ਵਿਸ਼ੇਸ਼ ਲੇਖ

ਦਿਸ਼ਾਹੀਣ ਨੌਜਵਾਨ ਹੋ ਰਹੇ ਨੇ ਗਲਤ ਆਦਤਾਂ ਦੇ ਸ਼ਿਕਾਰ 

ਕਿਸੇ ਵੀ ਦੇਸ਼ ਤੇ ਸਮਾਜ ਨੂੰ ਬਣਾਉਣ ਜਾਂ ਵਿਗਾੜਣ ’ਚ ਉਸ ਦੇਸ਼ ਦੀ ਨੌਜਵਾਨ ਪੀੜ੍ਹੀ ਦੀ ਮੁੱਖ ਭੂਮਿਕਾ ਹੁੰਦੀ ਹੈ। ਨੌਜਵਾਨ ਪੀੜ੍ਹੀ ’ਚ ਨਾ ਸਿਰਫ ਜੋਸ਼ ਤੇ ਉਤਸ਼ਾਹ ਹੁੰਦਾ ਹੈ ਸਗੋਂ ਉਸ ’ਚ ਨਵੇਂ ਵਿਚਾਰਾਂ ਦੀ ਸਿਰਜਨਾਤਮਕ ਤੇ ਤਬਦੀਲੀ ਲਿਆਉਣ ਵਾਲੀ ਮੁਹਾਰਤ ਵੀ ਹੁੰਦੀ ਹੈ। ਉਹ ਕੁਝ ਕਰਨਾ ਚਾਹੁੰਦੇ ਹਨ ਤੇ ਜੇਕਰ ਨੌਜਵਾਨ ਆਪਣੇ ਮਨ ’ਚ ਕੁਝ ਕਰਨ ਦੀ ਧਾਰ ਲਵੇ ਤਾਂ ਉਸ ਲਈ ਕੁਝ ਵੀ ਅਸੰਭਵ ਨਹੀਂ ਹੈ। ਸਾਡੇ ਦੇਸ਼ ਦੀ ਕੁਲ ਆਬਾਦੀ ਦਾ 65 ਫੀਸਦੀ ਨੌਜਵਾਨ ਹਨ ਜੋ 35 ਸਾਲ ਦੀ ਉਮਰ ਤੋਂ ਘੱਟ ਹਨ।
ਸਾਡੇ ਮਿਹਨਤੀ ਅਤੇ ਹੋਣਹਾਰ ਨੌਜਵਾਨਾਂ ਨੂੰ ਜੇਕਰ ਸਹੀ ਦਿਸ਼ਾ ਦਿੱਤੀ ਜਾਵੇ ਤਾਂ ਇਹ ਭਾਰਤ ਨੂੰ ਹਰ ਖੇਤਰ ’ਚ ਮੋਹਰੀ ਬਣਾ ਸਕਦੇ ਹਨ। ਭਾਰਤ ਦੀ ਨੌਜਵਾਨ ਸ਼ਕਤੀ ਉੱਦਮਸ਼ੀਲ ਤੇ ਉਤਸ਼ਾਹੀ ਹੈ ਅਤੇ ਹਰ ਖੇਤਰ ’ਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਨੌਜਵਾਨ ਵਰਗ ਤਾਂ ਕੱਲ ਦੀ ਆਸ ਹੁੰਦੇ ਹਨ ਅਤੇ ਉਨ੍ਹਾਂ ਤੋਂ ਬਹੁਤ ਸਾਰੀਆਂ ਆਸਾਂ ਹੁੰਦੀਆਂ ਹਨ। ਅੱਜ ਜੇਕਰ ਕੋਈ ਕਮੀ ਹੈ ਤਾਂ ਉਹ ਉਨ੍ਹਾਂ ਨੂੰ ਸਹੀ ਸਮੇਂ ’ਤੇ ਮਾਰਗਦਰਸ਼ਨ ਦੇਣ ਦੀ ਹੈ ਜਿਸ ਦੇ ਲਈ ਉਨ੍ਹਾਂ ਦੇ ਮਾਤਾ-ਪਿਤਾ, ਗੁਰੂਆਂ ਤੇ ਪੂਰਨ ਸਮਾਜ ਦੀ ਜ਼ਿੰਮੇਵਾਰੀ ਸਭ ਤੋਂ ਉਪਰ ਹੈ। ਜਿਸ ਤਰ੍ਹਾਂ ਸਵਾਮੀ ਵਿਵੇਕਾਨੰਦ ਨੇ ਹਮੇਸ਼ਾ ਦੇਸ਼ ਦੇ ਨੌਜਵਾਨਾਂ ਨੂੰ ਅਗੇ ਵਧਣ ਦੀ ਪ੍ਰੇਰਨਾ ਦਿੱਤੀ, ਉਸੇ ਤਰ੍ਹਾਂ ਹਰ ਬੁੱਧੀਜੀਵੀ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਉਚ ਚਰਿੱਤਰ ਦੀ ਨਿੱਜੀ ਉਦਾਹਰਣ ਨਾਲ ਨੌਜਵਾਨਾਂ ਲਈ ਇਕ ਰੋਲ ਮਾਡਲ ਦਾ ਕੰਮ ਕਰਨ।
ਅੱਜ ਦੇ ਡਿਜੀਟਲ ਯੁੱਗ ’ਚ ਨੌਜਵਾਨ ਵਰਗ ਇਕ ਬਹੁਤ ਵੱਡੀ ਜ਼ਿੰਮਵਾਰੀ ਨਿਭਾਅ ਸਕਦਾ ਹੈ ਪਰ ਉਹ ਕਿਤੇ ਭਟਕਦਾ ਹੋਇਆ ਜ਼ਰੂਰ ਨਜ਼ਰ ਆਉਂਦਾ ਹੈ, ਜਦੋਂ ਉਹ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰ ਕੇ ਨਾਂਹਪੱਖੀ ਸੋਚ ਨੂੰ ਜਨਮ ਦੇਣ ਲੱਗਦਾ ਹੈ। ਡਿਜੀਟਲ ਮੀਡੀਆ ਰਾਹੀਂ ਉਹ ਪਤਾ ਨਹੀਂ ਕਿਹੜਾ-ਕਿਹੜਾ ਜ਼ੁਲਮ ਕਰ ਬੈਠਦਾ ਹੈ ਅਤੇ ਆਪਣੀ ਸਾਰੀ ਊਰਜਾ ਨੂੰ ਪਾਣੀ ਵਾਂਗ ਰੋੜ੍ਹ ਕੇ ਆਪਣੀ ਜ਼ਿੰਦਗੀ ਤਬਾਹ ਕਰ ਬੈਠਦਾ ਹੈ। ਇੰਟਰਨੈੱਟ ’ਤੇ ਪਤਾ ਨਹੀਂ ਉਹ ਕੀ-ਕੀ ਦੇਖਦੇ ਹਨ ਅਤੇ ਆਪਣਾ ਵਿਵਹਾਰ ਮਜਨੂੰਆਂ ਵਾਂਗ ਕਰਨ ਲੱਗ ਪੈਂਦੇ ਹਨ।
ਅੱਜ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਵਰਗ ਵਿਦੇਸ਼ਾਂ ’ਚ ਜਾਣਾ ਵੱਧ ਪਸੰਦ ਕਰਦੇ ਹਨ ਕਿਉਂਕਿ ਉੱਥੇ ਉਨ੍ਹਾਂ ਨੂੰ ਨੌਕਰੀ ਸੌਖੀ ਮਿਲ ਜਾਂਦੀ ਹੈ ਪਰ ਉਨ੍ਹਾਂ ਨੇ ਸ਼ਾਇਦ ਇਹ ਕਦੀ ਨਹੀਂ ਸੋਚਿਆ ਕਿ ਉਨ੍ਹਾਂ ਦੇ ਮਾਂ-ਬਾਪ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ, ਉਨ੍ਹਾਂ ਨੂੰ ਦੇਖਣ ਲਈ ਪਿੱਛੇ ਕੋਈ ਨਹੀਂ ਹੈ। ਦੂਸਰੇ ਦੇਸ਼, ਭਾਰਤੀ ਨੌਜਵਾਨਾਂ ਨੂੰ ਇਸ ਲਈ ਵੱਧ ਤਨਖਾਹ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਭਾਰਤੀ ਨੌਜਵਾਨ ਮਿਹਨਤੀ ਹੁੰਦੇ ਹਨ ਅਤੇ ਸਸਤੇ ’ਚ ਹੀ ਮਿਲ ਜਾਂਦੇ ਹਨ। ਅਜਿਹੇ ਨੌਜਵਾਨਾਂ ਦਾ ਆਪਣੇ ਦੇਸ਼ ਦੇ ਵਿਕਾਸ ਲਈ ਕੋਈ ਵਿਸ਼ੇਸ਼ ਯੋਗਦਾਨ ਨਹੀਂ ਹੁੰਦਾ ਅਤੇ ਉਹ ਅਕਸਰ ਵਿਦੇਸ਼ੀ ਬਣ ਕੇ ਹੀ ਰਹਿ ਜਾਂਦੇ ਹਨ। ਦਿਸ਼ਾਹੀਣ ਨੌਜਵਾਨ ਕਈ ਗਲਤ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਹ ਅਕਸਰ ਆਪਣੇ ਰਾਹ ਤੋਂ ਭਟਕ ਜਾਂਦੇ ਹਨ।
1. ਨੌਜਵਾਨਾਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੀਆਂ ਇਨ੍ਹਾਂ ਤਿੰਨ ਗੱਲਾਂ ’ਤੇ ਧਿਆਨ ਦੇਣਾ ਚਾਹੀਦਾ ਹੈ। (ਕ) ਵੱਡਿਆਂ ਨੂੰ ਪ੍ਰਣਾਮ ਅਤੇ ਉਨ੍ਹਾਂ ਦਾ ਆਸ਼ੀਰਵਾਦ ਹਾਸਲ ਕਰਨਾ, (ਖ) ਹੰਕਾਰ ਤੇ ਹਊਮੇ ਦਾ ਤਿਆਗ ਤੇ (ਗ) ਜ਼ਿੰਦਗੀ ’ਚ ਸਖਤ ਮਿਹਨਤ ਕਰਨੀ। ਉਨ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਇਕ ਸਖਤ ਪੱਥਰ ਹਥੌੜੇ ਦੀ ਆਖਰੀ ਸੱਟ ਨਾਲ ਹੀ ਟੁੱਟਦਾ ਹੈ ਅਤੇ ਉਨ੍ਹਾਂ ਨੂੰ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ।
2. ਬੁਰੀ ਸੰਗਤ ਨੂੰ ਤਿਆਗ ਕੇ ਚੰਗੀ ਸੰਗਤ ਦਾ ਸਾਥ ਦੇਣਾ ਚਾਹੀਦਾ ਹੈ। ਯਾਦ ਰੱਖੋ ਕਿ ਜੇਕਰ ਲੋਹੇ ਨੂੰ ਖੁੱਲ੍ਹੀ ਹਵਾ ’ਚ ਬਾਹਰ ਰੱਖ ਦਿੱਤਾ ਜਾਵੇ ਤਾਂ ਉਸ ਨੂੰ ਜ਼ੰਗਾਲ ਲੱਗ ਜਾਂਦਾ ਹੈ ਪਰ ਉਸੇ ਲੋਹੇ ਨੂੰ ਜੇਕਰ ਅੱਗ ’ਚੋਂ ਲੰਘਾਇਆ ਜਾਵੇ ਤਾਂ ਉਹ ਇਕ ਬੜੀ ਕੀਮਤੀ ਸਟੀਲ ਦਾ ਰੂਪ ਧਾਰਨ ਕਰ ਲੈਂਦਾ ਹੈ। ਉਨ੍ਹਾਂ ਨੂੰ ਆਪਣਾ ਟੀਚਾ ਬਣਾਉਣਾ ਚਾਹੀਦਾ ਹੈ ਅਤੇ ਬਿਨਾਂ ਟੀਚੇ ਦੇ ਉਨ੍ਹਾਂ ਦੀ ਮਿਹਨਤ ਉਸੇ ਤਰ੍ਹਾਂ ਬੇਕਾਰ ਜਾਵੇਗੀ ਜਿਵੇਂ ਕਿ ਪਾਣੀ ਦੀ ਭਾਲ ’ਚ ਇਕ ਹੀ ਥਾਂ ਡੂੰਘਾ ਖੂਹ ਨਾ ਪੁੱਟ ਕੇ ਥਾਂ-ਥਾਂ ਖਾਈਆਂ ਪੁੱਟਣ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ।
3. ਆਪਣੀ ਆਤਮਾ ਦਾ ਵਿਸ਼ਲੇਸ਼ਣ ਤੇ ਸਵੈ-ਪੜਚੋਲ ਕਰਨ ਅਤੇ ਆਪਣੀ ਹੋਂਦ ਤੇ ਸਮਰੱਥਾ ਦੀ ਪਛਾਣ ਕਰਨ। ਤੁਹਾਡੇ ’ਚ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਸਾਰੀਆਂ ਸ਼ਕਤੀਆਂ ਬਿਰਾਜਮਾਨ ਹਨ ਪਰ ਤੁਸੀਂ ਕਸਤੂਰੀ ਮਿਰਗ ਵਾਂਗ ਕਸਤੂਰੀ ਦੀ ਭਾਲ ਥਾਂ-ਥਾਂ ਕਰ ਰਹੇ ਹੋ ਅਤੇ ਆਪਣੀ ਨਾਭੀ ਵੱਲ ਧਿਆਨ ਨਹੀਂ ਦੇ ਰਹੇ ਅਤੇ ਇੱਥੇ ਇਹ ਕਸਤੂਰੀ ਪਹਿਲਾਂ ਤੋਂ ਹੀ ਮੁਹੱਈਆ ਹੈ।
4. ਸਮੇਂ ਨੂੰ ਵਿਅਰਥ ਨਾ ਗਵਾਓ ਅਤੇ ਸਮੇਂ ਦੇ ਪ੍ਰਬੰਧਨ ਦੀ ਕਲਾ ਨੂੰ ਸਿੱਖੋ। ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਅਤੇ ਅੱਗੇ ਨਿਕਲਦਾ ਹੀ ਚਲਾ ਜਾਂਦਾ ਹੈ ਅਤੇ ਧਿਆਨ ਰੱਖੋ ਕਿ ਇਕ ਵਾਰ ਵਗਦੇ ਹੋਏ ਨਦੀ ਦੇ ਪਾਣੀ ਨੂੰ ਦੁਬਾਰਾ ਛੂਹਿਆ ਨਹੀਂ ਜਾ ਸਕਦਾ।
5. ਆਪਣੇ ਸਵੈ-ਵਿਸ਼ਵਾਸ ਨੂੰ ਬਣਾਈ ਰੱਖੋ ਕਿਉਂਕਿ ਜ਼ਿੰਦਗੀ ’ਚ ਬਹੁਤ ਸਾਰੀਆਂ ਅਸਫਲਤਾਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ।
6. ਜ਼ਿੰਦਗੀ ’ਚ ਚਾਰ ਵੱਡੇ ਸੁਖ ਹੁੰਦੇ ਹਨ ਜਿਨ੍ਹਾਂ ’ਚ ਪਤਨੀ, ਪਰਿਵਾਰ, ਮਿੱਤਰ, ਧਨ-ਦੌਲਤ ਅਤੇ ਸਿਹਤ ਦਾ ਸੁੱਖ ਮੁੱਖ ਤੌਰ ’ਤੇ ਪਾਏ ਜਾਂਦੇ ਹਨ। ਚੰਗੀ ਸਿਹਤ ਦਾ ਹੋਣਾ ਸਭ ਤੋਂ ਵੱਡਾ ਸੁੱਖ ਮੰਨਿਆ ਗਿਆ ਹੈ ਅਤੇ ਆਪਣੇ ਆਪ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਦਰੁਸਤ ਰੱਖੋ ਕਿਉਂਕਿ ਜੇਕਰ ਸਿਹਤ ਨਹੀਂ ਹੈ ਤਾਂ ਬਾਕੀ ਸੁੱਖਾਂ ਦਾ ਭੋਗ ਤੁਸੀਂ ਨਹੀਂ ਕਰ ਸਕੋਗੇ।
