ਅਪਰਾਧਸਿਆਸਤਖਬਰਾਂ

ਦੇਸ਼ ਚ ਕਦ ਰੁਕਣਗੇ ਅਪਰਾਧ?

ਵਿਸ਼ੇਸ਼ ਰਿਪੋਰਟ-ਅਮਨਦੀਪ ਹਾਂਸ

ਪੰਜਾਬ ਚ ਨਵੀਂ ਸਰਕਾਰ ਦਾ ਗਠਨ ਹੋ ਚੁਕਿਆ ਹੈ, ਅੱਜ ਮੰਤਰੀ ਮੰਡਲ ਵੀ ਮਿਲ ਜਾਣੈ.. ਮੁਖ ਮੰਤਰੀ ਭਗਵੰਤ ਮਾਨ ਹੁਰਾਂ ਦਾ ਹਰਾ ਪੈੱਨ ਸੂਬੇ ਦੀ ਹੋਣੀ ਚੋਂ ਕਿਹੜੀ ਕਿਹੜੀ ਕਾਲੀ ਲੀਕ ਨੂੰ ਮਿਟਾਉਂਦੈ, ਬੜੀ ਸ਼ਿੱਦਤ ਨਾਲ ਉਡੀਕਿਆ ਦਾ ਰਿਹੈ..

ਨਸ਼ੇ ਨੇ ਨਿਗਲਿਆ ਗੱਭਰੂ

ਮਜੀਠਾ ਦੇ ਨਾਲ ਲਗਦੇ ਪਿੰਡ ਰੁਮਾਣਾ ਚੱਕ ਵਿਖੇ ਕੱਲ ਤੀਹ ਸਾਲਾ ਗੱਭਰੂ ਨੂੰ ਚਿੱਟੇ ਦੀ ਓਵਰਡੋਜ ਨਿਗਲ ਗਈ। ਮ੍ਰਿਤਕ ਸਿਮਰਜੀਤ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਪੁੱਤਰ ਜਿਹੜੇ ਨਸ਼ੇ ਨਾਲ ਮਰਿਆ ਹੈ ਉਹ ਨਸ਼ਾ ਭਾਵ ਚਿੱਟਾ ਉਹਨਾਂ ਦੇ ਪਿੰਡ ਰੁਮਾਣਾ ਚੱਕ ਤੋਂ ਆਮ ਹੀ ਮਿਲਦਾ ਹੈ। ਅੱਧੇ ਪਿੰਡ ਨੂੰ ਪਤਾ ਹੈ ਪਿੰਡ ਵਿਚ ਨਸ਼ਾ ਕੌਣ ਵੇਚਦਾ ਹੈ, ਪੁਲਸ ਨੂੰ ਵੀ ਜਾਣਕਾਰੀ ਹੈ, ਪਰ ਮਜੀਠਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਸਿਮਰਜੀਤ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਮਜੀਠਾ ਥਾਣੇ ਸਾਹਮਣੇ ਵੱਡੀ ਗਿਣਤੀ ਪੀੜਤ ਪਰਿਵਾਰ ਅਤੇ ਹਮਦਰਦ ਲੋਕਾਂ ਨੇ ਰੋਸ ਧਰਨਾ ਮਾਰਿਆ ਤੇ ਨਸ਼ਾ ਵੇਚਣ ਵਾਲਿਆਂ ਤੇ ਕੇਸ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ। ਅੰਮ੍ਰਿਤਸਰ ਮਜੀਠਾ ਮੁਖ ਮਾਰਗ ਵੀ ਜਾਮ ਕਰ ਦਿੱਤਾ, ਸਥਾਨਕ ਪੁਲਸ ਅਧਿਕਾਰੀ ਇਸ ਮਾਮਲੇ ਤੇ ਕੁਝ ਬੋਲਣ ਤੋਂ ਬਚਦੇ ਰਹੇ।

