ਅਪਰਾਧਖਬਰਾਂ

ਦੀਨਾਨਗਰ ‘ਚ ਕਿੱਲੋ ਆਰ ਡੀ ਐਕਸ ਸਮੇਤ ਨੌਜਵਾਨ ਗ੍ਰਿਫ਼ਤਾਰ

ਦੀਨਾਨਗਰ – ਪੰਜਾਬ ਪੁਲਸ ਨੂੰ ਦੇਸ਼ ਵਿਰੋਧੀ ਤੱਤਾਂ ਖਿਲਾਫ ਉਸ ਵੇਲੇ ਸਫਲਤਾ ਮਿਲੀ, ਜਦ ਪੁਲਿਸ ਨੇ ਇੱਕ ਨੌਜਵਾਨ ਸੁਖਵਿੰਦਰ ਸਿੰਘ ਨੂੰ 1 ਕਿਲੋ ਆਰ.ਡੀ.ਐਕਸ ਸਮੇਤ ਗ੍ਰਿਫਤਾਰ ਕੀਤਾ। ਫੜੇ ਗਏ ਨੌਜਵਾਨ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ। ਆਰ ਡੀ ਐਕਸ ਪਾਕਿਸਤਾਨ ਤੋਂ ਹੀ ਮੰਗਵਾਈ ਗਈ ਸੀ। ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਖਵਿੰਦਰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਸ ਨੂੰ ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਸੀ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਉਸ ਨੇ ਵਿਸਫੋਟਕਾਂ ਬਾਰੇ ਦੱਸਿਆ ਤਾਂ ਉਸ ਕੋਲੋਂ ਇੱਕ ਕਿਲੋ ਆਰਡੀਐਕਸ ਬਰਾਮਦ ਹੋਇਆ। ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਨਾਨਕ ਸਿੰਘ ਨੇ ਪੀਟੀਆਈ ਨੂੰ ਦੱਸਿਆ ਕਿ ਸੁਖਵਿੰਦਰ (29) ਅੰਮ੍ਰਿਤਸਰ ਜ਼ਿਲ੍ਹੇ ਦੇ ਲੋਪੋਕੇ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕੱਕੜ ਦਾ ਵਸਨੀਕ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਦੀਨਾਨਗਰ ਤੋਂ ਆਰਡੀਐਕਸ ਮਿਲਣਾ ਇਸ ਲਈ ਵੀ ਜ਼ਿਆਦਾ ਸੰਵੇਦਨਸ਼ੀਲ ਮਾਮਲਾ ਹੈ ਕਿਉਂਕਿ 27 ਜੁਲਾਈ 2015 ਨੂੰ ਇੱਥੇ ਪੁਲਿਸ ਸਟੇਸ਼ਨ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਲੰਘੀ 22 ਨਵੰਬਰ ਨੂੰ ਪਠਾਨਕੋਟ ਮਿਲਟਰੀ ਸਟੇਸ਼ਨ ‘ਤੇ ਗ੍ਰੇਨੇਡ ਹਮਲਾ ਹੋਇਆ ਸੀ, ਜਿਸ ‘ਚ ਦੋ ਲੋਕਾਂ ਦੇ ਸ਼ਾਮਲ ਹੋਣ ਦਾ ਖੁਲਾਸਾ ਹੋਇਆ ਸੀ। ਸੁਖਵਿੰਦਰ ਇਨ੍ਹਾਂ ਮੁਲਜ਼ਮਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ। ਹੁਣ ਪੁਲਿਸ ਉਸ ਦੇ ਪਾਕਿਸਤਾਨ ਕੁਨੈਕਸ਼ਨ ਦੀ ਵੀ ਜਾਂਚ ਕਰ ਰਹੀ ਹੈ।

Comment here