ਜੈਰੀ ਨਾਮ ਦਾ ਸਖਸ਼ ਅਮਰੀਕਾ ਚ ਰੈਸਟੋਰੈਂਟ ਮੈਨੇਜਰ ਸੀ , ਓਹਦਾ ਏਨਾ ਜ਼ਿੰਦਾ-ਦਿਲ ਸੀ ਕਿ ਓਹਦੀ ਚੜ੍ਹਦੀ ਕਲਾ ਦੇ ਚਰਚੇ ਸਨ ਹਰ ਪਾਸੇ , ਉਦਾਸੀ ਨੇੜੇ ਨਹੀਂ ਸੀ ਫਟਕਦੀ ਓਹਦੇ , ਓਹਦੇ ਸਹਿਕਰਮੀ , ਵੇਟਰ ਓਸਤੇ ਜਾਨ ਛਿੜਕਦੇ ਸਨ । ਅਗਰ ਓਹ ਕਦੀ ਜੌਬ ਬਦਲ ਲੈੰਦਾ ਤਾਂ ਸਾਰਾ ਸਟਾਫ਼ ਓਹਦੇ ਨਾਲ ਈ ਤੁਰ ਜਾਂਦਾ ਸੀ , ਅਜਿਹੀ ਚੁੰਭਕੀ ਸ਼ਖਸ਼ੀਅਤ ਸੀ ਓਹਦੀ ।
ਓਹਦੇ ਚਰਚੇ ਸੁਣ ਇੱਕ ਪੱਤਰਕਾਰ ਓਹਦੀ ਇੰਟਰਵਿਊ ਲੈਣ ਪਹੁੰਚ ਗਿਆ । ਪੁੱਛਿਆ ,
” ਕੀ ਰਾਜ਼ ਏ ਤੇਰੀ ਏਸ ਚੜ੍ਹਦੀ ਕਲਾ ਦਾ , ਮੁਸਕਾਨ ਦਾ ਜੋ ਤੇਰੇ ਬੁੱਲ੍ਹਾਂ ਤੇ ਨੱਚਦੀ ਏ ਹਰ ਵਕਤ “
ਜੈਰੀ ਬੋਲਿਆ , “ ਹਰ ਨਵੀਂ ਸਵੇਰ ਮੈ ਖ਼ੁਦ ਨੂੰ ਸਵਾਲ ਕਰਦਾਂ , ਅੱਜ ਦੇ ਦਿਨ ਤੇਰੇ ਕੋਲ ਦੋ ਈ ਬਦਲ ਨੇ , ਤੂੰ ਚੜ੍ਹਦੀ ਕਲਾ ਚ ਰਹਿਣਾ ਏਂ ਜਾਂ ਢਹਿੰਦੀ ਚ ?
…… ਤੇ ਮੈਂ ਚੜ੍ਹਦੀ ਕਲਾ ਈ ਚੁਣਦਾਂ “
ਜਦੋਂ ਕਦੀ ਕੁਝ ਬੁਰਾ ਵਾਪਰਦਾ ਏ ਤਾਂ ਮੈਂ ਚੋਣ ਕਰਦਾ ਹਾਂ ਕਿ ਮੈਂ ਏਸ ਤੇ ਸਿਰ ਸੁੱਟ ਝੂਰਨਾ ਏ ਜਾਂ ਸਿੱਖਣਾ ਏ ਏਸਤੋਂ ?
