ਇਲਾਕੇ ‘ਚ ਤਣਾਅ ਦਾ ਮਾਹੌਲ ਪਸਰਿਆ
ਦੋਸ਼ੀ ਜਨਤਾ ’ਚ ਅੱਤਵਾਦ ਫੈਲਾਉਣਾ ਚਾਹੁੰਦੇ ਸਨ-ਐੱਨ. ਆਈ. ਏ.
ਨਵੀਂ ਦਿੱਲੀ–ਰਾਜਸਥਾਨ ਦੇ ਉਦੈਪੁਰ ਵਿੱਚ ਨੂਪੁਰ ਸ਼ਰਮਾ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਨ ਲਈ ਟੇਲਰ ਕਨ੍ਹਈਆ ਲਾਲ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਹੈ। ਐੱਨ. ਆਈ. ਏ. ਨੇ ਰਾਜਸਥਾਨ ਦੇ 2 ਲੋਕਾਂ ਵਲੋਂ ਬੇਰਹਿਮੀ ਨਾਲ ਕਤਲ ਦੇ ਸਬੰਧ ’ਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਤਹਿਤ ਮਾਮਲਾ ਦਰਜ ਕੀਤਾ। ਇਸ ਦੇ ਨਾਲ ਹੀ ਏਜੰਸੀ ਨੇ ਖ਼ੁਲਾਸਾ ਕੀਤਾ ਕਿ ਦੋਸ਼ੀ ਦੇਸ਼ ਭਰ ’ਚ ਜਨਤਾ ਦਰਮਿਆਨ ਅੱਤਵਾਦ ਫੈਲਾਉਣਾ ਚਾਹੁੰਦੇ ਸਨ। ਏਜੰਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਐੱਨ. ਆਈ. ਏ. ਦੀ ਟੀਮ ਉਦੈਪੁਰ ਪਹੁੰਚ ਗਈ ਹੈ ਅਤੇ ਉਨ੍ਹਾਂ ਨੇ ਮਾਮਲੇ ਦੀ ਤੁਰੰਤ ਜਾਂਚ ਲਈ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਦੋਸ਼ੀ ਵਿਅਕਤੀਆਂ ਨੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸੀ, ਤਾਂ ਕਿ ਪੂਰੇ ਦੇਸ਼ ’ਚ ਲੋਕਾਂ ਵਿਚਾਲੇ ਦਹਿਸ਼ਤ ਫੈਲਾਈ ਜਾ ਸਕੇ।
ਅਧਿਕਾਰੀਆਂ ਨੇ ਕਿਹਾ ਕਿ ਆਈ. ਪੀ. ਸੀ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ੁਰੂਆਤ ‘ਚ ਇਸ ਘਟਨਾ ਦੇ ਸਬੰਧ ‘ਚ ਉਦੈਪੁਰ ਦੇ ਧਨਮੰਡੀ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਐੱਨ. ਆਈ. ਏ. ਨੇ ਮੁਲਜ਼ਮਾਂ iਖ਼ਲਾਫ਼ ਆਈ.ਪੀ.ਸੀ. ਦੀ ਧਾਰਾ 452, 302, 153 (ਏ), 153 (ਬੀ), 295 (ਏ) ਅਤੇ 34 ਦੇ ਨਾਲ-ਨਾਲ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ), ਕਾਨੂੰਨ, 1967 ਦੀਆਂ ਧਾਰਾਵਾਂ 16, 18 ਅਤੇ 20 ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਪੀੜਤਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਸਨ।
