ਸਿਆਸਤਖਬਰਾਂਚਲੰਤ ਮਾਮਲੇ

ਦਰਿਆਵਾਂ ਦੇ ਕੰਢੇ ’ਤੇ ਕੋਈ ਵੀ ਇੰਡਸਟਰੀ ਨਹੀਂ ਲਗਾਈ ਜਾਵੇਗੀ: ਭਗਵੰਤ ਮਾਨ

ਆਪ ਸਰਕਾਰ ਪੰਜਾਬੀਆਂ ਦੇ ਅੰਦੋਲਨ ਅਗੇ ਝੁਕੀ
ਸਰਕਾਰ ਨੇ ਮੱਤੇਵਾੜਾ ਟੈਕਸਟਾਈਲ ਪ੍ਰਾਜੈਕਟ ਕੀਤਾ ਰੱਦ
ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਤੋਂ ਬਾਅਦ ਸਰਕਾਰ ਨੇ ਕੀਤਾ ਐਲਾਨ
ਵਿਸ਼ੇਸ਼ ਰਿਪੋਰਟ-ਰੋਹਿਨੀ
ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਦੇ ਜੰਗਲਾਂ ਵਿੱਚ ਸਤਲੁਜ ਦਰਿਆ ਕੰਢੇ 950 ਏਕੜ ’ਵਿਚ ਸਥਾਪਿਤ ਕੀਤੇ ਜਾਣ ਵਾਲੇ ਟੈਕਸਟਾਈਲ ਪਾਰਕ ਪ੍ਰਾਜੈਕਟ ਦਾ ਪੰਜਾਬ ਦੇ ਵਾਤਾਵਰਨ ਪ੍ਰੇਮੀਆਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਜੰਗਲਾਂ ਤੇ ਬਹੁਮੁੱਲੇ ਜਲ ਸਰੋਤਾਂ ਨੂੰ ਬਚਾਉਣ ਲਈ ਮੱਤੇਵਾੜਾ ਦੇ ਜੰਗਲਾਂ ਨੇੜੇ ਤਜਵੀਜ਼ਤ ਥਾਂ ਉਤੇ ਕੋਈ ਸਨਅਤੀ ਇਕਾਈ ਨਹੀਂ ਲੱਗੇਗੀ। ਮੁੱਖ ਮੰਤਰੀ ਨੇ ਪ੍ਰਾਜੈਕਟ ਰੱਦ ਕਰਨ ਦਾ ਫ਼ੈਸਲਾ ਮੱਤੇਵਾੜਾ ਜੰਗਲਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਜਨਤਕ ਐਕਸ਼ਨ ਕਮੇਟੀ ਨਾਲ ਚੰਡੀਗੜ੍ਹ ਵਿਚ ਅੱਜ ਕੀਤੀ ਗਈ ਮੀਟਿੰਗ ਤੋਂ ਬਾਅਦ ਕੀਤਾ। ਮੁੱਖ ਮੰਤਰੀ ਨੇ ਵੀਡੀਓ ਜਾਰੀ ਕਰਦਿਆਂ ਕਿਹਾ,‘‘ਮੈਂ ਸਪੱਸ਼ਟ ਤੌਰ ’ਤੇ ਦੱਸਣਾ ਚਾਹੁੰਦਾ ਹਾਂ ਕਿ ਨਾ ਸਿਰਫ਼ ਮੱਤੇਵਾੜਾ, ਸਗੋਂ ਸੂਬਾ ਸਰਕਾਰ ਪੰਜਾਬ ਦੇ ਕਿਸੇ ਵੀ ਦਰਿਆ ਦੇ ਕੰਢੇ ’ਤੇ ਕੋਈ ਸਨਅਤ ਲਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਤਾਂ ਜੋ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ।” ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਇਸ ਪ੍ਰਾਜੈਕਟ ਦੇ ਸਾਰੇ ਪੱਖਾਂ ਨੂੰ ਘੋਖੇ ਬਗੈਰ ਇਕ ਹਜ਼ਾਰ ਏਕੜ ਜਗ੍ਹਾ ਵਿੱਚ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਸੂਬੇ ਦੇ ਵਾਤਾਵਰਨ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਕੈਪਟਨ ਸਰਕਾਰ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮੱਤੇਵਾੜਾ ਵਿਚ ਪ੍ਰਾਜੈਕਟ ਲਈ ਨਾ ਸਿਰਫ਼ ਦਰੱਖਤ ਵੱਢੇ ਜਾਣਗੇ, ਸਗੋਂ ਦਰਿਆਈ ਪਾਣੀ ਵਿੱਚ ਵੱਡੇ ਪੱਧਰ ਉਤੇ ਪ੍ਰਦੂਸ਼ਣ ਵੀ ਫੈਲੇਗਾ, ਜਿਹੜਾ ਇਸ ਖਿੱਤੇ ਵਿੱਚ ਜੰਗਲੀ ਜੀਵਨ ਦੇ ਨਾਲ-ਨਾਲ ਮਨੁੱਖੀ ਜੀਵਨ ਲਈ ਵੀ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਨ ਤੇ ਮਨੁੱਖੀ ਜੀਵਨ ’ਤੇ ਪ੍ਰਾਜੈਕਟ ਦੇ ਮਾੜੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਸਨਅਤੀ ਇਕਾਈ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ  ਕਿ ਸਰਕਾਰ ਟੈਕਸਟਾਈਲ ਪਾਰਕ ਲਈ ਕਿਸੇ ਹੋਰ ਥਾਂ ’ਤੇ ਜ਼ਮੀਨ ਦੇਣ ਲਈ ਤਿਆਰ ਹੈ ਪਰ ਸ਼ਰਤ ਹੈ ਕਿ ਇਸ ਨਾਲ ਸੂਬੇ ਦਾ ਪਾਣੀ ਪ੍ਰਦੂਸ਼ਿਤ ਨਾ ਹੋਵੇ।
ਦੱਸਣਯੋਗ ਹੈ ਕਿ ਮੱਤੇਵਾੜਾ ਵਿਚ 950 ਏਕੜ ਥਾਂ ’ਤੇ ਟੈਕਸਟਾਈਲ ਪਾਰਕ ਬਣਾਉਣ ਲਈ ਜੰਗਲ ਨੂੰ ਤਬਾਹ ਕੀਤਾ ਜਾ ਰਿਹਾ ਸੀ। ਜੰਗਲ ਬਚਾਉਣ ਲਈ ਸਿਆਸੀ, ਸਮਾਜਿਕ ਅਤੇ ਵਾਤਾਵਰਨ ਪ੍ਰੇਮੀਆਂ ਨੇ ਬੀਤੇ ਦਿਨੀਂ ਮੱਤੇਵਾੜਾ ’ਚ ਵੱਡਾ ਇਕੱਠ ਕੀਤਾ ਸੀ। ਵਾਤਾਵਰਨ ਪ੍ਰੇਮੀਆਂ ਨੇ ਇਸ ਪ੍ਰਾਜੈਕਟ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਸੀ ਕਿ ਪ੍ਰਾਜੈਕਟ ਨਾਲ ਜੰਗਲੀ ਇਲਾਕੇ ਦਾ ਖਾਤਮਾ ਹੋ ਜਾਵੇਗਾ ਅਤੇ ਇੰਡਸਟਰੀਆਂ ਦੇ ਗੰਦੇ ਪਾਣੀ ਨਾਲ ਸਤਲੁਜ ਦਾ ਪਾਣੀ ਵੀ ਗੰਧਲਾ ਹੋ ਜਾਵੇਗਾ।
