ਚਾਰ ਮੈਂਬਰੀ ਐੱਸਆਈਟੀ ਬਣੀ
ਚੰਡੀਗੜ੍ਹ : ਡੀਜੀਪੀ ਪੰਜਾਬ ਗੌਰਵ ਯਾਦਵ ਨੇ ਮਾਨਸਾ ਵਿੱਚ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੀ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਇਸ ਮਾਮਲੇ ਦੀ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਇੱਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ।ਐੱਸਆਈਟੀ ਵਿੱਚ ਪਟਿਆਲਾ ਰੇਂਜ ਦੇ ਆਈਜੀਪੀ ਐੱਮਐਸ ਛੀਨਾ ਨੂੰ ਚੇਅਰਮੈਨ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਤਿੰਨ ਮੈਂਬਰਾਂ ਵਿੱਚ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਓਪਿੰਦਰਜੀਤ ਸਿੰਘ, ਐੱਸਐੱਸਪੀ ਮਾਨਸਾ ਗੌਰਵ ਤੂਰਾ ਅਤੇ ਡੀਐਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਸ਼ਾਮਲ ਹਨ। ਸਟੇਸ਼ਨ ਹਾਊਸ ਅਫਸਰ (ਐੱਸਐੱਚਓ) ਪੁਲਿਸ ਥਾਣਾ ਸਿਟੀ-1 ਮਾਨਸਾ ਵੱਲੋਂ ਐੱਸਆਈਟੀ ਨੂੰ ਪੂਰਾ ਸਹਿਯੋਗ ਹੋਵੇਗਾ ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ ਅਤੇ ਪੁਲਿਸ ਦੀਆਂ ਕਈ ਟੀਮਾਂ ਫਰਾਰ ਹੋਏ ਗੈਂਗਸਟਰ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।ਸਰਗਰਮ ਪਹੁੰਚ ਅਪਣਾਉਂਦਿਆਂ ਪੰਜਾਬ ਪੁਲਿਸ ਵੱਲੋਂ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਤੁਰੰਤ ਮੁਅੱਤਲ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਸੀ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਦੇ ਦੋਸ਼ ਵਿੱਚ ਉਸ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਸੀ । ਡੀ.ਜੀ.ਪੀ. ਨੇ ਕਿਹਾ ਕਿ ਐਸ.ਆਈ.ਟੀ. ਇਸ ਮਾਮਲੇ ਦੀ ਰੋਜ਼ਾਨਾ ਅਧਾਰ ’ਤੇ ਜਾਂਚ ਕਰੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਸਬੰਧਤ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇਗੀ।ਇਥੇ ਜਿਕਰਯਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਤੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਕੁਛ ਸਮਾਂ ਪਹਿਲਾਂ ਤੜਕੇ ਤਿੰਨ ਵਜੇ ਮਾਨਸਾ ਸੀਆਈਏ ਹਿਰਾਸਤ ’ਵਿਚੋਂ ਫ਼ਰਾਰ ਹੋ ਗਿਆ ਸੀ। ਸੂਤਰਾਂ ਅਨੁਸਾਰ ਉਸ ਨੂੰ ਗੋਇੰਦਵਾਲ ਦੀ ਜੇਲ੍ਹ ’ਵਿਚੋਂ ਕਿਸੇ ਪੁੱਛ-ਪੜਤਾਲ ਲਈ ਇਥੇ ਲਿਆਂਦਾ ਗਿਆ ਸੀ ਅਤੇ ਉਹ ਸੀਆਈਏ ਦੀ ਹਿਰਾਸਤ ’ਵਿਚੋਂ ਫ਼ਰਾਰ ਹੋ ਗਿਆ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਨਜ਼ਦੀਕੀ ਹੈ। ਪੰਜਾਬ ਪੁਲੀਸ ਨੇ ਪੰਜਾਬ ਅਤੇ ਹਰਿਆਣਾ ਵਿੱਚ ਵੀ ਤਲਾਸ਼ੀ ਮੁਹਿੰਮ ਚਲਾ ਦਿੱਤੀ ਹੈ। ਟੀਨੂੰ, ਮੂਸੇਵਾਲਾ ਕਤਲ ਕੇਸ ਵਿੱਚ ਚਾਰਜਸ਼ੀਟ ਕੀਤੇ 24 ਮੁਲਜ਼ਮਾਂ ਵਿੱਚੋਂ ਇੱਕ ਹੈ। 