ਮਨੁੱਖ ਤਸਕਰੀ ਦੇ ਦੋਸ਼ ਹੇਠ 2 ਸਾਲ ਕੈਦ
ਚੰਡੀਗੜ੍ਹ-ਪੁਲਿਸ ਵੱਲੋਂ 2003 ਦੇ ਮਨੁੱਖੀ ਤਸਕਰੀ (ਕਬੂਤਰਬਾਜ਼ੀ) ਮਾਮਲੇ ‘ਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਦਲੇਰ ਮਹਿੰਦੀ ਅਤੇ ਉਸਦੇ ਭਰਾ ਸ਼ਮਸੇਰ ਸਿੰਘ ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਅੱਜ 2003 ਕਬੂਤਰਬਾਜ਼ੀ ਮਾਮਲੇ ‘ਚ ਪਟਿਆਲਾ ਅਦਾਲਤ ‘ਚ ਪੇਸ਼ੀ ਸੀ, ਜਿਸ ਵਿੱਚ ਸੁਣਵਾਈ ਦੌਰਾਨ ਅਦਾਲਤ ਨੇ ਮਹਿੰਦੀ ਦੀ ਸਜ਼ਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ ਹੈ। ਗ੍ਰਿਫਤਾਰੀ ਉਪਰੰਤ ਦਲੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਇਸਤੋਂ ਪੁਲਿਸ ਨੇ ਦਲੇਰ ਦੀ ਮੈਡੀਕਲ ਜਾਂਚ ਵੀ ਕਰਵਾਈ, ਜਿਸ ਲਈ ਉਸ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਲਿਜਾਇਆ ਗਿਆ ਸੀ।
ਉਧਰ, ਸਜ਼ਾ ਹੋਣ ਪਿੱਛੋਂ ਹੁਣ ਦਲੇਰ ਮਹਿੰਦੀ ਹਾਈਕੋਰਟ ਦਾ ਰੁਖ਼ ਕਰਨਗੇ। ਦਲੇਰ ਮਹਿੰਦੀ ਦੇ ਵਕੀਲ ਐਲ.ਐਮ. ਗੁਲਾਟੀ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਅਤੇ ਅੱਜ ਦੇ ਫੈਸਲੇ ਦੀ ਕਾਪੀ ਮਿਲਣ ਪਿਛੋਂ ਹੁਣ ਉਹ ਹਾਈਕੋਰਟ ‘ਚ ਫੈਸਲੇ ਵਿਰੁੱਧ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਹਾਈਕੋਰਟ ਸਾਨੂੰ ਮਾਮਲੇ ‘ਚ ਇਨਸਾਫ ਦੇਵੇਗੀ।
ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ ਵਿਚ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਪਟਿਆਲਾ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਤੋਂ ਇਲਾਵਾ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਸੀ। ਜਦਕਿ ਇਸੇ ਮਾਮਲੇ ਵਿੱਚ ਮੁਲਜ਼ਮ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ।ਮਾਮਲੇ ਵਿੱਚ ਪਹਿਲਾ ਮੁਕਦਮਾ ਅਮਰੀਕਾ ਵਿੱਚ ਦਰਜ ਕੀਤਾ ਸੀ, ਕਿਉਂਕਿ ਜ਼ਿਆਦਾਤਰ ਵਿਅਕਤੀ ਅਮਰੀਕਾ ਭੇਜੇ ਗਏ ਸਨ। ਇਸਤੋਂ ਇਲਾਵਾ ਦਲੇਰ ਮਹਿੰਦੀ ਤੇ ਉਸਦੇ ਭਰਾ ‘ਤੇ ਲਗਭਗ 31 ਅਜਿਹੇ ਕੇਸ ਦਰਜ ਹਨ।
ਕਾਬਿਲ-ਏ-ਗੌਰ ਹੈ ਕਿ ਥਾਣਾ ਸਦਰ ਪਟਿਆਲਾ ਪੁਲਿਸ ਨੇ 19 ਅਕਤੂਬਰ, 2003 ਨੂੰ ਪਿੰਡ ਬਲਬੇੜਾ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ। ਇਸ ਵਿੱਚ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ, ਉਸਦੇ ਭਰਾ ਸ਼ਮਸ਼ੇਰ ਮਹਿੰਦੀ, ਬੁਲਬੁਲ ਮਹਿਤਾ ਅਤੇ ਧਿਆਨ ਸਿੰਘ ਦੇ ਖਿਲਾਫ਼ ਧੋਖ਼ਾਧੜੀ ਅਤੇ ਮਨੁੱਖ਼ੀ ਤਸਕਰੀ ਤਹਿਤ ਮੁਕੱਦਮਾ ਦਰਜ ਕੀਤਾ ਸੀ।
Comment here