ਆਬੂ ਧਾਬੀ- ਆਰਟਨ ਕੈਪੀਟਲ ਵੱਲੋਂ ਜਾਰੀ ਗਲੋਬਲ ਪਾਸਪੋਰਟ ਇੰਡੈਕਸ ਨੇ ‘ਹਾਈਹੈਸਟ ਮੋਬੀਲਿਟੀ ਸਕੋਰ’ ਹਾਸਲ ਕਰਨ ਲਈ ਯੂ.ਏ.ਈ. ਦੇ ਪਾਸਪੋਰਟ ਨੂੰ ਦੁਨੀਆ ਵਿਚ ਪਹਿਲਾ ਸਥਾਨ ਦਿੱਤਾ ਹੈ, ਜੋ 152 ਦੇਸ਼ਾਂ ਵਿਚ ਪ੍ਰਵੇਸ਼ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਇਲਾਵਾ 98 ਦੇਸ਼ ਵੀਜ਼ਾ ਮੁਕਤ ਪ੍ਰਵੇਸ਼ ਦਾ ਪ੍ਰਸਤਾਵ ਦਿੰਦੇ ਹਨ, 54 ਦੇਸ਼ ਵੀਜ਼ਾ ਆਨ ਅਰਾਈਵਲ ਦਿੰਦੇ ਹਨ ਅਤੇ 46 ਦੇਸ਼ਾਂ ਵਿਚ ਪ੍ਰਵੇਸ਼ ਤੋਂ ਪਹਿਲਾਂ ਵੀਜ਼ਾ ਦੀ ਜ਼ਰੂਰਤ ਹੁੰਦੀ ਹੈ। ਯੂ.ਏ.ਈ. ਦਾ ਪਾਸਪੋਰਟ ਦਸੰਬਰ 2018 ਵਿਚ ਪਹਿਲੀ ਵਾਰ ਸਭ ਤੋਂ ਮਜ਼ਬੂਤ ਪਾਸਪੋਰਟ ਬਣਿਆ ਸੀ। 2019 ਵਿਚ ਇਸ ਨੇ ਆਪਣੇ ਰੈਂਕ ਨੂੰ ਬਰਕਰਾਰ ਰੱਖਿਆ ਪਰ 2020 ਵਿਚ ਇਹ ਫਿਸਲ ਕੇ 14ਵੇਂ ਸਥਾਨ ’ਤੇ ਆ ਗਿਆ। ਹੁਣ 2021 ਵਿਚ ਪਾਸਪੋਰਟ ਨੇ ਇਕ ਵਾਰ ਫਿਰ ਪਹਿਲਾ ਸਥਾਨ ਹਾਸਲ ਕਰ ਲਿਆ ਹੈ ਅਤੇ ਦੁਨੀਆ ਵਿਚ ਸਭ ਤੋਂ ਮਜ਼ਬੂਤ ਪਾਸਪੋਰਟ ਬਣ ਗਿਆ ਹੈ। ਯੂ.ਏ.ਈ. ਨੇ ਇਸ ਸਾਲ ਦੀ ਸ਼ੁਰੂਆਤ ਵਿਚ ਨਾਗਰਿਕਤਾ ਕਾਨੂੰਨ ਵਿਚ ਸੋਧ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਨਿਵੇਸ਼ਕਾਂ, ਪੇਸ਼ੇਵਰਾਂ, ਵਿਸ਼ੇਸ਼ ਪ੍ਰਤਿਭਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੁੱਝ ਸ਼ਰਤਾਂ ਤਹਿਤ ਯੂ.ਏ.ਈ. ਦੀ ਨਾਗਰਿਕਤਾ ਅਤੇ ਪਾਸਪੋਰਟ ਹਾਸਲ ਕਰਨ ਦੀ ਇਜਾਜ਼ਤ ਮਿਲੀ। ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਨਿਊਜ਼ੀਲੈਂਡ ਦੂਜਾ ਸਭ ਤੋਂ ਮਜ਼ਬੂਤ ਪਾਸਪੋਰਟ ਹੈ, ਜੋ 146 ਦੇਸ਼ਾਂ ਵਿਚ ਪ੍ਰਵੇਸ਼ ਦੀ ਇਜਾਜ਼ਤ ਦਿੰਦਾ ਹੈ। ਤੀਜੇ ਨੰਬਰ ’ਤੇ ਜਰਮਨੀ, ਫਿਨਲੈਂਡ, ਆਸਟ੍ਰੇਲੀਆ, ਲਕਸਮਬਰਗ, ਸਪੇਨ, ਇਟਲੀ, ਸਵਿਟਜ਼ਰਲੈਂਡ, ਦੱਖਣੀ ਕੋਰੀਆ ਅਤੇ ਆਸਟ੍ਰੇਲੀਆ ਆਉਂਦੇ ਹਨ, ਇਨ੍ਹਾਂ ਦੇ ਪਾਸਪੋਰਟ ਧਾਰਕ 144 ਦੇਸ਼ਾਂ ਵਿਚ ਪ੍ਰਵੇਸ਼ ਕਰ ਸਕਦੇ ਹਨ। ਪਾਸਪੋਰਟ ਦੀ ਰੈਂਕਿੰਗ ਧਾਰਕਾਂ ਦੀ ਆਵਾਜਾਈ ਦੀ ਆਜ਼ਾਦੀ ਅਤੇ ਵੀਜ਼ਾ ਮੁਕਤ ਯਾਤਰਾ ’ਤੇ ਆਧਾਰਿਤ ਹੈ। ਕੋਵਿਡ-19 ਮਹਾਮਾਰੀ ਦੇ ਬਾਅਦ ਦੇਸ਼ਾਂ ਵਿਚਾਲੇ ਵੀਜ਼ਾ ਸਬੰਧੀ ਨਿਯਮ ਬਦਲਣ ਦੇ ਬਾਅਦ ਰੈਂਕਿੰਗ ਵਿਚ ਬਦਲਾਅ ਕੀਤਾ ਗਿਆ ਹੈ। ਭਾਰਤੀ ਪਾਸਪੋਰਟ ਨੂੰ ਇਸ ਵਿਚ 72ਵਾਂ ਸਥਾਨ ਹਾਸਲ ਹੋਇਆ ਹੈ। ਵਿਸ਼ਵ ਪੱਧਰ ’ਤੇ ਅਫ਼ਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਹੈ। ਇਸ ਤੋਂ ਬਾਅਦ ਇਰਾਕ, ਸੀਰੀਆ, ਪਾਕਿਸਤਾਨ, ਸੋਮਾਲੀਆ, ਯਮਨ, ਮਿਆਂਮਾਰ, ਫਲਸਤੀਨੀ ਪ੍ਰਦੇਸ਼, ਇਰੀਟਰੀਆ ਅਤੇ ਈਰਾਨ ਹਨ।
Comment here