(ਕਹਾਣੀ)
੧
ਇਕ ਘਟਨਾ ਸੀ-ਜੋ ਨਦੀ ਦੇ ਪਾਣੀ ਵਿਚ ਵਹਿੰਦੀ ਕਿਸੇ ਉਸ ਯੁਗ ਦੇ ਕੰਢੇ ਕੋਲ ਆ ਕੇ ਖਲੋ ਗਈ, ਜਿਥੇ ਇਕ ਘਣੇ ਜੰਗਲ ਵਿਚ ਵੇਦ ਵਿਆਸ ਤਪ ਕਰ ਰਹੇ ਸਨ…
ਸਮਾਧੀ ਦੀ ਲੀਨਤਾ ਟੁੱਟੀ ਤਾਂ ਸਾਹਮਣੇ ਰਾਣੀ ਸਤਯਵਤੀ ਉਦਾਸ ਪਰ ਦੈਵੀ ਸੁੰਦਰੀ ਦੇ ਰੂਪ ਵਿਚ ਖਲੋਤੀ ਹੋਈ ਸੀ।
ਬਿਰਛ ਦੇ ਪੱਤਿਆਂ ਵਾਂਗ ਝੁਕ ਕੇ ਵੇਦ ਵਿਆਸ ਨੇ ਪ੍ਰਣਾਮ ਕੀਤੀ, ਆਖਿਆ-ਤੂੰ ਮੇਰੀ ਸਦੀਵੀ ਸੁੰਦਰੀ ਮਾਂ! ਅੱਜ ਉਦਾਸੀ ਦਾ ਇਹ ਵੇਸ ਕਿਉਂ ?
ਮਾਂ ਨੇ ਰਿਖੀ ਪੁੱਤਰ ਨੂੰ ਮੋਹ ਨਾਲ ਭਰੀ ਛਾਤੀ ਨਾਲ ਲਾਇਆ, ਆਖਿਆ – “ਤੂੰ ਰਿਖੀ ਵੰਸ਼ ਵਿਚੋਂ, ਤੂੰ ਮੋਹ ਦੀ ਪੀੜ ਨਹੀਂ ਜਾਣਦਾ। ਰਾਜ ਦਾ ਦਰਦ ਮੈਂ ਰਾਜਾ ਸ਼ਾਂਤਨੁ ਤੋਂ ਪਾਇਆ, ਤੇ ਉਹਦੇ ਰਾਜ ਦੀ ਰੱਖਿਆ ਲਈ ਮੈਂ ਜਿਸ ਕੁੱਖ ਵਿਚੋਂ ਤੈਨੂੰ ਜਨਮ ਦਿੱਤਾ ਸੀ, ਉਸ ਕੁੱਖ ਵਿਚੋਂ ਰਾਜਾ ਸ਼ਾਂਤਨੁ ਦੇ ਦੋ ਪੁੱਤਰਾਂ ਨੂੰ ਜਨਮ ਦਿੱਤਾ। ਪਰ ਇਕ ਮੇਰਾ ਰਾਜਕੁਮਾਰ ਯੁੱਧ ਵਿਚ ਮਾਰਿਆ ਗਿਆ, ਤੇ ਦੂਜਾ, ਦੋ ਰਾਣੀਆਂ ਨੂੰ ਰੋਂਦੀਆਂ ਛੱਡ ਕੇ ਖਈ ਰੋਗ ਨਾਲ ਮਰ ਗਿਆ।”
ਬਿਰਛ ਦੇ ਸਾਰੇ ਪੱਤੇ ਜਿਵੇਂ ਕੁਮਲਾ ਕੇ ਵੇਦ ਵਿਆਸ ਦੇ ਤਪੀ ਚੇਹਰੇ ਵੱਲ ਵੇਖਣ ਲੱਗੇ…
ਰਾਣੀ ਸਤਯਵਤੀ ਦਾ ਮਨ ਗੰਗਾ ਦੀਆਂ ਨਿਰਮਲ ਲਹਿਰਾਂ ਵਾਂਗ ਵਹਿਣ ਲੱਗਾ, ਆਖਣ ਲੱਗੀ-“ਮਹਾਰਿਖੀ ਪਰਾਸ਼ਰ ਨੇ ਗੰਗਾ ਦੇ ਪਾਣੀ ਵਾਂਗ ਮੈਨੂੰ ਅੰਗ ਲਾਇਆ ਸੀ, ਤੂੰ ਉਸੇ ਪਾਣੀ ਦਾ ਮੋਤੀ, ਤੂੰ ਜਲਾਂ ਤੇ ਥਲਾਂ ਵਿਚ ਖੇਡਦਾ, ਜੰਗਲ, ਬੇਲੇ, ਤੇ ਜੂਹਾਂ ਤੇਰੀ ਤਾਬਿਆ ਕੀਤੀ। ਤੂੰ ਤਾਜ ਵਿਚ ਜੜੇ ਹੋਏ ਮੋਤੀ ਦਾ ਦਰਦ ਨਹੀਂ ਜਾਣਦਾ।”
ਬਿਰਛ ਦੇ ਹਰੇ ਰੰਗ ਵਾਂਗੂੰ ਵੇਦ ਵਿਆਸ ਦੇ ਹੋਠ ਮੁਸਕਰਾਏ – “ਮੈਂ ਰਾਜ ਦਾ ਦਰਦ ਨਹੀਂ ਜਾਣਦਾ, ਪਰ ਮਾਂ ਦਾ ਦਰਦ ਜਾਣਦਾ ਹਾਂ..”
