ਅਪਰਾਧਖਬਰਾਂਦੁਨੀਆ

ਦਾਨਿਸ਼ ਨੂੰ ਜਿਉਂਦੇ ਨੂੰ ਫੜਿਆ ਸੀ, ਫੇਰ ਕੀਤਾ ਸੀ ਕਤਲ- ਇੱਕ ਰਿਪੋਰਟ ਚ ਦਾਅਵਾ

ਵਾਸ਼ਿੰਗਟਨ – ਅਫਗਾਨਿਸਤਾਨ ਚ ਪਿਛਲੇ ਦਿਨੀਂ ਪੁਲਿਤਜ਼ਰ ਪੁਰਸਕਾਰ ਜੇਤੂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ  ਦੀ ਕੰਧਾਰ ਸ਼ਹਿਰ ਦੇ ਸਪਿਨ ਬੋਲਡਕ ਜ਼ਿਲ੍ਹੇ ਵਿਚ ਅਫਗਾਨ ਫ਼ੌਜੀਆਂ ਅਤੇ ਤਾਲਿਬਾਨ ਵਿਚਾਲੇ ਸੰਘਰਸ਼ ਨੂੰ ਕਵਰ ਕਰਦੇ ਸਮੇਂ ਮੌਤ ਹੋਈ ਸੀ। ਇਸ ਬਾਰੇ ਖੁਲਾਸਾ ਹੋਇਆ ਹੈ ਕਿ ਉਹ ਗੋਲਬਾਰੀ ਵਿਚ ਫਸ ਕੇ ਨਹੀਂ ਸੀ ਮਾਰੇ ਗਏ, ਸਗੋਂ ਤਾਲਿਬਾਨ ਵੱਲੋਂ ਉਨ੍ਹਾਂ ਦੀ ਪਛਾਣ ਕਰਨ ਦੇ ਬਾਅਦ ‘ਬੇਰਹਿਮੀ ਨਾਲ ਕਤਲ’ ਕੀਤਾ ਗਿਆ ਸੀ। ਅਮਰੀਕਾ ਦੀ ਇਕ ਮੈਗਜ਼ੀਨ ਨੇ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ। ਸਿੱਦੀਕੀ (38) ਅਫਗਾਨਿਸਤਾਨ ਵਿਚ ਅਸਾਈਨਮੈਂਟ ’ਤੇ ਸਨ ਜਦੋਂ ਉਹ ਮਾਰੇ ਗਏ।  ‘ਵਾਸ਼ਿੰਗਟਨ ਐਗਜ਼ਾਮੀਨਰ’ ਦੀ ਰਿਪੋਰਟ ਮੁਤਾਬਕ ਸਿੱਦੀਕੀ ਨੇ ਅਫਗਾਨ ਨੈਸ਼ਨਲ ਆਰਮੀ ਟੀਮ ਨਾਲ ਸਪਿਨ ਬੋਲਡਕ ਖੇਤਰ ਦੀ ਯਾਤਰਾ ਕੀਤੀ ਤਾਂ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ਕ੍ਰਾਸਿੰਗ ’ਤੇ ਕੰਟਰੋਲ ਲਈ ਅਫਗਾਨ ਫ਼ੌਜਾਂ ਅਤੇ ਤਾਲਿਬਾਨ ਵਿਚਾਲੇ ਚੱਲ ਰਹੀ ਜੰਗ ਨੂੰ ਕਵਰ ਕੀਤਾ ਜਾ ਸਕੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਹਮਲੇ ਦੌਰਾਨ ਸਿੱਦੀਕੀ ਨੂੰ ਛੱਰੇ ਲੱਗੇ ਅਤੇ ਇਸ ਲਈ ਉਹ ਅਤੇ ਉਨ੍ਹਾਂ ਦੀ ਟੀਮ ਇਕ ਸਥਾਨਕ ਮਸਜਿਦ ਵਿਚ ਗਏ, ਜਿੱਥੇ ਉਨ੍ਹਾਂ ਨੂੰ ਮੁੱਢਲਾ ਇਲਾਜ ਮਿਲਿਆ। ਹਾਲਾਂਕਿ ਜਿਵੇਂ ਹੀ ਇਹ ਖ਼ਬਰ ਫੈਲੀ ਕਿ ਇਕ ਪੱਤਰਕਾਰ ਮਸਜਿਦ ਵਿਚ ਹੈ ਤਾਂ ਤਾਲਿਬਾਨ ਨੇ ਹਮਲਾ ਕਰ ਦਿੱਤਾ। ਸਥਾਨਕ ਜਾਂਚ ਤੋਂ ਪੱਤਾ ਲੱਗਾ ਹੈ ਕਿ ਤਾਲਿਬਾਨ ਨੇ ਸਿੱਦੀਕੀ ਦੀ ਮੌਜੂਦਗੀ ਕਾਰਨ ਹੀ ਮਸਜਿਦ ’ਤੇ ਹਮਲਾ ਕੀਤਾ ਸੀ। ਰਿਪੋਰਟ ਵਿਚ ਕਿਹਾ ਗਿਆ, ‘ਸਿੱਦੀਕੀ ਉਸ ਸਮੇਂ ਤੱਕ ਜ਼ਿੰਦਾ ਸਨ, ਜਦੋਂ ਤਾਲਿਬਾਨ ਨੇ ਉਨ੍ਹਾਂ ਨੂੰ ਫੜਿਆ। ਤਾਲਿਬਾਨ ਨੇ ਸਿੱਦੀਕੀ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਫਿਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਦੇ ਲੋਕਾਂ ਨੂੰ ਵੀ ਮਾਰ ਦਿੱਤਾ। ਕਮਾਂਡਰ ਅਤੇ ਉਨ੍ਹਾਂ ਦੀ ਟੀਮ ਦੇ ਬਾਕੀ ਮੈਂਬਰਾਂ ਦੀ ਮੌਤ ਹੋ ਗਈ, ਕਿਉਂਕਿ ਉਨ੍ਹਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।’ ਅਮਰੀਕਨ ਇੰਟਰਪ੍ਰਾਈਜ਼ ਇੰਸਟੀਚਿਊਟ ਵਿਚ ਸੀਨੀਅਰ ਫੈਲੋ ਮਾਈਕਲ ਰੂਬੀਨ ਨੇ ਲਿਖਿਆ ਹੈ, ‘ਵਿਆਪਕ ਰੂਪ ਨਾਲ ਪ੍ਰਸਾਰਿਤ ਇਕ ਤਸਵੀਰ ਵਿਚ ਸਿੱਦੀਕੀ ਦੇ ਚਿਹਰੇ ਨੂੰ ਪਛਾਣਨ ਯੋਗ ਦਿਖਾਇਆ ਗਿਆ ਹੈ, ਹਾਲਾਂਕਿ ਮੈਂ ਭਾਰਤ ਸਰਕਾਰ ਦੇ ਇਕ ਸੂਤਰ ਵੱਲੋਂ ਮੈਨੂੰ ਦਿੱਤੀਆਂ ਗਈਆਂ ਹੋਰ ਤਸਵੀਰਾਂ ਅਤੇ ਸਿੱਦੀਕੀ ਦੀ ਲਾਸ਼ ਦੀ ਵੀਡੀਓ ਦੀ ਸਮੀਖਿਆ ਕੀਤੀ, ਜਿਸ ਵਿਚ ਦਿਸਿਆ ਕਿ ਤਾਲਿਬਾਨ ਨੇ ਸਿੱਦੀਕੀ ਦੇ ਸਿਰ ’ਤੇ ਹਮਲਾ ਕੀਤਾ ਅਤੇ ਫਿਰ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ।’ ਰਿਪੋਰਟ ਵਿਚ ਕਿਹਾ ਗਿਆ, ‘ਤਾਲਿਬਾਨ ਵੱਲੋਂ ਹਮਲਾ ਕਰਨ, ਸਿੱਦੀਕੀ ਨੂੰ ਮਾਰਨ ਅਤੇ ਫਿਰ ਉਨ੍ਹਾਂ ਦੀ ਲਾਸ਼ ਦੀ ਬੇਕਦਰੀ ਕਰਨ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਉਹ ਯੁੱਧ ਦੇ ਨਿਯਮਾਂ ਜਾਂ ਗਲੋਬਲ ਸੰਧੀਆਂ ਦਾ ਸਨਮਾਨ ਨਹੀਂ ਕਰਦੇ।

Comment here