ਪਰ 2006 ’ਚ ਹਵਾਈ ਫੌਜ ਨੇ ਆਪਣੇ ਜਵਾਨਾਂ ਦੇ ਸੈਲਿਊਟ ਦੇ ਨਵੇਂ ਫਾਰਮ ਤੈਅ ਕੀਤੇ ਸਨ। ਸੈਲਿਊਟ ਦੌਰਾਨ ਹੱਥ ਅਤੇ ਜ਼ਮੀਨ ਦੇ ਵਿਚਕਾਰ 45 ਡਿਗਰੀ ਦਾ ਕੋਣ ਬਣਦਾ ਹੈ। ਸੈਲਿਊਟ ਕਰਦੇ ਹੋਏ ਹਵਾਈ ਫੌਜ ਆਸਮਾਨ ਵਲ ਆਪਣੇ ਕਦਮ ਨੂੰ ਦਰਸ਼ਾਉਂਦੀ ਹੈ।
ਰਾਫੇਲ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਨੇ ਦਿੱਤੀ ਸਲਾਮੀ
ਗਣਤੰਤਰ ਦਿਵਸ ਮੌਕੇ ਰਾਜਪਥ ’ਤੇ ਪਰੇਡ ’ਚ ਭਾਰਤ ਦੀ ਬਹਾਦਰੀ ਅਤੇ ਸੱਭਿਆਚਾਰ ਦੀਆਂ ਅਦਭੁਤ ਝਾਂਕੀਆਂ ਵੇਖਣ ਨੂੰ ਮਿਲੀਆਂ। ਇਸ ਦੌਰਾਨ ‘ਨਾਰੀ ਸ਼ਕਤੀ’ ਦੀ ਵੀ ਝਲਕ ਵੇਖਣ ਨੂੰ ਮਿਲੀ। ਏਅਰ ਫੋਰਸ ਦੀ ਝਾਂਕੀ ’ਤੇ ਰਾਫੇਲ ਜੈੱਟ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਨਜ਼ਰ ਆਈ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸਲਾਮੀ ਵੀ ਦਿੱਤੀ।
ਪੰਜਾਬ ਦੀ ਝਾਕੀ ਚ ਸ਼ਹੀਦ ਭਗਤ ਸਿੰਘ ਤੇ ਸਾਥੀ
ਗਣਤੰਤਰ ਦਿਵਸ ਪਰੇਡ ਦੌਰਾਨ ਪੰਜਾਬ ਦੀ ਝਾਂਕੀ ਦੀ ਥੀਮ ‘ਸੁਤੰਤਰਤਾ ਸੰਗ੍ਰਾਮ ‘ਚ ਪੰਜਾਬ ਦੇ ਯੋਗਦਾਨ’ ਸੀ, ਜਿਸ ‘ਚ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਭਗਤ ਸਿੰਘ ਅਤੇ ਊਧਮ ਸਿੰਘ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ। ਦੋਵੇਂ ਸੁਤੰਤਰਤਾ ਸੈਨਾਨੀ ਪੰਜਾਬ ਤੋਂ ਸਨ। ਝਾਂਕੀ ਦੇ ਬਿਲਕੁੱਲ ਸਾਹਮਣੇ ਬ੍ਰਿਟਿਸ਼ ਸ਼ਾਸਨ ਦੇ ਵਿਰੋਧ ‘ਚ ਹੱਥ ਉਠਾਏ ਹੋਏ ਸ਼ਹੀਦ ਭਗਤ ਸਿੰਘ ਦੀ ਆਦਮਕਦ ਮੂਰਤੀ ਨੂੰ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਦਰਸਾਇਆ ਗਿਆ। ਝਾਂਕੀ ਦੇ ਮੱਧ ਹਿੱਸੇ ‘ਚ ਪੰਜਾਬ ਦੇ ਇਕ ਹੋਰ ਸੁਤੰਤਰਤਾ ਸੈਨਾਨੀ ਲਾਲ ਲਾਜਪੱਤ ਰਾਏ ਦੇ ਸਾਈਮਨ ਕਮੀਸ਼ਨ ਦਾ ਵਿਰੋਧ ਕਰਨ ਅਤੇ ਜ਼ਖਮੀ ਹੋਣ ਦੇ ਦ੍ਰਿਸ਼ ਨੂੰ ਦਰਸਾਇਆ ਗਿਆ। ਝਾਂਕੀ ‘ਚ ਊਧਮ ਸਿੰਘ ਦਾ ਵੱਡੇ ਆਕਾਰ ਦਾ ਚਿੱਤਰ ਵੀ ਦਿਖਾਇਆ ਗਿਆ, ਜਿਨ੍ਹਾਂ ਨੇ ਮਾਈਕਲ ਓ ‘ਡਾਇਰ ਨੂੰ ਗੋਲੀ ਮਾਰ ਕੇ ਜਲਿਆਂਵਾਲਾ ਬਾਗ ਕਤਲਕਾਂਡ ਦਾ ਬਦਲਾ ਲਿਆ ਸੀ, ਜਦੋਂ ਕਿ ਝਾਂਕੀ ਦੇ ਪਿਛਲੇ ਹਿੱਸੇ ‘ਚ ਪੰਜਾਬ ਦੇ ਕਰਤਾਰਪੁਰ ਦੇ ‘ਜੰਗ-ਏ-ਆਜ਼ਾਦੀ ਸਮਾਰਕ’ ਨੂੰ ਦਿਖਾਇਆ ਗਿਆ ਹੈ।