ਸਤਯਵਤੀ ਬਿਰਛ ਦੇ ਗਲ ਲੱਗੀ ਵੇਲ ਵਾਂਗ ਝੂਮ ਗਈ, ਕਹਿਣ ਲੱਗੀ “ਤਾਜ ਦੇ ਮੋਤੀ ਨੂੰ ਤਖ਼ਤ ਚਾਹੀਦਾ ਹੈ, ਤਖ਼ਤ ਨੂੰ ਵਾਰਿਸ ਚਾਹੀਦਾ ਹੈ, ਮੇਰੀਆਂ ਦੋਵੇਂ ਨੂੰਹਾਂ ਅੱਜ ਵਿਧਵਾ, ਅੱਜ ਮੈਂ ਉਨ੍ਹਾਂ ਲਈ ਤੇਰੇ ਕੋਲੋਂ ਪੁੱਤਰ ਦਾ ਦਾਨ ਮੰਗਣ ਆਈ ਹਾਂ…”
ਵੇਦ ਵਿਆਸ ਨੇ ਸਿਰ ਉੱਤੇ ਫੈਲੇ ਹੋਏ ਬਿਰਛ ਵੱਲ ਵੇਖਿਆ, ਤੇ ਸਾਰਾ ਬਿਰਛ ਜਿਵੇਂ ਖਿੜ ਸਿਮਟ ਕੇ ਧਰਤੀ ਦੀ ਛਾਤੀ ਵਿਚ ਪਏ ਹੋਏ ਆਪਣੇ ਬੀਜ ਵੱਲ ਵੇਖਣ ਲੱਗਾ…
ਰਿਖੀ ਦੇ ਹੋਠ ਹੱਸ ਪਏ, ਆਖਿਆ-“ਇਹ ਮਾਂ ਦਾ ਹੁਕਮ ਤੇ ਧਰਤੀ ਦਾ ਹੁਕਮ ਪੂਰਾ ਹੋਵੇਗਾ….”
ਤੇ ਵੇਦ ਵਿਆਸ ਨੇ ਵਚਨ ਪੂਰਾ ਕੀਤਾ-ਅੰਬਿਕਾ ਤੇ ਅੰਬਾਲਿਕਾ ਦੋਹਾਂ ਨੂੰ ਇਕ ਇਕ ਪੁੱਤਰ ਦਾ ਦਾਨ ਦਿੱਤਾ..
੨
ਨਦੀ ਦਾ ਪਾਣੀ ਬੱਚਿਆਂ ਦੀ ਕਿਲਕਾਰੀ ਵਾਂਗ ਹੱਸਦਾ ਜਦੋਂ ਫੇਰ ਵਹਿਣ ਲੱਗਾ, ਤਾਂ ਉਹੀ ਘਟਨਾ ਜੁਗਾਂ ਵਿਚੋਂ ਲੰਘਦੀ ਕਲਯੁਗ ਦੇ ਇਕ ਕੰਢੇ ਕੋਲ ਖਲੋ ਗਈ, ਉਥੇ ਜਿੱਥੇ ਬਲਦੇਵ ਦਾ ਸਧਾਰਣ ਜਿਹਾ ਘਰ ਸੀ। ਜਿੱਥੇ ਉਹਦੇ ਮੇਜ਼ ਉਤੇ ਪਈਆਂ ਕਿਤਾਬਾਂ ਵਿਚ ਸਿਰਫ਼ ਮਹਾਭਾਰਤ ਦੇ ਪਰਵ ਨਹੀਂ ਸਨ, ਕਾਮੂ ਵੀ ਸੀ, ਕਾਫ਼ਕਾ ਵੀ ਸੀ, ਪਾਸਤਰਨਾਕ ਵੀ ਸੀ…
ਤੇ ਉਹਦੇ ਸਾਹਮਣੇ ਉਹਦਾ ਮਿੱਤਰ ਕਾਸ਼ੀ ਨਾਥ ਬਿਰਛ ਦੇ ਇਕ ਟੁੱਟੇ ਹੋਏ ਪੱਤੇ ਵਾਂਗ ਖਲੋ ਗਿਆ, ਕਹਿਣ ਲੱਗਾ – “ਜਿਹੜਾ ਦਾਨ ਮੈਨੂੰ ਰੱਬ ਨਹੀਂ ਦੇ ਸਕਿਆ, ਨਾ ਕਿਸੇ ਵੈਦ ਦਾ ਦਾਰੂ, ਉਹ ਦਾਨ ਮੈਂ ਤੇਰੇ ਕੋਲੋਂ ਮੰਗਣ ਆਇਆ ਹਾਂ.. ਇਕ ਪੁੱਤਰ ਦਾ ਦਾਨ…”
ਸਿਰ ਉਤੇ ਬਿਰਛ ਕੋਈ ਨਹੀਂ ਸੀ-ਪਰ ਬਲਦੇਵ ਦੇ ਕੰਨਾਂ ਵਿਚ ਬਿਰਛ ਦੇ ਪੱਤਿਆਂ ਦੀ ਸ਼ਾਂ ਸ਼ਾਂ ਭਰ ਗਈ…
ਕਾਸ਼ੀ ਨਾਥ ਕਹਿ ਰਿਹਾ ਸੀ “ਮੇਰੀ ਔਰਤ ਦੇ ਨਰੋਏ ਤਨ ਨੂੰ ਇਕ ਮਰਦ ਦੇ ਰੋਗੀ ਤਨ ਦਾ ਸਰਾਪ ਲੱਗਾ ਹੋਇਆ ਏ.. ਮੇਰੇ ਮਿੱਤਰ! ਬਸ ਇਹ ਸਰਾਪ ਇਕ ਘੜੀ ਵਾਸਤੇ ਲਾਹ ਦੇ!”
ਬਲਦੇਵ ਦਾ ਸਾਰਾ ਬਦਨ ਬਿਰਛ ਦੀ ਜੜ੍ਹ ਵਾਂਗ ਹੋ ਗਿਆ..
ਕਾਸ਼ੀ ਨਾਥ ਇਕ ਰੁਲਦੇ ਪੱਤੇ ਵਾਂਗ ਉੱਡ ਕੇ ਜਿਵੇਂ ਉਹਦੇ ਪੈਰਾਂ ਕੋਲ ਆ ਗਿਆ “ਇਹ ਭੇਤ ਸਿਰਫ਼ ਮੈਂ ਜਾਣਾ, ਤੂੰ ਜਾਣੇ, ਤੇ ਉਹ ਜਾਣੇਗੀ, ਹੋਰ ਕੋਈ ਨਹੀਂ.. ਕੋਈ ਨਹੀਂ…”
ਬਲਦੇਵ ਦੇ ਬਿਰਛ ਦੀ ਜੜ੍ਹ ਵਾਂਗ ਹੋਏ ਬਦਨ ਵਿਚੋਂ ਇਕ ਸੰਕਲਪ ਪੁੰਗਰਿਆ – “ਇਹ ਸ਼ਾਇਦ ਇਤਿਹਾਸ ਦਾ ਹੁਕਮ ਹੈ.. ਮੈਂ ਸ਼ਾਇਦ ਇਕ ਵੇਦ ਵਿਆਸ ਹਾਂ.. ਇਕ ਰਿਖੀ..”
ਤੇ ਉਹੀ ਜੁੱਗਾਂ ਦੀ ਘਟਨਾ ਫੇਰ ਘਟੀ-ਟੁੱਟੇ ਹੋਏ ਪੱਤਿਆਂ ਦੇ ਘਰ ਫੁੱਲਾਂ ਦੀ ਵੰਸ਼ ਚੱਲੀ…
ਕਾਸ਼ੀ ਨਾਥ ਦੇ ਘਰ ਪੁੱਤਰ ਜੰਮਿਆ। ਅੰਗਾਂ ਤੇ ਸਾਕਾਂ ਦੇ ਮੂੰਹ ਵਧਾਈਆਂ ਨਾਲ ਭਰ ਗਏ। ਤੇ ਜਦੋਂ ਬਲਦੇਵ ਨੇ ਪੰਘੂੜੇ ਵਿਚ ਪਏ ਹੋਏ ਬੱਚੇ ਨੂੰ ਉੜ ਕੇ ਵੇਖਿਆ-ਉਹਦੇ ਹੋਠ ਵੇਦ ਵਿਆਸ ਦੇ ਹੋਠਾਂ ਵਾਂਗ ਮੀਟੇ ਗਏ..