ਕੀ ਹੈ ਮਾਮਲਾ
ਰਾਜਸਥਾਨ ਦੇ ਉਦੈਪੁਰ ਦੇ ਇਕ ਦਰਜੀ ਕਨ੍ਹਈਆ ਲਾਲ ਸਾਹੂ ਦਾ ਮੰਗਲਵਾਰ ਰਾਤ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਦੋਸ਼ੀਆਂ ਨੇ ਵੀਡੀਓ ਬਣਾ ਕੇ ਇਸ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ ਅਤੇ ਕਿਹਾ ਸੀ ਕਿ ਇਸਲਾਮ ਦੇ ਅਪਮਾਨ ਦਾ ਬਦਲਾ ਲੈਣ ਲਈ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਾਣਕਾਰੀ ਮੁਤਾਬਕ ਦਰਜੀ ਕਨ੍ਹਈਆ ਲਾਲ ਦੇ 8 ਸਾਲਾ ਪੁੱਤਰ ਨੇ ਉਨ੍ਹਾਂ ਦੇ ਮੋਬਾਈਲ ਫੋਨ ਤੋਂ ਭਾਜਪਾ ਆਗੂ ਨੂਪੁਰ ਸ਼ਰਮਾ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਸੀ। ਇਸ ਤੋਂ ਗੁੱਸੇ ’ਚ ਆਏ ਦੋਸ਼ੀਆਂ ਨੇ ਉਸ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨੂਪੁਰ ਨੇ ਹਾਲ ਹੀ ’ਚ ਪੈਗੰਬਰ ਮੁਹੰਮਦ iਖ਼ਲਾਫ ਇੰਤਰਾਜ਼ਯੋਗ ਟਿੱਪਣੀ ਕੀਤੀ ਸੀ।
ਹਾਲਾਂਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 17 ਜੂਨ ਨੂੰ ਹੀ ਦੋਸ਼ੀਆਂ ਨੇ ਕਨ੍ਹਈਲਾਲ ਨੂੰ ਮਾਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਸੀ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਅਜਿਹੇ ‘ਚ ਰਾਜਸਥਾਨ ਪੁਲਸ ਵੀ ਸ਼ੱਕ ਦੇ ਘੇਰੇ ‘ਚ ਆ ਗਈ ਹੈ। ਧਮਕੀਆਂ ਤੋਂ ਬਾਅਦ ਕਨ੍ਹਈਲਾਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਨੂੰ ਪੁਲਿਸ ਨੇ ਉਦੋਂ ਅਣਗੌਲਿਆ ਕਰ ਦਿੱਤਾ ਸੀ।
ਕੀ ਹੈ ਵੀਡੀਓ ਕਲਿੱਪ ’ਚ
ਵੀਡੀਓ ਵਿੱਚ ਕਾਤਲ ਤਲਵਾਰ ‘ਤੇ ਖੂਨ ਅਤੇ ਚਿਹਰੇ ‘ਤੇ ਮੁਸਕਰਾਹਟ ਨਾਲ ਕਹਿੰਦੇ ਹਨ, “ਮੈਂ ਮੁਹੰਮਦ ਰਿਆਜ਼ ਅੰਸਾਰੀ ਦਾ ਸਿਰ ਕਲਮ ਕਰ ਦਿੱਤਾ ਹੈ ਅਤੇ ਇਹ ਸਾਡੇ ਗੌਸ ਮੁਹੰਮਦ ਭਾਈ ਹਨ, ਉਦੈਪੁਰ ਵਿੱਚ ਮਾਂ ਰਾਜ।” ਅੱਗੇ ਧਾਰਮਿਕ ਨਾਅਰਾ ਲਾਉਂਦੇ ਹੋਏ, “ਅਸੀਂ ਤੁਹਾਡੇ ਲਈ ਜੀਵਾਂਗੇ ਅਤੇ ਅਸੀਂ ਤੁਹਾਡੇ ਲਈ ਮਰਾਂਗੇ।”