ਘੁੰਮਣ ਜਾ ਰਿਹਾ ਪਰਿਵਾਰ ਲੁਟੇਰਿਆਂ ਦਾ ਸ਼ਿਕਾਰ

ਨਸ਼ੇ ਦੇ ਨਾਲ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਨਹੀਂ ਰੁਕ ਰਹੀਆਂ। ਲੰਘੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਇਲਾਕਾ ਪਾਮ ਗਾਰਡਨ ਮਜੀਠਾ ਰੋਡ ਦਾ ਇਕ ਪਰਿਵਾਰ ਡਲਹੌਜੀ ਘੁੰਮਣ ਲਈ ਕਾਰ ਚ ਨਿਕਲਿਆ, ਪਰਿਵਾਰ  ਗੁਰਦਾਸਪੁਰ ਵਿੱਚੋਂ ਲੰਘ ਰਿਹਾ ਸੀ ਕਿ ਇੱਕ ਜਗਾ ਕੋਈ ਸਮਾਨ ਲੈਣ ਲਈ ਕਾਰ ਰੋਕੀ, ਤਾਂ ਓਥੇ ਪਿਸਤੌਲਾਂ ਨਾਲ ਲੈਸ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੇ ਬਲ ਤੇ ਕਾਰ ਸਵਾਰ ਪਰਿਵਾਰ ਤੋਂ ਸੋਨੇ ਦੇ ਗਹਿਣੇ ਤੇ ਮੋਬਾਇਲ ਫੋਨ ਖੋਹ ਲਏ ਤੇ ਫ਼ਰਾਰ ਹੋ ਗਏ। ਪਰਿਵਾਰ ਦਾ ਕਰੀਬ ਢਾਈ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਲੁੱਟ ਸਬੰਧੀ ਤਿੱਬੜੀ ਥਾਣੇ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ, ਤੇ ਪੁਲਸ ਜੀ ਦਾ ਉਹੀ ਜੁਆਬ ਹੈ ਕਿ ਜਲਦੀ ਲੁਟੇਰੇ ਕਾਬੂ ਕਰ ਲਵਾਂਗੇ।

ਮਹਿਲਾ ਦਾ ਭੇਦਭਰੀ ਹਾਲਤ ਚ ਕਤਲ

ਕਤਲ ਵਰਗੀਆਂ ਭਿਆਨਕ ਵਾਰਦਾਤਾਂ ਨੂੰ ਵੀ ਠੱਲ ਨਹੀਂ ਪੈ ਰਹੀ। ਸਮਰਾਲਾ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਮੁਹੱਲੇ ਡੱਬੀ ਬਾਜ਼ਾਰ ਵਿਚ ਪਿਛਲੇਰੀ ਰਾਤ ਇਕ ਔਰਤ ਦਾ ਭੇਤਭਰੀ ਹਾਲਤ ਵਿਚ ਕਤਲ ਕਰ ਦਿੱਤਾ ਗਿਆ। 35 ਸਾਲਾ ਮਹਿਲਾ ਲਖਵੀਰ ਕੌਰ ਘਰੇਲੂ ਕਲੇਸ਼ ਕਾਰਨ ਆਪਣੇ ਪਤੀ ਤੋਂ ਵਖਰੀ ਰਹਿੰਦੀ ਸੀ ਤੇ ਕਿਰਾਏ ਦੇ ਇਕ ਮਕਾਨ ਚ ਉਸ ਦੀ ਰਿਹਾਇਸ਼ ਸੀ, ਉਸ ਦੀ ਗਰਦਨ ਅਤੇ ਪੇਟ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ। ਆਲੇ ਦੁਆਲੇ ਦੇ ਲੋਕਾਂ ਨੂੰ ਵੀ ਹੈਰਾਨੀ ਹੈ ਕਿ ਕਿਸੇ ਤਰਾਂ ਦੇ ਹਮਲੇ ਬਾਰੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਸਕਿਆ, ਤੇ ਦਹਿਸ਼ਤ ਦਾ ਮਹੌਲ ਵੀ ਹੈ। ਪੁਲਸ ਨੇ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਡੂਢ ਮਹੀਨੇ ਤੋਂ ਲਾਪਤਾ ਬੱਚੇ ਦੀ ਲਾਸ਼ ਬਰਾਮਦ