੩
“ਨਹੀਂ-ਨਹੀਂ ਮੈਂ ਵੇਦ ਵਿਆਸ ਨਹੀਂ..” ਬਲਦੇਵ ਦੀ ਆਪਣੀ ਹੀ ਚੀਕ ਵਰਗੀ ਆਵਾਜ਼ ਨਾਲ ਨੀਂਦਰ ਖੁਲ੍ਹ ਗਈ…
ਮੰਜੀ ਦੇ ਕੋਲ ਦੀ ਤਿਪਾਈ ਉਤੇ ਅਜੇ ਵੀ ਰਾਤ ਦੀ ਬਚੀ ਹੋਈ ਵਿਸਕੀ ਪਈ ਹੋਈ ਸੀ, ਉਹਨੇ ਕੰਬਦੇ ਹੱਥ ਨਾਲ ਗਿਲਾਸ ਵਿਚ ਵਿਸਕੀ ਲੁੱਦੀ, ਤੇ ਇਕ ਡੀਕ ਨਾਲ ਪੀਂਦਾ, ਬੌਰੀਆਂ ਵਾਂਗ ਬੋਲਣ ਲੱਗਾ – “ਤੂੰ ਦੇਵ ਪੁੱਤਰ ਸੀ ਵੇਦ ਵਿਆਸ! ਤੂੰ ਮਾਨਵ-ਪੁੱਤਰ ਨਹੀਂ ਸੀ…”
ਬਲਦੇਵ ਦੀ ਕਲਪਨਾ ਉਹਨੂੰ ਸਦੀਆਂ ਦੇ ਦੂਰ ਇਕ ਜੰਗਲ ਵਿਚ ਲੈ ਗਈ, ਤੇ ਉਹ ਜੰਗਲ ਦੇ ਵਿਰਲਾਪ ਵਾਂਗ ਬੋਲਿਆ – “ਰਿਖੀ ਰਾਜ! ਤੇਰੇ ਕੋਲ ਸਮਾਧੀ ਏ, ਨਿਰੀ ਸਮਾਧੀ, ਪਰ ਮੇਰੇ ਕੋਲ ਸੁਪਨੇ ਨੇ-ਬਹੁਤੇ ਸੁਪਨੇ, , , ”
ਬਲਦੇਵ ਦੇ ਬੋਲ ਛਾਤੀ ਵਿਚੋਂ ਉੱਠ ਉੱਠ ਕੇ ਰੁੱਖਾਂ ਨਾਲ ਟਕਰਾਂਦੇ ਰਹੇ – “ਵੇਖ ਰਿਖੀ ਪੁੱਤਰ! ਮੇਰੇ ਵੱਲ ਵੇਖ! ਅਹਿ ਵੇਖ ਮੇਰੀ ਅੰਬਿਕਾ.. ਤੈਨੂੰ ਤਾਂ ਆਪਣੀ ਅੰਬਿਕਾ ਦੀ ਦੂਜੇ ਦਿਨ ਪਛਾਣ ਵੀ ਨਹੀਂ ਸੀ ਰਹੀ, ਪਰ ਵੇਖ, ਅਹਿ ਮੇਰਾ ਪਰਛਾਵਾਂ ਨਹੀਂ ਮੇਰੀ ਅੰਬਿਕਾ ਏ… ਮੈਂ ਜਿੱਥੇ ਜਾਵਾਂ ਮੇਰੇ ਨਾਲ ਜਾਂਦੀ ਏ..”
ਤੇ ਬਲਦੇਵ ਜ਼ੋਰ ਦੀ ਹੱਸਿਆ – “ਦੇਖ! ਰਿਖੀ ਪੁੱਤਰ! ਤੇਰਾ ਕੋਈ ਪਰਛਾਵਾਂ ਨਹੀਂ.. ਲੋਕ ਸੱਚ ਆਖਦੇ ਨੇ ਕਿ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ.. ਪਰ ਇਨਸਾਨ ਨੂੰ ਤਾਂ ਪਰਛਾਵੇਂ ਦਾ ਸਰਾਪ ਹੁੰਦਾ ਏ.. ਵੇਖ ਮੇਰਾ ਪਰਛਾਵਾਂ, ਮੇਰੇ ਤੋਂ ਵੱਡਾ..”
