ਸਿਆਸਤਖਬਰਾਂਚਲੰਤ ਮਾਮਲੇ

ਦਿੱਲੀ ਤੇ ਪੰਜਾਬ ਦਾ ਨਾਲੇਜ ਸ਼ੇਅਰਿੰਗ ਐਗਰੀਮੈਂਟ, ਵਿਰੋਧੀ ਧਿਰਾਂ ਵੱਲੋਂ ਤਿੱਖੀ ਅਲੋਚਨਾ

ਨਵੀਂ ਦਿੱਲੀ-ਪੰਜਾਬ ਦੀ ਭਗਵੰਤ ਮਾਨ ਸਰਕਾਰ ਉੱਤੇ ਦਿੱਲੀ ਦੀ ਕੇਜਰੀਵਾਲ ਦੀ ਕਠਪੁਤਲੀ ਬਣਨ ਦੇ ਵਿਰੋਧੀ ਲਗਾਤਾਰ ਦੋਸ਼ ਲਾ ਰਹੇ ਹਨ, ਅੱਜ ਜਦ ਦਿੱਲੀ ਤੇ ਪੰਜਾਬ ਦਾ ਨਾਲੇਜ ਸ਼ੇਅਰਿੰਗ ਐਗਰੀਮੈਂਟ  ਹੋਇਆ ਤਾਂ ਇਹ ਹੰਗਾਮਾ ਹੋਰ ਤਿੱਖਾ ਹੋ ਗਿਆ। ਕੇਜਰੀਵਾਲ  ਅਤੇ ਭਗਵੰਤ ਮਾਨ ਅੱਜ ਪ੍ਰੈੱਸ ਕਾਨਫਰੰਸ ਕੀਤੀ।  ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਹੋਏ ਵਿਕਾਸ ਕਾਰਜਾਂ ਤੋਂ ਸਿੱਖ ਕੇ ਪੰਜਾਬ ’ਚ ਵਿਕਾਸ ਕੀਤਾ ਜਾਵੇਗਾ। ਇਸੇ ਉਦੇਸ਼ ਨਾਲ ਦੋਹਾਂ ਸਰਕਾਰਾਂ ਨੇ ਇਕ ਨਾਲੇਜ ਸ਼ੇਅਰਿੰਗ ਐਗਰੀਮੈਂਟ ’ਤੇ ਦਸਤਖ਼ਤ ਕੀਤੇ ਹਨ। ਜਿਸ ਦਾ ਮਤਲਬ ਗਿਆਨ ਦਾ ਤਬਾਦਲਾ। ਇਸ ਸਮਝੌਤੇ ਤਹਿਤ ਦੋਵੇਂ ਸਰਕਾਰਾਂ ਇਕ-ਦੂਜੇ ਤੋਂ ਹਰ ਖੇਤਰ ’ਚ ਗਿਆਨ ਨੂੰ ਸਾਂਝਾ ਕਰਨਗੀਆਂ। ਇਸ ਦੇ ਪਿੱਛੇ ਦਾ ਮਕਸਦ ਹੈ ਕਿ ਦੋਵੇਂ ਸਰਕਾਰਾਂ ਜਿਹੜੇ ਖੇਤਰਾਂ ’ਚ ਬਿਹਤਰ ਕਰ ਰਹੀਆਂ ਹਨ, ਉਨ੍ਹਾਂ ਤੋਂ ਦੂਜੇ ਸੂਬਿਆਂ ਦੀਆਂ ਸਰਕਾਰਾਂ ਸਿੱਖਣ ਅਤੇ ਆਪਣੇ ਪ੍ਰਦੇਸ਼ ’ਚ ਉਸ ਤਕਨੀਕ ਨੂੰ ਵਰਤਣ।  ਆਪਣੇ ਸੰਬੋਧਨ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਆਪਣੀ ਤਰ੍ਹਾਂ ਦਾ ਅਨੋਖਾ ਐਗਰੀਮੈਂਟ ਹੋਵੇਗਾ, ਜਿਸ ਨੂੰ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਸਾਈਨ ਕੀਤਾ ਹੈ। ਸਾਡਾ ਟੀਚਾ ਇਕ-ਦੂਜੇ ਤੋਂ ਸਿੱਖਣਾ ਅਤੇ ਅੱਗੇ ਵਧਣਾ ਹੈ। ਇਹ ਇਕ ਵੱਡਾ ਬਦਲਾਅ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਕਹਿੰਦੇ ਕਿ ਸਿਰਫ਼ ਅਸੀਂ ਹੀ ਚੰਗਾ ਕੰਮ ਕੀਤਾ ਹੈ। ਅਸੀਂ ਇਸ ਸਮਝੌਤੇ ’ਤੇ ਇਸ ਲਈ ਦਸਤਖ਼ਤ ਕੀਤੇ ਹਨ, ਅਸੀਂ ਇਕ-ਦੂਜੇ ਤੋਂ ਸਿੱਖ ਕੇ ਕੰਮ ਕਰਾਂਗੇ। ਆਪਣੇ-ਆਪਣੇ ਸਮੇਂ ’ਤੇ ਕਈ ਸੂਬਿਆਂ ਨੇ ਚੰਗਾ ਕੰਮ ਕੀਤਾ ਪਰ ਅਸੀਂ ਇਕ ਗਲਤੀ ਕੀਤੀ ਕਿ ਅਸੀਂ ਉਨ੍ਹਾਂ ਤੋਂ ਸਿੱਖਿਆ ਨਹੀਂ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਸਿੱਖਿਆ ਸਮੇਤ ਹੋਰ ਖੇਤਰਾਂ ’ਚ ਚੰਗਾ ਕੰਮ ਹੋਇਆ ਹੈ। ਅਜਿਹਾ ਹੀ ਚੰਗਾ ਕੰਮ ਪੰਜਾਬ ’ਚ ਵੀ ਹੋਵੇਗਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਕੱਲ ਤੋਂ ਦਿੱਲੀ ਦੇ ਦੌਰੇ ’ਤੇ ਹਨ, ਉਨ੍ਹਾਂ ਨੇ ਇੱਥੇ ਸਕੂਲ, ਮੁਹੱਲਾ ਕਲੀਨਿਕ ਅਤੇ ਹਸਪਤਾਲ ਵੇਖੇ। ਹੁਣ ਇੱਥੇ ਉਨ੍ਹਾਂ ਨੂੰ ਜੋ ਚੰਗਾ ਲੱਗਾ, ਉਹ ਪੰਜਾਬ ’ਚ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੀ ਕਈ ਚੰਗ ਕੰਮ ਹੋਏ ਹਨ, ਜਿਨ੍ਹਾਂ ਨੂੰ ਅਸੀਂ ਲਾਗੂ ਕਰਾਂਗੇ ਅਤੇ ਅੱਗੇ ਵੀ ਪੰਜਾਬ ’ਚ ਚੰਗੇ ਕੰਮ ਹੋਣਗੇ, ਜਿਨ੍ਹਾਂ ਤੋਂ ਅਸੀਂ ਜ਼ਰੂਰ ਸਿੱਖਾਂਗੇ। ਸਾਡਾ ਮੰਨਣਾ ਹੈ ਕਿ ਅਸੀਂ ਇਕ-ਦੂਜੇ ਤੋਂ ਸਿੱਖ ਕੇ ਅੱਗੇ ਵਧ ਸਕਦੇ ਹਾਂ। ਅਸੀਂ ਸਾਰੇ ਮਿਲ ਕੇ ਤਰੱਕੀ ਕਰਾਂਗੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ’ਚ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਦੀ ਤਾਰੀਫ਼ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ 19 ਹਜ਼ਾਰ ਤੋਂ ਵਧੇਰੇ ਸਕੂਲ ਹਨ। ਪੰਜਾਬ ਦੇ ਹਸਪਤਾਲਾਂ ’ਚ ਡਾਕਟਰ ਅਤੇ ਸਕੂਲਾਂ ’ਚ ਅਧਿਆਪਕ ਤਾਂ ਹਨ ਪਰ ਇੰਫ੍ਰਾਸਟਕਚਰ ਦੀ ਘਾਟ ਬਹੁਤ ਹੈ। ਇਸੇ ਲਈ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਕਈ ਕੰਮ ਕੀਤਾ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜੋ ਸਹੂਲਤਾਵਾਂ ਦਿੱਲੀ ’ਚ ਹਨ, ਉਹ ਕੈਨੇਡਾ, ਅਮਰੀਕਾ ’ਚ ਵੀ ਸਹੂਲਤਾਵਾਂ ਨਹੀਂ ਹਨ। ਸਕੂਲਾਂ ਦੇ ਬਾਹਰ ਸਮਾਰਟ ਲਿਖਣ ਨਾਲ ਸਕੂਲ ਸਮਾਰਟ ਨਹੀਂ ਬਣਦੇ। ਅੱਜ ਜੋ ਸਮਝੌਤਾ ਕੀਤਾ ਗਿਆ ਹੈ, ਇਸ ਨੂੰ ਲੈ ਕੇ ਵਿਰੋਧੀਆਂ ਵਲੋਂ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿਹਤ, ਸਿੱਖਿਆ, ਬਿਜਲੀ ਅਤੇ ਖੇਤੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।   ਮਾਨ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸਹੂਲਤਾਵਾਂ ਦੇ ਨਾਲ-ਨਾਲ ਖੇਤੀ ’ਤੇ ਵੀ ਅਸੀਂ ਕੰਮ ਕਰਾਂਗੇ। ਪੰਜਾਬ ’ਚ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜੋ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਨਾਲੇਜ ਸ਼ੇਅਰਿੰਗ ਐੱਮ.ਓ.ਯੂ ਹੈ। ਸਾਡਾ ਮਕਸਦ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ। ਪੰਜਾਬ ਨੂੰ ਪਹਿਲਾਂ ਐੱਨ.ਡੀ.ਏ ਲਈ ਜਾਣਿਆ ਜਾਂਦਾ ਸੀ। ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਕੈਲੋਫੋਰਨੀਆ, ਲੰਡਨ ਨਹੀਂ। ਇਤਿਹਾਸ ’ਚ ਸਾਡਾ ਵੀ ਨਾਮ ਆਵੇਗਾ।

ਨਾਲੇਜ ਸ਼ੇਅਰਿੰਗ ਐਗਰੀਮੈਂਟ ਦਾ ਤਿੱਖਾ ਵਿਰੋਧ

ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਹਰ ਵਿਸ਼ੇ ਦੇ ਮਾਹਰਾਂ ਦੀ ਭਰਮਾਰ ਹੈ ਪਰ ਇੱਕ ਨਾਲੇਜ ਸ਼ੇਅਰਿੰਗ ਐਗਰੀਮੈਂਟ ਰਾਹੀਂ ਪੰਜਾਬ ਨੂੰ ਇੱਕ ਮਿਉਂਸੀਸਪਲ ਸਟੇਟ ਦਿੱਲੀ ਦੇ ਥੱਲੇ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਜ਼ਾਰਾਂ ਸਾਲਾਂ ਤੋਂ ਇੱਕ ਆਜ਼ਾਦ ਹਸਤੀ, ਸ਼ਾਨਾਮੱਤੇ ਇਤਿਹਾਸ ਤੇ ਇੱਕ ਅਮੀਰ ਵਿਰਾਸਤ ਦਾ ਮਾਲਕ ਰਿਹਾ ਹੈ। ਭਗਵੰਤ ਦੇ ਹੱਥ ਥਿੜਕੇ ਕਿਉਂ ਨਹੀਂ ਦਸਤਖਤ ਕਰਨ ਵੇਲੇ?ਹੁਣ ਸਿੱਧਾ ਦਿੱਲੀ ਚਲਾਊ ਪੰਜਾਬ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਨੂੰ ਸਿੱਧਾ ਦਿੱਲੀ ਵੱਲੋਂ ਚਲਾਉਣ ਦੇ ਕਾਗਜਾਂ ਤੇ ਦਸਤਖਤ ਕਰ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ, ਉਹ ਕੇਜਰੀਵਾਲ ਦੀ ਕਠਪੁਤਲੀ ਤੋਂ ਬਿਨਾ ਕੁਝ ਵੀ ਨਹੀਂ ਹੈ। ਸ਼ਹੀਦ ਭਗਤ ਸਿੰਘ ਦੀ ਗੱਲ ਕਰਨ ਵਾਲੇ ਭਗਵੰਤ ਦੇ ਹੱਥ ਇਨ੍ਹਾਂ ਕਾਗਜਾਂ ਤੇ ਦਸਤਖਤ ਕਰਨ ਵੇਲੇ ਕਿਉਂ ਨਹੀਂ ਥਿੜਕੇ !!

