ਅਪਰਾਧਸਿਆਸਤਖਬਰਾਂ

ਦਸਤਾਰ ਦੀ ਬੇਅਦਬੀ ਕਾਰਨ ਜਰਮਨੀ ਕੰਪਨੀ ਨੇ ਸਿੱਖ ਪੰਥ ਤੋਂ ਮੰਗੀ ਮੁਆਫ਼ੀ

ਮਿਲਾਨ-ਇਟਲੀ ਵਿਚ ਵੈਟਰਨਰੀ ਕਲੀਨਿਕ ਵਿਭਾਗ ਵੱਲੋਂ ਆਪਣੇ ਕਾਰੋਬਾਰੀ ਪ੍ਰਚਾਰ ਲਈ ਬੱਸਾਂ ਦੇ ਪਿੱਛੇ ਕੁੱਤੇ ਦੇ ਸਿਰ ’ਤੇ ਦਸਤਾਰ ਬੱਝੀ ਫੋਟੋ ਬਣਾ ਕੇ ਸਿੱਖ ਪੰਥ ਨਾਲ ਜੋ ਖਿਲਵਾੜ ਕੀਤਾ ਗਿਆ ਸੀ, ਉਸ ਮੁੱਦੇ ’ਤੇ ਤੁਰੰਤ ਹਰਕਤ ਵਿਚ ਆਉਂਦਿਆਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਿਨ੍ਹਾਂ ਵਿਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਅਤੇ ਸਿੱਖ ਕਮਿਊਨਿਟੀ ਇਟਲੀ ਨੇ ਕਾਰਵਾਈ ਕਰਦਿਆਂ ਜ਼ਿੰਮੇਵਾਰ ਇਟਾਲੀਅਨ ਅਧਿਕਾਰੀਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਵੱਡੀ ਗ਼ਲਤੀ ਦਾ ਅਹਿਸਾਸ ਦੁਆਇਆ, ਜਿਸ ’ਤੇ ਵੈਟਰਨਰੀ ਕਲੀਨਿਕ ਵਿਭਾਗ ਦੀ ਮਿਲਾਨ ਸਥਿਤ ਮੈਨੇਜਰ ਨੇ ਸਿੱਖ ਭਾਈਚਾਰੇ ਤੋਂ ਲਿਖਤੀ ਤੌਰ ’ਤੇ ਮੁਆਫ਼ੀ ਮੰਗ ਲਈ ਹੈ।
ਕੰਪਨੀ ਦੇ ਅਧਿਕਾਰੀ ਨੇ ਸਿੱਖ ਆਗੂਆ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਤੋਂ ਜਲਦ ਹੀ ਬੱਸਾਂ ਪਿੱਛੋਂ ਸਾਰੇ ਬੋਰਡ ਉਤਾਰ ਦਿੱਤੇ ਜਾਣਗੇ, ਜਿਸ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸੋਸ਼ਲ ਮੀਡੀਆ ਜਾਂ ਫਿਰ ਹੋਰ ਜਿੱਥੇ ਵੀ ਉਨ੍ਹਾਂ ਕੋਲੋਂ ਉਕਤ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਹੈ, ਨੂੰ ਤੁਰੰਤ ਪ੍ਰਭਾਵ ਨਾਲ ਡਿਲੀਟ ਕਰ ਦਿੱਤਾ ਜਾਵੇਗਾ। ਜਿਸ ਸਬੰਧੀ ਪੂਰੀ ਜਾਣਕਾਰੀ ਦਿੰਦਿਆਂ ਭਾਈ ਰਵਿੰਦਰਜੀਤ ਸਿੰਘ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਸੁਰਿੰਦਰਜੀਤ ਸਿੰਘ ਪੰਡੋਰੀ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਫਲੇਰੋ ਅਤੇ ਸੁੱਖਦੇ ਸਿੰਘ ਕੰਗ ਪ੍ਰਧਾਨ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਆਦਿ ਨੇ ਦੱਸਿਆ ਕਿ ਜਾਨਵਰਾਂ ਦੀ ਮੈਡੀਸਨ ਬਣਾਉਣ ਵਾਲੀ ਜਰਮਨ ਦੀ ਇਕ ਕੰਪਨੀ ਵੱਲੋਂ ਆਪਣੇ ਪ੍ਰਚਾਰ ਲਈ ਜੋ ਸਮਗਰੀ ਤਿਆਰ ਕੀਤੀ ਗਈ ਸੀ, ਉਸ ਨੂੰ ਇਟਲੀ ਦੇ 7 ਜ਼ਿਲ੍ਹਿਆਂ ਵਿਚ ਪ੍ਰਚਾਰ ਲਈ ਬੱਸਾਂ ’ਤੇ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਬਾਰੇ ਜਾਣਕਾਰੀ ਨਹੀਂ ਸੀ ਕਿ ਅਜਿਹਾ ਕਰਨ ਨਾਲ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ ! ਜਿਸ ਲਈ ਉਹ ਲਿਖਤੀ ਤੌਰ ’ਤੇ ਮੁਆਫ਼ੀ ਮੰਗਦੇ ਹਨ।

Comment here