ਖਬਰਾਂਚਲੰਤ ਮਾਮਲੇਦੁਨੀਆ

ਦਿੱਲੀ ਮੈਟਰੋ ਸਟੇਸ਼ਨ ‘ਤੇ ਖਾਲਿਸਤਾਨੀ ਨਾਅਰੇ, ਦੋ ਵਿਅਕਤੀ ਗ੍ਰਿਫਤਾਰ

ਨਵੀਂ ਦਿੱਲੀ-ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ਦੇ ਘੱਟੋ-ਘੱਟ ਪੰਜ ਸਟੇਸ਼ਨਾਂ ‘ਤੇ ਖਾਲਿਸਤਾਨ ਨਾਲ ਸਬੰਧਤ ਨਾਅਰੇ ਲਿਖਣ ਦਾ ਮਾਮਲਾ ਸੁਲਝਾ ਲਿਆ ਹੈ। ਸਪੈਸ਼ਲ ਸੈੱਲ ਦੇ ਪੁਲਿਸ ਕਮਿਸ਼ਨਰ ਐਚਜੀ ਧਾਲੀਵਾਲ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ‘ਤੇ ਮੋਟੀ ਰਕਮ ਲੈ ਕੇ ਕੰਧਾਂ ‘ਤੇ ਖਾਲਿਸਤਾਨ ਪੱਖੀ ਪੇਂਟਿੰਗ ਕੀਤੀ ਸੀ।
ਪੰਨੂ ਨੇ ਨਾ ਸਿਰਫ ਖੁਦ 27 ਅਗਸਤ ਨੂੰ ਮੈਟਰੋ ਸਟੇਸ਼ਨ ‘ਤੇ ਖਾਲਿਸਤਾਨੀ ਨਾਅਰਿਆਂ ਦੀ ਵੀਡੀਓ ਪੋਸਟ ਕੀਤੀ ਸੀ, ਸਗੋਂ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ ਅਤੇ ਇਸ ਨੂੰ ਜੀ-20 ਸੰਮੇਲਨ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਅਜਿਹੀ ਘਟਨਾ 26 ਜਨਵਰੀ ਤੋਂ ਪਹਿਲਾਂ ਵੀ ਵਾਪਰੀ ਸੀ, ਜਦੋਂ ਖਾਲਿਸਤਾਨੀ ਪੇਂਟਿੰਗ ਕੀਤੀ ਗਈ ਸੀ, ਜਿਸ ਵਿਚ ਵਿਕਰਮਜੀਤ ਨਾਂ ਦੇ ਇਕ ਦੋਸ਼ੀ ਅਤੇ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਪੰਜਾਬ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨੂੰ ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਿਤਪਾਲ ਦੇ ਸਾਥੀ ਰਾਜਵਿੰਦਰ ਸਿੰਘ ਨੂੰ ਵੀ ਹਿਰਾਸਤ ਵਿਚ ਲੈ ਕੇ ਦਿੱਲੀ ਲਿਆਂਦਾ ਜਾ ਰਿਹਾ ਹੈ, ਤਾਂ ਜੋ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਮੈਟਰੋ ਪੁਲਿਸ ਨੇ ਇਸ ਘਟਨਾ ਸਬੰਧੀ ਆਈਪੀਸੀ ਦੀ ਧਾਰਾ 153, 153ਏ, 505 ਦੇ ਤਹਿਤ ਐਫਆਈਆਰ ਦਰਜ ਕੀਤੀ ਸੀ, ਜਦੋਂ ਕਿ ਦਿੱਲੀ ਪੁਲਿਸ ਨੇ ਇੱਕ ਹੋਰ ਐਫਆਈਆਰ ਦਰਜ ਕੀਤੀ ਹੈ। ਦੋਵਾਂ ਮੁਲਜ਼ਮਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਿੱਚ ਭੇਜ ਦਿੱਤਾ ਹੈ। 30 ਸਾਲਾ ਪ੍ਰਿਤਪਾਲ ਸਿੰਘ ਇੱਕ ਕਿਸਾਨ ਹੈ ਅਤੇ ਪਹਿਲਾਂ ਇੱਕ ਸਥਾਨਕ ਫੈਕਟਰੀ ਵਿੱਚ ਸਟੋਰ ਕੀਪਰ ਵਜੋਂ ਕੰਮ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਗੁਰਪਤਵੰਤ ਸਿੰਘ ਪੰਨੂ ਨਾਲ ਜੁੜਿਆ ਹੋਇਆ ਸੀ ਅਤੇ ਉਹ ਸਿਗਨਲ ਐਪ ਰਾਹੀਂ ਇੱਕ ਦੂਜੇ ਨਾਲ ਗੱਲ ਕਰਦੇ ਸਨ।
ਵਾਰਦਾਤ ਨੂੰ ਕਦੋਂ ਅਤੇ ਕਿਵੇਂ ਅੰਜਾਮ ਦਿੱਤਾ ਗਿਆ?
ਦਿੱਲੀ ਪੁਲਿਸ ਨੇ ਕਿਹਾ, “ਦੋਸ਼ੀਆਂ ਨੂੰ ਪਤਾ ਸੀ ਕਿ ਉਹ ਫੜੇ ਜਾਣਗੇ, ਇਸ ਲਈ ਉਹ ਕੰਧਾਂ ਉੱਤੇ ਲਿਖਣ ਤੋਂ 3-4 ਦਿਨ ਪਹਿਲਾਂ ਉਹ ਦਿੱਲੀ ਆਏ ਅਤੇ ਆਪਣੇ ਫ਼ੋਨ ਬੰਦ ਕਰ ਦਿੱਤੇ। ਗੁਰਪਤਵੰਤ ਸਿੰਘ ਨੇ ਕਿਹਾ ਸੀ ਕਿ ਉਹ ਇਨ੍ਹਾਂ ਵਿਅਕਤੀਆਂ ਨੂੰ 7000 ਡਾਲਰ ਦੇਵੇਗਾ, ਜਿਨ੍ਹਾਂ ਵਿੱਚੋਂ 3500 ਡਾਲਰ ਇਨ੍ਹਾਂ ਨੂੰ ਦੇ ਚੁੱਕਿਆ ਸੀ। ਇਹ ਲੋਕ 25 ਅਗਸਤ ਦੀ ਦੇਰ ਰਾਤ ਪੰਜਾਬ ਮੇਲ ਰਾਹੀਂ ਦਿੱਲੀ ਪੁੱਜੇ ਸਨ। ਉਨ੍ਹਾਂ 26 ਅਗਸਤ ਦੀ ਦੇਰ ਸ਼ਾਮ ਗ੍ਰਾਫਿਕਸ ਪੇਂਟ ਕੀਤੇ, ਫਿਰ 27 ਅਗਸਤ ਨੂੰ ਵਾਪਸ ਪੰਜਾਬ ਚਲੇ ਗਏ।”
ਦਿੱਲੀ ਪੁਲਿਸ ਨੇ ਅੱਗੇ ਕਿਹਾ, “ਉਨ੍ਹਾਂ ਨੇ ਬਰਨਾਲਾ ਤੋਂ ਪੇਂਟ ਖਰੀਦਿਆ ਸੀ ਅਤੇ 26 ਅਗਸਤ ਨੂੰ ਦਿਨ ਵੇਲੇ ਰੇਕੀ ਕੀਤੀ ਕਿ ਕਿੱਥੇ ਪੇਂਟ ਕਰਨਾ ਹੈ। ਇਹ ਬਲਾਇੰਡ ਕੇਸ ਹੋਣ ਦੇ ਬਾਵਜੂਦ ਦੋਵੇਂ ਮੁਲਜ਼ਮ ਫੜੇ ਗਏ। ਸਪੈਸ਼ਲ ਸੈੱਲ ਦੀਆਂ ਸਾਰੀਆਂ ਟੀਮਾਂ ਨੇ ਕੰਮ ਕੀਤਾ, ਸੀਸੀਟੀਵੀ ਖੰਗਾਲੇ ਅਤੇ 5 ਦਿਨਾਂ ਦੇ ਅੰਦਰ ਮਾਮਲੇ ਨੂੰ ਸੁਲਝਾ ਲਿਆ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

Comment here