ਨੇਪਾਲ ਦੀ ਲੀਡਰਸ਼ਿਪ ਵਲੋਂ ਭਾਰਤ ਨੂੰ ਗਣਤੰਤਰ ਦਿਵਸ ਦੀ ਵਧਾਈ
ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਬੁੱਧਵਾਰ ਨੂੰ ਭਾਰਤ ਦੇ 73ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਦੁਵੱਲੇ ਸਬੰਧ ਹੋਰ ਮਜ਼ਬੂਤ ਹੁੰਦੇ ਰਹਿਣਗੇ। ਨੇਪਾਲ ਦੇ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸੰਦੇਸ਼ ਵਿਚ ਦੇਉਬਾ ਨੇ ਸਮਾਜਿਕ-ਆਰਥਿਕ ਵਿਕਾਸ ਵਿਚ ਭਾਰਤ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਤਕਨਾਲੋਜੀਆਂ ਅਤੇ ਨਵੀਨਤਾ ਵਿਚ ਪ੍ਰਭਾਵਸ਼ਾਲੀ ਤਰੱਕੀ ਦੀ ਸ਼ਲਾਘਾ ਕੀਤੀ। ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ, ‘ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਦੁਵੱਲੇ ਸਬੰਧ ਮਜ਼ਬੂਤ ਹੁੰਦੇ ਰਹਿਣਗੇ।’ ਇਸ ਮੌਕੇ ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਵਧਾਈ ਦਿੱਤੀ। ਬਿਆਨ ਦੇ ਅਨੁਸਾਰ, ਰਾਸ਼ਟਰਪਤੀ ਭੰਡਾਰੀ ਨੇ ‘ਭਾਰਤ ਦੇ ਰਾਸ਼ਟਰਪਤੀ ਨੂੰ ਚੰਗੀ ਸਿਹਤ ਅਤੇ ਭਾਰਤ ਦੇ ਲੋਕਾਂ ਦੀ ਨਿਰੰਤਰ ਤਰੱਕੀ ਅਤੇ ਖੁਸ਼ਹਾਲੀ ਲਈ ਵਧਾਈ ਦਿੱਤੀ ਹੈ।’ ਬਿਆਨ ਵਿਚ ਕਿਹਾ ਗਿਆ ਹੈ, ‘ਰਾਸ਼ਟਰਪਤੀ ਨੇ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੀ ਵੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ, ਜਿਸ ਨੂੰ ਭਾਰਤ ਵਿਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਵਜੋਂ ਮਨਾਇਆ ਜਾ ਰਿਹਾ ਹੈ।’ ਨੇਪਾਲ ਦੇ ਵਿਦੇਸ਼ ਮੰਤਰੀ ਨਰਾਇਣ ਖਡਕਾ ਨੇ ਵੀ ਭਾਰਤੀ ਵਿਦੇਸ਼ ਮਤੰਰੀ ਐਸ ਜੈਸ਼ੰਕਰ ਨੂੰ ਇਕ ਵੱਖਰਾ ਸੰਦੇਸ਼ ਭੇਜਿਆ ਹੈ। ਬਿਆਨ ਵਿਚ ਕਿਹਾ ਗਿਆ ਹੈ, ‘ਉਨ੍ਹਾਂ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਦਿਨਾਂ ਵਿਚ ਦੋਵਾਂ ਦੇਸ਼ਾਂ ਦਰਮਿਆਨ ਨਿੱਘੇ ਅਤੇ ਦੋਸਤਾਨਾ ਸਬੰਧ ਹੋਰ ਮਜ਼ਬੂਤ ਹੋਣਗੇ।’’