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਅੱਜ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਸਰਕਾਰ ਨਾਲ ਐਮਓਯੂ ਕਰਕੇ ਪੰਜਾਬ ਨੂੰ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਸੀ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 100 ਦਿਨ ਦਿੱਤੇ ਜਾਣੇ ਚਾਹੀਦੇ ਹਨ ਪਰ ਅੱਜ ਦਾ ਫੈਸਲਾ ਇੱਕ ਇਤਿਹਾਸਕ ਭੁੱਲ ਹੈ ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਦਾ ਨਿਸ਼ਾਨਾ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾਂ ਪਰ ਭਗਵੰਤ ਮਾਨ ਨੂੰ ਬਣਾਉਣਾ ਉਨ੍ਹਾਂ ਦੀ ਮਜਬੂਰੀ ਬਣ ਗਈ ਸੀ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਭਗਵੰਤ ਮਾਨ ਨੂੰ  ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਦੀ ਦਿੱਲੀ ਫੇਰੀ ਨੂੰ ਸਿਰਫ਼ ਪ੍ਰਚਾਰ ਦਾ ਇਕ ਸਾਧਨ ਦੱਸਿਆ ਹੈ ਅਤੇ ਕਿਹਾ ਕਿ ਮੁੱਖ ਮੰਤਰੀ ਵਲੋਂ ਅਜਿਹੀਆਂ ਫੇਰੀ ਲਗਾਉਣਾ ਪੰਜਾਬੀ ਦੀ ਅਣਖ ਨੂੰ ਢਾਹ ਲਗਾ ਰਹੀ ਹੈ। ਸਿੱਧੂ ਨੇ ਟਵੀਟ ਰਾਹੀਂ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਬਤੌਰ ਮੈਂਬਰ ਲੋਕ ਸਭਾ ਤੁਸੀਂ 8 ਸਾਲ ਦਿੱਲੀ ‘ਚ ਰਹੇ, ਉਦੋਂ ਤੁਸੀਂ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਿਉਂ ਨਹੀਂ ਕੀਤਾ? ਤੇ ਤੁਸੀਂ ਐਮ.ਪੀ. ਕੋਟੇ ਦੇ ਫੰਡਾਂ ਨਾਲ ਆਪਣੇ ਹਲਕੇ ਸੰਗਰੂਰ ਵਿੱਚ ਇੱਕ ਵੀ ਓਹੋ ਜਿਹੀ ਸੰਸਥਾ ਕਿਉਂ ਨਹੀਂ ਬਣਾਈ? ਤੁਹਾਡੀ ਦਿੱਲੀ ਫੇਰੀ ਮਹਿਜ਼ ਪ੍ਰਚਾਰ ਲਈ ਹੈ ਤੇ ਇਹ ਸਰਕਾਰੀ ਖਜ਼ਾਨੇ ਦਾ ਨੁਕਸਾਨ ਅਤੇ ਪੰਜਾਬੀ ਅਣਖ ਨੂੰ ਢਾਹ ਲਗਾ ਰਹੀ ਹੈ।

ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਦੀ ਦਿੱਲੀ ਫੇਰੀ ’ਤੇ ਸਵਾਲ ਚੁੱਕੇ ਹਨ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਮਾਨ ਸਾਹਿਬ ਜੇਕਰ ਮਾਡਲ ਹੀ ਦੇਖਣਾ ਸੀ ਤਾਂ ਇਹੋ ਜਿਹੇ ਕਿੰਨੇ ਹੀ ਸਕੂਲ ਪੰਜਾਬ ਵਿੱਚ ਹਨ ਜੋ ਦੇਸ਼ ਦੇ ਕਿਸੇ ਵੀ ਸਕੂਲ ਨਾਲ਼ੋਂ ਵਧਿਆ ਹਨ । ਸਾਡੇ ਪੰਜਾਬ ਦੇ ਅਧਿਆਪਕ ਵੀ ਬਹੁਤ ਹੀ ਵਧੀਆ ਹਨ । ਹੁਣ ਤੁਸੀ ਪੰਜਾਬ ਦੇ ਮੁੱਖ ਮੰਤਰੀ ਹੋ ਕਿਰਪਾ ਕਰਕੇ ਕੇਜਰੀਵਾਲ ਜੀ ਦੇ ਮਾਡਲ ਦੀ ਮਾਰਕਟਿੰਗ ਕਰਨ ਦੀ ਥਾਂ ’ਤੇ ਪੰਜਾਬ ਦੇ ਇਨ੍ਹਾਂ ਸਕੂਲਾਂ ਦੀ ਤਰੀਫ ਕਰੋ। ਵੜਿੰਗ ਨੇ ਕਿਹਾ ਕਿ ਮਾਨ ਸਾਹਿਬ, ਸਿੱਧਾ ਹੀ ਕਹਿ ਦਿਓ ਕਿ ਪੰਜਾਬ ਨੂੰ ਹੁਣ ਦਿੱਲੀ ਤੋਂ ਕੇਜਰੀਵਾਲ ਸਾਹਿਬ ਚਲਾਉਣਗੇ।

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਮੁੱਖ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਿੱਲੀ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਦੇ ਵਿਚਕਾਰ ਹੋਏ 18 ਨੁਕਤੀ ਐਗਰੀਮੈਂਟ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਹੁਣ ਭਗਵੰਤ ਮਾਨ ਨੇ ਕੇਜਰੀਵਾਲ ਦੇ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾਅ-ਆਰਡਰ ਦੀ ਸਥਿਤੀ ਖ਼ਰਾਬ ਹੋ ਰੱਖੀ ਹੈ ਅਤੇ ਭਗਵੰਤ ਮਾਨ ਆਪਣਾ ਸੂਬਾ ਛੱਡ ਕੇ 2 ਦਿਨ ਤੋਂ ਦਿੱਲੀ ਵਿੱਚ ਦੌਰੇ ਕਰ ਰਹੇ ਹਨ, ਉੱਥੋਂ ਦੇ ਸਕੂਲ-ਕਾਲਜ ਦੇਖ ਰਹੇ ਹਨ। ਉਨ੍ਹਾਂ ਕਿਹਾ ਜਦੋਂ ਕਿ ਦੂਜੇ ਪਾਸੇ ਉਹ ਲਗਾਤਾਰ 2 ਵਾਰ ਮੈਂਬਰ ਪਾਰਲੀਮੈਂਟ ਰਹੇ ਹਨ, ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਸੀ, ਕੀ ਉਦੋਂ ਉਨ੍ਹਾਂ ਨੇ ਦਿੱਲੀ ਦੇ ਸਕੂਲ-ਕਾਲਜਾਂ ਦਾ ਦੌਰਾ ਕਿਉਂ ਨਹੀਂ ਕੀਤਾ।  