ਅਜਿਹਾ ਨਹੀਂ ਕਿ ਪੰਜਾਬ ਚ ਹੀ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਨੇ, ਹੋਰ ਸੂਬੇ ਵੀ ਸ਼ਰਮਸਾਰ ਹੁੰਦੇ ਨੇ-ਬਿਹਾਰ ਦੇ ਨਵਾਦਾ ਜ਼ਿਲੇ ਦੇ ਜੁਰੀ ਪਿੰਡ ਚ ਡੇਢ ਮਹੀਨੇ ਤੋਂ ਲਾਪਤਾ ਪੰਜ ਸਾਲਾ ਬੱਚੇ ਦੀ ਇੱਕ ਨਿਰਮਾਣ ਅਧੀਨ ਟਾਇਲਟ ਟੈਂਕੀ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਬੱਚੇ ਨੂੰ ਅਗਵਾ ਕਰਨ ਤੋਂ ਕੁਝ ਦਿਨ ਬਾਅਦ ਹੀ ਕਤਲ ਕਰ ਦਿੱਤਾ ਗਿਆ ਹੋਵੇਗਾ। ਤੰਤਰ ਮੰਤਰ ਦੇ ਚਲਦਿਆਂ ਵੀ ਕਤਲ ਕੀਤਾ ਮੰਨਿਆ ਜਾ ਰਿਹਾ ਹੈ। ਪਰ ਇਥੇ ਵੀ ਪੁਲਿਸ ਦਾ ਅਣਮਨੁੱਖੀ ਚਿਹਰਾ ਦੇਖਣ ਨੂੰ ਮਿਲਿਆ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਟਾਇਲਟ ਟੈਂਕੀ ਚੋਂ ਬਾਹਰ ਕਢਵਾਉਣ ਤੋਂ ਬਾਅਦ ਸਟਰੈਚਰ ਤੇ ਪਾ ਕੇ ਲਿਜਾਣ ਦੀ ਬਜਾਏ ਬਾਂਸ ਤੇ ਲਟਕਾਇਆ। ਦੋ ਵਿਅਕਤੀਆਂ ਨੇ ਲਾਸ਼ ਨੂੰ ਬਾਂਸ ਨਾਲ ਟੰਗ ਲਿਆ ਤੇ ਪੁਲਸ ਦੇ ਪਿੱਛੇ ਪਿੱਛੇ ਤੁਰਦੇ ਗਏ। ਇਸ ਦੀਆਂ ਤਸਵੀਰਾਂ ਵਾਇਰਲ ਹੋਈਆਂ, ਪੁਲਸ ਦੀ ਅਣਮਨੁਖਤਾ ਤੇ ਸਵਾਲ ਹੋ ਰਹੇ ਨੇ, ਉਚ ਅਧਿਕਾਰੀ ਕੋਈ ਵੀ ਟਿਪਣੀ ਕਰਨ ਤੋਂ ਬਚ ਰਹੇ ਨੇ।

ਤੰਤਰ ਮੰਤਰ ਦੇ ਚਲਦਿਆਂ ਬੱਚੇ ਦਾ ਬੇਰਹਿਮੀ ਨਾਲ ਕਤਲ

ਰਾਮ ਦੀ ਨਗਰੀ ਵਾਲੇ ਸੂਬਾ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਸਰਸੌਲ ਵਿੱਚ ਸਾਲਾ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਕਤਲ ਵੀ ਤੰਤਰ ਮੰਤਰ ਦੇ ਚਲਦਿਆਂ ਕੀਤਾ ਗਿਆ ਮੰਨਿਆ ਜਾ ਰਿਹਾ ਹੈ। ਮਾਸੂਮ ਨਾਲ ਅਜਿਹਾ ਜ਼ੁਲਮ ਕੀਤਾ ਗਿਆ ਕਿ ਸੁਣਦਿਆਂ ਪੜਦਿਆਂ ਦਿਲ ਕੰਬ ਜਾਏ। ਲੰਘੇ ਸੋਮਵਾਰ ਤੋਂ ਲਾਪਤਾ ਸਾਲਾ ਦੀ ਲਾਸ਼ ਪਿੰਡ ਦੇ ਬਾਹਰ ਖੇਤਾਂ ਚ ਨਗਨ ਹਾਲਤ ਚ ਮਿਲੀ। ਬੱਚੇ ਦੀ ਗਲਾ ਘੁੱਟਿਆ ਗਿਆ, ਗਰਦਨ ਤੇ ਜੁੱਤੀ ਦੇ ਨਿਸ਼ਾਨ ਵੀ ਮਿਲੇ, ਇੱਕ ਅੱਖ ਕੱਢ ਲਈ ਗਈ। ਦੂਜੀ ਅੱਖ ਵਿੱਚ ਮੇਖ ਠੋਕੀ ਹੋਈ ਮਿਲੀ। ਸਾਰੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਮਿਲੇ, ਤੇ ਬੱਚੇ ਨਾਲ ਬਦਫੈਲੀ ਦੇ ਵੀ ਨਿਸ਼ਾਨ ਮਿਲੇ। ਬੱਚੇ ਦੀ ਮੰਦੀ ਹਾਲਤ ਚ ਲਾਸ਼ ਦੇਖ ਕੇ ਸਾਰੇ ਇਲਾਕੇ ਚ ਰੋਸ ਪੱਸਰ ਗਿਆ, ਲੋਕ ਰੋਹ ਦੇ ਚਲਦਿਆਂ ਉਚ ਅਧਿਕਾਰੀ ਮੌਕੇ ਤੇ ਪੁੱਜੇ, ਘਟਨਾ ਦੀ ਜਾਂਚ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਤੇ ਜਲਦੀ ਦੋਸ਼ੀ ਨੂੰ ਕਾਬੂ ਕਰਨ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ ਗਿਆ ਹੈ।

