ਅਪਰਾਧਖਬਰਾਂਚਲੰਤ ਮਾਮਲੇ

ਦਿੱਲੀ ’ਚ ਵਿਦਿਆਰਥਣ ’ਤੇ ਤੇਜ਼ਾਬੀ ਹਮਲਾ, ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਨਵੀਂ ਦਿੱਲੀ–ਦਿੱਲੀ ਦੇ ਦੁਆਰਕਾ ’ਚ ਇਕ ਮੁੰਡੇ ਨੇ ਸਕੂਲੀ ਵਿਦਿਆਰਥਣ ’ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਘਟਨਾ ਅੱਜ ਯਾਨੀ ਬੁੱਧਵਾਰ ਸਵੇਰੇ 9 ਵਜੇ ਦੀ ਹੈ। ਇਸ ਤੋਂ ਬਾਅਦ ਕੁੜੀ ਨੂੰ ਸਫਦਰਗੰਜ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ’ਚ ਦਿੱਲੀ ਪੁਲਸ ਦੀ ਟੀਮ ਵੀ ਪਹੁੰਚ ਗਈ ਹੈ। ਦਿੱਲੀ ਪੁਲਸ ਨੂੰ ਸਵੇਰੇ ਕਰੀਬ 9 ਵਜੇ ਮੋਹਨ ਗਾਰਡਨ ਨੇੜੇ ਇਕ ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ਦੀ ਸੂਚਨਾ ਮਿਲੀ ਸੀ।
ਪੁਲਸ ਮੁਤਾਬਕ, ਵਿਦਿਆਰਥਣ ਦੀ ਉਮਰ 17 ਸਾਲ ਦੀ ਹੈ। ਉਹ ਆਪਣੀ ਛੋਟੀ ਭੈਣ ਨਾਲ ਖੜੀ ਸੀ ਕਿ ਅਚਾਨਕ ਬਾਈਕ ਸਵਾਰ ਦੋ ਨੌਜਵਾਨ ਆਏ ਜਿਨ੍ਹਾਂ ’ਚੋਂ ਪਿੱਛੇ ਬੈਠੇ ਮੁੰਡੇ ਨੇ ਕੁੜੀ ’ਤੇ ਤੇਜ਼ਾਬ ਸੁੱਟ ਦਿੱਤਾ। ਪੀੜਤਾ ਨੇ ਦੋ ਮੁੰਡਿਆਂ ’ਤੇ ਸ਼ੱਕ ਜਤਾਇਆ ਹੈ। ਪੁਲਸ ਨੇ ਇਸ ਮਾਮਲੇ ’ਚ ਇਕ ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਹੈ। ਵਿਦਿਆਰਥਣ ਦਾ ਹਸਪਤਾਲ ’ਚ ਇਲਾਜ ਜਾਰੀ ਹੈ। ਪੁਲਸ ਮੁਤਾਬਕ, ਵਿਦਿਆਰਥਣ ਦੀ ਹਾਲਤ ਫਿਲਹਾਲ ਸਥਿਰ ਹੈ। ਹਾਲਾਂਕਿ, ਪੁਲਸ ਦਾ ਕਹਿਣਾ ਹੈ ਕਿ ਡਾਕਟਰ ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੇ ਹਨ।
ਦਿੱਲੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਦਿੱਲੀ ਮਹਿਲਾ ਕਮਿਸ਼ਨ ਨੇ ਇਸ ਘਟਨਾ ’ਤੇ ਨੋਟਿਸ ਲਿਆ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਦੱਸਿਆ ਦੁਆਰਕਾ ਮੋੜ ਨੇੜੇ ਇਕ ਸਕੂਲੀ ਵਿਦਿਆਰਥਣ ’ਤੇ ਤੇਜ਼ਾਬ ਸੁੱਟਿਆ ਗਿਆ ਹੈ। ਸਾਡੀ ਟੀਮ ਪੀੜਤਾ ਦੀ ਮਦਦ ਲਈ ਹਸਪਤਾਲ ਪਹੁੰਚ ਰਹੀ ਹੈ। ਬੇਟੀ ਨੂੰ ਇਨਸਾਫ ਦਿਲਾਵਾਂਗੇ। ਦਿੱਲੀ ਮਹਿਲਾ ਕਮਿਸ਼ਨ ਸਾਲਾਂ ਤੋਂ ਦੇਸ਼ ’ਚ ਤੇਜ਼ਾਬ ਬੈਨ ਕਰਨ ਦੀ ਲੜਾਈ ਲੜ ਰਹੀ ਹੈ। ਕਦੋਂ ਜਾਗਣਗੀਆਂ ਸਰਕਾਰਾਂ?
ਦਿੱਲੀ ’ਚ ਹਰ ਧੀ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ-ਕੇਜਰੀਵਾਲ
ਦਿੱਲੀ ’ਚ ਵਿਦਿਆਰਥਣ ’ਤੇ ਹੋਏ ਤੇਜ਼ਾਬੀ ਹਮਲੇ ਦੇ ਮਾਮਲੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੁਲਜ਼ਮਾਂ ਦੀ ਇੰਨੀ ਹਿੰਮਤ ਅਖਿ ਹੋ ਕਿਵੇਂ ਗਈ? ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦਿੱਲੀ ’ਚ ਹਰ ਧੀ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ।

Comment here