ਸਿਆਸਤਦੁਨੀਆ

ਦਿੱਲੀ ਅੰਦੋਲਨ- ਅੰਦੋਲਨਕਾਰੀਆਂ ਦੀ ਵਾਪਸੀ ਸ਼ੁਰੂ!!

ਨਵੀਂ ਦਿੱਲੀ- ਸਾਲ ਭਰ ਤੋਂ ਖੇਤੀ ਕਨੂੰਨਾਂ ਦੀ ਵਾਪਸੀ ਲਈ ਅੰਦੋਲਨ ਕਰ ਰਹੇ ਅੰਦੋਲਨਕਾਰੀਆਂ ਨੇ ਆਖਰ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸੀ ਦਾ ਮਨ ਬਣਾ ਲਿਆ ਹੈ। ਮੋਦੀ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ‘ਚ ਕਿਸਾਨਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਇਸ ਦੇ ਸੰਕੇਤ ਐਤਵਾਰ ਨੂੰ ਉਸ ਸਮੇਂ ਮਿਲਣੇ ਸ਼ੁਰੂ ਹੋਏ ਜਦੋਂ ਰਾਤ 8.30 ਵਜੇ ਦੇ ਕਰੀਬ 30 ਤੋਂ 40 ਨਿਹੰਗ ਬਾਬਿਆਂ ਦਾ ਜਥਾ ਸਿੰਘੂ ਬਾਰਡਰ ਤੋਂ ਪੰਜਾਬ ਜਾਣ ਲਈ ਰਵਾਨਾ ਹੋਇਆ। ਸੂਤਰਾਂ ਅਨੁਸਾਰ ਐਤਵਾਰ ਰਾਤ ਕਰੀਬ 8.30 ਵਜੇ ਨਿਹੰਗ ਬਾਬਿਆਂ ਦਾ ਇੱਕ ਜੱਥਾ ਇੱਕ ਕੰਟੇਨਰ ਅਤੇ ਇੱਕ ਟਰੱਕ ਭਰ ਕੇ ਪੰਜਾਬ ਦੇ ਗੁਰਦਾਸਪੁਰ ਵੱਲ ਰਵਾਨਾ ਹੋਇਆ। ਸੂਤਰਾਂ ਮੁਤਾਬਕ ਕਰੀਬ 12 ਨਿਹੰਗ ਆਪਣੇ ਘੋੜੇ ‘ਤੇ ਸਵਾਰ ਹੋ ਕੇ ਰਵਾਨਾ ਹੋਏ। ਇਸ ਨੂੰ ਨਿਹੰਗਾਂ ਦੀ ਪੰਜਾਬ ਵਾਪਸੀ ਵੀ ਮੰਨਿਆ ਜਾ ਰਿਹਾ ਹੈ। ਬਾਬਾ ਮਾਨ ਸਿੰਘ ਡੇਰਾ ਜੱਥੇਦਾਰ ਗੁਰਦਾਸਪੁਰ ਪੰਜਾਬ ਦੇ ਨਿਹੰਗਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਇਹ ਗੁਰਦਾਸਪੁਰ ਦੇ ਬਟਾਲਾ ਸਥਿਤ ਗੁਰੂ ਨਾਨਕ ਸੇਵਾ ਦਲ ਨਾਲ ਸਬੰਧਤ ਡੇਰੇ ਦੇ ਨਿਹੰਗਾਂ ਦਾ ਗਰੁੱਪ ਹੈ। ਨਿਹੰਗ ਬਾਬੇ ਵੱਡੀ ਤਾਦਾਦ ਵਿੱਚ ਪੰਜਾਬ ਪਰਤ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਸੂਤਰਾਂ ਮੁਤਾਬਕ ਕੱਲ੍ਹ ਸਿੰਘੂ ਸਰਹੱਦ ਤੋਂ ਸੰਯੁਤ ਕਿਸਾਨ ਮੋਰਚਾ ਦੀ ਹੋਈ ਅਹਿਮ ਮੀਟਿੰਗ ਤੋਂ ਬਾਅਦ ਹੀ ਕਈ ਕਿਸਾਨ ਜਥੇਬੰਦੀਆਂ ਵਾਪਸ ਮੁੜਨ ਬਾਰੇ ਵਿਚਾਰ ਕਰ ਰਹੀਆਂ ਸੀ। ਮੀਟਿੰਗ ਦੌਰਾਨ ਕੁਝ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਜੋ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ, ਉਹ ਜਾ ਸਕਦੇ ਹਨ ਪਰ ਜੇਕਰ ਕਈ ਜਥੇਬੰਦੀਆਂ ਇਕੱਠੇ ਅੰਦੋਲਨ ਛੱਡਦੀਆਂ ਹਨ ਤਾਂ ਅੰਦੋਲਨ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ, ਇਸ ਲਈ ਹੌਲੀ-ਹੌਲੀ ਕੁਝ ਦਿਨਾਂ ਦੌਰਾਨ ਘਰ ਵਾਪਸੀ ਕੀਤੀ ਜਾਵੇ।  ਹੁਣ ਕਿਸਾਨ ਜਥੇਬੰਦੀਆਂ ਐਮਐਸਪੀ ਦੀ ਗਾਰੰਟੀ, ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਅੰਦੋਲਨ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਮੁਆਵਜ਼ਾ ਅਤੇ ਗਾਰੰਟੀ ਨਹੀਂ ਮਿਲਦੀ, ਉਦੋਂ ਤੱਕ ਉਹ ਦਿੱਲੀ ਬਾਰਡਰਾਂ ਤੋਂ ਨਹੀਂ ਹਟਣਗੇ, ਪਰ ਕੁਝ ਜਥੇਬੰਦੀਆਂ ਵਾਪਸ ਆ ਕੇ ਚੋਣਾਂ ਚ ਸਰਗਰਮ ਹੋਣਾ ਚਾਹੁੰਦੀਆਂ ਹਨ।

Comment here