ਨਵੀਂ ਦਿੱਲੀ-ਭਾਰਤੀ ਖਿਡਾਰੀਆਂ ਨੇ ਲੰਘੇ ਦਿਨ ਇਤਿਹਾਸ ਸਿਰਜਿਆ ਹੈ। ਟੀਮ ਇੰਡੀਆ ਨੇ ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਜਿੱਤ ਦਰਜ ਕਰਕੇ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਇੰਡੋਨੇਸ਼ੀਆ ਖ਼ਿਲਾਫ਼ ਮੈਚ ਵਿੱਚ 3-0 ਦੀ ਅਜੇਤੂ ਬੜ੍ਹਤ ਬਣਾਈ। ਉਸਨੇ 14 ਸਾਲ ਦੀ ਡਿਫੈਂਡਿੰਗ ਚੈਂਪੀਅਨ ਨੂੰ ਹਰਾਇਆ। ਪਹਿਲੇ ਮੈਚ ਵਿੱਚ ਲਕਸ਼ਯ ਸੇਨ ਨੇ ਐਂਥਨੀ ਸਿਨਿਸੁਕਾ ਨੂੰ 8-21, 21-17, 21-16 ਨਾਲ ਹਰਾਇਆ। ਦੂਜੇ ਮੈਚ ਵਿੱਚ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਡਬਲਜ਼ ਜੋੜੀ ਨੇ 18-21, 23-21, 21-19 ਨਾਲ ਜਿੱਤ ਦਰਜ ਕੀਤੀ। ਤੀਜਾ ਮੈਚ ਸਿੰਗਲਜ਼ ਵਿੱਚ ਕਿਦਾਂਬੀ ਸ੍ਰੀਕਾਂਤ ਅਤੇ ਜੋਨਾਥਨ ਕ੍ਰਿਸਟੀ ਵਿਚਾਲੇ ਖੇਡਿਆ ਗਿਆ। ਜਿਸ ਵਿੱਚ ਕਿਦਾਂਬੀ ਨੇ ਕ੍ਰਿਸਟੀ ਨੂੰ 21-15, 23-21 ਨਾਲ ਹਰਾਇਆ। ਟੀਮ ਇੰਡੀਆ ਨੇ ਮਲੇਸ਼ੀਆ ਅਤੇ ਡੈਨਮਾਰਕ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤੀ ਟੀਮ ਵਿੱਚ ਮੱਧ ਪ੍ਰਦੇਸ਼ ਦੇ ਧਾਰ ਦਾ ਪ੍ਰਿਯਾਂਸ਼ੂ ਰਾਜਾਵਤ ਵੀ ਸ਼ਾਮਲ ਹੈ।
ਦੇਸ਼ ਦੇ ਪੀ ਐੱਮ ਤੇ ਹੋਰਨਾਂ ਵੱਲੋਂ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਿੱਤ ‘ਤੇ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਪੂਰਾ ਦੇਸ਼ ਭਾਰਤ ਦੇ ਥਾਮਸ ਕੱਪ ਜਿੱਤਣ ਨੂੰ ਲੈ ਕੇ ਉਤਸ਼ਾਹਿਤ ਹੈ। ਸਾਡੀ ਕੁਸ਼ਲ ਟੀਮ ਨੂੰ ਵਧਾਈ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ। ਇਹ ਜਿੱਤ ਆਉਣ ਵਾਲੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ”ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ ਥਾਮਸ ਕੱਪ ਜਿੱਤਣ ‘ਤੇ ਵਧਾਈ। ਮਲੇਸ਼ੀਆ, ਡੈਨਮਾਰਕ ਅਤੇ ਇੰਡੋਨੇਸ਼ੀਆ ‘ਤੇ ਲਗਾਤਾਰ ਜਿੱਤਾਂ ਨਾਲ ਇਹ ਅਸਾਧਾਰਨ ਪ੍ਰਾਪਤੀ ਦੇਸ਼ ਲਈ ਮਾਣ ਵਾਲੀ ਗੱਲ ਹੈ। ਟੀਮ ਦੀ ਇਸ ਵਿਲੱਖਣ ਪ੍ਰਾਪਤੀ ਲਈ 1 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ। ” ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਵੀ ਟਵੀਟ ਕਰਕੇ ਟੀਮ ਨੂੰ ਵਧਾਈ ਦਿੱਤੀ।


Comment here