ਕੀ ਹੈ ਇਹ ਪ੍ਰੋਜੈਕਟ
   ਲੁਧਿਆਣਾ ਵਿੱਚ ਇੱਕ ਟੈਕਸਟਾਈਲ ਪਾਰਕ ਨੂੰ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ, ਜਿਸਦਾ ਨਾਮ ਹੈ ਪੀਐੱਮ ਮਿੱਤਰਾ ਸਕੀਮ  ਮਤਲਬ ਮੈਗਾ ਇੰਟੇਗਰਲ ਟੈਕਸਟਾਈਲ ਰੀਜਨ ਐਂਡ ਅਪੈਰਲ ਪਾਰਕ।ਇਸ ਸਕੀਮ ਤਹਿਤ ਦੁਨੀਆਂ ਦੇ ਨਕਸ਼ੇ ‘ਤੇ ਟੈਕਸਟਾਈਲ ਇੰਡਸਟਰੀ ਦੇ ਤੌਰ ‘ਤੇ ਭਾਰਤ ਨੂੰ ਖੜ੍ਹਾ ਕਰਨ ਦਾ ਮੰਤਵ ਹੈ।ਕੇਂਦਰ ਸਰਕਾਰ ਦੀ ਮਿਨੀਸਟਰੀ ਆਫ ਟੈਕਸਟਾਈਲ ਦੀ ਪੂਰੇ ਭਾਰਤ ਵਿੱਚ ਅਜਿਹੇ ਸੱਤ ਪਾਰਕ ਸਥਾਪਿਤ ਕਰਨ ਦੀ ਯੋਜਨਾ ਹੈ।ਲੁਧਿਆਣਾ ਵਿੱਚ ਸਥਾਪਿਤ ਕੀਤਾ ਜਾ ਰਿਹਾ ਟੈਕਸਟਾਈਲ ਪਾਰਕ ਇਸੇ ਸਕੀਮ ਦਾ ਹਿੱਸਾ ਸੀ।ਇਸ ਪ੍ਰੋਜੈਕਟ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਵੱਲੋਂ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਸੀ। ਇਸ ਲਈ 1000 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਮੱਤੇਵਾੜਾ ਜੰਗਲ ਅਤੇ ਸਤਲੁਜ ਦਰਿਆ ਦੇ ਨੇੜੇ ਕੀਤੀ ਗਈ ਸੀ।ਵਿਧਾਨ ਸਭਾ ਵਿੱਚ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਦੱਸਿਆ ਸੀ ਕਿ ਇਸ ਪ੍ਰੋਜੈਕਟ ਲਈ 957.39 ਏਕੜ ਜ਼ਮੀਨ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਨੇ ਐਕੁਆਇਰ ਕਰ ਲਈ ਹੈ ਬਾਕੀ ਰਹਿੰਦੀ ਜ਼ਮੀਨ ਵੀ ਜਲਦ ਹੀ ਲੈ ਲਈ ਜਾਵੇਗੀ।ਇਸ ਪ੍ਰੋਜੈਕਟ ਲਈ ਜ਼ਮੀਨ ਗੜ੍ਹੀ ਫਜ਼ਲ, ਹੈਦਰ ਨਗਰ, ਗਰਚਾ, ਸੇਖੋਂਵਾਲ, ਸੈਲਕਿਆਨਾ ਅਤੇ ਸਲੇਮਪੁਰ ਪਿੰਡ ਤੋਂ ਲਈ ਗਈ ਸੀ।