ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਦੁਨੀਆਂ ਭਰ ’ਚ ਓਮੀਕ੍ਰੋਨ ਦੀ ਦਹਿਸ਼ਤ ਜਾਰੀ

ਓਮੀਕ੍ਰੋਨ ਡੈਲਟਾ ਦੇ ਮੁਕਾਬਲੇ ਪੰਜ ਗੁਣਾ ਤੱਕ ਜ਼ਿਆਦਾ ਖ਼ਤਰਨਾਕ
ਦੱਖਣੀ ਅਫਰੀਕਾ ’ਚ ਓਮੀਕ੍ਰੋਨ ਇਨਫੈਕਸ਼ਨ ਦੇ ਮਾਮਲੇ ਘਟੇ
ਭਾਰਤ ’ਚ ਕੋਰੋਨਾ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ
ਨਵੀਂ ਦਿੱਲੀ-ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਕਾਰਨ ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਤੇਜ਼ ਹੋ ਰਹੀ ਹੈ। ਪੂਰੀ ਦੁਨੀਆ ’ਚ ਓਮੀਕ੍ਰੋਨ ਵੇਰੀਐਂਟ ਦੀ ਇਨਫੈਕਸ਼ਨ ’ਤੇ ਨਜ਼ਰ ਰੱਖਣ ਵਾਲੇ ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਦੱਖਣੀ ਅਫਰੀਕਾ ’ਚ ਓਮੀਕ੍ਰੋਨ ਇਨਫੈਕਸ਼ਨ ਦੇ ਘਟਦੇ ਮਾਮਲੇ ਇਸ ਗੱਲ ਦਾ ਸੰਕੇਤ ਦੇ ਰਹੇ ਹਨ। ਪਹਿਲੀ ਵਾਰ ਓਮੀਕ੍ਰੋਨ ਵੇਰੀਐਂਟ ਦੀ ਪਛਾਣ ਹੋਣ ਦੇ ਤਿੰਨ ਹਫ਼ਤਿਆਂ ਅੰਦਰ ਇਨਫੈਕਸ਼ਨ ਦਰ ਸਿਖਰ ’ਤੇ ਪੁੱਜ ਗਈ ਤੇ ਹੁਣ ਇਸ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਦੱਖਣੀ ਅਫਰੀਕਾ ਨੇ 24 ਨਵੰਬਰ ਨੂੰ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੀ ਜਾਣਕਾਰੀ ਦਿੱਤੀ ਸੀ ਤੇ ਉਸ ਤੋਂ ਦੋ ਦਿਨ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ‘ਵੇਰੀਐਂਟ ਆਫ ਕੰਸਰਨ’ ਐਲਾਨ ਦਿੱਤਾ ਸੀ। ਉਸ ਵੇਲੇ ਦੱਖਣੀ ਅਫਰੀਕਾ ’ਚ ਹਰ ਰੋਜ਼ ਕੋਰੋਨਾ ਦੇ ਲਗਪਗ 1300 ਨਵੇਂ ਮਾਮਲੇ ਆ ਰਹੇ ਸਨ। ਅਗਲੇ ਤਿੰਨ ਹਫ਼ਤਿਆਂ ’ਚ ਇਸ ’ਚ ਤੇਜ਼ੀ ਨਾਲ ਵਾਧਾ ਹੋਇਆ ਤੇ 12 ਦਸੰਬਰ ਨੂੰ ਇਹ 37 ਹਜ਼ਾਰ ਦਾ ਅੰਕੜਾ ਪਾਰ ਕਰ ਗਿਆ।
ਦੱਖਣੀ ਅਫਰੀਕਾ ’ਚ ਇਕ ਦਿਨ ’ਚ ਕੋਰੋਨਾ ਦੇ ਏਨੇ ਮਾਮਲੇ ਕਦੇ ਵੀ ਨਹੀਂ ਦੇਖੇ ਗਏ ਸਨ। ਪਰ ਇਸ ਤੋਂ ਬਾਅਦ ਦੱਖਣੀ ਅਫਰੀਕਾ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਇਹ ਲਗਪਗ 14 ਹਜ਼ਾਰ ਦੇ ਆਸ-ਪਾਸ ਸਿਮਟ ਗਏ ਹਨ। ਹੋਰਨਾਂ ਅਫਰੀਕੀ ਦੇਸ਼ਾਂ ’ਚ ਵੀ ਇਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।
ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਂਜ ਵੀ ਅਜੇ ਅਮਰੀਕਾ ਤੇ ਯੂਰਪੀ ਦੇਸ਼ਾਂ ’ਚ ਓਮੀਕ੍ਰੋਨ ਇਨਫੈਕਸ਼ਨ ਦੀ ਸਿਖਰ ਦੇਖਣ ਨੂੰ ਨਹੀਂ ਮਿਲ ਰਹੀ। ਪਰ ਜਿਸ ਤਰ੍ਹਾਂ ਉੱਥੇ ਨਵੇਂ ਮਾਮਲਿਆਂ ’ਚ ਬੇਤਹਾਸ਼ਾ ਵਾਧਾ ਹੋਇਆ ਹੈ, ਉਹ ਦੱਖਣੀ ਅਫਰੀਕਾ ਵਰਗੇ ਹਾਲਾਤ ਦੀ ਪੁਸ਼ਟੀ ਕਰ ਰਹੇ ਹਨ। ਉਨ੍ਹਾਂ ਅਨੁਸਾਰ ਅਮਰੀਕਾ ’ਚ ਦੋ ਦਸੰਬਰ ਨੂੰ ਓਮੀਕ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਤੇ ਤਿੰਨ ਹਫ਼ਤਿਆਂ ’ਚ ਉੱਥੇ ਇਕ ਦਿਨ ’ਚ ਇਨਫੈਕਟਿਡਾਂ ਦੀ ਗਿਣਤੀ ਦੋ ਲੱਖ 67 ਹਜ਼ਾਰ ਤੋਂ ਜ਼ਿਆਦਾ ਪੁੱਜ ਗਈ। ਏਸੇ ਤਰ੍ਹਾਂ ਬਰਤਾਨੀਆ ’ਚ ਇਕ ਦਿਨ ’ਚ ਇਕ ਲੱਖ 22 ਹਜ਼ਾਰ ਤਕ ਮਾਮਲੇ ਸਾਹਮਣੇ ਆ ਰਹੇ ਹਨ। ਅਮਰੀਕਾ ’ਚ ਨਵੇਂ ਮਾਮਲਿਆਂ ’ਚ 73 ਫ਼ੀਸਦੀ ਤੋਂ ਜ਼ਿਆਦਾ ਓਮੀਕ੍ਰੋਨ ਦੇ ਕੇਸ ਆ ਰਹੇ ਹਨ। ਸਪੱਸ਼ਟ ਹੈ ਕਿ ਜੇ ਏਸੇ ਤਰ੍ਹਾਂ ਓਮੀਕ੍ਰੋਨ ਦੀ ਇਨਫੈਕਸ਼ਨ ਫੈਲਦੀ ਰਹੀ ਤਾਂ ਬਹੁਤ ਛੇਤੀ ਜ਼ਿਆਦਾਤਰ ਅਬਾਦੀ ਤਕ ਇਹ ਪੁੱਜ ਜਾਵੇਗਾ ਤੇ ਉਸ ਤੋਂ ਬਾਅਦ ਨਵੇਂ ਮਾਮਲਿਆਂ ’ਚ ਗਿਰਾਵਟ ਆਉਣੀ ਸ਼ੁਰੂ ਹੋ ਜਾਵੇਗੀ।
ਜਨਵਰੀ ’ਚ ਸ਼ੁਰੂ ਹੋਈ ਤਾਂ ਫਰਵਰੀ ਤਕ ਸਿਖਰ ’ਤੇ ਹੋਵੇਗੀ ਤੀਜੀ ਲਹਿਰ
ਭਾਰਤ ’ਚ ਪਹਿਲੀ ਤੇ ਦੂਜੀ ਲਹਿਰ ਦਾ ਮੁਕਾਬਲਾ ਕਰਦਿਆਂ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਰਚ ’ਚ ਨਵੇਂ ਮਾਮਲਿਆਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਸੀ ਤੇ ਇਹ 17 ਸਤੰਬਰ ਤਕ ਆਪਣੀ ਸਿਖਰ ’ਤੇ ਪੁੱਜ ਗਈ ਸੀ। ਉਧਰ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲੇ ਡੈਲਟਾ ਵੇਰੀਐਂਟ ਕਾਰਨ ਦੂਜੀ ਲਹਿਰ ’ਚ 15 ਫਰਵਰੀ ਦੇ ਆਸਪਾਸ ਨਵੇਂ ਮਾਮਲਿਆਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਸੀ ਤੇ ਸੱਤ ਮਈ ਨੂੰ ਇਹ ਸਿਖਰ ’ਤੇ ਪੁੱਜ ਗਈ ਸੀ, ਜਦਕਿ ਇਕ ਦਿਨ ’ਚ ਚਾਰ ਲੱਖ ਤੋੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ। ਓਮੀਕ੍ਰੋਨ ਵੇਰੀਐਂਟ ਨੂੰ ਡੈਲਟਾ ਦੇ ਮੁਕਾਬਲੇ ਪੰਜ ਗੁਣਾ ਤਕ ਜ਼ਿਆਦਾ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਇਸ ਲਈ ਜਨਵਰੀ ’ਚ ਜੇ ਤੀਜੀ ਲਹਿਰ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਫਰਵਰੀ ਤਕ ਸਿਖਰ ਤਕ ਪੁੱਜ ਕੇ ਘੱਟ ਹੋਣੀ ਸ਼ੁਰੂ ਹੋ ਜਾਵੇਗੀ।
ਕਿਸੇ ਵੀ ਦੇਸ਼ ਦੇ ਸਿਹਤ ਢਾਂਚੇ ’ਤੇ ਨਹੀਂ ਆਈ ਦਬਾਅ ਦੀ ਸਥਿਤੀ
