ਸਿਆਸਤਖਬਰਾਂਚਲੰਤ ਮਾਮਲੇ

ਦਸਤਾਰਧਾਰੀਆਂ ਨੂੰ ਜਾਣ ਕੇ ਅਤਿਵਾਦੀ ਪੇਸ਼ ਕਰਨ ਦੀ ਕੋਸ਼ਿਸ਼-ਮਜੀਠੀਆ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਵਿਚ ਵੋਟਾਂ ਦੇ ਧਰੁਵੀਕਰਨ ਵਾਸਤੇ ਜਾਣ ਬੁੱਝ ਕੇ ਦਸਤਾਰਧਾਰੀ ਸਿੱਖਾਂ ਨੂੰ ਅਤਿਵਾਦੀ ਵਜੋਂ ਪੇਸ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਦੋਂ ਕਿ ਉਹਨਾਂ ਨੇ ਕਾਨੂੰਨ ਵਿਵਸਥਾ ਸਮੇਤ ਹਰ ਮੁਹਾਜ਼ ’ਤੇ ਫੇਲ੍ਹ ਸਾਬਤ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੋਰਦਾਰ ਨਿਖੇਧੀ ਕੀਤੀ।
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਕਾਦੀਆਂ ਵਿਚ ਪੰਜਾਬ ਯੂਥ ਮਿਲਣੀ ਪ੍ਰੋਗਰਾਮ ਤਹਿਤ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਸਿੱਖਾਂ ਨੂੰ ਅਤਿਵਾਦੀ ਵਜੋਂ ਪੇਸ਼ ਕਰਨ ਦੇ ਯਤਨ ਕੀਤੇਜਾ ਰਹੇ ਹਨ ਜਦੋਂ ਕਿ ਸਿੱਖ ਕੌਮ ਦੇ ਮੈਂਬਰ ਦੇਸ਼ ਲਈ ਸਭ ਤੋਂ ਵੱਧ ਯੋਗਦਾਨ ਪਾਉਂਦੇ ਆ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਅਸੀਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਡਾ ਯੋਗਦਾਨ ਪਾਇਆ ਤੇ ਹੁਣ ਸਿੱਖ ਫੌਜੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇਹਨ ਤਾਂ ਜੋ ਆਮ ਭਾਰਤੀ ਆਰਾਮ ਨਾਲ ਸੌਂ ਸਕੇ।
ਉਹਨਾਂ ਕਿਹਾ ਕਿ ਉਹਨਾਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਕਿਵੇਂ 26 ਸਾਲਾਂ ਦੇ ਸਿੱਖ ਨੌਜਵਾਨ ਗਾਇਕ ਸ਼ੁਭਨੀਤ ਸਿੰਘ ਨੂੰ ਬਿਨਾਂ ਤੱਥਾਂ ਦੀ ਘੋਖ ਕੀਤਿਆਂ ਅਤਿਵਾਦੀ ਗਰਦਾਨਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਵੀ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਆਪ ਦੇ ਐਮ ਪੀ ਸ੍ਰੀ ਰਾਘਵ ਚੱਢਾ ਦੇ ਵਿਆਹ ਵਿਚ ਰੁੱਝੇ ਹਨ ਤੇ ਉਹਨਾਂ ਕੋਲ ਸਿੱਖ ਨੌਜਵਾਨ ਗਾਇਕ ਦੇ ਹੱਕ ਵਿਚ ਟਵੀਟ ਕਰਨ ਦੀ ਵੀ ਵਿਹਲ ਨਹੀ਼ ਹੈ।
