ਸਿਆਸਤਖਬਰਾਂਚਲੰਤ ਮਾਮਲੇ

ਦੂਸਰੀ ਧੀ ਦੇ ਜਨਮ ’ਤੇ ਸਰਕਾਰ ਵਲੋਂ 6 ਹਜ਼ਾਰ ਦੀ ਆਰਥਿਕ ਸਹਾਇਤਾ

ਚੰਡੀਗੜ੍ਹ-ਪੰਜਾਬ ਸਰਕਾਰ ਦੁਆਰਾ ਲਿੰਗ-ਅਨੁਪਾਤ ’ਚ ਸੁਧਾਰ ਕਰਨ ਲਈ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਔਰਤਾਂ ਨੂੰ ਦੂਸਰੀ ਧੀ ਦੇ ਜਨਮ ਮੌਕੇ 6 ਹਜ਼ਾਰ ਦੀ ਇੱਕ ਮੁਸ਼ਤ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਯੋਜਨਾ ਦੇ ਸਬੰਧ ’ਚ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਮਦਦ ਪ੍ਰਧਾਨ ਮੰਤਰੀ ਮਾਤ੍ਰਿਤ ਵੰਦਨਾ ਯੋਜਨਾ ਤਹਿਤ ਦੁੱਧ ਪਿਲਾਉਣ ਵਾਲੀ ਮਾਂ ਨੂੰ ਦਿੱਤੀ ਜਾਵੇਗੀ।
ਇਸ ਯੋਜਨਾ ਦੇ ਤਹਿਤ ਪਹਿਲੇ ਬੱਚੇ ਦੇ ਜਨਮ ਮੌਕੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ 5 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹ। ਮੰਤਰੀ ਨੇ ਦੱਸਿਆ ਕਿ ਕੁੜੀ ਦੇ ਜਨਮ ਤੋਂ ਬਾਅਦ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਨਾਲ ਕੁੜੀਆਂ ਦੇ ਜਨਮ ’ਚ ਘੱਟ ਰਹੇ ਲਿੰਗ-ਅਨੁਪਾਤ ’ਚ ਸੁਧਾਰ ਹੋਵੇਗਾ। ਇਸ ਨਾਲ ਜਨਮ ਤੋਂ ਪਹਿਲਾਂ ਲਿੰਗ ਜਾਂਚ ਕਰਵਾਉਣ ਦੀ ਗਲਤ ਪ੍ਰਥਾ ਨੂੰ ਰੋਕਣ ’ਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ ਦੁੱਧ ਪਿਲਾਉਣ ਵਾਲੀ ਮਾਂ ਦੀ ਸਿਹਤ ਅਤੇ ਬੱਚੇ ਨੂੰ ਪੋਸ਼ਣ ਸਬੰਧੀ ਖ਼ੁਰਾਕ ’ਚ ਵੀ ਸੁਧਾਰ ਹੋਵੇਗਾ।
ਬੈਂਕ ਖਾਤੇ / ਡਾਕਖਾਨੇ ’ਚ ਆਏਗੀ ਰਾਸ਼ੀ
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਦੀ ਯੋਜਨਾ ਤਹਿਤ 6 ਹਜ਼ਾਰ ਰੁਪਏ ਦਾ ਸਿੱਧਾ ਲਾਭ ਲਾਭਪਾਤਰੀ ਦੇ ਬੈਂਕ ਖਾਤੇ/ ਡਾਕਖਾਨੇ ’ਚ ਟ੍ਰਾਂਸਫ਼ਰ ਕੀਤਾ ਜਾਵੇਗਾ। ਇਸ ਲਾਭ ਨੂੰ ਪ੍ਰਾਪਤ ਕਰਨ ਲਈ ਸੂਬੇ ਦੇ ਸਾਰੇ ਆਂਗਨਵਾੜੀ ਕੇਂਦਰਾਂ ਦੇ ਵਰਕਰਾਂ ਵਲੋਂ ਫ਼ਾਰਮ ਭਰੇ ਜਾ ਸਕਦੇ ਹਨ। ਇਸ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀ ਕੋਲ ਅਧਾਰ ਕਾਰਡ ਹੋਣ ਦੇ ਨਾਲ-ਨਾਲ ਉਸਦੇ ਬੈਂਕ ਖਾਤੇ ਨਾਲ ਲਿੰਕ ਹੋਣਾ ਜ਼ਰੂਰੀ ਹੈ।
ਲਾਭਪਾਤਰੀ ਘਰ ਬੈਠਿਆਂ ਵੀ ਆਨ-ਲਾਈਨ ਪੋਰਟਲ https://pmmvy.nic.in / ’ਤੇ ਆਪਣਾ ਰਜਿਸਟ੍ਰੇਸ਼ਨ ਕਰਵਾ ਕੇ ਬਿਨੈ-ਪੱਤਰ ਜਮ੍ਹਾ ਕਰਵਾ ਸਕਦੇ ਹਨ। ਮੰਤਰੀ ਨੇ ਸਬੰਧਿਤ ਵਿਭਾਗ ਨੂੰ ਇਸ ਯੋਜਨਾ ਨੂੰ ਪਾਰਦਰਸ਼ੀ ਅਤੇ ਸਫ਼ਲਤਾਪੂਰਵਕ ਢੰਗ ਨਾਲ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ।

Comment here