ਸਭ ਤੋਂ ਵੱਡੀ ਗੱਲ ਇਹ ਹੈ ਕਿ ਓਮੀਕ੍ਰੋਨ ਵੇਰੀਐਂਟ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਦੇ ਬਾਵਜੂਦ ਦੱਖਣੀ ਅਫਰੀਕਾ, ਬਰਤਾਨੀਆ ਜਾਂ ਅਮਰੀਕਾ ’ਚ ਹਸਪਤਾਲਾਂ ’ਚ ਭਰਤੀ ਹੋਣ ਵਾਲਿਆਂ ਦੀ ਗਿਣਤੀ ’ਚ ਉਸ ਅਨੁਪਾਤ ’ਚ ਵਾਧਾ ਨਹੀਂ ਦੇਖਿਆ ਗਿਆ। ਦੱਖਣੀ ਅਫਰੀਕਾ ’ਚ ਤਾਂ ਓਮੀਕ੍ਰੋਨ ਦੀ ਲਹਿਰ ਬਿਨਾਂ ਕਿਸੇ ਲਾਕ ਡਾਊਨ ਦੇ ਹੀ ਉਤਾਰ ’ਤੇ ਆ ਗਈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਓਮੀਕ੍ਰੋਨ ਨੂੰ ਲੈ ਕੇ ਦੁਨੀਆ ਭਰ ਤੋਂ ਆ ਰਹੇ ਸੰਕੇਤ ਰਾਹਤ ਦੇ ਰਹੇ ਹਨ ਪਰ ਦੇਖਣਾ ਹੋਵੇਗਾ ਕਿ ਭਾਰਤੀਆਂ ਦੇ ਜੀਨੋਮ ’ਚ ਇਹ ਵੇਰੀਐਂਟ ਕਿਸ ਤਰ੍ਹਾਂ ਰੰਗ ਦਿਖਾਉਂਦਾ ਹੈ।
ਵੈਕਸੀਨ ਦੀ ਦੂਸਰੀ ਤੇ ਪ੍ਰੀਕਾਸ਼ਨ ਡੋਜ਼ ਵਿਚਾਲੇ ਹੋ ਸਕਦਾ ਹੈ ਨੌਂ ਮਹੀਨਿਆਂ ਦਾ ਫ਼ਰਕ
ਕੋਰੋਨਾ ਟੀਕੇ (ਵੈਕਸੀਨ) ਦੀ ਦੂਜੀ ਡੋਜ਼ ਤੇ ਪ੍ਰੀਕਾਸ਼ਨ ਡੋਜ਼ ਵਿਚਾਲੇ ਨੌਂ ਤੋਂ 12 ਮਹੀਨਿਆਂ ਦਾ ਫ਼ਰਕ ਹੋ ਸਕਦਾ ਹੈ। ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ’ਚ ਕੋਰੋਨਾ ਟੀਕਾਕਰਨ ’ਚ ਵਰਤੇ ਜਾ ਰਹੇ ਕੋਵਿਸ਼ੀਲਡ ਤੇ ਕੋਵੈਕਸੀਨ ਟੀਕਿਆਂ ਦੀ ਦੂਸਰੀ ਤੇ ਪ੍ਰਿਕਾਸ਼ਨ ਡੋਜ਼ ਵਿਚਾਲੇ ਫ਼ਰਕ ਨੂੰ ਘੱਟ ਕੀਤਾ ਜਾ ਰਿਹਾ ਹੈ। ਜਲਦ ਹੀ ਇਸ ’ਤੇ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਰਾਤ ਟੈਲੀਵਿਜ਼ਨ ’ਤੇ ਦੇਸ਼ ਦੇ ਨਾਂ ਸੰਬੋਧਨ ’ਚ ਐਲਾਨ ਕੀਤਾ ਸੀ ਕਿ 15 ਤੋਂ 18 ਸਾਲ ਦੇ ਬਾਲਗਾਂ ਨੂੰ ਤਿੰਨ ਜਨਵਰੀ ਤੋਂ ਕੋਰੋਨਾ ਦੇ ਟੀਕੇ ਲਗਾਏ ਜਾਣਗੇ, ਜਦੋਂਕਿ ਹੈਲਥਕੇਅਰ ਤੇ ਫਰੰਟਲਾਈਨ ਵਰਕਰਾਂ ਨੂੰ 10 ਜਨਵਰੀ ਤੋਂ ਕੋਰੋਨਾ ਦੇ ਟੀਕਿਆਂ ਦੀ ਪ੍ਰਿਕਾਸ਼ਨ ਡੋਜ਼ ਦਿੱਤੀ ਜਾਵੇਗੀ। ਇਹ ਫ਼ੈਸਲਾ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਟੀਕੇ ਦੀ ਦੂਸਰੀ ਤੇ ਪ੍ਰਿਕਾਸ਼ਨ ਡੋਜ਼ ਵਿਚਾਲੇ ਫ਼ਰਕ ’ਤੇ ਟੀਕਾਕਰਨ ਵਿਭਾਗ ਤੇ ਟੀਕਾਕਰਨ ’ਤੇ ਕੌਮੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਵਿਚਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਦੇਸ਼ ਦੀ 61 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤਰ੍ਹਾਂ ਲਗਪਗ 90 ਫ਼ੀਸਦੀ ਬਾਲਗ ਆਬਾਦੀ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ।
ਦਿੱਲੀ ’ਚ ਸੋਮਵਾਰ ਤੋਂ ਨਾਇਟ ਕਰਫਿਊ ਦਾ ਐਲਾਨ
ਦਿੱਲੀ ’ਚ ਵੱਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਰਾਜਧਾਨੀ ’ਚ ਸੋਮਵਾਰ ਤੋਂ ਨਾਇਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਨਾਇਟ ਕਰਫਿਊ ਸੋਮਵਾਰ (27 ਦਸੰਬਰ) ਤੋਂ ਸ਼ੁਰੂ ਹੋਵੇਗਾ, ਜੋ ਰਾਤ 11 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ ਪੰਜ ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨਾਲ ਸਬੰਧਿਤ ਲੋਕਾਂ ਨੂੰ ਹੀ ਬਾਹਰ ਨਿਕਲਣ ਦੀ ਆਗਿਆ ਹੋਵੇਗੀ । ਬਿਨਾਂ ਕਿਸੇ ਕਾਰਨ ਘਰੋਂ ਨਿਕਲਣ ਵਾਲੀਆਂ ’ਤੇ ਸਖਤੀ ਵਰਤੀ ਜਾਵੇਗੀ।
ਚੰਡੀਗੜ੍ਹ ’ਚ ਓਮੀਕ੍ਰੋਨ ਦਾ ਖਤਰਾ ਵਧਿਆ
ਚੰਡੀਗੜ੍ਹ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਵਿਚੋਂ 2 ਦੇ ਓਮੀਕ੍ਰੋਨ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 3 ਦੇ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਓਮੀਕ੍ਰੋਨ ਪੀੜਤਾਂ ਵਿੱਚ ਇੱਕ 80 ਸਾਲ ਦੇ ਬਜ਼ੁਰਗ ਹੈ, ਜੋ ਹਾਈਪਰਟੈਨਸ਼ਨ ਦਾ ਮਰੀਜ਼ ਹੈ ਅਤੇ ਦੂਜਾ ਵਿਅਕਤੀ 45 ਸਾਲ ਦੀ ਉਮਰ ਦਾ ਹੈ। ਹਾਲਾਂਕਿ ਪਹਿਲਾਂ 45 ਸਾਲਾ ਵਿਅਕਤੀ ਦੀ 24 ਦਸੰਬਰ ਨੂੰ ਆਰਟੀਪੀਸੀਆਰ ਨੈਗੇਟਿਵ ਆਈ ਸੀ ਅਤੇ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ। ਇਨ੍ਹਾਂ ਦੋ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਹੁਣ ਤੱਕ ਚੰਡੀਗੜ੍ਹ ਵਿੱਚ ਤਿੰਨ ਵਿਅਕਤੀ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਨਾਲ ਪੀੜਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ 12 ਦਸੰਬਰ ਨੂੰ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਤੋਂ ਪੀੜਤ ਪਾਇਆ ਗਿਆ ਸੀ। ਉਸ ਬਾਰੇ ਜੀਨੋਮ ਸੀਕੁਏਂਸਿੰਗ ਤੋਂ ਪਤਾ ਚੱਲਿਆ ਸੀ ਕਿ ਇਸਦਾ ਇੱਕ ਓਮਾਈਕਰੋਨ ਵੈਰੀਐਂਟ ਹੈ। ਪੀੜਤ ਵਿਅਕਤੀ ਨੂੰ ਫਾਈਜ਼ਰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਸਨ। ਸੰਕਰਮਿਤ ਪਾਇਆ ਗਿਆ ਵਿਅਕਤੀ ਆਇਰਲੈਂਡ ਦਾ ਨਾਗਰਿਕ ਸੀ।

Comment here