ਮੱਤੇਵਾੜਾ ਜੰਗਲ ਅਤੇ ਸਤਲੁਜ ਦਰਿਆ ਨਾਲ ਇਸ ਪ੍ਰੋਜੈਕਟ ਨੂੰ ਜੋੜ ਕੇ ਕਿਉਂ ਦੇਖਿਆ ਜਾ ਰਿਹਾ ਸੀ ਜਿੱਥੇ ਇਹ ਪ੍ਰੋਜੈਕਟ ਸਥਾਪਿਤ ਹੋ ਰਿਹਾ ਹੈ ਉਸ ਦੇ ਨੇੜੇ ਹੈ ਮੱਤੇਵਾੜਾ ਜੰਗਲ ਅਤੇ ਸਤਲੁਜ ਦਰਿਆ।
ਇੱਕ ਹੋਰ ਧਿਆਨ ਦੇਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੀ ਫਾਰੈਸਟ ਸਰਵੇਅ ਰਿਪੋਰਟ 2021 ਮੁਤਾਬਕ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 33 ਫੀਸਦ ਜ਼ਮੀਨ ਉੱਤੇ ਜੰਗਲ ਹੈ।
ਪੰਜਾਬ ਵਿੱਚ ਜੰਗਲ ਹੇਠ ਜ਼ਮੀਨ 3.67 ਫੀਸਦ ਹੈ
ਵਾਤਾਵਰਨ ਪ੍ਰੇਮੀਆਂ ਦਾ ਡਰ ਹੈ ਕਿ ਇਸ ਪ੍ਰੋਜੈਕਟ ਨਾਲ ਜੈਵ ਵਿਭਿੰਨਤਾ ਨੂੰ ਖ਼ਤਰਾ ਹੈ ਅਤੇ ਡਰ ਇਹ ਵੀ ਹੈ ਕਿ ਇੰਡਸਟਰੀ ਵਿੱਚੋਂ ਨਿਕਲਣ ਵਾਲਾ ਕੈਮੀਕਲ ਸਤਲੁਜ ਦਰਿਆ ਨੂੰ ਦੂਸ਼ਿਤ ਕਰੇਗਾ।ਤਕਰੀਬਨ 2300 ਏਕੜ ਵਿੱਚ ਫੈਲਿਆ ਮੱਤੇਵਾੜਾ ਜੰਗਲ ਵਾਤਾਵਰਨ ਦੇ ਲਿਹਾਜ਼ ਨਾਲ ਬੇਹੱਦ ਮਹੱਤਵਪੂਰਨ ਹੈ। ਇਸ ਜੰਗਲ ਵਿੱਚ ਪਸ਼ੂ ਅਤੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਹਨ।ਇਸ ਪ੍ਰੋਜੈਕਟ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਖ਼ਤਰੇ ਦਾ ਖਦਸ਼ਾ ਲੈਕੇ ਪੰਜਾਬੀਆਂ ਨੇ ਪੰਜਾਬ ਸਰਕਾਰ ਵਿਰੁੱਧ ਅੰਦੋਲਨ ਖੜਾ ਕੀਤਾ ਸੀ। ਲੁਧਿਆਣਾ ਦੇ ਕੁਝ ਵਸਨੀਕਾਂ ਵੱਲੋਂ ਇਸ ਪ੍ਰੋਜੈਕਟ ਦੇ ਵਿਰੋਧ ਵਿੱਚ ਐੱਨਜੀਟੀ ਯਾਨੀ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਪਟੀਸ਼ਨ ਪਾਈ ਗਈ ਸੀ।ਜਦੋਂ ਪੰਜਾਬ ਵਿੱਚ ਕੈਪਟਨ ਸਰਕਾਰ ਸੀ ਉਸ ਵੇਲੇ ਇਹ ਪ੍ਰੋਜੈਕਟ ਆਇਆ, ਉਸ ਵੇਲੇ ਭਗਵੰਤ ਮਾਨ ਸਣੇ, ਹਰਪਾਲ ਸਿੰਘ ਚੀਮਾ, ਸਰਵਜੀਤ ਕੌਰ ਮਾਣੂਕੇ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧ ਕੀਤਾ ਸੀ।