ਬਾਲ ਵਰੇਸ

ਦਾਦੂ ਦੀ ਸਿੱਖਿਆ

ਉਦੇਵੀਰ ਸਕੂਲ ਤੋਂ ਵਾਪਸ ਘਰ ਆਇਆ ਸੀ । ਆਉਂਦਿਆਂ ਹੀ ਆਪਣੇ ਦਾਦਾ ਜੀ ਦੇ ਕਮਰੇ ਵਿੱਚ ਚਲਾ ਗਿਆ । ਉਹ ਕੁੱਝ ਸਮਾਂ ਚੁੱਪਚਾਪ ਬੈਠਾ ਰਿਹਾ। ਉਸਦੇ ਦਾਦਾ ਜੀ ਹੈਰਾਨ ਹੋਏ , ਇਹ ਅੱਜ ਕਿਵੇਂ ਉਦਾਸ ਜਿਹਾ ਬੈਠਾ ਹੈ। ਅੱਗੇ ਤਾਂ ਆਉਂਦਿਆਂ ਹੀ ਸਕੂਲ ਦੀਆਂ ਗੱਲਾਂ ਕਰਨ ਲੱਗ ਜਾਂਦਾ ਹੈ।
ਉਸ ਦੇ ਦਾਦਾ ਜੀ ਨੇ ਚੁੱਪ ਤੋੜਦਿਆਂ ਕਿਹਾ , ” ਉਦੇਵੀਰ ਪੁੱਤਰ ਕੀ ਹੋਇਆ ? ਕਿਸੇ ਨੇ ਮਾਰਿਆ ਤੈਨੂੰ ?”
ਉਦੇਵੀਰ ਅਜੇ ਵੀ ਕੁੱਝ ਨਹੀਂ ਸੀ ਬੋਲਿਆ। ” ਫਿਰ ਚੁੱਪ ਕਿਉਂ ਐਂ ?” ਉਸ ਦੇ ਦਾਦਾ ਜੀ ਨੇ ਦੁਬਾਰਾ ਪੁੱਛਿਆ।
ਉਦੇਵੀਰ ਨੇ ਝਿਜਕਦੇ ਹੋਏ ਬੋਲਣਾ ਸ਼ੁਰੂ ਕੀਤਾ, ” ਦਾਦੂ ਮੈਂ ਆਪਣੇ ਸਕੂਲ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਭਾਗ ਲੈ ਰਿਹਾ ਹਾਂ। ਜਿਸ ਪਹਿਲਵਾਨ ਨਾਲ ਮੈਂ ਕੁਸ਼ਤੀ ਲੜਦਾ ਹਾਂ, ਉਸਦਾ ਕੱਦ ਮੇਰੇ ਤੋਂ ਜ਼ਿਆਦਾ ਲੰਬਾ ਹੈ। ਪਰ ਵਜ਼ਨ ਮੇਰੇ ਬਰਾਬਰ ਹੀ ਹੈ। ਮੈਂ ਪੂਰਾ ਜ਼ੋਰ ਲਗਾ ਕੇ ਵੀ ਉਸ ਕੋਲੋਂ ਹਾਰ ਜਾਂਦਾ ਹਾਂ। ਮੈਂ ਆਪਣੇ ਛੋਟੇ ਕੱਦ ਬਾਰੇ ਸੋਚ ਕੇ ਪ੍ਰੇਸ਼ਾਨ ਹੋ ਜਾਂਦਾ ਹਾਂ।”
” ਬਸ ਇਹ ਹੀ ਗੱਲ ਐ” , ਦਾਦਾ ਜੀ ਨੇ ਕਿਹਾ।
ਉਹ ਪਿਆਰੇ ਪੁੱਤਰ ਕੁਸ਼ਤੀ ਜਿੱਤਣ ਲਈ ਕੱਦ ਦੀ ਜ਼ਰੂਰਤ ਨਹੀਂ । ਪੁੱਤਰ, ਤੈਨੂੰ ਲੋੜ ਹੈ ਆਤਮ ਵਿਸ਼ਵਾਸ ਦੀ , ਹੌਂਸਲੇ ਦੀ ਅਤੇ ਤਕਨੀਕ ਦੀ ਹੈ । ਪੁੱਤਰ ਉਦੇਵੀਰ , ਗੱਲ 1971 ਦੀ ਜੰਗ ਵੇਲੇ ਦੀ ਹੈ । ਦੁਸ਼ਮਣ ਨੇ ਆਪਣੀ ਹਾਰ ਮੰਨਦਿਆਂ ਸਾਡੇ ਅੱਗੇ ਹਥਿਆਰ ਸੁੱਟ ਦਿੱਤੇ ਸਨ। ਜਦੋਂ ਦੁਸ਼ਮਣ ਸਾਡੇ ਸਾਹਮਣੇ ਆਇਆ ਤਾਂ ਸਾਨੂੰ ਵੇਖ ਕਿ ਹੈਰਾਨ ਹੋ ਗਿਆ । ਬਈ ਅਸੀਂ ਇਹਨਾਂ ਕੋਲੋਂ ਹਾਰੇ ਹਾਂ। ਪੁੱਤਰਾ ਸਾਡੇ ਕੱਦ ਉਹਨਾਂ ਦੇ ਕੱਦ ਦੇ ਮੁਕਾਬਲੇ ਕੁੱਝ ਛੋਟੇ ਸਨ। ਉਹ ਸਾਰੇ ਹੀ ਸਾਢੇ ਛੇ -ਛੇ ਫੁੱਟ ਦੇ ਸਨ। ਫਿਰ ਪੁੱਤਰਾ , ਸਾਡੇ ਕੈਪਟਨ ਨੇ ਪਤਾ ਕੀ ਕਿਹਾ, ” ਅਸੀਂ ਤਕਨੀਕ ਨਾਲ ਲੜੇ ਹਾਂ, ਕੱਦ ਨਾਲ ਨਹੀਂ । ਸਾਡੇ ਹੌਂਸਲੇ ਵੇਖੋ । ਸਾਡੇ ਆਤਮ ਵਿਸ਼ਵਾਸ ਵੇਖੋ। ਵੇਖਣਾ ਹੈ ਤਾਂ ਦੁਬਾਰਾ ਟੈਂਕਾਂ ਤੇ ਚੜ ਕੇ ਵੇਖ ਲੈਂਦੇ ਹਾਂ ।” ਪੁੱਤਰ ਉਦੇਵੀਰ , ਦੁਸ਼ਮਣ ਸ਼ਰਮਸਾਰ ਹੋਇਆ ਨੀਵੀਂ ਪਾ ਕੇ ਖੜ ਗਿਆ ਸੀ ।
ਹੁਣ ਤੈਨੂੰ ਵੀ ਹਿੰਮਤ ਦੀ ਲੋੜ ਹੈ। ਰੋਜ਼ਾਨਾ ਕਸਰਤ ਕਰਿਆ ਕਰੋ । ਮਿਹਨਤ ਰੰਗ ਜ਼ਰੂਰ ਲਿਆਉਂਦੀ ਹੈ।
ਦੂਸਰੇ ਦਿਨ ਜਦ ਉਦੇਵੀਰ ਸਕੂਲ ਤੋਂ ਵਾਪਸ ਆਇਆ ਤਾਂ ਉਸ ਦੇ ਚਿਹਰੇ ਤੇ ਅਕਹਿ ਖੁਸ਼ੀ ਸੀ।
-ਰਾਜਿੰਦਰ ਸਿੰਘ ਰਾਜਨ

Comment here