ਬਾਜਵਾ ਨੇ ਕਿਹਾ ਕਿ ਪੀਲੀ ਪੱਗ ਬੰਨ੍ਹਣ ਨਾਲ ਕੋਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗਾ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ, ਇਸ ਦੀ ਦੁਰਵਰਤੋਂ ਦਿੱਲੀ ਸਰਕਾਰ ਕਰੇਗੀ, ਜਦੋਂ ਕਿ ਪੰਜਾਬ ਪਹਿਲਾਂ ਹੀ ਵੱਡੀ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਸ ਗੱਲ ਦਾ ਵੀ ਜਵਾਬ ਦੇਣ ਕਿ ਉਹ ਪੰਜਾਬ ਦੇ ਲੋਕਾਂ ਨੂੰ ਆਉਂਦੇ ਦਿਨਾਂ ‘ਚ 24 ਘੰਟੇ ਬਿਜਲੀ ਕਿਵੇਂ ਮੁਹੱਈਆ ਕਰਵਾਉਣਗੇ, ਜਦੋਂ ਕਿ ਹੁਣ ਤੋਂ ਹੀ ਪਾਵਰਕਾਮ ਨੂੰ ਬਾਹਰੋਂ ਬਿਜਲੀ ਖਰੀਦਣੀ ਪੈ ਰਹੀ ਹੈ।

ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਨਾਲ ਸਮਝੌਤਾ ਕੀਤਾ ਹੈ ਅਤੇ ਇਸ ਸਮਝੌਤੇ ਤਹਿਤ ਦਿੱਲੀ ਸਰਕਾਰ ਦੇ ਅਧਿਕਾਰੀ ਪੰਜਾਬ ਦੇ ਅਧਿਕਾਰੀਆਂ ਨੂੰ ਸਲਾਹ ਦੇਣਗੇ। ਕੇਜਰੀਵਾਲ ਦਿੱਲੀ ਵਿੱਚ ਬੈਠ ਕੇ ਪੰਜਾਬ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ, ਅੱਜ ਤੱਕ ਕਦੇ ਵੀ ਇੱਕ ਸੂਬੇ ਨੇ ਦੂਜੇ ਸੂਬੇ ਨਾਲ ਅਜਿਹਾ ਸਮਝੌਤਾ ਨਹੀਂ ਕੀਤਾ। ਇਹ ਪੰਜਾਬੀਆਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੇਸ਼ ਦੇ ਨਾਲ-ਨਾਲ ਕਈ ਵਿਦੇਸ਼ਾਂ ਦੀਆਂ ਸਰਕਾਰਾਂ ਵਿਚ ਸ਼ਾਮਲ ਹਨ ਅਤੇ ਉਥੋਂ ਦੀਆਂ ਸਰਕਾਰਾਂ ਚਲਾ ਰਹੇ ਹਨ। ਇਸ ਸਮਝੌਤੇ ਨੇ ਪੂਰੇ ਪੰਜਾਬ ਨੂੰ ਸ਼ਰਮਸ਼ਾਰ ਕੀਤਾ ਹੈ ਕਿ ਸਾਨੂੰ ਦਿੱਲੀ ਦੀ ਸਲਾਹ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਇਸ ਮਾਮਲੇ ਨੂੰ ਲੋਕਾਂ ਤੱਕ ਪਹੁੰਚਾਵਾਂਗੇ। ਅਰਵਿੰਦ ਕੇਜਰੀਵਾਲ, ਪ੍ਰਧਾਨ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਦਿਲਚਸਪੀ ਮੁੱਖ ਮੰਤਰੀ ਬਣਨ ਵਿੱਚ ਨਹੀਂ ਸਗੋਂ ਪ੍ਰਧਾਨ ਮੰਤਰੀ ਬਣਨ ਵਿੱਚ ਹੈ।

 

Comment here