ਅਪਰਾਧਖਬਰਾਂਪ੍ਰਵਾਸੀ ਮਸਲੇ

ਦੁਬਈ ’ਚ ਫਸੀ ਪੰਜਾਬੀ ਗੱਭਰੂ ਦੀ ਜਾਨ, ਵੀਡੀਓ ਵਾਇਰਲ

ਤਰਨਤਾਰਨ-ਦੁਬਈ ਦੇ ਸਖ਼ਤ ਕਾਨੂੰਨ ਦੀ ਜਕੜ ’ਚ ਫਸਿਆ ਤਰਨਤਾਰਨ ਦੇ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ। ਪਿੰਡ ਭੈਲ ਢਾਏ ਵਾਲੇ ਦੇ ਨਿਵਾਸੀ ਪਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਕਰਦੇ ਹੋਏ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਮਦਦ ਦੀ ਗੁਹਾਰ ਲਗਾਈ ਹੈ। ਜ਼ਿਕਰਯੋਗ ਹੈ ਕਿ ਦੁਬਈ ਦੇ ਕਾਨੂੰਨ ਅਨੁਸਾਰ ਡਰਾਈਵਰ ਪਰਮਜੀਤ ਸਿੰਘ ਨੂੰ ਸਜ਼ਾ ਕੱਟਣ ਦੇ ਬਾਵਜੂਦ 70 ਲੱਖ ਰੁਪਏ ਜੁਰਮਾਨਾ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਤੋਂ ਦੁਖੀ ਹੋ ਪੀੜਤ ਦੇ ਪਰਿਵਾਰਿਕ ਮੈਂਬਰਾਂ ਵਲੋਂ ਪੁੱਤਰ ਨੂੰ ਸਹੀ ਸਲਾਮਤ ਵਾਪਸ ਭਾਰਤ ਭੇਜਣ ਦੀ ਗੁਹਾਰ ਲਗਾਈ ਜਾ ਰਹੀ ਹੈ।
ਘਰ ਦੇ ਹਾਲਾਤ ਨੂੰ ਸੁਧਾਰਨ ਲਈ ਦੁਬਈ ਗਏ ਪਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਭੈਲ ਢਾਏ ਵਾਲਾ ਨੇ ਆਪਣੀ ਵੀਡੀਓ ਵਾਇਰਲ ਕਰਦੇ ਹੋਏ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਪਾਸੋਂ ਡਰਾਇਵਰੀ ਕਰਦੇ ਹੋਏ ਨਸ਼ੇ ਦੀ ਹਾਲਤ ’ਚ ਸੜਕੀ ਹਾਦਸਾ ਹੋ ਗਿਆ ਸੀ, ਜਿਸ ਬਾਬਤ ਉਸ ਵਲੋਂ ਸਜ਼ਾ ਦੇ ਤੌਰ ਉੱਪਰ ਜੇਲ੍ਹ ਵੀ ਕੱਟ ਲਈ ਗਈ ਸੀ ਪਰ ਹੁਣ ਦੁਬਈ ਦੇ ਸ਼ੇਖਾਂ ਵਲੋਂ ਉਸ ਨੂੰ ਮੁੜ ਕਰੀਬ 70 ਲੱਖ ਰੁਪਏ ਜੁਰਮਾਨਾ ਦੇਣ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪੀੜਤ ਨੇ ਮਦਦ ਦੀ ਗੁਹਾਰ ਲਗਾਉਂਦੇ ਹੋਏ ਦੱਸਿਆ ਕਿ ਉਹ ਇੰਨੀ ਵੱਡੀ ਰਕਮ ਦੇਣ ਦੇ ਕਾਬਿਲ ਨਹੀਂ ਹੈ ਕਿਉਂਕਿ ਉਸ ਦਾ ਪਰਿਵਾਰਕ ਪਿਛੋਕੜ ਬਹੁਤ ਜ਼ਿਆਦਾ ਗ਼ਰੀਬ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਦੁਬਈ ਦੇ ਸ਼ੇਖਾਂ ਵਲੋਂ ਉਸ ਨੂੰ ਜੁਰਮਾਨਾ ਨਾ ਦੇਣ ’ਤੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਪਰਮਜੀਤ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਵਾਪਸ ਭਾਰਤ ਭੇਜਿਆ ਜਾਵੇ।
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਮਜੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਮੀਡੀਏ ਸਾਹਮਣੇ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਹੈ ਕਿ ਜੇ ਉਸ ਦਾ ਪੁੱਤ ਸਹੀ ਸਲਾਮਤ ਵਾਪਸ ਭਾਰਤ ਨਾ ਪਰਤਿਆ ਤਾਂ ਉਹ ਖ਼ੁਦਕੁਸ਼ੀ ਕਰ ਲੈਣਗੇ, ਜਿਸ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਅਤੇ ਦੁਬਈ ਦੇ ਸ਼ੇਖਾਂ ਦੀ ਹੋਵੇਗੀ।

Comment here