ਅਪਰਾਧਸਿਆਸਤਖਬਰਾਂ

ਦੁਸਹਿਰੇ ਮੌਕੇ ਮੋਦੀ ਦਾ ਪੁਤਲਾ ਫੂਕਣਾ ਹਿੰਦੂ ਧਰਮ ਦੀ ਬੇਅਦਬੀ-ਭਾਜਪਾ ਨੇਤਾ

ਚੰਡੀਗੜ੍ਹ-ਨਵਰਾਤਰਿਆਂ ਦੇ ਪਵਿੱਤਰ ਦਿਨਾਂ ਦੌਰਾਨ ਭਾਜਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਸਾਨ ਮੋਰਚੇ ਵੱਲੋਂ ਰੋਸ-ਪ੍ਰਦਰਸ਼ਨ ਕਰਨ ਦੇ ਫੈਸਲੇ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਜਾਣ-ਬੁੱਝ ਕੇ ਹਿੰਦੂਆਂ ਦੇ ਤਿਉਹਾਰਾਂ ਦੌਰਾਨ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੁਸਹਿਰੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜਨ ਦੇ ਸੰਯੁਕਤ ਮੋਰਚੇ ਦੇ ਸੱਦੇ ’ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਦੁਸਹਿਰਾ ਹਿੰਦੂ ਧਰਮ ਦਾ ਪਵਿੱਤਰ ਤਿਉਹਾਰ ਹੈ, ਜਿਸ ’ਤੇ ਕਿਸੇ ਵੀ ਕਿਸਮ ਦੀ ਰਾਜਨੀਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪਿਛਲੇ ਸਾਲ ਵੀ ਇਸੇ ਮੌਕੇ ਕਿਸਾਨ ਜਥੇਬੰਦੀਆਂ ਨੇ ਅਜਿਹੀ ਰਾਜਨੀਤੀ ਕੀਤੀ ਸੀ, ਜਿਸ ਕਾਰਨ ਹਿੰਦੂ ਸਮਾਜ ਵਿੱਚ ਭਾਰੀ ਗੁੱਸਾ ਸੀ।
ਕਿਸਾਨ ਜਥੇਬੰਦੀਆਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕਰਨ ਅਤੇ ਧਨਤੇਰਸ ਵਰਗੇ ਤਿਉਹਾਰਾਂ ਦੌਰਾਨ ਵੀ ਵਿਰੋਧ-ਪ੍ਰਦਰਸ਼ਨ ਕੀਤਾ ਗਿਆ ਸੀ। ਰੱਖੜੀ ਵਰਗੇ ਤਿਉਹਾਰ ’ਤੇ ਵੀ ਧਰਨੇ ਦਾ ਪ੍ਰੋਗਰਾਮ ਜਾਣਬੁੱਝ ਕੇ ਬਣਾਇਆ ਗਿਆ, ਜਿਸ ਕਾਰਨ ਲੱਖਾਂ ਭੈਣਾਂ ਨੂੰ ਪਰੇਸ਼ਾਨੀ ਝੱਲਣੀ ਪਈ। ਪਿਛਲੇ ਇੱਕ ਸਾਲ ਵਿੱਚ ਦੂਜੇ ਧਰਮਾਂ ਦੇ ਬਹੁਤ ਸਾਰੇ ਤਿਉਹਾਰ ਅੰਦੋਲਨ ਦੇ ਦੌਰਾਨ ਆਏ, ਜਿਨ੍ਹਾਂ ਨੂੰ ਕਿਸਾਨ ਮੋਰਚਾ ਖੁਦ ਸਟੇਜ ਤੇ ਮਨਾਉਂਦਾ ਰਿਹਾ, ਫਿਰ ਕੀ ਸਿਰਫ ਹਿੰਦੂ ਤਿਉਹਾਰਾਂ ਤੇ ਹੀ ਐਕਸ਼ਨ ਪ੍ਰੋਗਰਾਮ ਦੇਣਾ ਉਚਿਤ ਹੈ?
ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਤਿਉਹਾਰਾਂ ਦੇ ਮੌਕੇ ’ਤੇ ਧਰਨੇ, ਬੰਦ ਅਤੇ ਪ੍ਰਦਰਸ਼ਨਾਂ ਵਰਗੇ ਪ੍ਰੋਗਰਾਮ ਨਾ ਸਿਰਫ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ, ਸਗੋਂ ਕਾਰੋਬਾਰ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਜਿਸ ਲਖੀਮਪੁਰ ਖੀਰੀ ਦੀ ਘਟਨਾ ਨੂੰ ਮੁੱਦਾ ਬਣਾ ਕੇ ਹੁਣ ਧਰਨੇ-ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ, ਉਸ ਮਾਮਲੇ ‘ਚ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ ਅਤੇ ਮੁੱਖ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਯੂ.ਪੀ. ਸਰਕਾਰ ਵੱਲੋਂ ਢੁਕਵੇਂ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਹੈ। ਮੁੱਖ ਮੰਤਰੀ ਯੋਗੀ ਨੇ ਭਰੋਸਾ ਦਿੱਤਾ ਹੈ ਕਿ ਹਰ ਹਾਲਤ ਵਿੱਚ ਨਿਆਂ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ, ਸੰਯੁਕਤ ਕਿਸਾਨ ਮੋਰਚੇ ਨੂੰ ਸਿਰਫ ਆਪਣੇ ਸਿਆਸੀ ਹਿੱਤਾਂ ਨੂੰ ਅੱਗੇ ਰੱਖ ਕੇ ਹਿੰਦੂ ਤਿਉਹਾਰਾਂ ‘ਤੇ ਹਿੰਦੂਆਂ ਨੂੰ ਪ੍ਰੇਸ਼ਾਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

Comment here