ਸਿਆਸਤਖਬਰਾਂ

ਦਾਸਤਾਂ-ਏ-ਸ਼ਹਾਦਤ ਥੀਮ ਪਾਰਕ ਦਾ ਮੁੱਖ ਮੰਤਰੀ ਚੰਨੀ ਨੇ ਕੀਤਾ ਉਦਘਾਟਨ

ਸ੍ਰੀ ਚਮਕੌਰ ਸਾਹਿਬ-ਮੁੱਖ ਮੰਤਰੀ ਚਰਨਜੀਤ ਚੰਨੀ ਨੇ ਗੁਰੂ ਨਾਨਕ ਦੇਵ ਦੇ ਜਨਮ ਦਿਨ ’ਤੇ ਵਧਾਈ ਦਿੰਦਿਆਂ ਕਿਹਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਕਿ ਅੱਜ ਦਾਸਤਾਨ-ਏ-ਸ਼ਹਾਦਤ ਕੌਮ ਨੂੰ ਸਮਰਪਤ ਕੀਤਾ। ਚੰਨੀ ਨੇ ਆਪਣੇ ਹਲਕੇ ਸ੍ਰੀ ਚਮਕੌਰ ਸਾਹਿਬ ’ਚ ਚਿਰਾਂ ਤੋਂ ਉਡੀਕੇ ਜਾ ਰਹੇ ਪ੍ਰੋਜੈਕਟ ਦਾਸਤਾਂ-ਏ-ਸ਼ਹਾਦਤ ਨੂੰ ਮੁਕੰਮਲ ਕਰ ਕੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਇਸ ਪ੍ਰੋਜੈਕਟ ਨੂੰ ਪਹਿਲੇ ਥੀਮ ਪਾਰਕ ਦਾ ਨਾਂ ਦਿੱਤਾ ਗਿਆ ਸੀ ਜਿਸ ਦਾ ਅੱਜ ਮੁੱਖ ਮੰਤਰੀ ਚੰਨੀ ਤੇ ਰਾਜਪਾਲ ਨੇ ਉਦਘਾਟਨ ਕੀਤਾ। ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਨੇ ਪਾਰਕ ਦਾ ਨੀਂਹ ਪੱਥਰ ਰੱਖਿਆ ਸੀ।
ਪਹਿਲੀ ਪਾਤਸ਼ਾਹੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤਕ ਦਾ ਇਤਿਹਾਸ ਰੂਪਮਾਨ
ਸੈਰ ਸਪਾਟਾ ਵਿਭਾਗ ਦੇ ਐਕਸੀਅਨ ਬੀਐੱਸ ਚਾਨਾ ਮੁਤਾਬਕ ਥੀਮ ਪਾਰਕ ਦੇ ਚਾਰੇ ਪਾਸੇ ਦੀਆਂ ਸਡਨਵੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ’ਤੇ ਐੱਲਈਡੀ ਲਾਈਟਾਂ ਲੱਗਣਗੀਆਂ। ਉਨ੍ਹਾਂ ਦੱਸਿਆ ਕਿ ਥੀਮ ਪਾਰਕ ਕਿਸੇ ਅਜੂਬੇ ਨਾਲੋਂ ਘੱਟ ਨਹੀਂ ਹੈ। ਵਿਰਾਸਤ-ਏ-ਖ਼ਾਲਸਾ ਤਿਆਰ ਕਰਨ ਵਾਲੇ ਮਾਹਿਰਾਂ ਦੀ ਟੀਮ ਨੇ ਸਾਰਾ ਪ੍ਰਾਜੈਕਟ ਪੂਰਾ ਕੀਤਾ ਹੈ। ਪਹਿਲੀ ਪਾਤਿਸ਼ਾਹੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤਕ ਦੇ ਗੌਰਵਮਈ ਸਿੱਖ ਇਤਿਹਾਸ ਨੂੰ ਰੂਪਮਾਨ ਕਰਨ ਵਾਲੇ ਥੀਮ ਪਾਰਕ ਦੀਆਂ ਵੱਖ-ਵੱਖ ਗੈਲਰੀਆਂ ’ਚ ਵਿਖਾਈਆਂ ਜਾਣ ਵਾਲੀਆਂ ਐਨੀਮੇਸ਼ਨ ਫਿਲਮਾਂ ਵੀ ਲਗਪਗ ਤਿਆਰ ਹਨ। 11 ਗੈਲਰੀਆਂ ’ਚ ਅਤਿ ਆਧੁਨਿਕ ਤਕਨੀਕਾਂ ਰਾਹੀਂ ਸਿੱਖ ਫਲਸਫ਼ੇ, ਸ੍ਰੀ ਚਮਕੌਰ ਸਾਹਿਬ ਦੇ ਸਾਕੇ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਛੱਡਣ ਤੋਂ ਲੈ ਕੇ ਸਰਸਾ ਨਦੀ ਦੇ ਵਿਛੋਰੇ, ਮਾਛੀਵਾੜੇ ਦੇ ਜੰਗਲਾਂ ਸਣੇ ਵੱਡੇ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੇਤ ਬੰਦਾ ਸਿੰਘ ਬਹਾਦਰ ਦਾ ਪੰਜਾਬ ਵੱਲ ਕੂਚ ਕਰਨਾ ਅਤੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨਾ ਆਦਿ ਨੂੰ ਪੇਸ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2006 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਪਹਿਲੀ ਵਾਰ ’ਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਸਿੱਖ ਇਤਿਹਾਸ ਤੇ ਦਸਮ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਰੂਪਮਾਨ ਕਰਦੇ ਇਸ ਪ੍ਰੋਜੈਕਟ ’ਚ ਵੱਖ-ਵੱਖ ਗੈਲਰੀਆਂ ’ਚ ਵੰਡਿਆ ਗਿਆ ਹੈ। ਥੀਮ ਪਾਰਕ ਦੁਨੀਆ ਦੇ ਸਭ ਤੋਂ ਖੂਬਸੂਰਤ ਅਜੂਬਿਆਂ ’ਚੋਂ ਇਕ ਹੋਵੇਗਾ। ਇਹ ਦੁਨੀਆ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਸਿੱਖ ਕੌਮ ਦੇ ਇਤਿਹਾਸ ਨਾਲ ਭਰਪੂਰ ਚਮਕੌਰ ਦੀ ਧਰਤੀ ਦੇ ਗੌਰਵਮਈ ਇਤਿਹਾਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਹਾਨ ਸਾਹਿਬਜ਼ਾਦਿਆਂ ਦੀ ਕਦੇ ਨਾ ਭੁੱਲਣ ਵਾਲੀ ਸ਼ਹਾਦਤ ਨੂੰ ਦਰਸਾਉਂਦਾ ਥੀਮ ਪਾਰਕ 55 ਕਰੋੜ ਦੀ ਲਾਗਤ ਨਾਲ ਉਸਾਰਿਆ ਗਿਆ ਹੈ।

Comment here