4 ਜੁਲਾਈ ਨੂੰ ਪੰਜਾਬ ਪੁਲੀਸ ਟੀਨੂੰ ਨੂੰ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਪ੍ਰੋਡਕਸ਼ਨ ਵਾਰੰਟਾਂ ‘ਤੇ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਸੀ। ਮਾਨਸਾ ਪੁਲੀਸ ਵੱਲੋਂ ਦਾਇਰ ਚਾਰਜਸ਼ੀਟ ਅਨੁਸਾਰ ਟੀਨੂੰ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਹੈ ਅਤੇ ਉਹ ਵੱਖ-ਵੱਖ ਜੇਲ੍ਹਾਂ ਵਿੱਚ ਉਨ੍ਹਾਂ ਨਾਲ ਬੰਦ ਸੀ। ਪਿਛਲੇ ਮਹੀਨੇ ਜੇਲ੍ਹ ਵਿੱਚ ਉਸ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਸੀ। ਦਿਲਚਸਪ ਗੱਲ ਇਹ ਹੈ ਕਿ ਮੋਬਾਈਲ ਫ਼ੋਨ ਬਰਾਮਦ ਹੋਣ ਤੋਂ ਕਰੀਬ ਤਿੰਨ ਹਫ਼ਤੇ ਬਾਅਦ ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਸੂਚਨਾ ਅਨੁਸਾਰ ਟੀਨੂੰ 2017 ਵਿਚ ਵੀ ਪੁਲੀਸ ਹਿਰਾਸਤ ‘ਵਿਚੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਦਸੰਬਰ ਵਿੱਚ ਭਿਵਾਨੀ ਪੁਲੀਸ ਨੇ ਬੰਗਲੌਰ ਤੋਂ ਗ੍ਰਿਫਤਾਰ ਕੀਤਾ ਸੀ।
ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਦੀਪਕ ਟੀਨੂੰ ਦੇ ਫ਼ਰਾਰ ਹੋਣ ਕਾਰਨ ਗ੍ਰਿਫ਼ਤਾਰ ਕਰਕੇ ਮੁਅੱਤਲ ਕਰ ਦਿੱਤਾ ਗਿਆ ਸੀ। ਦੀਪਕ ਟੀਨੂੰ ਨੂੰ ਭਜਾਉਣ ਦੇ ਦੋਸ਼ ‘ਚ ਬਰਖ਼ਾਸਤ ਕੀਤੇ ਸੀ.ਆਈ.ਏ. ਸਟਾਫ਼ ਮਾਨਸਾ ਦੇ ਸਾਬਕਾ ਇੰਚਾਰਜ ਪਿ੍ਤਪਾਲ ਸਿੰਘ ਦੀ ਅਣਅਧਿਕਾਰਤ ਰਿਹਾਇਸ਼ ਵਿਚੋਂ 2 ਪਿਸਤੌਲ 32 ਬੋਰ ਤੇ 9 ਐਮ.ਐਮ. ਅਤੇ 1 ਨਾਜਾਇਜ਼ ਰਿਵਾਲਵਰ ਬਰਾਮਦ ਕੀਤੇ ਗਏ ਸਨ । ਇਸੇ ਦੌਰਾਨ ਉਸ ਵਲੋਂ ਗੈਂਗਸਟਰ ਨੂੰ ਭਜਾਉਣ ਸਮੇਂ ਵਰਤੀ ਬਰੀਜਾ ਕਾਰ ਵੀ ਫੜੀ ਗਈ ਸੀ ।
ਉੱਧਰ ਪੁਲਿਸ ਨੂੰ ਖ਼ਦਸ਼ਾ ਹੈ ਕਿ ਕਥਿਤ ਦੋਸ਼ੀ ਵਿਦੇਸ਼ ‘ਚ ਨਾ ਭੱਜ ਜਾਵੇ ਕਿਉਂਕਿ ਉਹ ਮੂਸੇਵਾਲਾ ਕਤਲ ਕਾਂਡ ਦੇ ਸਾਜ਼ਿਸ਼ਘਾੜੇ ਤੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿਚ ਸੀ | ਭਾਵੇਂ ਟੀਨੂੰ ਖ਼ਿਲਾਫ਼ ਬੀਤੇ ਦਿਨੀਂ ਹੀ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ ਪਰ ਹੁਣ ਤਕ ਵੀ ਪੁਲਿਸ ਦੇ ਹੱਥ ਖ਼ਾਲੀ ਹਨ ।
ਕਾਂਗਰਸੀ ਆਗੂ ਪਰਗਟ ਸਿੰਘ ਨੇ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਫੜਿਆ ਗੈਂਗਸਟ ਦੀਪਕ ਮਾਨਸਾ ਪੁਲਿਸ ਦੀ ਹਿਰਾਸਤ ਤੋਂ ਪਿਛਲ ਰਾਤੀਂ ਭੱਜ ਗਿਆ ਹੈ। ਇਹ ਪੰਜਾਬ ਪੁਲਿਸ ਦਾ ਅਕਸ ਖ਼ਰਾਬ ਕਰ ਰਿਹਾ ਹੈ ਅਤੇ ਇਸੇ ਦੌਰਾਨ ਪੰਜਾਬ ਦੇ ਬੇਫਿਕਰ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿੱਚ ਗਰਬਾ ਕਰ ਰਹੇ ਹਨ।
ਇਸੇ ਤਰ੍ਹਾਂ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਗੁਜਰਾਤ ਵਿੱਚ ਗਰਬਾ ਕਰ ਰਹੇ ਹਨ ਤਾਂ ਦੀਪਕ ਸਿੱਧੂ ਮੂਸੇਵਾਲਾ ਦਾ ਕਾਤਲ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ ਹੈ।
ਜਦੋਂ ਇੱਕ ਨਿੱਜੀ ਕਾਰ ਵਿੱਚ ਬਿਨਾਂ ਹੱਥਕੜੀਆਂ ਦੇ ਲਿਜਾਇਆ ਜਾ ਰਿਹਾ ਸੀ ਅਤੇ ਉਸ ਨੂੰ ਫ਼ੋਨ ਇਸਤੇਮਾਲ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ। ਕੋਈ ਹੈਰਾਨੀ ਨਹੀਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਥੱਲੇ ਗੈਂਗਸਟਰ ਰਾਜ ਚੱਲ ਰਿਹਾ ਹੈ।
Comment here