ਅਪਰਾਧਸਿਆਸਤਖਬਰਾਂ

ਦਾਊਦ ਇਬਰਾਹਿਮ ਦੀ ਦੂਜੀ ਪਤਨੀ ਪਾਕਿਸਤਾਨੀ-ਪਾਰਕਰ

ਮੁੰਬਈ-ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਦਾਊਦ ਇਬਰਾਹਿਮ ਦੇ ਭਣੇਵੇਂ ਨੇ ਦੱਸਿਆ ਹੈ ਕਿ ਦਾਊਦ ਦੀ ਦੂਜੀ ਪਤਨੀ ਵੀ ਹੈ ਜੋ ਪਾਕਿਸਤਾਨੀ ਹੈ । ਉਸ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣ ਬਾਰੇ ਝੂਠ ਬੋਲਿਆ ਸੀ। ਐੱਨ. ਆਈ. ਏ. ਭਾਰਤ ਵਿੱਚ ਅੱਤਵਾਦੀ ਅਤੇ ਅਪਰਾਧਿਕ ਸਰਗਰਪਮੀਆਂ ਵਿੱਚ ਸ਼ਾਮਲ ਇਕ ਅਪਰਾਧਿਕ ਸਿੰਡੀਕੇਟ ਅਤੇ ਇਕ ਗਲੋਬਲ ਅੱਤਵਾਦੀ ਨੈੱਟਵਰਕ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਪੁੱਤਰ ਅਲੀ ਸ਼ਾਹ ਪਾਰਕਰ ਦਾ ਬਿਆਨ ਐਨ .ਆਈ. ਏ. ਵੱਲੋਂ ਪਿਛਲੇ ਸਾਲ ਨਵੰਬਰ ਵਿੱਚ ਦਾਇਰ ਚਾਰਜਸ਼ੀਟ ਦਾ ਹਿੱਸਾ ਹੈ। ਇਹ ਮਾਮਲਾ ਇਕ ਗਲੋਬਲ ਅੱਤਵਾਦੀ ਨੈੱਟਵਰਕ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧਿਕ ਗਿਰੋਹ (ਡੀ-ਕੰਪਨੀ) ਨਾਲ ਸਬੰਧਤ ਹੈ। ਇਸ ਗਿਰੋਹ ਦੇ ਭਾਰਤ ਵਿਚ ਕਈ ਅੱਤਵਾਦੀ ਅਤੇ ਅਪਰਾਧਿਕ ਸਰਗਰਮੀਆਂ ਵਿਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਅਲੀ ਸ਼ਾਹ ਪਾਰਕਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਦਾਊਦ ਇਬਰਾਹਿਮ ਦੀ ਪਤਨੀ ਦਾ ਨਾਮ ਮਹਿਜਬੀਨ ਹੈ । ਉਸ ਦੀਆਂ ਤਿੰਨ ਧੀਆਂ ਮਾਹਰੁਖ , ਮਹਿਰੀਨ , ਮਾਜ਼ੀਆ ਅਤੇ ਇੱਕ ਪੁੱਤਰ ਮੋਹਿਨ ਨਵਾਜ਼ ਹਨ।
ਪਾਰਕਰ ਨੇ ਕਿਹਾ ਕਿ ਦਾਊਦ ਇਬਰਾਹਿਮ ਦੀ ਦੂਜੀ ਪਤਨੀ ਪਾਕਿਸਤਾਨੀ ਪਠਾਨ ਹੈ। ਦਾਊਦ ਇਬਰਾਹਿਮ ਵਿਖਾਵਾ ਕਰਦਾ ਹੈ ਕਿ ਉਸ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਹੈ ਪਰ ਇਹ ਸੱਚਾਈ ਨਹੀਂ ਹੈ। ਦਾਊਦ ਪਾਕਿਸਤਾਨ ਦੇ ਕਰਾਚੀ ਵਿੱਚ ਅਬਦੁੱਲਾ ਗਾਜ਼ੀ ਬਾਬਾ ਦਰਗਾਹ ਦੇ ਪਿੱਛੇ ਇਕ ਸੁਰੱਖਿਅਤ ਖੇਤਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਐੱਨ. ਆਈ. ਏ. ਦੀ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਬਰਾਹਿਮ ਨੇ ਭਾਰਤ ਵਿੱਚ ‘ਡੀ-ਕੰਪਨੀ’ ਦੀਆਂ ਦਹਿਸ਼ਤ ਵਾਲੀਆਂ ਸਰਗਰਮੀਆਂ ਸਬੰਧੀ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਹਵਾਲਾ ਚੈਨਲਾਂ ਰਾਹੀਂ ‘ਵੱਡੀ ਰਕਮ’ ਭੇਜੀ ਸੀ। ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਡੀ-ਕੰਪਨੀ ਨੇ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਸਮੇਤ ਮਸ਼ਹੂਰ ਹਸਤੀਆਂ ’ਤੇ ਹਮਲਾ ਕਰ ਕੇ ਭਾਰਤ ਦੇ ਲੋਕਾਂ ’ਚ ਦਹਿਸ਼ਤ ਫੈਲਾਉਣ ਲਈ ਇੱਕ ਵਿਸ਼ੇਸ਼ ਯੂਨਿਟ ਦੀ ਸਥਾਪਨਾ ਕੀਤੀ ਹੈ। ਇਬਰਾਹਿਮ ਅਤੇ ਉਸ ਦੇ ਸਹਿਯੋਗੀ ਛੋਟਾ ਸ਼ਕੀਲ ਨੂੰ ਚਾਰਜਸ਼ੀਟ ਵਿੱਚ ਲੋੜੀਂਦੇ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਚਾਰਜਸ਼ੀਟ ’ਚ ਤਿੰਨ ਹੋਰਾਂ ਆਰਿਫ ਅਬੂ ਬਕਰ ਸ਼ੇਖ, ਸ਼ਬੀਰ ਅਬੂ ਬਕਰ ਸ਼ੇਖ ਤੇ ਮੁਹੰਮਦ ਸਲੀਮ ਕੁਰੈਸ਼ੀ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ।

Comment here