….ਤੇ ਮੈਂ ਓਸ ਘਟਨਾ ਦੇ ਉੱਜਲ ਪੱਖ ਵੱਲ ਵੇਖਕੇ ਓਹਤੋਂ ਸਿੱਖਣ ਦੀ ਚੋਣ ਕਰਦਾਂ , ਹਮੇਸ਼ਾਂ ।
ਜਦੋਂ ਕੋਈ ਵਿਅਕਤੀ ਮੇਰੇ ਕੋਲ ਸ਼ਿਕਾਇਤ ਲੈ ਕੇ ਆਉਂਦਾ ਏ ਤਾ ਮੈ ਓਸ ਚੋਂ ਵੀ ਜ਼ਿੰਦਗੀ ਦਾ ਉੱਜਲ ਪਾਸਾ ਵੇਖਦਾਂ , ਉਭਾਰਦਾਂ ਸਾਹਮਣੇ ਵਾਲੇ ਨੂੰ , ਕਿ ਓਹ ਓਸ ਸ਼ਿਕਾਇਤ ਨੂੰ ਆਪਣੇ ਉੱਚਾ ਉੱਠਣ ਦਾ ਮੌਕਾ ਬਣਾਵੇ , ਤਾ ਜੋ ਸ਼ਿਕਾਇਤ ਤੁੱਛ ਜਾਪੇ ਜ਼ਿੰਦਗੀ ਦੀ ਮਹਾਨਤਾ ਅੱਗੇ , ਵਿਸ਼ਾਲਤਾ ਮੂਹਰੇ ।
ਜੈਰੀ ਦੀ ਜ਼ਿੰਦਗੀ ਚ ਜਵਾਰ-ਭਾਟਾ ਆ ਗਿਆ ਜਿਸ ਦਿਨ ਓਸਤੋਂ ਰੈਸਟੋਰੈਂਟ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਤੇ ਤਿੰਨ ਬੰਦੂਕਧਾਰੀ ਲੁਟੇਰੇ ਅੰਦਰ ਆਣ ਵੜੇ । ਓਹਨੇ ਘਬਰਾ ਕੇ ਹੱਥ ਜੇਬ ਚ ਪਾਉਣਾ ਚਾਹਿਆ ਤਾਂ ਲੁਟੇਰਿਆਂ ਨੇ ਗੋਲੀ ਦਾਗ ਦਿੱਤੀ ਓਹਦੇ ਸੀਨੇ ਚ । ਓਹ ਫ਼ਰਸ਼ ਤੇ ਡਿੱਗ ਪਿਆ ਲਹੂ ਲੁਹਾਣ ਹੋ ਕੇ । ਜਦੋਂ ਓਹ ਹਸਪਤਾਲ ਆਪਰੇਸ਼ਨ ਥੀਏਟਰ ਚ ਪਹੁੰਚਾ ਤਾਂ ਓਹਨੇ ਡਾਕਟਰਾਂ ਦੇ ਚਿਹਰੇ ਤੋਂ ਪੜ੍ਹਿਆ ਕਿ ਓਹਦੀ ਜੀਵਨ ਲੀਲ੍ਹਾ ਖਤਮ ਏ । ਇਸ ਦੌਰਾਨ ਓਹਨੇ ਮਨ ਈ ਮਨ ਖ਼ੁਦ ਨੂੰ ਕਿਹਾ ਕਿ ਓਹ ਮਰੇਗਾ ਨਹੀਂ , ਜੀਵੇਗਾ ਹਾਲੇ ।
ਇੱਕ ਨਰਸ ਓਸਤੋ ਸਵਾਲ ਪੁੱਛਣ ਲੱਗੀ , “ ਤੈਨੂੰ ਕਿਸੇ ਚੀਜ਼ , ਦਵਾਈ ਤੋਂ ਕੋਈ ਐਲਰਜੀ ਤਾਂ ਨਹੀਂ ?
ਓਹ ਬੋਲਿਆ ,” ਹੈ ਵੇ ਐਲਰਜੀ !
ਸਭ ਡਾਕਟਰ ,ਸਹਾਇਕ ਸਟਾਫ਼ ਯਕਦਮ ਰੁਕ ਗਏ ਸੁਣਕੇ । ਇੱਕ ਡਾਕਟਰ ਨੇ ਪੁੱਛਿਆ ,” ਕਿਸ ਚੀਜ਼ ਤੋਂ ਐਲਰਜੀ ਏ ਤੈਨੂੰ ਮਿ ਜੈਰੀ ?
