ਸਿਆਸਤਖਬਰਾਂਖੇਡ ਖਿਡਾਰੀਚਲੰਤ ਮਾਮਲੇਦੁਨੀਆ

ਦੀਪਕ, ਸਾਕਸ਼ੀ ਤੇ ਬਜਰੰਗ ਨੇ ਜਿੱਤਿਆ ਸੋਨਾ

 ਬਰਮਿੰਘਮ- ਕਾਮਨਵੈਲਥ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦੀ ਬੱਲੇ ਬੱਲੇ ਹੋ ਰਹੀ ਹੈ। ਰਾਸ਼ਟਰਮੰਡਲ ਖੇਡਾਂ 2022 ਦੇ ਪੁਰਸ਼ 86 ਕਿਲੋਗ੍ਰਾਮ ਵਰਗ ‘ਚ ਭਾਰਤੀ ਪਹਿਲਵਾਨ ਦੀਪਕ ਪੂਨੀਆ ਨੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਦੇ ਇਨਨਾਮ ਨੂੰ 3-0 ਤੋਂ ਹਰਾ ਦਿੱਤਾ। ਪਾਕਿ ਪਹਿਲਵਾਨ ਸ਼ੁਰੂਆਤ ਤੋਂ ਹੀ ਡਿਫੈਂਸ ਮੋਡ ‘ਚ ਦਿਸੇ ਸਨ। ਦੀਪਕ ਨੇ ਆਪਣੇ ਅਨੁਭਵ ਦਾ ਫਾਇਦਾ ਉਠਾਉਂਦਿਆਂ ਗੋਲਡ ਮੈਡਲ ਆਪਣੇ ਨਾਂ ਲੈ ਕੀਤਾ। ਦੀਪਕ ਦਾ ਇਹ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲਾ ਮੈਡਲ ਹੈ। ਉਹ ਏਸ਼ੀਆ ਚੈਂਪੀਅਨਸ਼ਿਪ ਵਿੱਚ ਸਿਲਵਰ ਤਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਸਿਲਵਰ ਜਿੱਤ ਚੁੱਕੇ ਹਨ।

ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਮਹਿਲਾ 62 ਕਿਲੋ ਵਰਗ ’ਚ ਕੈਨੇਡੀਅਨ ਐਨਾ ਪੌਲਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਰਾਸ਼ਟਰਮੰਡਲ ਖੇਡਾਂ ’ਚ ਸਾਕਸ਼ੀ ਦਾ ਇਹ ਤੀਜਾ ਤਮਗਾ ਹੈ। ਉਹ ਇਸ ਤੋਂ ਪਹਿਲਾਂ 2014 ’ਚ ਚਾਂਦੀ, 2018 ’ਚ ਕਾਂਸੀ ਦਾ ਤਮਗਾ ਜਿੱਤ ਚੁੱਕੀ ਹੈ ਪਰ ਇਸ ਵਾਰ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤਿਆ। ਹਾਲਾਂਕਿ ਫਾਈਨਲ ਮੈਚ ਇੰਨਾ ਆਸਾਨ ਨਹੀਂ ਸੀ। ਕੈਨੇਡੀਅਨ ਪਹਿਲਵਾਨ ਪਹਿਲੇ ਗੇੜ ਤੱਕ 4-0 ਨਾਲ ਅੱਗੇ ਸੀ ਪਰ ਸਾਕਸ਼ੀ ਨੇ ਦੂਜੇ ਦੌਰ ’ਚ ਉਸ ਨੂੰ ਪਛਾੜ ਕੇ ਸੋਨ ਤਮਗਾ ਜਿੱਤ ਲਿਆ।

ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਰਾਸ਼ਟਰਮੰਡਲ ਖੇਡਾਂ ਦੇ 65 ਕਿਲੋਗ੍ਰਾਮ ਵਰਗ ਦੇ ਮੁਕਾਬਲੇ ’ਚ ਕੈਨੇਡਾ ਦੇ ਲਚਲਾਨ ਮੈਕਨੀਲਾ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ’ਚ ਬਜਰੰਗ ਦਾ ਇਹ ਤੀਜਾ ਤਮਗਾ ਹੈ। ਉਨ੍ਹਾਂ ਨੇ 2014 ’ਚ ਚਾਂਦੀ ਅਤੇ 2018 ’ਚ ਸੋਨ ਤਮਗਾ ਜਿੱਤਿਆ। ਹੁਣ ਉਨ੍ਹਾਂ ਨੇ ਮੁੜ ਤਮਗਾ ਜਿੱਤ ਕੇ ਹੈਟ੍ਰਿਕ ਲਗਾ ਦਿੱਤੀ। ਬਜਰੰਗ ਨੇ ਫਾਈਨਲ ਮੈਚ ’ਚ ਮੈਕਨੀਲਾ ਨੂੰ ਲੀਡ ਲੈਣ ਦਾ ਮੌਕਾ ਨਹੀਂ ਦਿੱਤਾ। ਪਹਿਲੇ ਦੌਰ ’ਚ 4-0 ਨਾਲ ਅੱਗੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਤਜਰਬੇ ਦਾ ਫਾਇਦਾ ਉਠਾਉਂਦੇ ਹੋਏ ਸੋਨ ਤਮਗਾ ਜਿੱਤ ਲਿਆ।

ਕਾਮਨਵੈਲਥ ਗੇਮਜ਼ 2022 ਦੇ ਕੁਸ਼ਤੀ ਮਹਿਲਾ 57 ਕਿਲੋਗ੍ਰਾਮ ਵਰਗ ’ਚ ਭਾਰਤੀ ਪਹਿਲਵਾਨ ਅੰਸ਼ੂ ਮਲਿਕ ਦਾ ਮੁਕਾਬਲਾ ਨਾਈਜੀਰੀਆ ਦੀ ਓਡਨਾਓ ਅਦੇਦੁਓਰੋਯੇ ਨਾਲ ਹੋਇਆ, ਜਿਸ ’ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅੰਸ਼ੂ ਸ਼ੁਰੂਆਤ ਵਿਚ ਡਿਫ਼ੈਂਸ ’ਚ ਦਿਖੀ, ਜਿਸ ਦਾ ਓਡੁਨਾਓ ਨੇ ਭਰਪੂਰ ਫਾਇਦਾ ਚੁੱਕ ਕੇ ਲੀਡ ਲੈ ਲਈ। ਆਖਰੀ ਸੈਕਿੰਡਜ਼ ’ਚ ਅੰਸ਼ੂ ਨੇ ਕੋਸ਼ਿਸ਼ ਕੀਤੀ ਤੇ ਸਕੋਰ 4-6 ਤਕ ਲੈ ਆਈ ਪਰ ਉਦੋਂ ਤਕ ਸਮਾਂ ਖ਼ਤਮ ਹੋ ਗਿਆ ਤੇ ਉਨ੍ਹਾਂ ਨੂੰ ਸਿਲਵਰ ਨਾਲ ਸਬਰ ਕਰਨ ਪਿਆ। ਅੰਸ਼ੂ ਨੇ ਆਖਿਰ ’ਚ ਜੱਜ ਦੇ ਫ਼ੈਸਲੇ ਨੂੰ ਚੈਲੰਜ ਵੀ ਕੀਤਾ ਪਰ ਉਹ ਜਿੱਤ ਨਹੀਂ ਸਕੀ।

ਦੇਸ਼ ਦੇ ਨੇਤਾ ਮਾਣ ਨਾਲ ਦੂਣੇ ਹੋਏ..

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਰੰਗ ਪੂਨੀਆ ਤੇ ਅੰਸ਼ੂ ਮਲਿਕ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਕੁਸ਼ਤੀ ‘ਚ ਕ੍ਰਮਵਾਰ ਸੋਨ ਅਤੇ ਚਾਂਦੀ ਦੇ ਤਮਗੇ ਜਿੱਤਣ ‘ਤੇ ਵਧਾਈ ਦਿੱਤੀ ਹੈ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਨੇ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਮੁਕਾਬਲੇ ਦੇ ਫਾਈਨਲ ਵਿੱਚ ਕੈਨੇਡਾ ਦੇ ਲਚਲਾਨ ਮੈਕਨੀਲ ਨੂੰ 9-2 ਨਾਲ ਹਰਾ ਕੇ ਆਪਣਾ ਖਿਤਾਬ ਬਰਕਰਾਰ ਰੱਖਿਆ। ਅੰਸ਼ੂ ਨੂੰ ਫਾਈਨਲ ‘ਚ ਨਾਈਜੀਰੀਆ ਦੇ ਓਦੁਨਾਯੋ ਫੋਲਾਸਾਦੇ ਐਜੂਕੁਰੋਏ ਤੋਂ 3-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਸ਼ਟਰਪਤੀ ਨੇ ਬਜਰੰਗ ਪੂਨੀਆ ਲਈ ਟਵੀਟ ਕੀਤਾ, ”ਰਾਸ਼ਟਰਮੰਡਲ ਖੇਡਾਂ ‘ਚ ਕੁਸ਼ਤੀ ‘ਚ ਲਗਾਤਾਰ ਸੋਨ ਤਮਗਾ ਜਿੱਤਣ ਅਤੇ ਇਤਿਹਾਸ ਰਚਣ ਲਈ ਬਜਰੰਗ ਪੂਨੀਆ ਨੂੰ ਵਧਾਈ। ਤੁਹਾਡੀ ਇਕਸਾਰਤਾ, ਸਮਰਪਣ ਅਤੇ ਉੱਤਮਤਾ ਸਾਡੇ ਨੌਜਵਾਨਾਂ ਲਈ ਪ੍ਰੇਰਨਾ ਹੈ। ਤੁਹਾਡਾ ਸੋਨ ਤਮਗਾ ਸਰਵੋਤਮ ਬਣਨ ਦੀ ਇੱਛਾ ਅਤੇ ਨਵੇਂ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ।” ਉਨ੍ਹਾਂ ਅੰਸ਼ੂ ਲਈ ਲਿਖਿਆ, ”ਅੰਸ਼ੂ ਮਲਿਕ ਨੂੰ ਰਾਸ਼ਟਰਮੰਡਲ ਖੇਡਾਂ ‘ਚ ਕੁਸ਼ਤੀ ‘ਚ ਚਾਂਦੀ ਦਾ ਤਮਗਾ ਜਿੱਤਣ ‘ਤੇ ਵਧਾਈ। ਤੁਸੀਂ ਸਰਵੋਤਮ ਅੰਤਰਰਾਸ਼ਟਰੀ ਪਹਿਲਵਾਨਾਂ ‘ਚੋਂ ਇਕ ਵਜੋਂ ਆਪਣੀ ਯੋਗਤਾ ਨੂੰ ਸਾਬਤ ਕੀਤਾ ਹੈ। ਤੁਹਾਡੀਆਂ ਸਾਰੀਆਂ ਭਵਿੱਖੀ ਕੋਸ਼ਿਸ਼ਾਂ ਲਈ ਮੇਰੀਆਂ ਸ਼ੁਭਕਾਮਨਾਵਾਂ।” ਮੋਦੀ ਨੇ ਬਜਰੰਗ ਪੂਨੀਆ ਲਈ ਲਿਖਿਆ, ”ਪ੍ਰਤਿਭਾਸ਼ਾਲੀ ਬਜਰੰਗ ਪੂਨੀਆ ਨਿਰੰਤਰਤਾ ਅਤੇ ਉੱਤਮਤਾ ਦਾ ਸਮਾਨਾਰਥੀ ਹੈ। ਉਸ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਲਗਾਤਾਰ ਤੀਸਰਾ ਸੋਨ ਤਮਗਾ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ ਵਧਾਈ। ਉਸ ਦਾ ਜਨੂੰਨ ਅਤੇ ਆਤਮ ਵਿਸ਼ਵਾਸ ਪ੍ਰੇਰਨਾਦਾਇਕ ਹੈ। ਮੇਰੀਆਂ ਸ਼ੁੱਭਕਾਮਨਾਵਾਂ।” ਪੀ.ਐੱਮ. ਮੋਦੀ ਨੇ ਅੰਸ਼ੂ ਨੂੰ ਟੈਗ ਕੀਤਾ ਅਤੇ ਟਵਿੱਟਰ ‘ਤੇ ਲਿਖਿਆ, ”ਅੰਸ਼ੂ ਨੂੰ ਜਨਮਦਿਨ ‘ਤੇ ਕੁਸ਼ਤੀ ‘ਚ ਚਾਂਦੀ ਦਾ ਤਮਗਾ ਜਿੱਤਣ ਲਈ ਵਧਾਈ। ਭਵਿੱਖ ਵਿੱਚ ਖੇਡਾਂ ‘ਚ ਸਫਲ ਸਫ਼ਰ ਲਈ ਮੇਰੀਆਂ ਸ਼ੁਭਕਾਮਨਾਵਾਂ। ਖੇਡਾਂ ਪ੍ਰਤੀ ਉਸ ਦਾ ਜਨੂੰਨ ਭਵਿੱਖ ਦੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗਾ।”

Comment here