ਫੇਰ ਬਲਦੇਵ ਦੀ ਆਵਾਜ਼ ਅੰਤਾਂ ਦੀ ਚੁੱਪ ਨਾਲ ਟਕਰਾ ਕੇ ਨਿੰਮੋਝੂਣ ਹੋ ਗਈ “- ਤੇਰੀ ਸਮਾਧੀ ਖੁਲ੍ਹ ਗਈ ਸੀ, ਜਦੋਂ ਸਤਯਵਤੀ ਨੇ ਆਵਾਜ਼ ਦਿੱਤੀ ਸੀ, ਪਰ ਮੇਰੀ ਆਵਾਜ਼ ਨਾਲ ਨਹੀਂ ਖੁਲ੍ਹਦੀ.. ਕਿਉਂ ਨਹੀਂ ਖੁਲ੍ਹਦੀ? ਤੂੰ ਅੰਬਿਕਾ ਦੀ ਝੋਲੀ ਵਿਚ ਖੇਡਦਾ ਆਪਣਾ ਪੁੱਤਰ ਕਦੇ ਆਪਣੀਆਂ ਬਾਹਵਾਂ ਵਿਚ ਚੁੱਕ ਕੇ ਨਹੀਂ ਸੀ ਵੇਖਿਆ.. ਮੈਂ ਵੇਖਿਆ ਹੈ ਉਹਨੂੰ, ਬਾਹਵਾਂ ਵਿਚ ਚੁੱਕ ਕੇ, ਗਲ ਨਾਲ ਲਾ ਕੇ.. ਤੇ ਤੂੰ ਨਹੀਂ ਜਾਣਦਾ, ਫੇਰ ਉਹਨੂੰ ਗਲ ਨਾਲੋਂ ਲਾਹੁਣਾ ਆਪਣੇ ਮਾਸ ਨਾਲੋਂ ਮਾਸ ਦੇ ਟੁਕੜੇ ਨੂੰ ਤੋੜਣ ਵਾਂਗ ਹੁੰਦਾ ਹੈ… ”
ਬਲਦੇਵ ਦਾ ਸਾਰਾ ਪਿੰਡਾ, ਪਿੰਡੇ ਵਿਚੋਂ ਵਗਦੇ ਲਹੂ ਵਿਚ ਭਿੱਜ ਗਿਆ “ਤੂੰ ਕਦੇ ਲਹੂ ਦੀ ਹਵਾੜ੍ਹ ਨਹੀਂ ਵੇਖੀ ਰਿਖੀ ਪੁੱਤਰ! ਆਦਮ ਦੇ ਲਹੂ ਦੀ ਇਕ ਹਵਾੜ੍ਹ ਵੀ ਹੁੰਦੀ ਹੈ-ਜਦੋਂ ਉਹ ਧੁਰ ਮਨ ਤੱਕ ਜਖ਼ਮੀ ਹੋ ਜਾਂਦਾ ਹੈ.. ਤੇ ਲਹੂ ਦੀ ਇਕ ਸੁਗੰਧ ਵੀ ਹੁੰਦੀ ਹੈ, ਜਦੋਂ ਬੱਚੇ ਦੇ ਕੂਲੇ ਕੂਲੇ ਹੋਠ ਹੱਸਦੇ ਹਨ, ਉਦੋਂ ਆਪਣੇ ਹੀ ਪਿੰਡੇ ਵਿਚੋਣ ਲਹੂ ਦੀ ਇਕ ਸੁਗੰਧ ਉਠਦੀ ਹੈ”
ਤੇ ਇਕ ਹੋਰ ਤਿੱਖੀ ਸੁਗੰਧ ਬਲਦੇਵ ਦੇ ਮੱਥੇ ਦੀਆਂ ਨਾੜਾਂ ਵਿਚ ਫੈਲ ਗਈ, ਤੇ ਉਹ ਅੱਧੀ ਜਿਹੀ ਸੁਰਤ ਵਿਚ ਬੋਲਿਆ – “ਮੇਰੀ ਅੰਬਿਕਾ ਦੇ ਪਿੰਡੇ ਦੀ ਸੁਗੰਧ ਭਾਵੇਂ ਕਿਥੇ ਚਲੀ ਜਾਵੇ, ਮੈਂ ਉਹਨੂੰ ਲੱਭ ਸਕਦਾ ਹਾਂ.. ਉਹਦੇ ਕੰਬਦੇ ਕੰਬਦੇ ਸਾਹ ਐਥੇ ਮੇਰੇ ਮੌਢੇ ਕੋਲ, ਮੇਰੀ ਬਾਂਹ ਕੋਲ, ਮੇਰੀ ਗਰਦਨ ਕੋਲ ਪਏ ਹੋਏ ਨੇ.. ਇਕ ਅਮਾਨਤ ਵਾਂਗ ਪਏ ਹੋਏ ਨੇ, ਤੇ ਵੇਖ.. ਮੇਰੇ ਅੰਦਰ ਵੀ-ਮੈਂ ਉਹਦੇ ਹੋਠਾਂ ਵਿਚੋਂ ਇਕ ਪੂਰਾ ਘੁੱਟ ਪੀਤਾ ਸੀ..”
