ਵਾਸ਼ਿੰਗਟਨ- ਦੁਨੀਆ ਭਰ ਵਿਚ ਵਿਰੋਧ ਦੇ ਬਾਵਜੂਦ, ਪਾਬੰਦੀਆਂ ਲੱਗਣ ਦੇ ਬਾਵਜੂਦ ਰੂਸ ਨੇ ਯੁਕਰੇਨ ਤੇ ਫੌਜੀ ਕਾਰਵਾਈ ਜਾਰੀ ਰੱਖੀ ਹੋਈ ਹੈ। ਇਸ ਦਰਮਿਆ ਅਮਰੀਕਾ ਦਾ ਕਰੜਾ ਰੁਖ ਹੈ, ਅਮਰੀਕਾ ਨੇ ਦੋਸ਼ ਲਗਾਇਆ ਹੈ ਕਿ ਰੂਸ ਅਤੇ ਉਸ ਦੇ ਇਸ਼ਾਰੇ ‘ਤੇ ਕੰਮ ਕਰਨ ਵਾਲਿਆਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਪ੍ਰਭੂਸੱਤਾ ਸੰਪੰਨ ਫ਼ੈਸਲੇ ਲੈਣ ਦੀ ਸਮਰੱਥਾ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰਕੇ ਉਨ੍ਹਾਂ ਦੀ ਪ੍ਰਭੂਸੱਤਾ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ”ਅਸੀਂ ਯੂਕ੍ਰੇਨ ‘ਤੇ ਰੂਸ ਦੀ ਜੰਗ ਦੇ ਸੰਦਰਭ ‘ਚ ਯੂਕ੍ਰੇਨ ਦੀ ਪ੍ਰਭੂਸੱਤਾ ‘ਤੇ ਰੂਸ ਦੇ ਹਮਲੇ ਬਾਰੇ ਗੱਲ ਕੀਤੀ ਹੈ ਪਰ ਰੂਸ ਅਤੇ ਉਸ ਦੇ ਇਸ਼ਾਰੇ ਹੇਠ ਕੰਮ ਕਰਨ ਵਾਲਿਆਂ ਨੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਲੋਕਾਂ ਦੀ ਪ੍ਰਭੂਸੱਤਾ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਉਹ ਉਨ੍ਹਾਂ ਨੂੰ ਇਹ ਫ਼ੈਸਲਾ ਕਰਨ ਦੀ ਯੋਗਤਾ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੌਣ ਕੰਟਰੋਲ ਕਰੇਗਾ, ਉਨ੍ਹਾਂ ਦੀ ਅਗਵਾਈ ਕੌਣ ਕਰੇਗਾ ਅਤੇ ਉਨ੍ਹਾਂ ਦੀਆਂ ਚੋਣਾਂ ਵਿੱਚ ਕੌਣ ਜਿੱਤੇਗਾ।” ਪ੍ਰਾਈਸ ਨੇ ਕਿਹਾ, ”ਰੂਸ ਦੀਆਂ ਗਤੀਵਿਧੀਆਂ ਨੂੰ ਲੈ ਕੇ ਸਾਡੀਆਂ ਚਿੰਤਾਵਾਂ ਨਿਸ਼ਚਿਤ ਤੌਰ ‘ਤੇ ਇਕ ਦੇਸ਼ ਜਾਂ ਇਕ ਖੇਤਰ ਨੂੰ ਲੈ ਕੇ ਨਹੀਂ ਹਨ, ਸਗੋਂ ਇਹ ਵਿਸ਼ਵਵਿਆਪੀ ਹਨ। ਇਸ ਲਈ ਅਸੀਂ ਇਸ ਨੂੰ ਰੇਖਾਂਕਿਤ ਕਰਨਾ ਚਾਹੁੰਦੇ ਹਾਂ।” ਉਨ੍ਹਾਂ ਕਿਹਾ ਕਿ ਅਮਰੀਕਾ ਨੇ ਚੋਣ ਪ੍ਰਣਾਲੀਆਂ ਵਿੱਚ ਰੂਸ ਦੇ ਦਖ਼ਲ ਬਾਰੇ ਦੁਨੀਆ ਭਰ ਦੇ ਦੇਸ਼ਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਾਈਸ ਨੇ ਕਿਹਾ, “ਜਦੋਂ ਸਾਡੇ ਕੋਲ ਰੂਸੀ ਦਖ਼ਲਅੰਦਾਜ਼ੀ ਬਾਰੇ ਖ਼ੁਫ਼ੀਆ ਜਾਣਕਾਰੀ ਸਮੇਤ ਕੋਈ ਵੀ ਜਾਣਕਾਰੀ ਹੁੰਦੀ ਹੈ ਤਾਂ ਅਸੀਂ ਅਕਸਰ ਉਸ ਗੁਪਤ ਜਾਣਕਾਰੀ ਨੂੰ ਭਾਈਵਾਲ ਦੇਸ਼ਾਂ ਦੀਆਂ ਸਰਕਾਰਾਂ ਨਾਲ ਸਾਂਝਾ ਕਰਦੇ ਹਾਂ। ਅਸੀਂ ਉਸ ਦਖ਼ਲਅੰਦਾਜ਼ੀ ਨੂੰ ਨਾਕਾਮ ਕਰਨ ਦੇ ਤਰੀਕੇ ਲੱਭਣ ਲਈ ਉਨ੍ਹਾਂ ਨਾਲ ਕੰਮ ਕਰਦੇ ਹਾਂ। ਕਈ ਵਾਰ ਇਨ੍ਹਾਂ ਨੂੰ ਜਨਤਕ ਵੀ ਕੀਤਾ ਜਾਂਦਾ ਹੈ।”
Comment here