ਸਿਆਸਤਖਬਰਾਂ

ਦਿੱਲੀ ਬਾਰਡਰਾਂ ਤੋਂ ਕਿਸਾਨਾਂ ਦੀ ਜਸ਼ਨਾਂ ਦੇ ਨਾਲ ਘਰ ਵਾਪਸੀ

ਸ਼੍ਰੋਮਣੀ ਕਮੇਟੀ 13 ਦਸੰਬਰ ਨੂੰ ਕਰੇਗੀ ਕਿਸਾਨ ਆਗੂਆਂ ਦਾ ਸਨਮਾਨ

ਨਵੀ ਦਿੱਲੀ-ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਬਾਰਡਰਾਂ ’ਤੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਆਪਣੇ ਮੋਰਚੇ ਨੂੰ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਇਤਿਹਾਸਕ ਜਿੱਤ ਪ੍ਰਾਪਤ ਕਰਕੇ ਕਿਸਾਨਾਂ ਦੇ ਜਥੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ, ਜਿਨ੍ਹਾਂ ਦਾ ਅੱਜ ਹਰਿਆਣਾ ਪੰਜਾਬ ਦੀ ਸਰਹੱਦ ਡੱਬਵਾਲੀ ਵਿਖੇ ਭਰਵਾਂ ਸਵਾਗਤ ਕੀਤਾ ਜਾ ਰਿਹਾ। ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਜਿਸ ਵਿਚ ਕਿਸਾਨ ਨੌਜਵਾਨ ਅਤੇ ਬੀਬੀਆਂ ਭਾਰੀ ਗਿਣਤੀ ਵਿਚ ਸ਼ਾਮਲ ਹਨ। ਇਕ ਸਾਲ ਤੋਂ ਵੱਧ ਸਮਾਂ ਸੰਘਰਸ਼ ਕਰਕੇ ਕਨੂੰਨ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਅੱਜ ਖੁਸ਼ੀ ਵਿਚ ਆਪਣੇ ਘਰ ਪਰਤ ਰਹੇ ਹਨ ਜਿਨ੍ਹਾਂ ਦੀ ਵਾਪਸੀ ਨੂੰ ਲੈ ਕੇ ਇਕ ਵਿਆਹਾਂ ਵਰਗੇ ਮਹੌਲ ਹਨ ਜਿਨ੍ਹਾਂ ਦੇ ਸਵਾਗਤ ਲਈ ਪੰਜਾਬ ਹਰਿਆਣਾ ਦੀ ਸਰਹੱਦ ਮੰਡੀ ਡੱਬਵਾਲੀ ਵਿਖੇ ਕਿਸਾਨਾਂ ਵਲੋਂ ਯੋਧਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਫੁੱਲਾਂ ਦੀ ਵਰਖਾ ਕੀਤੀ।
ਕਿਸਾਨ ਜਥਿਆਂ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਆ ਰਹੇ ਕਿਸਾਨਾਂ ਦਾ ਸਵਾਗਤ ਕਰਨ ਪੁੱਜੇ ਕਿਸਾਨ ਆਗੂਆਂ ਤੇ ਨੌਜਵਾਨਾਂ ਨੇ ਦੱਸਿਆ ਕਿ ਇੱਕ ਸਾਲ ਤੋਂ ਵੱਧ ਸਮੇਂ ਦਾ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਆਖ਼ਰਕਾਰ ਜਿੱਤ ਪ੍ਰਾਪਤ ਹੋਈ ਹੈ। ਬੇਸ਼ੱਕ ਸਾਡੇ ਕੁਝ ਕਿਸਾਨ ਸਾਡੇ ਤੋਂ ਵਿੱਛੜ ਗਏ ਜਿਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਦਾ ਅੱਜ ਮੁੱਲ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਕਿਸਾਨ ਮਜ਼ਦੂਰਾਂ ਦੇ ਸੰਘਰਸ਼ ਨੇ ਤਾਨਾਸ਼ਾਹੀ ਸਰਕਾਰ ਨੂੰ ਦਿਖਾ ਦਿੱਤਾ ਕਿ ਲੋਕਾਂ ਦੇ ਘੋਲ ਅੱਗੇ ਸਭ ਕੁਝ ਫੇਲ ਹੈ। ਸਵਾਗਤ ਦੌਰਾਨ ਪੁੱਜੇ ਨੌਜਵਾਨਾਂ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਨੌਜਵਾਨਾ ਦਾ ਆਪਣੇ ਬਜ਼ੁਰਗਾਂ ਦੇ ਪਾਏ ਪੂਰਨਿਆਂ ਉਤੇ ਚੱਲ ਕੇ ਇਸ ਸੰਘਰਸ਼ ਵਿਚ ਕਾਫੀ ਯੋਗਦਾਨ ਰਿਹਾ। ਜੋ ਲੋਕ ਨੌਜਵਾਨਾਂ ਨੂੰ ਨਸ਼ੇੜੀ ਕਹਿ ਰਹੇ ਸਨ, ਅੱਜ ਪੰਜਾਬ ਦੇ ਲੋਕਾਂ ਨੇ ਵਿਖਾ ਦਿੱਤਾ ਕਿ ਪੰਜਾਬੀਆਂ ਵਿਚ ਪਹਿਲਾਂ ਵੀ ਜੋਸ਼ ਸੀ, ਅੱਜ ਵੀ ਜੋਸ਼ ਹੈ। ਇਸ ਜਿੱਤ ਨੇ ਇਕ ਵੱਖਰੀ ਮਿਸਾਲ ਪੈਦਾ ਕਰ ਦਿੱਤੀ ਹੈ, ਜਿਸ ਨੂੰ ਸਾਰੀ ਦੁਨੀਆਂ ਯਾਦ ਰਖੇਗੀ।
ਦਿੱਲੀ ਮੋਰਚਾ ਫਤਹਿ ਕਰਨ ਮਗਰੋਂ ਕਿਸਾਨਾਂ ਨੇ ਘਰ ਵਾਪਸੀ ਲ਼ਈ ਚਾਲੇ ਪਾ ਦਿੱਤੇ ਹਨ। ਕਿਸਾਨਾਂ ਨੇ ਅੱਜ ਤੜਕੇ ਹੀ ਆਪਣੇ ਤੰਬੂ ਪੁੱਟ ਕੇ ਸਾਮਾਨ ਟਰਾਲੀਆਂ, ਟਰੱਕਾਂ ਵਿੱਚ ਲੱਦ ਲਿਆ ਤੇ ਘਰਾਂ ਨੂੰ ਤੁਰ ਪਏ।ਕਿਸਾਨਾਂ ਦੇ ਕਾਫਲੇ ਕੱਲ਼੍ਹ ਸ਼ਾਮ ਨੂੰ ਹੀ ਪੰਜਾਬ ਤੇ ਹਰਿਆਣਾ ਵੱਲ ਨੂੰ ਤੁਰ ਪਏ, ਜਿਸ ਕਾਰਨ ਕੌਮੀ ਮਾਰਗਾਂ ਉਪਰ ਖਾਸ ਕਰਕੇ ਬਾਰਡਰਾਂ ਨੇੜੇ ਜਾਮ ਵਾਲੇ ਹਾਲਾਤ ਬਣ ਗਏ।
ਇਸ ਦੌਰਾਨ ਕਿਸਾਨਾਂ ਨੇ ਪਟਾਕੇ ਚਲਾਏ ਤੇ ਆਤਿਸ਼ਬਾਜ਼ੀ ਕੀਤੀ। ਅੱਜ ਸਾਰਾ ਦਿਨ ਬਾਰਡਰ ’ਤੇ ਪ੍ਰੋਗਰਾਮ ਹੋਣਗੇ ਤੇ ਸ਼ਾਮ ਨੂੰ ਕਿਸਾਨ ਮਜ਼ਦੂਰ ਖੁਸ਼ੀਆਂ ਮਨਾਉਣਗੇ। ਰਹਿੰਦੇ ਕਿਸਾਨ 12 ਦਸੰਬਰ ਨੂੰ ਗਾਜ਼ੀਪੁਰ ਬਾਰਡਰ ਤੋੋਂ ਨਿਕਲਣੇ ਸ਼ੁਰੂ ਹੋ ਜਾਣਗੇ।15 ਦਸੰਬਰ ਤੱਕ ਗਾਜ਼ੀਪੁਰ ਬਾਰਡਰ ਤੋਂ ਸਾਰੇ ਟੈਂਟ ਅਤੇ ਹੋਰ ਢਾਂਚਾ ਹਟਾ ਦਿੱਤਾ ਜਾਵੇਗਾ।
ਉਦਰ, ਗਾਜ਼ੀਪੁਰ ਸਰਹੱਦ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨ ਅੱਜ ਤੋਂ ਆਪੋ-ਆਪਣੇ ਘਰਾਂ ਨੂੰ ਜਾ ਰਹੇ ਹਨ ਪਰ ਅਸੀਂ 15 ਦਸੰਬਰ ਨੂੰ ਘਰ ਜਾਵਾਂਗੇ ਕਿਉਂਕਿ ਦੇਸ਼ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਧਰਨੇ ਚੱਲ ਰਹੇ ਹਨ, ਅਸੀਂ ਪਹਿਲਾਂ ਉਨ੍ਹਾਂ ਨੂੰ ਖ਼ਤਮ ਕਰ ਕੇ ਉੱਥੋਂ ਦੀ ਕਿਸਾਨਾਂ ਨੂੰ ਘਰ ਵਾਪਸ ਭੇਜਾਂਗੇ ।
ਦਿੱਲੀ ਤੋਂ ਪਰਤਦਿਆਂ ਹਿਸਾਰ ਨੇੜੇ ਹਾਦਸੇ ’ਚ ਪੰਜਾਬ ਦੇ ਦੋ ਕਿਸਾਨਾਂ ਦੀ ਮੌਤ
ਕਿਸਾਨ ਅੰਦੋਲਨ ਦੀ ਜਿੱਤ ਉਪਰੰਤ ਦਿੱਲੀ ਤੋਂ ਵਾਪਸੀ ਮੌਕੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਆਸਾ ਬੁੱਟਰ ਦੇ ਦੋ ਕਿਸਾਨਾਂ ਦੀ ਹਿਸਾਰ ਨੇੜੇ ਟਰੱਕ ਨਾਲ ਟੱਕਰ ਵਿੱਚ ਮੌਤ ਹੋ ਗਈ। ਇਸ ਦਾ ਪਤਾ ਲਗਦਿਆਂ ਸਮੁੱਚੇ ਪਿੰਡ ’ਚ ਮਾਤਮ ਛਾ ਗਿਆ। ਜਾਣਕਾਰੀ ਮੁਤਾਬਕ ਟਿੱਕਰੀ ਬਾਰਡਰ ਤੋਂ ਅੰਦੋਲਨ ਸਮੇਟ ਕੇ ਘਰ ਪਰਤ ਰਹੇ ਪੰਜਾਬ ਦੇ ਕਿਸਾਨਾਂ ਨਾਲ ਹਿਸਾਰ ਵਿੱਚ ਹਾਦਸਾ ਵਾਪਰ ਗਿਆ। ਇਹ ਹਾਦਸਾ ਸ਼ਨੀਵਾਰ ਸਵੇਰੇ ਹਿਸਾਰ ‘ਚ ਨੈਸ਼ਨਲ ਹਾਈਵੇਅ 9 ‘ਤੇ ਵਾਪਰਿਆ। ਅੰਦੋਲਨ ਤੋਂ ਪਰਤ ਰਹੇ ਕਿਸਾਨਾਂ ਦੀ ਟਰਾਲੀ ਨੂੰ ਪਿੰਡ ਢੰਡੂਰ ਨੇੜੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਪੰਜਾਬ ਦੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕਿਸਾਨ ਸੁਖਵਿੰਦਰ ਤੇ ਅਜੈਪ੍ਰੀਤ ਦੀ ਮੌਤ ਹੋ ਗਈ, ਜਦਕਿ ਦੋ ਹੋਰ ਕਿਸਾਨ ਜ਼ਖਮੀ ਹੋ ਗਏ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਸ਼੍ਰੋਮਣੀ ਕਮੇਟੀ 13 ਦਸੰਬਰ ਨੂੰ ਕਰੇਗੀ ਕਿਸਾਨ ਆਗੂਆਂ ਦਾ ਸਨਮਾਨ
ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਕਈ ਹੋਰ ਅਹਿਮ ਫ਼ੈਸਲੇ ਵੀ ਲਏ ਗਏ। ਸ੍ਰੀ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ 13 ਦਸੰਬਰ ਨੂੰ ਕਿਸਾਨ ਆਗੂਆਂ ਦਾ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਸਨਮਾਨ ਕਰੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੀ ਸਹਿਯੋਗੀ ਰਹੀ ਹੈ ਅਤੇ ਭਵਿੱਖ ਵਿਚ ਵੀ ਕਿਸਾਨਾਂ ਨਾਲ ਖੜ੍ਹੀ ਰਹੇਗੀ। ਉਨ੍ਹਾਂ ਦੱਸਿਆ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ 21 ਤੋਂ 30 ਦਸੰਬਰ ਤੱਕ ਸਾਦੇ ਲੰਗਰ ਚਲਾਏ ਜਾਣਗੇ। ਇਸ ਦੌਰਾਨ ਹਰੇਕ ਗੁਰਦੁਆਰੇ ਅੰਦਰ ਲੰਗਰਾਂ ਵਿੱਚ ਮਿੱਠੇ ਪਦਾਰਥ ਨਹੀਂ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਦਰਵਾੜੇ ਦੌਰਾਨ ਸਾਹਿਬਜ਼ਾਦਿਆਂ ਤੇ ਹੋਰ ਸ਼ਹੀਦਾਂ ਨੂੰ ਯਾਦ ਕਰਦਿਆਂ ਜਾਪ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਜਹਾਜ਼ ਹਵੇਲੀ ਦੀ ਸੰਭਾਲ ਲਈ ਇੱਕ ਕਮੇਟੀ ਸਥਾਪਤ ਕੀਤੀ ਗਈ ਹੈ ਅਤੇ ਇਸ ਹਵੇਲੀ ਸਬੰਧੀ ਹਾਈ ਕੋਰਟ ਵਿੱਚ ਚੱਲ ਰਹੇ ਕੇਸ ਦੇ ਨਿਪਟਾਰੇ ਲਈ ਵੀ ਗੱਲਬਾਤ ਕੀਤੀ ਜਾਵੇਗੀ।ਇਸ ਦੌਰਾਨ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਸਬੰਧੀ ਵਕੀਲਾਂ ਦੀ ਫ਼ੀਸ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਚਾਹੀਦੀ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਰਕਾਰ ਨੇ ਇਨ੍ਹਾਂ ਦੀ ਰਿਹਾਈ ਦਾ ਐਲਾਨ ਕੀਤਾ ਸੀ।

Comment here