ਬਲਦੇਵ ਦੇ ਮੱਥੇ ਦੀ ਇਕ ਨਾੜ ਚੀਸ ਵਾਂਗ ਕੱਸੀ ਗਈ, ਤੇ ਉਹ ਹੇਠਲੇ ਹੋਠ ਨੂੰ ਦੰਦਾਂ ਵਿਚ ਲੈ ਕੇ ਕਹਿਣ ਲੱਗਾ – “ਰਿਖੀ ਪੁੱਤਰ! ਤੂੰ ਸਿਰਫ਼ ਦੇਣਾ ਜਾਣਦਾ ਸੀ, ਤੈਨੂੰ ਕੁਝ ਵੀ ਲੈਣ ਦੀ, ਕੁਝ ਵੀ ਅੰਗੀਕਾਰ ਕਰਨ ਦੀ ਪਛਾਣ ਨਹੀਂ ਸੀ.. ਮੈਂ ਉਹ ਪਛਾਣ ਪਾਈ ਹੈ-ਮੈਂ ਜਦੋਂ ਆਪਣੀ ਅੰਬਿਕਾ ਦੇ ਜਿਸਮ ਦੀਆਂ ਤੈਹਾਂ ਵਿਚ ਗਿਆ ਸਾਂ, ਉਹ ਤੈਹਾਂ ਮੈਨੂੰ ਲੈ ਕੇ ਇਕ ਮੁੱਠ ਵਾਂਗ ਮੀਟੀਆਂ ਗਈਆਂ ਸਨ-ਤੇ ਫੇਰ ਜਦੋਂ ਫੁੱਲ ਦੀਆਂ ਪੱਤੀਆਂ ਵਾਂਗ ਖੁਲ੍ਹੀਆਂ ਸਨ, ਮੈਂ ਵਾਪਿਸ ਮੁੜਦਾ ਉਨ੍ਹਾਂ ਦੀ ਗੰਧ ਆਪਣੇ ਨਾਲ ਲੈ ਆਇਆ ਸਾਂ.. ਉਹ ਸਿਰਫ਼ ਕੁਝ ਦੇਣ ਦਾ ਨਹੀਂ, ਕੁਝ ਲੈਣ ਦਾ ਵੀ ਪਲ ਸੀ, ਮੈਂ ਉਹ ਪਲ ਵੇਖਿਆ ਹੈ ਰਿਖੀ ਪੁੱਤਰ! ਤੂੰ ਨਹੀਂ ਵੇਖਿਆ.. ਦੇਣਾ ਦਰਦ ਨਹੀਂ ਹੁੰਦਾ, ਲੈਣਾ ਇਕ ਦਰਦ ਹੁੰਦਾ ਹੈ, ਤੂੰ ਉਹ ਦਰਦ ਨਹੀਂ ਜਾਣਦਾ ਮੇਰੇ ਰਿਖੀ ਰਾਜ!…”
ਦੁਆਲੇ ਸਭ ਸ਼ਾਂਤ ਸੀ-ਦੁਆਲੇ ਵੀ, ਦੂਰ ਤੱਕ ਵੀ-ਜਿੱਥੋਂ ਤੱਕ ਬਲਦੇਵ ਨੂੰ ਜਿੰਦਗੀ ਦੇ ਰਹਿੰਦੇ ਵਰ੍ਹਿਆਂ ਦਾ ਭਵਿੱਖ ਦਿੱਸ ਸਕਦਾ ਸੀ, ਉਥੋਂ ਤੱਕ, ਇਕ ਅੰਤ ਹੀਨ ਚੁੱਪ, ਇਕ ਖਾਮੋਸ਼ ਹਨੇਰਾ। ਪਰ ਬਲਦੇਵ ਹਨੇਰੇ ਵਿਚ ਪਏ ਹੋਏ ਹਨੇਰੇ ਦੇ ਇਕ ਟੁਕੜੇ ਵਾਂਗ ਗਾੜ੍ਹਾ ਹੋ ਕੇ ਆਪਣੇ ਅੰਗਾਂ ਵਿਚ ਸਿਮਟ ਗਿਆ, ਉਹਦੇ ਹੋਠ ਕੁਝ ਇੰਜ ਹਿਲਦੇ ਰਹੇ, ਜਿਵੇਂ ਹਨੇਰੇ ਦੀਆਂ ਤੈਹਾਂ ਹਿਲਦੀਆਂ ਹੋਣ – “ਉਹ ਮੇਰੇ ਕੋਲੋਂ ਅੱਗ ਦੀ ਇਕ ਚਿਣਗ ਲੈਣ ਵਾਸਤੇ ਆਈ ਸੀ, ਮੈਂ ਉਸ ਚਿਣਗ ਦੀ ਖਾਤਰ ਬਲਣਾ ਸੀ, ਬਲਿਆ ਸਾਂ, ਪਰ ਨਹੀਂ ਸਾਂ ਜਾਣਦਾ-ਸ਼ਾਇਦ ਉਹ ਵੀ ਨਹੀਂ ਸੀ ਜਾਣਦੀ, ਕਿ ਚਿਣਗ ਨੂੰ ਧਾਰਣ ਕਰਨ ਲਈ ਉਸ ਨੂੰ ਵੀ ਅੱਗ ਦੇ ਸਰਾਪ ਵਿਚੋਂ ਲੰਘਣਾ ਪਵੇਗਾ, ਅੱਗ ਉਹਨੂੰ ਵੀ ਛੋਹ ਗਈ ਸੀ ਤਾਂ ਉਹ ਕੰਬ ਗਈ ਸੀ.. ਉਹ ਸਾਰੀ ਮੇਰੇ ਜਿਸਮ ਵਿਚ ਸਿਮਟ ਗਈ ਸੀ-ਜਿਵੇਂ ਉਹ ਆਪਣੀ ਲਾਟ ਤੋਂ ਸ਼ਰਮਾ ਗਈ ਹੋਵੇ.. ਤੇ ਹੁਣ ਐਸ ਰਾਖ ਵਿਚ ਉਹ ਵੀ ਬਲ ਕੇ ਬੁਝ ਕੇ ਆਪਣੀ ਰਾਖ ਰਲਾ ਗਈ ਏ… ਵੇਖ ਰਿਖੀ ਰਾਜ!…”
ਸੁਰਤ ਦੇ ਹਨੇਰੇ ਵਿਚ ਇਕ ਆਕਾਰ ਜਿਹਾ ਉੱਭਰਿਆ-ਕੋਈ ਪੱਥਰ ਦੀ ਮੂਰਤੀ ਵਰਗਾ, ਸ਼ਾਇਦ ਸਮੇਂ ਨਾਲ ਸੱਚਮੁੱਚ ਪੱਥਰ ਹੋ ਚੁਕਾ, ਜਾਂ ਅਜੇ ਵੀ ਜੀਉਂਦਾ ਤੇ ਤਪੱਸਿਆ ਵਿਚ ਲੀਨ ਬੈਠਾ ਹੋਇਆ। ਬਲਦੇਵ ਨੇ ਹਨੇਰੇ ਵਿਚ ਬਾਂਹ ਪਸਾਰੀ, ਹੇਠਾਂ ਜ਼ਮੀਨ ਨੂੰ ਟੋਹ ਕੇ ਉਹਦੇ ਪੈਰਾਂ ਨੂੰ ਛੋਹਣ ਲਈ, ਤੇ ਕੰਬਦੀ ਬਾਂਹ ਵਾਂਗ ਉਹਦੀ ਆਵਾਜ਼ ਕੰਬੀ – “ਮੈਂ ਭੁੱਲ ਗਿਆ ਰਿਖੀ ਰਾਜ! ਮੈਂ ਆਦਮ ਪੁੱਤਰ ਹੋ ਕੇ ਤੇਰੀ ਰੀਸ ਕੀਤੀ ਸੀ.. ਮੈਂ ਇਕ ਪਲ ਤੂੰ ਹੋ ਕੇ ਵੇਖਿਆ.. ਸਿਰਫ਼ ਇਕ ਪਲ.. ਮੈਂ ਜਿਵੇਂ ਇਕ ਪਲ ਲਈ ਤੇਰਾ ਆਸਣ ਚੁਰਾ ਲਿਆ, ਪਰ ਮੈਂ ਤੂੰ ਨਹੀਂ ਹੋ ਸਕਦਾ.. ਤੂੰ ਆਪਣੇ ਜੰਗਲ ਵਿਚ ਅਜੇ ਵੀ ਅਡੋਲ ਬੈਠਾ ਹੋਇਆ ਏਂ-ਮੈਂ ਆਪਣੇ ਜੰਗਲ ਵਿਚ ਭਟਕ ਰਿਹਾ ਹਾਂ.. ਮੈਨੂੰ ਸਿਰਫ਼ ਦੇਣ ਦਾ ਵਰ ਨਹੀਂ ਮਿਲਿਆ, ਲੈਣ ਦਾ ਸਰਾਪ ਵੀ ਮਿਲਿਆ ਹੈ… ਮੈਂ ਆਪਣੀ ਅੰਬਿਕਾ ਆਪਣੇ ਕੋਲ ਚਾਹੁੰਦਾ ਹਾਂ-ਆਪਣਾ ਬੱਚਾ ਵੀ.. ਵੇਖ! ਮੇਰੀਆਂ ਅੱਖਾਂ ਸਿਰਫ਼ ਮੇਰੇ ਮੂੰਹ ਉਤੇ ਨਹੀਂ, ਮੇਰੀ ਪਿੱਠ ਉੱਤੇ ਵੀ ਹਨ-ਉਹ ਪਿੱਛੇ ਦੂਰ ਉਥੇ ਵੇਖ ਰਹੀਆਂ ਹਨ-ਜਿੱਥੇ ਮੇਰੀ ਅੰਬਿਕਾ ਮੇਰੇ ਕੋਲ ਸੀ-ਮੇਰੀ ਵੱਖੀ ਨਾਲ ਲੱਗੀ ਹੋਈ-ਤੇ ਮੈਂ ਉਹਦੀ ਕੁੱਖ ਵਿਚ ਉੱਗ ਰਿਹਾ ਸਾਂ..”