ਦੋ ਮਹਿਲਾਵਾਂ ਨਾਲ ਕੁਕਰਮ

ਔਰਤਾਂ ਨਾਲ ਜੁਲਮ ਤੇ ਅਪਰਾਧ ਦੇ ਮਾਮਲੇ ਵੀ ਨਹੀਂ ਘਟ ਰਹੇ, ਬੀਤੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਦੇਖਣ ਆਈ ਇਕ ਮਹਿਲਾ ਨੇ ਦੋਸ਼ ਲਾਇਆ ਕਿ ਇਕ ਕਾਰ ਸਵਾਰ ਪੰਜ ਛੇ ਮੁੰਡਿਆਂ ਨੇ ਉਸ ਨੂੰ ਜਬਰਨ ਕਾਰ ਚ ਬਿਠਾ ਲਿਆ ਤੇ ਕਾਰ ਚ ਉਸ ਨਾਲ ਗੈਂਗਰੇਪ ਕੀਤਾ ਗਿਆ, ਇਕ ਨਾਕੇ ਤੇ ਕਾਰ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਕਾਬੂ ਕਰ ਲਏ। ਹੋਰ ਜਾਂਚ ਜਾਰੀ ਹੈ।

ਰਾਜਸਥਾਨ ਦੇ ਧੌਲਪੁਰ ਜ਼ਿਲੇ ਚ ਇਕ 26 ਸਾਲਾ ਦਲਿਤ ਔਰਤ ਨਾਲ ਬੰਦੂਕ ਦਾ ਡਰ ਦਿਖਾ ਕੇ ਉਚ ਜਾਤ ਦੇ ਦਬੰਗਾਂ ਨੇ ਉਸ ਦੇ ਪਰਿਵਾਰ ਦੇ ਸਾਹਮਣੇ ਕਥਿਤ ਤੌਰ ਤੇ ਜਬਰ ਜਿਨਾਹ ਕੀਤਾ। ਔਰਤ ਆਪਣੇ ਪਤੀ ਅਤੇ ਬੱਚਿਆਂ ਨਾਲ ਠੇਕੇ ਤੇ ਲਏ ਖੇਤ ਵਿੱਚੋਂ ਸਰ੍ਹੋਂ ਦੀ ਵਾਢੀ ਕਰ ਰਹੀ ਸੀ। ਪਿੰਡ ਦੇ ਦਬੰਗਾਂ ਨੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਫਿਰ ਹਥਿਆਰਾਂ ਦੇ ਜੋਰ ਤੇ ਬੱਚਿਆਂ ਦੇ ਸਾਹਮਣੇ ਹੀ ਮਹਿਲਾ ਨਾਲ ਜਬਰ ਜਨਾਹ ਕੀਤਾ। ਬੱਚੇ ਚੀਕਦੇ ਰਹੇ, ਮਾਂ ਨੂੰ ਛਡਣ ਲਈ ਤਰਲੇ ਕਰਦੇ ਰਹੇ, ਪਰ ਦਬੰਗਾਂ ਤੇ ਕੋਈ ਅਸਰ ਨਾ ਹੋਇਆ, ਬਾਅਦ ਚ ਮੁਲਜਮ਼ ਘਟਨਾ ਸਥਾਨ ਤੋਂ ਫਰਾਰ ਹੋ ਗਏ। ਸਥਾਨਕ ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਵਾ ਕੇ ਮੁਲਜਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ,  ਸਾਰੇ ਮੁਲਜ਼ਮ ਪਰਿਵਾਰਾਂ ਸਣੇ ਪਿੰਡ ਤੋਂ ਫਰਾਰ ਹੋ ਗਏ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਵਾਂਗੇ।

ਐਸਾ ਦੇਸ਼ ਹੈ ਮੇਰਾ.. ਅਪਰਾਧਾਂ ਦੀ ਬਸਤੀ ਵਰਗਾ..

 

Comment here