“ ਗੋਲ਼ੀ ਦੇ ਸਿੱਕੇ ਤੋਂ ! …
ਓਹ ਬੋਲਿਆ ਤੇ ਸੁਣਕੇ ਸਾਰੇ ਈ ਹੱਸ ਪਏ ।
ਓਹਨੇ ਹੱਸਦੇ ਹੋਏ ਨੇ ਕਿਹਾ ,” ਮੈਂ ਜੀਣਾ ਏ , ਮਰਨ ਨਹੀਂ ਲੱਗਿਆ ਹਾਲੇ , ਤੁਸੀਂ ਆਪਰੇਸ਼ਨ ਕਰੋ ਤੇ ਗੋਲੀ ਬਾਹਰ ਕੱਢੋ ਬੱਸ ..”
ਤੇ ਡਾਕਟਰ ਪੂਰੀ ਲਗਨ ਨਾਲ ਓਹਨੂੰ ਬਚਾਉਣ ਜੁੱਟ ਗਏ । ਆਪਰੇਸ਼ਨ ਸਫਲ ਹੋ ਗਿਆ ਜਿਸ ਵਿੱਚ ਨਿਪੁੰਨ ਡਾਕਟਰਾਂ ਦਾ ਯੋਗਦਾਨ ਤਾਂ ਸ਼ਾਮਲ ਸੀ ਹੀ , ਪਰ ਜੈਰੀ ਦਾ ਹੌਸਲਾ ਤੇ ਸਿਦਕ ਏਸ ਕਰਾਮਾਤ ਦਾ ਆਧਾਰ ਸੀ ।
ਜ਼ਿੰਦਗੀ ਹਰ ਰੋਜ ਨਵਾਂ ਚੈਲਿੰਜ ਪੇਸ਼ ਕਰਦੀ ਏ , ਨਵੀਂ ਬਾਲ ਸੁੱਟਦੀ ਏ ਵਿਕਟਾਂ ਤੇ ਖੜੇ ਬੈਟਮੈਨ ਨੂੰ । ਓਹਦੀ ਮਰਜ਼ੀ ਤੇ ਨਿਰਭਰ ਕਰਦਾ ਏ ਕਿ ਓਹ ਅਵੇਸਲਾ ਹੋ ਮੂੰਹ ਭੰਨਵਾ ਲੈੰਦਾ ਏ ਜਾਂ ਪੈਰਾਂ ਸਿਰ ਖੜਾ ਹੋ ਕੇ ਚੌਕਾ ਛੱਕਾ ਜੜਦਾ ਏ ।
ਅਖੀਰ ਨੂੰ ਹਰ ਖਿਡਾਰੀ ਨੇ ਆਊਟ ਹੋਣਾ ਈ ਹੁੰਦਾ ਏ , ਪਰ ਜੋ ਜੁਝਾਰੂ ਬਣ ਜੂਝਦਾ ਏ , ਓਸਦੇ ਆਊਟ ਹੋਣ ਤੇ ਤਾੜੀਆਂ ਵੱਜਦੀਆਂ ਨੇ , ਬੜੀ ਦੇਰ ਤੱਕ । ਓਸਦੀ ਖੇਡੀ ਧੂੰਆਂਧਾਰ ਪਾਰੀ ਨੂੰ ਯਾਦ ਕੀਤਾ ਜਾਂਦਾ ਏ , ਮਿਸਾਲ ਦੇ ਤੌਰ ਤੇ ।
ਬੁਝਦਿਲ ਇਨਸਾਨ ਮੌਤ ਵਰਗੀ ਜ਼ਿੰਦਗੀ ਜਿਊਂਦਾ ਏ , ਪਰ ਚੜ੍ਹਦੀ ਕਲਾ ਦਾ ਧਾਰਨੀ ਮਨੁੱਖ ਮੌਤ ਵਿੱਚੋਂ ਵੀ ਜ਼ਿੰਦਗੀ ਕਸ਼ੀਦ ਲੈੰਦਾ ਏ, ਨਿਚੋੜ ਲੈੰਦਾ ਏ , ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਅੰਮ੍ਰਿਤ ਬਣ ਜਾਂਦੀ ਏ ।
Comment here