ਖਬਰਾਂਚਲੰਤ ਮਾਮਲੇਦੁਨੀਆ

ਦਿੱਲੀ ’ਚ ਤਾਇਨਾਤ ਕੀਤੀ ਡੀ.ਆਰ.ਡੀ.ਓ. ਕਾਊਂਟਰ-ਡ੍ਰੋਨ ਪ੍ਰਣਾਲੀ

ਨਵੀਂ ਦਿੱਲੀ-ਜੀ-20 ਸੰਮੇਲਨ ਦੌਰਾਨ ਟ੍ਰੈਫਿਕ ਪੁਲਸ ਦੇ ਨਾਲ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ., ਬ੍ਰਿਟੇਨ ਦੀ ਖੁਫੀਆ ਏਜੰਸੀ ਐੱਮ. ਆਈ.-6 ਤੋਂ ਇਲਾਵਾ ਨੈਸ਼ਨਲ ਸਕਿਓਰਿਟੀ ਗਾਰਡ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਜਵਾਨ ਵੀ ਤਾਇਨਾਤ ਰਹਿਣਗੇ। ਕਾਫਲੇ ਦੇ ਨਾਲ ਏਅਰਫੋਰਸ ਦੇ ਪਲੇਨ ਅਤੇ ਹੈਲੀਕਾਪਟਰ ਵੀ ਉਡਾਣ ਭਰਦੇ ਰਹਿਣਗੇ। ਜੀ-20 ਸੰਮੇਲਨ ਦੌਰਾਨ ਡ੍ਰੋਨ ਦੇ ਕਿਸੇ ਵੀ ਸੰਭਾਵੀ ਖਤਰੇ ਨਾਲ ਨਜਿੱਠਣ ਦੇ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵੱਲੋਂ ਵਿਕਸਿਤ ਭਾਰਤੀ ਕਾਊਂਟਰ-ਡ੍ਰੋਨ ਪ੍ਰਣਾਲੀ ਨੂੰ ਰਾਸ਼ਟਰੀ ਰਾਜਧਾਨੀ ਦੇ ਡਿਪਲੋਮੈਟਿਕ ਐਨਕਲੇਵ ’ਚ ਤਾਇਨਾਤ ਕੀਤਾ ਗਿਆ ਹੈ। ਰੱਖਿਆ ਅਧਿਕਾਰੀਆਂ ਮੁਤਾਬਕ ਡੀ. ਆਰ. ਡੀ. ਓ. ਅਤੇ ਭਾਰਤੀ ਫੌਜ ਦੇ ਡ੍ਰੋਨ ਸਿਸਟਮ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਹਵਾਈ ਖਤਰ‌ਿਆਂ ਨਾਲ ਨਜਿੱਠਣ ਲਈ ਕੰਮ ਕਰ ਰਹੇ ਹਨ। ਇਸ ਤਰ੍ਹਾਂ ਦੀ ਸੁਰੱਖਿਆ ਜੀ-20 ਸੰਮੇਲਨ ਪੂਰਨ ਹੋਣ ਤੱਕ 24 ਘੰਟੇ ਉਪਲੱਬਧ ਕਰਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਜੀ-20 ਸੰਮੇਲਨ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਹਵਾਈ ਫੌਜ ਨੇ ਇਕ ਆਪ੍ਰੇਸ਼ਨ ਡਾਇਰੈਕਸ਼ਨ ਸੈਂਟਰ ਵੀ ਬਣਾਇਆ ਹੈ। ਇਹ ਸੈਂਟਰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਾਲ ਸਿੱਧਾ ਜੁੜਿਆ ਹੈ। ਹਵਾਈ ਫੌਜ ਨੇ ਜੀ-20 ਸੰਮੇਲਨ ਦੌਰਾਨ ਸੁਰੱਖਿਆ ਲਈ ਏਅਰ ਡਿਫੈਂਸ ਮਿਜ਼ਾਈਲ ਅਤੇ ਰਾਫੇਲ ਨੂੰ ਵੀ ਐਕਸ਼ਨ ਮੋਡ ’ਚ ਰੱਖਿਆ ਹੈ। ਦਿੱਲੀ ’ਚ ਜੀ-20 ਸਿਖਰ ਸੰਮੇਲਨ ਦੌਰਾਨ ਪੈਰਾਗਲਾਈਡਰ, ਪੈਰਾਮੋਟਰ, ਹੈਂਗ ਗਲਾਈਡਰ, ਯੂ. ਏ. ਵੀ. ਐੱਸ., ਯੂ. ਏ. ਐੱਸ. ਐੱਸ., ਮਾਈਕ੍ਰੋਲਾਈਟ ਜਹਾਜ਼, ਖਿਡਾਉਣਾ ਜਹਾਜ਼, ਗਰਮ ਹਵਾ ਦੇ ਗੁਬਾਰੇ ਵਰਗੇ ਉਪ-ਰਵਾਇਤੀ ਹਵਾਈ ਪਲੇਟਫਾਰਮਾਂ ਨੂੰ ਉਡਾਉਣਾ ਗ਼ੈਰ-ਕਾਨੂੰਨੀ ਹੋਵੇਗਾ।
ਜੀ-20 ਸਿਖਰ ਸੰਮੇਲਨ ’ਚ ਦੁਨੀਆ ਦੇ ਕਈ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਰਾਸ਼ਟਰ ਮੁਖੀ ਆ ਰਹੇ ਹਨ। ਵੱਖ-ਵੱਖ ਰਾਸ਼ਟਰ ਮੁਖੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਹਵਾਈ ਫੌਜ ਨੇ ਮਿਰਾਜ ਰਾਫੇਲ ਅਤੇ ਸੁਖੋਈ 30 ਵਰਗੇ ਫਾਈਟਰ ਜੈੱਟ ਨੂੰ ਵੀ ਤਾਇਨਾਤ ਰੱਖਿਆ ਹੈ।
ਏਅਰਫੋਰਸ ਨੇ 10000 ਫੁੱਟ ਉਚਾਈ ’ਤੇ ਲਹਿਰਾਇਆ ਜੀ-20 ਦਾ ਝੰਡਾ
ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਗਜੇਂਦਰ ਨੇ ਵੀਰਵਾਰ ਨੂੰ 10000 ਫੁੱਟ ਤੋਂ ਸਕਾਈ ਡਾਈਵਿੰਗ ਕਰਦੇ ਹੋਏ ਜੀ-20 ਦਾ ਝੰਡਾ ਲਹਿਹਰਾਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਐੱਨ. ਐੱਸ. ਜੀ. ਖੋਜੀ ਕੁੱਤਿਆਂ ਦਾ ਦਸਤਾ ਵੀ ਮੋਰਚੇ ’ਤੇ
ਸੁਰੱਖਿਆ ਵਿਵਸਥਾ ’ਚ ਐੱਨ. ਐੱਸ. ਜੀ. ਦੇ ਖੋਜੀ ਕੁੱਤੇ ਵੀ ਆਪਣਾ ਯੋਗਦਾਨ ਦੇ ਰਹੇ ਹਨ। ਭਾਰਤ ਦੇ ਵਿਸ਼ੇਸ਼ ਰਾਸ਼ਟਰੀ ਸੁਰੱਖਿਆ ਗਾਰਡ ਦੇ 9 ਖੋਜੀ ਕੁੱਤਿਆਂ ਨੂੰ ਮਹਾਤਮਾ ਗਾਂਧੀ ਦੀ ਯਾਦਗਾਰ ਰਾਜਘਾਟ ’ਤੇ ਤਾਇਨਾਤ ਕੀਤਾ ਗਿਆ ਹੈ। ਕੁੱਤਿਆਂ ਨੂੰ ਬੰਬ ਰੋਕੂ ਇਕਾਈਆਂ ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਐੱਨ. ਐੱਸ. ਜੀ. ਦੇ ਸਹਾਇਕ ਕਮਾਂਡਰ ਰੈਂਕ ਦੇ ਅਧਿਕਾਰੀਆਂ ’ਚੋਂ ਇਕ ਨੇ ਦੱਸਿਆ ਕਿ ਵਿਸ਼ੇਸ਼ ਵਿੰਗ ਦੇ ਡਾਗ ਸਕੁਐਡ ਮੈਂਬਰਾਂ ਨੂੰ ਵਿਸ਼ੇਸ਼ ਰੂਪ ’ਚ ਸ਼ੱਕੀ ਵਿਸਫੋਟਕਾਂ ਦਾ ਪਤਾ ਲਾਉਣ ਲਈ ਸਥਾਨਾਂ ਦੇ ਆਸਪਾਸ ਸਕ੍ਰੀਨਿੰਗ ਕਰਨ ਲਈ ਟ੍ਰੇਂਡ ਕੀਤਾ ਜਾਂਦਾ ਹੈ ਤਾਂ ਕਿ ਸੰਭਾਵੀ ਖਤਰ‌ਿਆਂ ਨੂੰ ਰੋਕਿਆ ਅਤੇ ਟਾਲਿਆ ਜਾ ਸਕੇ।
ਚੱਪੇ-ਚੱਪੇ ’ਤੇ 1.30 ਲੱਖ ਜਵਾਨ ਤਾਇਨਾਤ
ਰਿਪੋਰਟ ਮੁਤਾਬਿਕ ਜੀ-20 ਸੰਮੇਲਨ ਦੀ ਸੁਰੱਖਿਆ ’ਚ ਕਿਸੇ ਤਰ੍ਹਾਂ ਦੀ ਕੋਤਾਹੀ ਨਾ ਹੋਵੇ, ਇਸ ਦੇ ਲਈ ਦਿੱਲੀ ਪੁਲਸ ਦੇ 50,000 ਜਵਾਨਾਂ ਨੂੰ ਹਰ ਚੌਕ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐੱਨ. ਐੱਸ. ਜੀ., ਸੀ. ਆਰ. ਪੀ. ਐੱਫ., ਸੀ. ਏ. ਪੀ. ਐੱਫ. ਅਤੇ ਆਰਮੀ ਦੇ ਲਗਭਗ 80,000 ਜਵਾਨ ਤਾਇਨਾਤ ਰਹਿਣਗੇ। ਇਨ੍ਹਾਂ ’ਚੋਂ ਕੁਝ ਜਵਾਨ ਸੀ. ਸੀ. ਟੀ. ਵੀ. ਕੈਮਰਿਆਂ ’ਤੇ ਵੀ ਨਜ਼ਰ ਰੱਖਣਗੇ। ਕਿਹਾ ਜਾਵੇ ਤਾਂ ਪੂਰੀ ਦਿੱਲੀ ਇਕ ਤਰ੍ਹਾਂ ਨਾਲ ਛਾਉਣੀ ’ਚ ਤਬਦੀਲ ਹੋ ਜਾਵੇਗੀ।
ਹਮਲੇ ਦੌਰਾਨ ਵਿਸ਼ਵ ਦੇ ਨੇਤਾਵਾਂ ਲਈ ਬੈਲਿਸਟਿਕ ਸ਼ੀਲਡ ਹਾਊਸ
ਜੇਕਰ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਖਦਸ਼ਾ ਹੋਵੇ ਤਾਂ ਉਸ ਸਥਿਤੀ ’ਚ ਵਿਸ਼ਵ ਦੇ ਨੇਤਾਵਾਂ ਲਈ ਬੈਲਿਸਟਿਕ ਸ਼ੀਲਡ ਵਾਲੇ ਸੇਫ ਹਾਊਸ ਬਣਾਏ ਗਏ ਹਨ। ਕਿਸੇ ਵੀ ਤਰ੍ਹਾਂ ਦਾ ਹਮਲਾ ਹੋਣ ’ਤੇ ਉਨ੍ਹਾਂ ਨੂੰ ਇਨ੍ਹਾਂ ਸੇਫ ਹਾਊਸ ’ਚ ਲਿਜਾਇਆ ਜਾਵੇਗਾ ਤਾਂ ਕਿ ਉਹ ਸੁਰੱਖਿਅਤ ਰਹਿਣ। ਐਮਰਜੈਂਸੀ ’ਚ ਐੱਨ. ਐੱਸ. ਜੀ. ਦੇ ਆਪ੍ਰੇਸ਼ਨ ਲਈ ਭਾਰਤ ਮੰਡਪਮ ਦੇ ਕੋਲ ਹੈਲੀਕਾਪਟਰ ਤਾਇਨਾਤ ਹਨ।

Comment here