ਸਿਆਸਤਸਿਹਤ-ਖਬਰਾਂਖਬਰਾਂ

ਦੇਸ਼ ਚ ਵਧਣ ਲੱਗੇ ਕਰੋਨਾ ਮਾਮਲੇ, ਪੰਜਾਬ ਚ ਵੀ ਮਾਸਕ ਲਾਜ਼ਮੀ

ਨਵੀਂ ਦਿੱਲੀ-ਦੇਸ਼ ਵਿੱਚ ਕੋਰੋਨਾ ਦੇ ਵਧਦੇ ਮਾਮਲੇ ਇੱਕ ਵਾਰ ਫਿਰ ਚਿੰਤਾ ਵਧਾ ਰਹੇ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,380 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਕੋਰੋਨਾ ਦੇ ਦੋ ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੋਰੋਨਾ ਮਰੀਜ਼ਾਂ ਦੀ ਗਿਣਤੀ 2,067 ਸੀ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਲਗਾਤਾਰ ਚੌਕਸ ਰਹਿਣ ਦੇ ਨਿਰਦੇਸ਼ ਦੇ ਰਹੀ ਹੈ। ਸਰਕਾਰ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਹੁਣ ਸਿਹਤ ਮਾਹਿਰ ਨੇ ਇਸ ਸਬੰਧੀ ਆਪਣੀ ਰਾਏ ਦਿੱਤੀ ਹੈ। ਸਿਹਤ ਮਾਹਿਰ ਡਾਕਟਰ ਨੀਰੋਜ ਕੁਮਾਰ ਮਿਸ਼ਰਾ ਨੇ ਦਿੱਲੀ-ਐਨਸੀਆਰ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਨੂੰ ਚੌਥੀ ਲਹਿਰ ਕਹਿਣਾ ਜਲਦਬਾਜ਼ੀ ਹੋਵੇਗੀ। ਭੁਵਨੇਸ਼ਵਰ ਦੇ ਡਾਕਟਰ ਨੀਰੋਜ ਕੁਮਾਰ ਮਿਸ਼ਰਾ ਨੇ ਕਿਹਾ, ‘ਦੇਸ਼ ਭਰ ਵਿੱਚ ਨਵੇਂ ਕੇਸਾਂ ਵਿੱਚ ਦਿੱਲੀ-ਐਨਸੀਆਰ ਨਾਲੋਂ ਵੱਧ ਕੇਸ ਹਨ, ਜੋ ਕਿ ਨਵੇਂ ਰੂਪ ਦੇ ਕਾਰਨ ਹੋ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਪਰ ਇਸ ਨੂੰ ਚੌਥੀ ਲਹਿਰ ਕਹਿਣਾ ਜਲਦਬਾਜ਼ੀ ਹੋਵੇਗੀ। ਲੋਕਾਂ ਨੂੰ ਕਰੋਨਾ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਦਿੱਲੀ-ਐਨਸੀਆਰ ‘ਚ ਕੋਰੋਨਾ ਦੇ ਅੰਕੜਿਆਂ ਨੇ ਡਰਾਇਆ !

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ ਇੱਕ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਦਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ 632 ਮਾਮਲੇ ਸਾਹਮਣੇ ਆਏ ਸਨ। ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ।

ਯੂਪੀ ਚ ਵੀ ਮਾਮਲੇ ਵਧੇ 

ਯੂਪੀ ਵਿੱਚ ਵੀ ਲਗਾਤਾਰ ਦੋ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਮੰਗਲਵਾਰ ਨੂੰ ਇੱਥੇ ਕੋਰੋਨਾ ਦੇ 159 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਬੁੱਧਵਾਰ (20 ਅਪ੍ਰੈਲ) ਨੂੰ 168 ਮਾਮਲੇ ਸਾਹਮਣੇ ਆਏ ਹਨ। ਯੂਪੀ ਸਰਕਾਰ ਨੇ ਵੱਡੇ ਸ਼ਹਿਰਾਂ ਵਿੱਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ।

ਕੇਰਲ ਦੀ ਸਥਿਤੀ

ਕੇਰਲ ਵਿੱਚ ਵੀ ਕੋਰੋਨਾ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ। ਕੇਰਲ ਵਿੱਚ 19 ਅਪ੍ਰੈਲ ਨੂੰ 488 ਅਤੇ 20 ਅਪ੍ਰੈਲ ਨੂੰ 355 ਮਾਮਲੇ ਸਾਹਮਣੇ ਆਏ ਸਨ।

ਪੰਜਾਬ ਚ ਮਾਸਕ ਲਾਜ਼ਮੀ

ਪੰਜਾਬ ਵਿਚ ਵੀ ਲਗਾਤਾਰ ਪਿਛਲੇ ਦਿਨਾਂ ਤੋਂ ਕੇਸਾਂ ਵਿਚ ਇਜਾਫਾ ਹੋਇਆ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਨਵੀਂਆਂ ਹਦਾਇਤਾਂ ਜਾਰੀ ਕਰਦੇ ਹੋਏ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਨਤਕ ਤੇ ਭੀਡ਼ ਭਡ਼ੱਕੇ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ। ਹਾਲਾਂਕਿ ਮਾਸਕ ਨਾ ਪਹਿਨਣ ’ਤੇ ਕੋਈ ਜੁਰਮਾਨਾ ਨਹੀਂ ਰੱਖਿਆ। ਇਸ ਸਬੰਧੀ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਸੂਬੇ ਵਿੱਚ ਕੋਰੋਨਾ ਦੇ ਘਟ ਰਹੇ ਮਾਮਲਿਆਂ ਕਾਰਨ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਮਾਸਕ ਦੀ ਜ਼ਰੂਰਤ ਵੀ ਖਤਮ ਕਰ ਦਿੱਤੀ ਗਈ ਹੈ। ਪਰ, ਹੁਣ ਦੇਸ਼ ਭਰ ਦੇ ਕਈ ਰਾਜਾਂ ਵਿੱਚ ਕੋਵਿਡ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਪੰਜਾਬ ਸਰਕਾਰ ਵੀ ਚੌਕਸ ਹੋ ਗਈ ਹੈ।

Comment here