ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਦਰਦ ਸੰਤਾਲੀ ਦੇ ਵਿਛੋੜੇ ਦੇ, ਪੌਣੀ ਸਦੀ ਬਾਅਦ ਭਾਈਆਂ ਨੂੰ ਮਿਲੀ ਭੈਣ

ਨਾਰੋਵਾਲ- ਅਜ਼ਾਦੀ ਦੇ ਨਾਮ ਤੇ ਸਾਲ 1947 ਵਿੱਚ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇਸ ਵੰਡ ਨੇ ਜਿੱਥੇ ਲੱਖਾਂ ਮਸੂਮ ਜਾਨਾਂ ਨਿਗਲੀਆਂ ਓਥੇ ਲੱਖਾਂ ਲੋਕਾਂ ਨੂੰ ਬੇਘਰੇ ਕਰ ਦਿੱਤਾ, ਹਜ਼ਾਰਾਂ ਲੋਕ ਆਪਣਿਆਂ ਨਾਲੋਂ ਵਿੱਛੜ ਗਏ, ਜੋ ਜਿਉੰਦੇ ਨੇ ਉਹ ਅੱਜ ਵੀ ਆਪਣਿਆਂ ਨੂੰ ਸਰਹੱਦ ਦੇ ਉਰਾਰ ਪਾਰ ਦੇਖਣ ਲਈ ਆਸ ਰੱਖਦੇ ਨੇ। ਚੰਗੀ ਗੱਲ ਇਹ ਹੈ ਕਿ ਹੁਣ ਕਈ ਵਿਛੜੇ ਪਰਿਵਾਰ ਕਰਤਾਰਪੁਰ ਲਾਂਘੇ ‘ਤੇ ਮਿਲ ਰਹੇ ਹਨ। ਅਜਿਹਾ ਹੀ ਇਕ ਨਜ਼ਾਰਾ ਹਾਲ ਹੀ ‘ਚ ਕਰਤਾਰਪੁਰ ਲਾਂਘੇ ‘ਤੇ ਦੇਖਣ ਨੂੰ ਮਿਲਿਆ, ਜਿੱਥੇ ਇਕ ਪਾਕਿਸਤਾਨੀ ਮੁਸਲਿਮ ਔਰਤ 75 ਸਾਲਾਂ ਬਾਅਦ ਪਹਿਲੀ ਵਾਰ ਆਪਣੇ ਸਿੱਖ ਭਰਾਵਾਂ ਨੂੰ ਮਿਲੀ। ਵੰਡ ਸਮੇਂ ਆਪਣੇ ਪਰਿਵਾਰ ਤੋਂ ਵਿਛੜੀ ਇਕ ਸਿੱਖ ਔਰਤ ਜੋ ਪਾਕਿਸਤਾਨ ਵਿਚ ਹੀ ਰਹਿ ਗਈ ਸੀ, ਦੀ ਗੱਲਬਾਤ ਕਰਤਾਰਪੁਰ ਕਾਰੀਡੋਰ ਦੇ ਚਾਲੂ ਹੋਣ ਨਾਲ ਕਰਤਾਰਪੁਰ ਗੁਰਦੁਆਰੇ ਵਿਚ 75 ਸਾਲ ਬਾਅਦ ਆਪਣੇ ਭਰਾਵਾਂ ਨਾਲ ਹੋਈ। ਸੂਤਰਾਂ ਦੇ ਅਨੁਸਾਰ ਸਿੱਖ ਪਰਿਵਾਰ ਨਾਲ ਸਬੰਧਿਤ ਔਰਤ ਜੋ ਹੁਣ ਮੁਮਤਾਜ਼ ਬੀਬੀ ਦੇ ਨਾਮ ਨਾਲ ਜਾਣੀ ਜਾਦੀ ਹੈ, ਦੇ ਅਨੁਸਾਰ ਭਾਰਤ-ਪਾਕਿ ਵੰਡ ਦੇ ਸਮੇਂ ਹੋਈ ਹਿੰਸਾ ਦੌਰਾਨ ਉਹ ਬਹੁਤ ਛੋਟੀ ਸੀ ਅਤੇ ਲੋਕਾਂ ਨੂੰ ਉਹ ਆਪਣੀ ਮਾਂ ਦੀ ਲਾਸ਼ ਦੇ ਕੋਲ ਰੋਂਦੀ ਹੋਈ ਮਿਲੀ ਸੀ। ਉਸ ਦੇ ਅਨੁਸਾਰ ਇਕ ਵਿਅਕਤੀ ਮੁਹੰਮਦ ਇਕਬਾਲ ਅਤੇ ਉਸ ਦੀ ਪਤਨੀ ਅੱਲਾ ਰਖੀ ਨੇ ਉਸ ਨੂੰ ਗੋਦ ਲਿਆ ਸੀ ਅਤੇ ਆਪਣੀ ਕੁੜੀ ਦੀ ਤਰ੍ਹਾਂ ਪਾਲਿਆ। ਹੁਣ ਉਸ ਦਾ ਨਾਮ ਮੁਮਤਾਜ਼ ਬੀਬੀ ਹੈ। ਉਹ ਉਦੋਂ ਤੋਂ ਹੀ ਸੇਖੂਪੁਰਾ ਜ਼ਿਲੇ ਦੇ ਪਿੰਡ ਵਾਰਿਕਾ ਤਿਆਨ ਵਿਚ ਰਹਿ ਰਹੀ ਹੈ। ਉਸ ਦੇ ਅਨੁਸਾਰ ਲੰਮਾਂ ਸਮਾਂ ਇਕਬਾਲ ਅਤੇ ਉਸ ਦੀ ਪਤਨੀ ਨੇ ਉਸ ਨੂੰ ਨਹੀਂ ਦੱਸਿਆ ਸੀ ਕਿ ਉਹ ਉਨਾਂ ਦੀ ਧੀ ਨਹੀਂ ਹੈ ਪਰ ਦੋ ਸਾਲ ਪਹਿਲਾ ਜਦੋਂ ਮੁਹੰਮਦ ਇਕਬਾਲ ਦੀ ਸਿਹਤ ਅਚਾਨਕ ਖਰਾਬ ਹੋਈ ਤਾਂ ਉਦੋਂ ਉਨਾਂ ਨੇ ਦੱਸਿਆ ਕਿ ਉਹ ਉਨਾਂ ਦੀ ਧੀ ਨਹੀਂ। ਉਦੋਂ ਪਤਾ ਲੱਗਾ ਕਿ ਉਹ ਮੁਸਲਿਮ ਨਹੀਂ, ਬਲਕਿ ਸਿੱਖ ਪਰਿਵਾਰ ਨਾਲ ਸੰਬਧਿਤ ਹੈ। ਮੁਮਤਾਜ਼ ਬੀਬੀ ਦੇ ਅਨੁਸਾਰ ਉਸ ਨੇ ਅਤੇ ਉਸ ਦੇ ਪੁੱਤਰ ਸ਼ਾਹਬਾਜ ਨੇ ਸ਼ੋਸਲ ਮੀਡੀਆ ’ਤੇ ਆਪਣੇ ਪਰਿਵਾਰ ਦੀ ਤਲਾਸ਼ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਨਾਂ ਦਾ ਸਾਰਾ ਪਰਿਵਾਰ ਭਾਰਤ ਵਿਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਸਿੰਦਰਾਨਾ ਵਿਚ ਹੈ, ਜੋ ਦੇਸ਼ ਦੀ ਵੰਡ ਦੇ ਬਾਅਦ ਇਸ ਪਿੰਡ ਵਿਚ ਵਸਿਆ ਸੀ। ਉਦੋਂ ਤੋਂ ਦੋਵੇਂ ਪਰਿਵਾਰ ਸ਼ੋਸਲ ਮੀਡੀਆ ਤੇ ਆਪਸ ਵਿਚ ਸੰਪਰਕ ਵਿਚ ਸੀ। ਬੀਤੇ ਦਿਨੀਂ ਮੁਮਤਾਜ਼ ਬੀਬੀ ਦੇ ਭਰਾ ਗੁਰਮੀਤ ਸਿੰਘ, ਨਰਿੰਦਰ ਸਿੰਘ ਤੇ ਅਮਰਿੰਦਰ ਸਿੰਘ ਪਰਿਵਾਰ ਦੇ ਨਾਲ ਕਰਤਾਰਪੁਰ ਸਾਹਿਬ ਗੁਰਦੁਆਰਾ ਵਿਚ ਮੱਥਾ ਟੇਕਣ ਦੇ ਲਈ ਗਏ। ਉੱਥੇ ਮੁਮਤਾਜ਼ ਬੀਬੀ ਵੀ ਪਹੁੰਚ ਗਈ ਅਤੇ ਲਗਭਗ 75 ਸਾਲ ਬਾਅਦ ਇਕ ਭੈਣ ਆਪਣੇ ਭਰਾਵਾਂ ਨਾਲ ਕਰਤਾਰਪੁਰ ਕਾਰੀਡੋਰ ਦੇ ਸ਼ੁਰੂ ਹੋਣ ਨਾਲ ਮਿਲ ਸਕੀ। ਜਦ ਮੁਮਤਾਜ਼ ਬੀਬੀ ਆਪਣੇ ਭਰਾਵਾਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਿਲੀ ਤਾਂ ਸਾਰਿਆਂ ਦੀਆਂ ਅੱਖਾਂ ’ਚ ਅੱਥਰੂ ਸਨ। ਹੋਰ ਵੀ ਬਹੁਤ ਸਾਰੇ ਬਜ਼ੁਰਗ ਹਨ ਜੋ ਸਰਹੱਦ ਪਾਰੋਂ ਕਿਸੇ ਆਪਣੇ ਦੀ ਅਵਾਜ਼ ਦੀ ਉਡੀਕ ਕਰ ਰਹੇ ਹਨ।

Comment here