ਪੀਐਮ ਮੋਦੀ ਦੀ ਗਰਦਨ ਕੱਟਦਾ ਹੈ ਅਤੇ ਨੂਪੁਰ ਸ਼ਰਮਾ ਨੂੰ ਧਮਕੀ ਦਿੰਦਾ ਹੈ ਅਤੇ ਕਹਿੰਦਾ ਹੈ, “ਸੁਨ ਯੇ ਨਰਿੰਦਰ ਮੋਦੀ, ਤੁਸੀਂ ਅੱਗ ਲਗਾਈ ਹੈ ਅਤੇ ਅਸੀਂ ਇਸਨੂੰ ਬੁਝਾ ਦੇਵਾਂਗੇ, ਇੰਸਾਲਾਹ, ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਇਹ ਚਾਕੂ ਤੁਹਾਡੀ ਗਰਦਨ ਤੱਕ ਜ਼ਰੂਰ ਪਹੁੰਚੇ।” ਅਤੇ ਉਸ ਕੁੱਕੜ ਤੱਕ ਵੀ ਪਹੁੰਚ ਜਾਵੇਗਾ। ਉਦੈਪੁਰ ਦੇ ਲੋਕਾਂ ਨੇ ਪੈਗ਼ੰਬਰ ਦਾ ਨਾਅਰਾ ਬੁਲੰਦ ਕਰਨਾ ਚਾਹੀਦਾ ਹੈ, ਸਿਰਫ਼ ਇੱਕ ਸਜ਼ਾ, ਸਰੀਰ ਤੋਂ ਵੱਖ ਹੋਣਾ ਚਾਹੀਦਾ ਹੈ। ਦੁਆਵਾਂ ਵਿੱਚ ਯਾਦ ਰੱਖੋ।
ਇਲਾਕੇ ‘ਚ ਤਣਾਅ ਦਾ ਮਾਹੌਲ
ਟੇਲਰ ਕਨ੍ਹਈਲਾਲ ਦਾ ਸਿਰ ਕਲਮ ਕੀਤੇ ਜਾਣ ਤੋਂ ਬਾਅਦ ਇਲਾਕੇ ‘ਚ ਭਾਰੀ ਤਣਾਅ ਦਾ ਮਾਹੌਲ ਹੈ। ਸਥਿਤੀ ‘ਤੇ ਕਾਬੂ ਪਾਉਣ ਲਈ ਉਦੈਪੁਰ ਜ਼ਿਲੇ ‘ਚ 24 ਘੰਟਿਆਂ ਲਈ ਇੰਟਰਨੈੱਟ ਬੰਦ ਕਰਨ ਦੇ ਨਾਲ-ਨਾਲ ਮੌਕੇ ‘ਤੇ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਪੂਰੇ ਰਾਜਸਥਾਨ ਵਿੱਚ ਪੁਲਿਸ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਘਟਨਾ ‘ਤੇ ਗੁੱਸਾ ਜ਼ਾਹਰ ਕਰਦੇ ਹੋਏ ਸਥਾਨਕ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਸੜਕਾਂ ‘ਤੇ ਆ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਬਾਲੀਵੁੱਡ ਸਿਤਾਰਿਆਂ ਨੇ ਕੀਤੀ ਇਨਸਾਫ਼ ਦੀ ਮੰਗ
ਬਾਲੀਵੁੱਡ ਤੇ ਟੀ. ਵੀ. ਸਿਤਾਰੇ ਵੀ ਇਸ ਮੁੱਦੇ ’ਤੇ ਜ਼ੋਰ-ਸ਼ੋਰ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਦਿਨ-ਦਿਹਾੜੇ ਹੋਏ ਇਸ ਕਤਲ ਨੇ ਸਾਰਿਆਂ ਨੂੰ ਸਦਮਾ ਦਿੱਤਾ ਹੈ। ਲੱਕੀ ਅਲੀ, ਕੰਗਨਾ ਰਣੌਤ, ਗੌਹਰ ਖ਼ਾਨ, ਰਣਵੀਰ ਸ਼ੌਰੀ, ਅਨੁਪਮ ਖੇਰ, ਦੇਵੋਲੀਨਾ ਭੱਟਾਚਾਰਜੀ, ਸਵਰਾ ਭਾਸਕਰ, ਕੇ. ਆਰ. ਕੇ. ਸਮੇਤ ਕਈ ਸਿਤਾਰਿਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਧਰਮ ਦੇ ਨਾਂ ’ਤੇ ਜਿਸ ਤਰ੍ਹਾਂ ਕਨ੍ਹੱਈਆ ਲਾਲ ਦਾ ਕਤਲ ਕੀਤਾ ਗਿਆ ਹੈ, ਉਸ ਦੀ ਸਾਰੇ ਨਿੰਦਿਆ ਕਰ ਰਹੇ ਹਨ।
ਗਾਇਕ ਲੱਕੀ ਅਲੀ ਨੇ ਕਨ੍ਹੱਈਆ ਲਾਲ ਲਈ ਨਿਆਂ ਦੀ ਮੰਗ ਕੀਤੀ ਹੈ। ਉਸ ਨੇ ਫੇਸਬੁੱਕ ਪੋਸਟ ’ਚ ਲਿਖਿਆ, ‘‘ਇਕ ਸ਼ਖ਼ਸ ਦਾ ਕਤਲ ਪੂਰੀ ਮਨੁੱਖਤਾ ਦਾ ਕਤਲ ਕਰਨ ਬਰਾਬਰ ਹੈ। ਕਿਰਪਾ ਕਰਕੇ ਉਨ੍ਹਾਂ ’ਤੇ ਮੁਸਲਿਮ ਸਜ਼ਾ ਥੋਪੋ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਨ੍ਹਾਂ ਨੇ ਇਸਲਾਮ ਦੇ ਨਾਂ ’ਤੇ ਗੁਨਾਹ ਕੀਤਾ ਹੈ।’’
ਕੰਗਨਾ ਨੇ ਇੰਸਟਾਗ੍ਰਾਮ ’ਤੇ ਪੋਸਟ ਕਰਦਿਆਂ ਲਿਖਿਆ, ‘‘ਜਿਸ ਤਰ੍ਹਾਂ ਨਾਲ ਕਨ੍ਹੱਈਆ ਲਾਲ ਦੇ ਕਤਲ ਦੀ ਵੀਡੀਓ ਬਣਾਈ ਗਈ ਹੈ, ਮੇਰੇ ’ਚ ਉਹ ਦੇਖਣ ਦੀ ਹਿੰਮਤ ਨਹੀਂ ਹੈ। ਮੈਂ ਸੁੰਨ ਹਾਂ।’’
ਅਨੁਪਮ ਖੇਰ ਵੀ ਕਾਫੀ ਗੁੱਸੇ ’ਚ ਹੈ। ਅਨੁਪਮ ਨੇ ਲਿਖਿਆ, ‘‘ਡਰਿਆ, ਦੁਖੀ ਤੇ ਗੁੱਸੇ ’ਚ ਹਾਂ।’’ ਕੇ. ਆਰ. ਕੇ. ਨੇ ਟਵੀਟ ਕਰਕੇ ਲਿਖਿਆ, ‘‘ਪੈਗੰਬਰ ਮੁਹੰਮਦ ਨੇ ਕਦੇ ਕਿਸੇ ਨੂੰ ਸਰੀਰਕ ਰੂਪ ਤੋਂ ਨੁਕਸਾਨ ਨਹੀਂ ਪਹੁੰਚਾਇਆ। ਇਸ ਲਈ ਕਿਸੇ ਨੂੰ ਵੀ ਅਜਿਹੀ ਗੈਰ-ਕਾਨੂੰਨੀ ਗਤੀਵਿਧੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।’’
ਦੇਵੋਲੀਨਾ ਭੱਟਾਚਾਰਜੀ ਨੇ ਲਿਖਿਆ, ‘‘ਸ਼ਾਂਤੀ ਫੈਲਾਉਣ ਵਾਲੇ ਦੂਤਾਂ ਕੋਲ ਅਸ਼ਾਂਤੀ ਫੈਲਾਉਣ ਵਾਲੇ ਹਥਿਆਰ? ਕੀ ਇਹ ਪ੍ਰੀ-ਪਲਾਨਡ ਮਰਡਰ ਸੀ ਜਾਂ ਸ਼ਾਂਤੀ ਲਈ ਅਜਿਹੇ ਹਥਿਆਰ ਰੱਖਣਾ ਸਾਧਾਰਨ ਹੈ।’’
ਇਸ ਸੰਬੰਧੀ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਕਿਹਾ ਕਿ ਮਦਰੱਸਿਆਂ ‘ਚ ਬੱਚਿਆਂ ਨੂੰ ਇਹ ਸਿਖਾਇਆ ਜਾ ਰਿਹਾ ਹੈ ਕਿ ਕੁਫ਼ਰ ਦੀ ਸਜ਼ਾ ਸਿਰ ਕਲਮ ਕਰਨਾ ਹੈ।
Comment here