7. ਸਾਦਗੀ ਅਤੇ ਨਿਮਰਤਾ ਬਣਾਈ ਰੱਖੋ ਅਤੇ ਜ਼ਮੀਨ ਨਾਲੋਂ ਨਾਤਾ ਨਾ ਤੋੜੋ, ਨਹੀਂ ਤਾਂ ਉੱਡਦੀ ਪਤੰਗ ਵਾਂਗ ਤੁਹਾਡੀ ਡੋਰ ਕਦੀ ਵੀ ਕੱਟ ਸਕਦੀ ਹੈ। ਜੇਕਰ ਤੁਸੀਂ ਫਲ ਚਾਹੁੰਦੇ ਹੋ ਤਾਂ ਕੰਡਿਆਂ ਦਾ ਸਾਹਮਣਾ ਕਰਨਾ ਹੀ ਪਵੇਗਾ। ਜੋ ਲੋਕ ਸਫਰ ਦੀ ਸ਼ੁਰੂਆਤ ਕਰਦੇ ਹਨ ਸਿਰਫ ਉਹ ਹੀ ਆਪਣੀ ਮੰਜ਼ਿਲ ਨੂੰ ਪਾ ਕਰ ਸਕਦੇ ਹਨ। ਹਾਰ ਦੇ ਬਾਅਦ ਜਿੱਤ ਉਸੇ ਤਰ੍ਹਾਂ ਹੁੰਦੀ ਹੈ ਜਿਵੇਂ ਕਿ ਹਨੇਰੇ ਦੇ ਬਾਅਦ ਉਜਾਲਾ ਹੁੰਦਾ ਹੈ।
8. ਆਪਣੇ ਮਾਤਾ-ਪਿਤਾ ਤੇ ਗੁਰੂਆਂ ਦਾ ਆਦਰ-ਸਤਿਕਾਰ ਕਰੋ। ਤੁਹਾਡੇ ਮਾਂ-ਬਾਪ ਤਾਂ ਉਹ ਬਹਾਰ ਹਨ ਜਿਸ ’ਤੇ ਇਕ ਵਾਰ ਫਿਜ਼ਾ ਆ ਜਾਵੇ ਤਾਂ ਦੁਬਾਰਾ ਬਹਾਰ ਨਹੀਂ ਆਉਂਦੀ। ਯਾਦ ਰੱਖੋ ਕਿ ਮਾਤਾ-ਪਿਤਾ ਦੇ ਚਲੇ ਜਾਣ ਦੇ ਬਾਅਦ ਤਾਂ ਦੁਨੀਆ ਹਨੇਰੀ ਲੱਗਦੀ ਹੈ।
ਇਹ ਅਜਿਹੇ ਪੰਛੀ ਹਨ ਜੋ ਉੱਡ ਜਾਣ ਦੇ ਬਾਅਦ ਵਾਪਸ ਨਹੀਂ ਆਉਂਦੇ। ਸਹਾਰਾ ਦੇਣ ਵਾਲੇ ਜਦੋਂ ਖੁਦ ਸਹਾਰਾ ਲੱਭ ਰਹੇ ਹੋਣ ਅਤੇ ਇਸੇ ਤਰ੍ਹਾਂ ਬੋਲਣਾ ਸਿਖਾਉਣ ਵਾਲੇ ਜਦੋਂ ਖੁਦ ਖਾਮੋਸ਼ ਹੋ ਜਾਂਦੇ ਹਨ ਤਾਂ ਆਵਾਜ਼ ਅਤੇ ਅਲਫਾਜ਼ ਬੇਮਾਇਨੇ ਹੋ ਜਾਂਦੇ ਹਨ। ਇਸ ਲਈ ਹਮੇਸ਼ਾ ਆਪਣੇ ਮਾਤਾ-ਪਿਤਾ ਦੇ ਕਰਜ਼ੇ ਨੂੰ ਮੋੜਨ ਲਈ ਕਦੇ ਨਾ ਭੁੱਲੋ।
ਰਾਜਿੰਦਰ ਮੋਹਨ ਸ਼ਰਮਾ ਡੀ. ਆਈ. ਜੀ. (ਰਿਟਾ.)

Comment here