ਸ਼੍ਰੀਨਗਰ ‘ਚ ਕੜਾਕੇ ਦੀ ਠੰਡ ਚ ਗਣਤੰਤਰ ਦਿਵਸ ਮਨਾਇਆ
ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਨੇ ਖਰਾਬ ਮੌਸਮ ਅਤੇ ਕੜਾਕੇ ਦੀ ਠੰਡ ਦੇ ਵਿਚਕਾਰ ਸ਼੍ਰੀਨਗਰ ਵਿੱਚ 73ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਸਲਾਹਕਾਰ ਆਰ. ਭਟਨਾਗਰ ਨੇ ਸ਼ਹਿਰ ਦੇ ਉੱਚ ਸੁਰੱਖਿਆ ਵਾਲੇ ਸੋਨਾਵਰ ਖੇਤਰ ਦੇ ਸ਼ੇਰ-ਏ-ਕਸ਼ਮੀਰ ਕ੍ਰਿਕਟ ਸਟੇਡੀਅਮ ਵਿੱਚ ਗਣਤੰਤਰ ਦਿਵਸ ਸਮਾਰੋਹ ਦੀ ਪ੍ਰਧਾਨਗੀ ਕੀਤੀ। ਮਾਰਚ ਪਾਸਟ ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਟੁਕੜੀਆਂ ਨੇ ਭਾਗ ਲਿਆ। ਪਰੇਡ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਵੱਖ-ਵੱਖ ਕਲਾਵਾਂ ਅਤੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ, ਭਟਾਨਗਰ ਨੇ ਕੋਵਿਡ-19 ਦੀ ਵਿਸ਼ਵਵਿਆਪੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਅਤੇ ਹੋਰ ਸਹਿਯੋਗੀ ਕਰਮਚਾਰੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਸਨੇ ਕਸ਼ਮੀਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵਿਨਾਸ਼ਕਾਰੀ ਤੱਤਾਂ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਬਲਾਂ ਦੀ ਵੀ ਸ਼ਲਾਘਾ ਕੀਤੀ। ਸਲਾਹਕਾਰ ਨੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਸਮਾਜ ਭਲਾਈ ਸਕੀਮਾਂ ਦੇ ਲਾਭਾਂ ਨੂੰ ਉਜਾਗਰ ਕਰਦੇ ਹੋਏ ਪ੍ਰਸ਼ਾਸਨ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੀਆਂ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ। ਗਣਤੰਤਰ ਦਿਵਸ ਸਮਾਗਮ ਸ਼ਾਂਤੀਪੂਰਵਕ ਸੰਪੰਨ ਹੋਇਆ। ਸਮਾਜ ਵਿਰੋਧੀ ਅਨਸਰਾਂ ਦੇ ਕਿਸੇ ਵੀ ਨਾਪਾਕ ਮਨਸੂਬੇ ਨੂੰ ਨਾਕਾਮ ਕਰਨ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਦੇ ਸਾਰੇ ਮੁੱਖ ਚੌਰਾਹਿਆਂ ‘ਤੇ ਬੈਰੀਅਰ ਲਗਾਏ ਗਏ ਸਨ। ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਸਨ।
Comment here