ਬਲਦੇਵ ਦੀ ਨੀਮ ਜਿਹੀ ਸੁਰਤ ਫੇਰ ਨੀਂਦਰ ਦੀ ਝੋਕ ਬਣ ਗਈ, ਤਾਂ ਕਮਰੇ ਦੀ ਖ਼ਾਮੋਸ਼ੀ ਨੇ ਇਕ ਚੈਨ ਦਾ ਸਾਹ ਲਿਆ।
ਸਿਰਫ਼ ਬਾਰੀ ਵਿਚੋਂ ਔਂਦੇ ਹਵਾ ਦੇ ਝੋਕਿਆਂ ਨਾਲ ਮੇਜ਼ ਉਤ ਪਈਆਂ ਹੋਈਆਂ ਕਿਤਾਬਾਂ ਦੇ ਕੁਝ ਵਰਕੇ ਇਸ ਤਰ੍ਹਾਂ ਹਿੱਲ ਰਹੇ ਸਨ-ਜਿਵੇਂ ਮਹਾਭਾਰਤ ਦੇ ਕਿਸੇ ਪਰਵ ਦਾ ਸਫ਼ਾ ਉੱਠ ਕੇ ਕਾਮੂ ਦੇ “ਆਊਟ ਸਾਈਡਰ” ਨੂੰ ਕੁਝ ਕਹਿ ਰਿਹਾ ਹੋਵੇ, ਜਾਂ ਪਾਸਤਰਨਾਕ ਦਾ “ਜ਼ਿਵਾਗੋ” ਅੱਖਾਂ ਮਲਦਾ ਹੋਇਆ ਮਹਾਰਿਖੀ ਪਰਾਸ਼ਰ ਕੋਲੋਂ ਮਤਸਯਗੰਧਾ ਦੇ ਯੋਜਨ-ਗੰਧਾ ਬਨਣ ਦਾ ਭੇਤ ਪੁੱਛ ਰਿਹਾ ਹੋਵੇ…
ਅਚਾਨਕ ਕਮਰੇ ਦੀ ਖ਼ਾਮੋਸ਼ੀ ਤ੍ਰਭਕ ਕੇ ਬਲਦੇਵ ਵੱਲ ਵੇਖਣ ਲੱਗ ਪਈ, ਉਹ ਤੜਪ ਕੇ ਬਿਸਤਰੇ ਤੋਂ ਉਠਦਾ ਆਖ ਰਿਹਾ ਸੀ – “ਇਹ ਕਿਹਾ ਸਰਾਪ ਹੈ, ਵੇਦ ਵਿਆਸ! ਜਦੋਂ ਵੀ ਸੌਂਦਾ ਹਾਂ-ਅੱਗ ਵਾਂਗੂੰ ਬਲਣ ਲੱਗ ਪੈਂਦਾ ਹਾਂ, ਮੈਂ ਵੀ, ਮੇਰੀ ਅੰਬਿਕਾ ਵੀ-ਤੇ ਜਦੋਂ ਵੀ ਜਾਗਦਾ ਹਾਂ-ਰਾਖ ਦਾ ਇਕ ਢੇਰ ਬਣ ਜਾਂਦਾ ਹਾਂ… ਦੱਸ! ਮੇਰਾ ਬੱਚਾ ਵੱਡਾ ਹੋ ਕੇ ਇਸ ਰਾਖ ਵਿਚੋਂ ਆਪਣੀ ਵੰਸ਼ ਕਿਵੇਂ ਲੱਭੇਗਾ?”
ਤੇ ਨਦੀ ਉਸੇ ਤਰ੍ਹਾਂ ਵਹਿੰਦੀ ਰਹੀ.. ਸਿਰਫ਼ ਉਹਦੇ ਪਾਣੀਆਂ ਨੇ ਕੁਝ ਨਿੰਮੋਝੂਣ ਹੋ ਕੇ ਵੇਖਿਆ-ਕਿ ਉਹ ਘਟਨਾ ਰਾਖ ਬਣ ਕੇ ਪਰ੍ਹਾਂ ਕੰਢੇ ਉਤੇ ਪਈ ਹੋਈ ਹੈ…
-ਅੰਮ੍ਰਿਤਾ ਪ੍ਰੀਤਮ
Comment here