ਹੁਣ ਸਰਕਾਰ ਆਈ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਸ ਪ੍ਰੋਜੈਕਟ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਵਿਰੋਧ ਕਾਰਣ ਆਪ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ।
ਕੈਪਟਨ ਨੇ ਮੱਤੇਵਾੜਾ ਪ੍ਰਾਜੈਕਟ ਰੱਦ ਹੋਣ ’ਤੇ ਅਫਸੋਸ ਜਤਾਇਆ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੱਤੇਵਾੜਾ ਟੈਕਸਟਾਈਲ ਪਾਰਕ ਪ੍ਰਾਜੈਕਟ ਰੱਦ ਕੀਤੇ ਜਾਣ ’ਤੇ ਅਫਸੋਸ ਜ਼ਾਹਰ ਕੀਤਾ ਤੇ ਇਸ ਨੂੰ ਸਭ ਤੋਂ ਪਿਛਾਖੜੀ ਅਤੇ ਤੰਗ ਨਜ਼ਰੀਏ ਵਾਲਾ ਫ਼ੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟੈਕਸਟਾਈਲ ਪਾਰਕ ਮੱਤੇਵਾੜਾ ਜੰਗਲੀ ਖੇਤਰ ਦੇ ਅੰਦਰ ਨਹੀਂ ਆਉਣਾ ਸੀ, ਸਗੋਂ ਇਸ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਤੇ ਵਾਤਾਵਰਨ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਪਾਰਕ ਨੂੰ ਮਨਜ਼ੂਰੀ ਦਿੱਤੀ ਸੀ।                                                                            ਮਤਵਾੜਾ ਜੰਗਲ ਦੀ ਕਹਾਣੀ ਤੇ ਸਾਡਾ ਸੰਘਰਸ਼ – ਗੰਗਵੀਰ ਰਾਠੌਰ     
ਅੱਜ ਤੋਂ 2 ਸਾਲ ਪਹਿਲਾਂ ਕੋਵਿਡ ਦਾ ਦੌਰ ਸੀ ਜਦੋਂ ਇੱਕ ਦਮ ਕੈਪਟਨ ਸਰਕਾਰ ਨੇ ਪੰਚਾਇਤੀ ਜਮੀਨਾਂ ਦੱਬਣ ਦਾ ਫ਼ਰਮਾਨ ਸੁਣਾ ਦਿੱਤਾ ਤਾਂ ਪਤਾ ਲੱਗਾ ਕੇ ਮੱਤੇਵਾੜਾ ਜੰਗਲ ਕੋਲ ਸਰਕਾਰ ਸਨਯਤ ਲਗਾਉਣ ਲੱਗੀ ਹੈ ਤਾਂ ਸੱਤਲੁਜ ਅਤੇ ਜੰਗਲ ਕਰਕੇ ਇੱਕ ਦਮ ਧੱਕਾ ਲੱਗਾ, ਮੇਰਾ ਆੜੀ ਵਿਕਰਮ ਕਾਲੀਆਂ ਅੱਜਕੱਲ ਕਨੇਡਾ ਦੀ ਧਰਤੀ ਤੇ ਰਹਿੰਦਾ ਹੈ, ਜਦੋਂ ਪੰਜਾਬ ਸੀ ਤਾਂ ਅਸੀਂ ਹਰੇਕ ਐਤਵਾਰ ਇਸ ਜੰਗਲ ਜਾਂ ਦਰਿਆ ਦੇ ਕੰਢੇ ਜਾਂਦੇ ਹੁੰਦੇ ਸਨ, ਸੋ ਇਸ ਦਰਿਆ ਨਾਲ ਪੁਰਾਣਾ ਜਾਣਕਾਰ ਹੋਣ ਕਾਰਨ ਇਸ ਥਾਂ ਨਾਲ ਸਾਡਾ ਇੱਕ ਰਿਸ਼ਤਾ ਜਿਹਾ ਸੀ ਮਨ ਵਿੱਚ ਗੁੱਸਾ ਸੀ, ਮੈਂ ਅਗਲੇ ਹੀ ਦਿਨ ਦਰਿਆ ਤੇ ਪੁੱਜ ਗਿਆ, ਸਾਰਾ ਵੇਰਵਾ ਲਿਆ, ਜਗਬਾਣੀ ਲਈ ਹਰਪ੍ਰੀਤ ਸਿੰਘ ਕਾਹਲੋ ਅਤੇ ਸਰਬਜੀਤ ਕੋਲੋਂ ਕਹਾਣੀ ਕਰਵਾਈ, ਉਸੇ ਦੌਰਾਨ ਪਤਾ ਲੱਗਾ ਕੇ ਜਮੀਨ ਜੰਗਲ ਦੇ ਨਾਲ ਲੱਗਦੇ ਪਿੰਡਾਂ ਦੀ ਦੱਬੀ ਜਾ ਰਹੀ ਹੈ, ਉਸਤੋਂ ਬਾਅਦ ਉਹਨਾਂ ਪਿੰਡਾਂ ਦਾ ਦੌਰਾ ਕੀਤਾ, ਫੇਰ ਪਤਾ ਲੱਗਾ ਕੇ ਪਿੰਡ ਸੇਖੋਵਾਲ ਦੀ 416 ਕਿੱਲੇ ਜਮੀਨ ਦੱਬੀ ਜਾ ਰਹੀ ਹੈ, ਪਤਾ ਲੱਗਾ ਕੇ ਸਾਰਾ ਪਿੰਡ ਮਾਝੇ ਦੇ ਰੰਘਰੇਟੇ ਸਿੱਖਾਂ ਦਾ ਹੈ, ਪੰਚਾਇਤ ਦੇ ਨਾਮ ਇਹਨਾਂ 36 ਸਾਲ ਕੇਸ ਲੜ੍ਹ ਕੇ ਜਮੀਨ ਲਵਾਈ ਸੀ, ਮਾਹਤੜ ਜਿਹੇ ਬੰਦੇ ਪਰ ਪੂਰਨ ਤੌਰ ਤੇ ਸਿੱਖ, ਕਈਂ ਘਰਾਂ ਨੂੰ ਦਰਵਾਜੇ ਵੀ ਨਹੀਂ ਸੀ, ਪਿੰਡ ਘੁੰਮਿਆ ਤਾਂ ਦੇਖਿਆ ਕੇ ਇੱਕ ਬਾੜੇ ਵਿੱਚ ਇੱਕ ਸੋਹਣੀ ਜਿਹੀ ਛੰਨ ਕੇਰਲਾ ਸਟਾਈਲ ਦੀ ਪਈ ਹੋਈ ਸੀ, ਮੈਂ ਪੁੱਛਿਆ ਕੇ ਇਹ ਕਿਸਨੇ ਬਣਵਾਈ ਹੈ ਤਾਂ ਉਸ ਬਾੜੇ ਦੇ ਮਾਲਕ ਨੇ ਦੱਸਿਆ ਕੇ ਇਹ ਚਰਚ ਸੀ, ਇਸਾਈ ਪ੍ਰਚਾਰਕ ਕੇਰਲਾ ਤੋਂ ਆ ਕੇ ਕਈ ਸਾਲ ਪ੍ਰਚਾਰ ਕਰਦੇ ਰਹੇ ਪਰ ਕੋਈ ਤਬਦੀਲ ਨਹੀਂ ਹੋਇਆ,ਇੱਥੇ ਜੋਰ ਜੂਰ ਲਗਾ ਕੇ ਅਖੀਰ ਇਹ ਥਾਂ ਪਿੰਡ ਦੇ ਕਿਸੇ ਬੰਦੇ ਨੂੰ ਸਸਤੇ ਭਾਅ ਸਿਰ ਹੀ ਵੇਚ ਗਏ, ਇਸ ਪਿੰਡ ਤੋਂ 2 ਕਿਲੋਮੀਟਰ ਬਾਹਰ ਮਾਛੀਆਂ ਕੋਲ ਸੜਕ ਤੇ ਹੁਣ ਪਿਛਲੇ ਕੁਝ ਸਾਲਾਂ ਵਿੱਚ ਨਵੀ ਚਰਚ ਖੁੱਲੀ ਹੈ, ਹਰੇਕ ਐਤਵਾਰ ਇਲਾਕੇ ਦੇ ਕਾਫੀ ਟੱਬਰ ਹੁਣ ਪ੍ਰਮੇਸ਼ਵਰ ਦੀ ਕਿਰਪਾ ਲੈਣ ਜਾਂਦੇ ਹਨ, ਪਰ ਇਸ ਪਿੰਡ ਵਿੱਚ ਅਜਿਹਾ ਕੋਈ ਨਹੀਂ ਹੈ, ਤਾਂ ਇਹ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੋਂ ਭੈੜੀ ਜਿਹੀ ਗਾਲ੍ਹ ਕੱਢੀ, ਭੁਪਿੰਦਰ ਸਿੰਘ ਵਾਰੇ ਜਿੰਨ੍ਹਾਂ ਮਰਜੀ ਮਾੜ੍ਹਾ ਸੁਣੀ ਜਾਈਏ ਪਰ ਪੰਥਕ ਹਿੱਤਾਂ ਲਈ ਉਹ ਚੰਗਾ ਸੀ, ਦਿੱਲੋਂ ਗਾਲ੍ਹ ਨਿਕਲੀ ਕੇ ਭੂਪੇ ਦੇ ਨਾਮ ਦੀ ਜਿਹੜੀ ਥੋੜੀ ਵੀ ਕੁੱਝ ਚੱਜ ਦੀ ਗੱਲ ਸੀ ਉਸਨੂੰ ਇਸਨੇ ਦਾਗ ਲਗਾ ਦਿੱਤਾ, ਮੈਂ ਇਸਕੋਰਟ ਫਾਰਮ ਅਤੇ ਭੁੱਜ ਦੇ ਸਿੱਖਾਂ ਦਾ ਉਜਾੜਾ ਪੜ੍ਹਿਆ ਹੈ, ਸਿੱਖ ਲਾਮਬੰਦ ਕਿਵੇਂ ਹੋ ਜਾਂਦੇ ਨੇ ਉਹ ਵੀ ਦੇਖਿਆ ਹੈ, ਤਾਂ ਮਨ ਵਿੱਚ ਆਇਆ ਕੇ ਇਹ ਲੋਕ ਜੇਕਰ ਇਥੇ ਮਜਦੂਰ ਬਣ ਗਏ ਤਾਂ ਕੋਈ ਪਾਦਰੀ ਇਹਨਾਂ ਨੂੰ ਹੱਕਣ ਜਰੂਰ ਆਵੇਗਾ, ਸੋ ਮਨ ਵਿੱਚ ਧਾਰ ਲਿਆ ਕੇ ਇਹ ਜਮੀਨ ਨਹੀਂ ਜਾਣ ਦੇਣੀ, ਪੰਥ ਦਾ 400 ਜੀਅ ਜੇਕਰ ਇਸ ਜਮੀਨ ਤੋਂ ਰੋਟੀ ਖਾਂਦਾ ਹੈ ਤਾਂ ਮਾੜ੍ਹਾ ਕੀ ਹੈ, ਰੱਬ ਅੱਗੇ ਅਰਦਾਸ ਕੀਤੀ ਕੇ ਸਾਡੇ ਪੱਲੇ ਕੁੱਝ ਵੀ ਨਹੀਂ ਹੈ ਪਰ ਇਹ ਆਪਣੇ ਭਾਈ ਉੱਜੜਨ ਨਹੀਂ ਦੇਣਾ, ਪਰ ਕਰਤੂਤ ਸਾਡੇ ਪੱਲੇ ਕੁੱਝ ਨਹੀਂ ਹੈ, ਮਹਰਾਜ ਦੀ ਅਜਿਹੀ ਕਿਰਪਾ ਹੋਈ ਕੇ ਸਾਨੂੰ ਲੋਕ ਮਿਲਦੇ ਗਏ, ਅਦਾਲਤੀ ਕੇਸ ਵੀ ਹਾਈ ਕੋਰਟ ਤੱਕ ਲੱਗ ਗਏ, ਮਤੇ ਵੀ ਪਵਾਏ, ਖਰਚਾ ਕਰਨ ਲਈ ਵੀ ਰੱਬ ਨੇ ਸਮੇਂ ਸਮੇਂ ਤੇ ਤੰਗੀ ਵਿੱਚ ਪ੍ਰਬੰਧ ਕਰ ਦਿੱਤਾ, ਲੋਕ ਆਵਾਜ਼ ਵੀ ਸੁਣਦੇ ਗਏ, ਰਾਜਨੀਤਕ ਲੋਕਾਂ ਤੱਕ ਵੀ ਲਾਮਬੰਦੀ ਚਲਦੀ ਗਈ, ਰੌਲਾ ਪਵਾਉਣ ਵਿੱਚ ਕਾਮਯਾਬ ਰਹੇ, ਜੇਕਰ ਦੇਖਿਆ ਜਾਵੇ ਤਾਂ ਸਾਡੀ ਕਰਤੂਤ ਕੋਈ ਖਾਸ ਨਹੀਂ ਸੀ, ਕੈਪਟਨ ਬਾਹਰ ਹੋਇਆ ਤਾਂ ਆਪਣੀ ਅਰਦਾਸ ਸਫਲ ਲੱਗੀ ਕੇ ਨਸਲਾਂ ਦਾ ਭਵਿੱਖ ਅਤੇ ਰਿਜਕ ਵੇਚਣ ਚਲਾ ਸੀ, ਅਖੀਰ ਅੱਜ ਸਰਕਾਰ ਮੰਨ ਗਈ, ਜੇਕਰ ਦੇਖਿਆ ਜਾਵੇ ਤਾਂ ਇਹ ਰੱਬੀ ਤਾਕਤ ਹੀ ਸੀ ਜਿਹੜੀ ਸਾਡੇ ਵਰਗੇ ਮਾਮੂਲੀ ਜਿਹੇ ਲੋਕਾਂ ਲਈ ਅੱਗੇ ਰਸਤੇ ਬਣਾਉਂਦੀ ਰਹੀ।
ਮੋਹਾਲੀ ਸੋਹਾਨਾ ਸਾਬ ਮਹੀਨੇ ਵਿੱਚ ਇੱਕ ਅੱਧੀ ਵਾਰ ਹਾਜ਼ਰੀ ਲਗਾ ਆਈ ਦੀ ਹੈ, ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼ਹੀਦਾਂ ਸਿੰਘਾਂ ਅੱਗੇ ਸੀਸ ਝੁਕਾ ਆਈ ਦਾ ਹੈ, ਪੰਥ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ, ਅਸੀਂ ਤਾਂ ਰੁੱਖਾਂ ਦੇ ਪੱਤਿਆਂ ਵਰਗੇ ਹੀ ਹਾਂ ਜਿਹੜੇ ਉਗਦੇ ਅਤੇ ਸੁੱਕ ਕੇ ਝੜਦੇ ਰਹਿੰਦੇ ਹਨ, ਪੰਥ ਵਿਸ਼ਾਲ ਹੈ ਮਹਾਰਾਜ ਹਰ ਵੇਲੇ ਰਾਖੀ ਕਰਦਾ ਹੈ, ਅੱਜ ਮਹੀਨਾ ਵਾਰ ਫੇਰ ਸੋਹਾਣਾ ਸਾਬ ਹਾਜ਼ਰੀ ਭਰੀ, ਸ਼ਹੀਦਾਂ ਸਿੰਘਾਂ ਦਾ ਸ਼ੁਕਰਾਨਾ ਕੀਤਾ, ਮੁੜ੍ਹ ਆਪਣੇ ਕੰਮੀ ਪੈ ਗਏ, ਤਕਰੀਬਨ 100 ਤੋਂ ਉੱਪਰ ਮਿੱਤਰਾ ਸੱਜਣਾ ਦੇ ਸੁਨੇਹੇ ਆਏ ਕੇ ਆਪਣਾਂ ਖਿਆਲ ਰੱਖ, ਉਹਨਾਂ ਦੀਆਂ ਫਿਕਰਾ ਸੁਣ ਕੇ ਸਾਰਾ ਪੰਜਾਬ ਆਪਣਾ ਕੁਨਬਾ ਲੱਗਦਾ ਹੈ, ਬਾਕੀ ਮਹਾਰਾਜ ਨੇ ਜਿੰਨੇ ਸਾਹ ਦਿੱਤੇ ਹਨ ਓਂਨੇ ਹੀ ਭੁਗਤ ਕੇ ਜਾਣੇ ਨੇ, ਨਿਤ ਦੇ ਕੰਮਾਂ ਕਾਰਾ ਵਿੱਚ ਅਸੀਂ ਸੋ ਤਰ੍ਹਾਂ ਦੀਆਂ ਬਈਮਾਨੀਆਂ ਵਿੱਚ ਨਿਕਲਣ ਵਾਲੇ, ਰੋਜ਼ੀ ਰੋਟੀ ਪਿੱਛੇ ਕਈ ਤਰ੍ਹਾਂ ਦੇ ਪਾਪੜ੍ਹ ਵੇਲਦੇ ਹਾਂ, ਪਰ ਰੱਬ ਅੱਗੇ ਇਹੋ ਅਰਦਾਸ ਰਹਿੰਦੀ ਹੈ ਕੇ ਕਦੀ ਅਜਿਹਾ ਲਾਲਚ ਨਾ ਜਗਾ ਦੇਵੀ ਕੇ ਕੌਮਾਂ ਦਾ ਭਵਿੱਖ ਹੀ ਵੇਚਣ ਦੇ ਸੌਦਾਗਰ ਨਾ ਬਣ ਜਾਈਏ!

Comment here