ਲਖਨਊ-ਦੇਸ਼ ਵਿੱਚ ਨਰਾਤਿਆਂ ਦੇ ਚਲਦਿਆਂ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ, ਦੁਰਗਾ ਪੂਜਾ ਵੀ ਕੀਤੀ ਜਾ ਰਹੀ ਹੈ, ਇਸੇ ਦਰਮਿਆਨ ਯੂਪੀ ਦੇ ਭਦੋਹੀ ‘ਚ ਐਤਵਾਰ ਦੇਰ ਸ਼ਾਮ ਇਕ ਦੁਰਗਾ ਪੂਜਾ ਪੰਡਾਲ ਵਿੱਚ ਅੱਗ ਲੱਗ ਗਈ, ਜੋ ਦੇਖਦੇ ਹੀ ਦੇਖਦੇ ਸਾਰੇ ਪੰਡਾਲ ‘ਚ ਫੈਲ ਗਈ। ਅੱਗ ਦੀਆਂ ਭਿਆਨਕ ਲਪਟਾਂ ਦੇਖ ਹਰ ਕੋਈ ਸਹਿਮ ਗਿਆ। ਅੱਗ ਲੱਗਣ ਦੀ ਖ਼ਬਰ ਨਾਲ ਪੰਡਾਲ ਵਿੱਚ ਹਫੜਾ-ਦਫੜੀ ਮਚ ਗਈ। ਇਸ ਵਿੱਚ 50 ਤੋਂ ਵੱਧ ਲੋਕ ਝੁਲਸ ਗਏ। ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ‘ਚ ਔਰਤਾਂ ਅਤੇ ਬੱਚੇ ਜ਼ਿਆਦਾ ਹਨ। ਔਰਾਈ ਕੋਤਵਾਲੀ ਤੋਂ ਕੁਝ ਕਦਮ ਦੂਰ ਸਥਿਤ ਏਕਤਾ ਦੁਰਗਾ ਪੰਡਾਲ ਵਿੱਚ ਐਤਵਾਰ ਰਾਤ ਕਰੀਬ 8 ਵਜੇ ਆਰਤੀ ਦੌਰਾਨ ਇਹ ਅੱਗ ਲੱਗੀ, ਜਿਸ ਦੀ ਲਪੇਟ ‘ਚ ਆਉਣ ਨਾਲ 50 ਤੋਂ ਵੱਧ ਲੋਕ ਝੁਲਸ ਗਏ। ਸੂਚਨਾ ਮਿਲਣ ‘ਤੇ ਡੀਐੱਮ-ਐੱਸਪੀ ਸਮੇਤ ਵੱਡੀ ਗਿਣਤੀ ‘ਚ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ। ਝੁਲਸੇ ਬੱਚਿਆਂ ਅਤੇ ਔਰਤਾਂ ਨੂੰ ਸੀ.ਐੱਚ.ਸੀ. ਸਮੇਤ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।ਔਰਾਈ-ਭਦੋਹੀ ਰੋਡ ‘ਤੇ ਸਥਿਤ ਏਕਤਾ ਕਲੱਬ ਦਾ ਪੰਡਾਲ ਆਕਰਸ਼ਕ ਹੋਣ ਕਾਰਨ ਇੱਥੇ ਨਰਾਤਿਆਂ ਦੌਰਾਨ ਭਾਰੀ ਭੀੜ ਹੁੰਦੀ ਹੈ। ਐਤਵਾਰ ਰਾਤ 8 ਵਜੇ ਪੰਡਾਲ ਦੀ ਆਰਤੀ ‘ਚ 150 ਤੋਂ ਵੱਧ ਮਰਦ-ਔਰਤਾਂ ਸ਼ਾਮਲ ਹੋਏ। ਪੰਡਾਲ ਵਿੱਚ ਡਿਜੀਟਲ ਸ਼ੋਅ ਵੀ ਚੱਲ ਰਿਹਾ ਸੀ ਕਿ ਅਚਾਨਕ ਪੰਡਾਲ ਵਿੱਚ ਅੱਗ ਲੱਗ ਗਈ, ਜਿਸ ਨੂੰ ਦੇਖ ਕੇ ਹਫੜਾ-ਦਫੜੀ ਮਚ ਗਈ। ਅੱਗ ਤੇਜ਼ੀ ਨਾਲ ਪੰਡਾਲ ਵਿੱਚ ਫੈਲ ਗਈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਕੁਝ ਲੋਕਾਂ ਦਾ ਮੰਨਣਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ, ਜਦਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਅੱਗ ਆਰਤੀ ਕਾਰਨ ਲੱਗੀ ਹੈ।
Comment here