ਕਾਬੁਲ – ਕੁਝ ਚਿਰ ਪਹਿਲਾਂ ਖ਼ਬਰ ਆ ਰਹੀ ਸੀ ਕਿ ਤਾਲਿਬਾਨ ਅੱਤਵਾਦੀਆਂ ਨੇ ਹਵਾਈਅੱਡੇ ਦੇ ਬਾਹਰੋਂ 150 ਤੋਂ ਵੱਧ ਲੋਕਾਂ, ਜਿਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਨਾਗਰਿਕ ਹਨ, ਉਹਨਾਂ ਨੂੰ ਅਗਵਾ ਕਰ ਲਿਆ ਹੈ। ਹਾਲਾਂਕਿ ਤਾਲਿਬਾਨ ਨੇ ਭਾਰਤੀ ਨਾਗਰਿਕਾਂ ਨੂੰ ਅਗਵਾ ਕਰਨ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਤਾਲਿਬਾਨ ਦੇ ਬੁਲਾਰੇ ਅਹਿਮਦੁੱਲਾ ਵਸੇਕ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਖ਼ਬਰ ਅਫ਼ਵਾਹ ਹੈ। ਭਾਰਤ ਸਰਕਾਰ ਦੇ ਸੂਤਰਾਂ ਨੇ ਵੀ ਇਸ ਖਬਰ ਦੀ ਜਾਂਚ ਕਰਨ ਦੀ ਗੱਲ ਆਖੀ ਸੀ, ਓਧਰ ਤਾਲਿਬਾਨ ਦਾ ਕਹਿਣਾ ਹੈ ਕਿ ਉਸ ਦੇ ਮੈਂਬਰ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਹਵਾਈਅੱਡੇ ਤੱਕ ਪਹੁੰਚਣ ਵਿਚ ਮਦਦ ਕਰ ਰਹੇ ਹਨ। ਅਸੀਂ ਸਾਰੇ ਵਿਦੇਸ਼ੀ ਲੋਕਾਂ ਨੂੰ ਹਵਾਈਅੱਡੇ ’ਤੇ ਜਾਣ ਲਈ ਸੁਰੱਖਿਅਤ ਰਸਤਾ ਮੁਹੱਈਆ ਕਰਾਉਣ ਲਈ ਦ੍ਰਿੜ ਹਾਂ। ਕਾਬੁਲ ’ਚ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰੋਂ ਭਾਰਤੀਆਂ ਸਮੇਤ 150 ਤੋਂ ਵੱਧ ਲੋਕਾਂ ਦੇ ਕਥਿਤ ਤੌਰ ’ਤੇ ਅਗਵਾ ਹੋਣ ਦੀਆਂ ਖ਼ਬਰਾਂ ਦੌਰਾਨ ਸਥਾਨਕ ਪੱਤਰਕਾਰ ਜਕੀ ਦਰਯਾਬੀ ਨੇ ਕਿਹਾ ਕਿ ਅਗਵਾ ਕੀਤੇ ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਹਵਾਈਅੱਡੇ ’ਤੇ ਵਾਪਸ ਪਰਤ ਰਹੇ ਹਨ। ਦਰਯਾਬੀ ਨੇ ਟਵੀਟ ਕਰਕੇ ਦੱਸਿਆ ਕਿ ਦੋ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਤਾਲਿਬਾਨ ਵੱਲੋਂ ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਹ ਕਾਬੁਲ ਹਵਾਈਅੱਡੇ ’ਤੇ ਪਰਤ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਭਾਰਤੀਆਂ ਨੂੰ ਕਾਬੁਲ ਹਵਾਈਅੱਡੇ ਤੋਂ ਨੇੜੇ ਦੇ ਇਕ ਆਲੋਕੋਜਈ ਕੰਪਲੈਕਸ ਲਿਜਾਇਆ ਗਿਆ ਸੀ, ਜੋ ਅਮਰੀਕੀ ਫ਼ੌਜ ਲਈ ਨਾਮਜ਼ਦ ਗੈਰੇਜ ਹੈ। ਇੱਥੇ ਤਾਲਿਬਾਨ ਨੇ ਕਥਿਤ ਤੌਰ ’ਤੇ ਉਨ੍ਹਾਂ ਦੇ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਸਾਰੇ ਭਾਰਤੀ ਸੁਰੱਖਿਅਤ ਹਨ।
Comment here