ਪਟਨਾ-ਬਿਹਾਰ ਦੇ ਭੋਜਪੁਰ ਵਿੱਚ ਇੱਕ ਮੰਦਰ ਦੀ ਉਸਾਰੀ ਲਈ ਦਾਨ ਦੇਣ ਤੋਂ ਕਥਿਤ ਤੌਰ ‘ਤੇ ਇਨਕਾਰ ਕਰਨ ਤੋਂ ਬਾਅਦ ਭੀੜ ਨੇ ਘੱਟੋ-ਘੱਟ 6 ਸਿੱਖ ਸ਼ਰਧਾਲੂਆਂ ਦੀ ਕੁੱਟਮਾਰ ਕੀਤੀ। ਏਐਨਆਈ ਮੁਤਾਬਿਕ ਪੀਰੋ ਦੇ ਉਪ ਮੰਡਲ ਪੁਲਿਸ ਅਧਿਕਾਰੀ ਰਾਹੁਲ ਸਿੰਘ ਨੇ ਦੱਸਿਆ ਕਿ ਪਟਨਾ ਤੋਂ ਮੋਹਾਲੀ ਵਿੱਚ ਆਪਣੇ ਘਰ ਜਾ ਰਹੇ 6 ਸਿੱਖ ਸ਼ਰਧਾਲੂਆਂ ਨੂੰ ਐਤਵਾਰ ਨੂੰ ਭੋਜਪੁਰ ਦੇ ਚਾਰਪੋਖਰੀ ਵਿੱਚ ਯੱਗ ਅਤੇ ਮੰਦਰ ਨਿਰਮਾਣ ਲਈ ਦਾਨ ਨਾ ਦੇਣ ਕਾਰਨ ਭੀੜ ਵੱਲੋਂ ਉਨ੍ਹਾਂ ਦੇ ਵਾਹਨ ‘ਤੇ ਪਥਰਾਅ ਕੀਤਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ।5 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ।
ਅਧਿਕਾਰੀ ਰਾਹੁਲ ਸਿੰਘ ਦੇ ਅਨੁਸਾਰ, ਲਗਭਗ 60 ਸ਼ਰਧਾਲੂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਪੰਜਾਬ ਦੇ ਮੋਹਾਲੀ ਪਰਤ ਰਹੇ ਸਨ। ਉਸਨੇ ਕਿਹਾ, “ਜਦੋਂ ਟਰੱਕ ਧਿਆਨੀ ਟੋਲਾ ਦੇ ਨੇੜੇ ਪਹੁੰਚਿਆ, ਤਾਂ ਕੁਝ ਲੋਕਾਂ ਨੇ ਮੰਦਰ ਦੇ ਨਿਰਮਾਣ ਲਈ ਕੁਝ ‘ਯੱਗ’ ਲਈ ‘ਚੰਦਾ’ ਦੀ ਮੰਗ ਕੀਤੀ।”
ਐਸਡੀਪੀਓ ਨੇ ਅੱਗੇ ਕਿਹਾ “ਟਰੱਕ ਡਰਾਈਵਰ ਨੇ ਵਿਰੋਧ ਕੀਤਾ ਅਤੇ ਕੋਈ ‘ਦਾਨ’ ਦੇਣ ਤੋਂ ਇਨਕਾਰ ਕਰ ਦਿੱਤਾ। ਜਲਦੀ ਹੀ, ਟਰੱਕ ਡਰਾਈਵਰ ਅਤੇ ਲੋਕਾਂ ਵਿਚਕਾਰ ਝੜਪ ਹੋ ਗਈ। ਟਰੱਕ ਡਰਾਈਵਰ ਦੇ ਸਮਰਥਨ ਵਿੱਚ, ਸਿੱਖ ਸ਼ਰਧਾਲੂ ਵੀ ਸ਼ਾਮਲ ਹੋਏ,” ਉਸ ਨੇ ਪੁਸ਼ਟੀ ਕੀਤੀ ਕਿ ਇਸ ਤੋਂ ਬਾਅਦ ਹੋਈ ਝੜਪ ਵਿੱਚ ਅੱਧੀ ਦਰਜਨ ਸਿੱਖ ਸ਼ਰਧਾਲੂ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਦਾ ਚਾਰਪੋਖੜੀ ਪਬਲਿਕ ਹੈਲਥ ਕੇਅਰ (ਪੀ.ਐਚ.ਸੀ.) ਵਿਖੇ ਇਲਾਜ ਕੀਤਾ ਜਾ ਰਿਹਾ ਹੈ।
“ਉਹ ਹੁਣ ਠੀਕ ਹਨ। ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ iਖ਼ਲਾਫ਼ ਐਫਆਈਆਰ ਦਰਜ ਕੀਤੀ ਜਾਵੇਗੀ। ਐਸਡੀਪੀਓ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਘਟਨਾ ਦੇ ਸਬੰਧ ਵਿੱਚ ਘੱਟੋ-ਘੱਟ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿੱਚ ਕੁੱਲ 40 ਪੁਰਸ਼ ਅਤੇ 20 ਔਰਤਾਂ ਸਵਾਰ ਸਨ। ਭੋਜਪੁਰ ਜ਼ਿਲੇ ਦੇ ਆਰਾ-ਸਾਸਾਰਾਮ ਰੋਡ ‘ਤੇ ਚਾਰਪੋਖਰੀ ਦੇ ਟੋਲਾ ‘ਚ ਕੁਝ ਨੌਜਵਾਨ ਯੱਗ ਅਤੇ ਮੰਦਰ ਨਿਰਮਾਣ ਦੇ ਨਾਂ ‘ਤੇ ਚੰਦਾ ਇਕੱਠਾ ਕਰ ਰਹੇ ਸਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਿੰਦਾ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰਕੇ ਵਾਪਸ ਪਰਤ ਰਹੀਆਂ ਸੰਗਤਾਂ ’ਤੇ ਬਿਹਾਰ ਅੰਦਰ ਕੁਝ ਲੋਕਾਂ ਵੱਲੋਂ ਹਮਲਾ ਕਰਕੇ ਜ਼ਖ਼ਮੀ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਸੰਗਤ ’ਤੇ ਪਥਰਾਅ ਅਤੇ ਲਾਠੀਚਾਰਜ ਕਰਨਾ ਬੇਹੱਦ ਮੰਦਭਾਗਾ ਹੈ, ਜਿਸ ਦੀ ਬਿਹਾਰ ਸਰਕਾਰ ਨੂੰ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਸ਼ਤਾਬਦੀ ਮੌਕੇ ਵੱਡੀ ਸੇਵਾ ਕੀਤੀ ਸੀ, ਉਹ ਇਸ ਘਟਨਾ ਦੇ ਪੀੜ੍ਹਤਾਂ ਨੂੰ ਨਿਆਂ ਦਿਵਾਉਣ ਲਈ ਅੱਗੇ ਆਉਣ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਬਿਹਾਰ ਸਰਕਾਰ ਨਾਲ ਰਾਬਤਾ ਵੀ ਕਾਇਮ ਕੀਤਾ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਰਾਜਸਥਾਨ ਅੰਦਰ ਇਕ ਗੂੰਗੀ ਬੋਲੀ ਮਾਸੂਮ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਦੀ ਵੀ ਨਿੰਦਾ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਮਾਸੂਮ ਬੱਚੀ ਨਾਲ ਅਲਵਰ ਵਿਖੇ ਗੈਂਗ ਰੇਪ ਮਾਨਵਤਾ ਦੇ ਮੱਥੇ ’ਤੇ ਕਲੰਕ ਹੈ, ਜਿਸ ਦੇ ਦੋਸ਼ੀ ਬਖ਼ਸ਼ੇ ਨਹੀਂ ਜਾਣੇ ਚਾਹੀਦੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਥਾਨਕ ਸਿੱਖ ਆਗੂਆਂ ਨਾਲ ਰਾਬਤਾ ਬਣਾਇਆ ਗਿਆ ਹੈ ਅਤੇ ਹਰ ਪੱਧਰ ’ਤੇ ਇਸ ਵਿਚ ਸਹਿਯੋਗ ਕੀਤਾ ਜਾਵੇਗਾ। ਦੋਸ਼ੀ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਕਰੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜੋ ਆਪਣੇ ਆਪ ਵਿਚ ਮਿਸਾਲ ਬਣੇ।
Comment here