ਭਾਰਤ ਤੇ ਪਾਕਿਸਤਾਨ ਦਰਮਿਆਨ ਵਾਹਗਾ-ਅਟਾਰੀ ਸਰਹੱਦ ਰਾਹੀਂ ਵਪਾਰ ਦੀ ਵਕਾਲਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਦੇਸ਼ ਵਿਚ ਬਾਸਮਤੀ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਬੰਦਰਗਾਹਾਂ ਰਾਹੀਂ ਇਹ ਬਰਾਮਦ ਜਾਰੀ ਹੈ। ਉਹਨਾਂ ਕਿਹਾ ਕਿ ਇਸ ਪਾਬੰਦੀ ਕਾਰਨ ਕਿਸਾਨਾਂ ਖਾਸ ਤੌਰ ’ਤੇ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਇਹ ਪਾਬੰਦੀ ਖਤਮ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਕਿਸਾਨ ਵੀ ਕੌਮਾਂਤਰੀ ਮੰਡੀ ਵਿਚ ਬਾਸਮਤੀ ਦੇ ਵੱਧ ਰੇਟਾਂ ਦਾ ਲਾਹਾ ਲੈ ਸਕਣ।
ਭਾਰਤ ਤੇ ਕੈਨੇਡਾ ਦਰਮਿਆਨ ਟਕਰਾਅ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਟਕਰਾਅ ਦਾ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੂੰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੈਨੇਡਾ ਵਿਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਵਿਚ 60 ਫੀਸਦੀ ਪੰਜਾਬੀ ਹਨ ਅਤੇ ਇਹਨਾਂ ਤੋਂ ਇਲਾਵਾ ਉਹ ਪੰਜਾਬੀ ਵੀ ਹਨ ਜਿਹਨਾਂ ਨੂੰ ਕੈਨੇਡਾ ਵਿਚ ਪੀ ਆਰ ਮਿਲ ਗਈ ਜਾਂ ਨਾਗਰਿਕਤਾ ਮਿਲ ਗਈ ਤੇ ਇਹਨਾਂ ਦੀਆਂ ਜੜ੍ਹਾਂ ਪੰਜਾਬ ਵਿਚ ਹਨ। ਉਹਨਾਂ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਲਈ ਵੀਜ਼ੇ ਰੋਕਣ ਦਾ ਸਭ ਤੋਂ ਮਾਰੂ ਅਸਰ ਪੰਜਾਬੀ ਭਾਈਚਾਰੇ ਤੇ ਨਾਲ ਹੀ ਪੰਜਾਬ ’ਤੇ ਪੈ ਰਿਹਾ ਹੈ ਕਿਉਂਕਿ ਪੰਜਾਬੀ ਪਰਿਵਾਰ ਵੀਜ਼ੇ ਨਾ ਮਿਲਣ ਕਾਰਨ ਪੰਜਾਬ ਦੌਰੇ ਰੱਦ ਕਰਨ ਵਾਸਤੇ ਮਜਬੂਰ ਹਨ।
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਵਾਸਤੇ ਅੰਮ੍ਰਿਤਸਰ ਦੌਰੇ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈਕਿ ਉਹ ਕੇਂਦਰ ਸਰਕਾਰ ਨੂੰ ਦੱਸਣ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਕਿਸੇ ਵੀ ਕੀਮਤ ’ਤੇ ਪੰਜਾਬ ਕੇਂਦਰ ਸਰਕਾਰ ਨੂੰ ਚੰਡੀਗੜ੍ਹ ’ਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਵਾਸਤੇ ਥਾਂ ਅਲਾਟ ਕਰਨ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਇਸੇ ਤਰੀਕੇ ਪੰਜਾਬ ਕੋਲ ਨਾ ਤਾਂ ਵਾਧੂ ਪਾਣੀ ਹੈ ਤੇ ਨਾ ਹੀ ਹੁਣ ਸਤਲੁਜ ਯਮੁਨਾ ਲਿੰਕ ਨਹਿਰ ਦੀ ਜ਼ਮੀਨ ਬਚੀ ਹੈ ਕਿਉਂਕਿ ਉਹਨਾਂ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿਚ ਮਾਲ ਮੰਤਰੀ ਹੁੰਦਿਆਂ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਸ ਲਈ ਨਾ ਤਾਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦਾ ਸਵਾਲ ਉਠਦਾ ਹੈ ਤੇ ਨਾ ਹੀ ਹਰਿਆਣਾ ਨੂੰ ਪਾਣੀ ਦੇਣ ਦਾ।
ਅਕਾਲੀ ਆਗੂ ਨੇ ਇਹ ਸਵਾਲ ਵੀ ਚੁੱਕਿਆ ਕਿ ਆਪ ਦੇ ਐਮ ਪੀ ਸ੍ਰੀ ਰਾਘਵ ਚੱਢਾ ਨੇ ਆਪਣੀ ਆਮਦਨ ਕਰ ਰਿਟਰਨ ਵਿਚ ਆਪਣੀ ਆਮਦਨ 2.44 ਲੱਖ ਰੁਪਏ ਵਿਖਾਈ ਹੈ ਤਾਂ ਫਿਰ ਉਦੈਪੁਰ ਵਿਚ ਉਹਨਾਂ ਦੇ ਹਾਈ ਪ੍ਰੋਫਾਈਲ ਵਿਆਹ ਦਾ ਖਰਚਾ ਕੌਣ ਕਰ ਰਿਹਾ ਹੈ ? ਉਹਨਾਂ ਕਿਹਾ ਕਿ ਇਸ ਵਿਆਹ ’ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਤੇ ਇਹ ਸਪਸ਼ਟ ਨਹੀਂ ਕਿ ਬਿੱਲ ਕੌਣ ਤਾਰ ਰਿਹਾ ਹੈ ? ਉਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਬਿੱਲ ਪੰਜਾਬ ਸਰਕਾਰ ਤਾਰ ਰਹੀ ਹੈ ਜਾਂ ਫਿਰ ਸੂਬੇ ਦੇ ਉਦਯੋਗਪਤੀਆਂ ਨੂੰ ਬਿੱਲ ਭਰਨ ਵਾਸਤੇ ਮਜਬੂਰ ਕੀਤਾ ਗਿਆ ਹੈ ? ਉਹਨਾਂ ਕਿਹਾ ਕਿ
ਮਜੀਠੀਆ ਨੇ ਭਗਵੰਤ ਮਾਨ ਵੱਲੋਂ ਸਿਰਫ ਡੇਢ ਸਾਲਾਂ ਵਿਚ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸਦਾ ਮਤਲਬ ਹੈ ਕਿ ਪੰਜਾਬੀਆਂ ਸਿਰ ਰੋਜ਼ਾਨਾ 100 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਰਿਹਾ ਹੈ। ਉਹਨਾਂ ਕਿਹਾ ਕਿ ਇਹ ਹੋਰ ਵੀ ਹੈਰਾਨੀਜਨਕ ਹੈ ਕਿਉਂਕਿ ਇਸ ਪੈਸੇ ਵਿਚੋਂ ਵਿਕਾਸ ਕਾਰਜਾਂ ’ਤੇ ਧੇਲਾ ਵੀ ਨਹੀਂ ਖਰਚਿਆ ਗਿਆ ਜਦੋਂ ਕਿ ਇਸ਼ਤਿਹਾਰਬਾਜ਼ੀ ’ਤੇ 800 ਕਰੋੜ ਰੁਪਏ ਖਰਚ ਕੀਤੇ ਗਏ ਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਲਿਆਉਣ ਲਿਜਾਣ ਵਾਸਤੇ ਮੋਟੀਆਂ ਰਕਮਾਂ ਖਰਚਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਹਲਕਾ ਇੰਚਾਰਜ ਸਰਦਾਰ ਗੁਰਇਕਬਾਲ ਸਿੰਘ ਮਾਹਿਲ, ਸੀਨੀਅਰ ਆਗੂ ਸਰਦਾਰ ਸੁੱਚਾ ਸਿੰਘ ਛੋਟੇਪੁਰ, ਸਰਦਾਰ ਗੁਰਬਚਨ ਸਿੰਘ ਬੱਬੇਹਾਲੀ, ਸਰਦਾਰ ਲਖਬਰ ਸਿੰਘ ਲੋਧੀਨੰਗਲ ਤੇ ਸਰਦਾਰ ਰਵੀ ਕਰਨ ਸਿੰਘ ਕਾਹਲੋਂ ਵੀ ਹਾਜ਼ਰ ਸਨ।

Comment here