ਅਜਬ ਗਜਬਖਬਰਾਂਦੁਨੀਆ

… ਤੇ ਇਟਲੀ ਦੇ ਇੱਕ ਪਿੰਡ ਨੇ ਬਣਾ ਲਿਆ ਆਪਣਾ ਸੂਰਜ!!

ਇਹ ਜਹਾਨ ਅਜਬ ਗਜਬ ਮਾਮਲਿਆਂ ਨਾਲ ਭਰਿਆ ਪਿਆ ਹੈ, ਕੁਦਰਤ ਦੇ ਬਹੁਤ ਸਾਰੇ ਅਣਜਾਣੇ ਰਹੱਸਾਂ ਨਾਲ ਭਰਪੂਰ ਹੈ ਇਹ ਦੁਨੀਆ, ਪਰ ਮਨੁੱਖ ਇਸ ਦੇ ਬਰਾਬਰ ਹੋਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਟਲੀ ‘ਚ ਇਕ ਅਜਿਹਾ ਪਿੰਡ ਹੈ ਜਿੱਥੇ ਤਿੰਨ ਮਹੀਨਿਆਂ ਤਕ ਸੂਰਜ ਦੀ ਰੌਸ਼ਨੀ ਤਕ ਨਹੀਂ ਪਹੁੰਚਦੀ।  ਲੋੜ ਕਾਢ ਦੀ ਮਾਂ ਹੁੰਦੀ ਹੈ, ਕੁਝ ਅਜਿਹਾ ਹੀ ਹੋਇਆ ਇਸ ਪਿੰਡ ਵਿਚ ਅਤੇ ਲੋਕਾਂ ਨੇ ਰੋਸ਼ਨੀ ਹਾਸਲ ਕਰਨ ਲਈ ਆਪਣਾ ਬਣਾਉਟੀ ਸੂਰਜ ਬਣਾ ਲਿਆ।  ਇਟਲੀ ਦੇ ਇੰਸ ਪਿੰਡ ਦਾ ਨਾਂ ਵਿਗਨੇਲਾ ਹੈ ਜਿਹੜਾ ਉੱਤਰੀ ਇਲਾਕੇ ‘ਚ ਹੈ। ਇਹ ਪਿੰਡ ਚੁਫੇਰਿਓਂ ਪਹਾੜਾਂ ਤੇ ਘਾਟੀਆਂ ਨਾਲ ਘਿਰਿਆ ਹੋਇਆ ਹੈ। ਇਸੇ ਕਾਰਨ ਖਾਸਤੌਰ ‘ਤੇ ਠੰਢ ਦੇ ਮਹੀਨਿਆਂ ਨਵੰਬਰ ਤੋਂ ਲੈ ਕੇ ਫਰਵਰੀ ਤਕ ਇੱਥੇ ਹਨੇਰਾ ਛਾਇਆ ਰਹਿੰਦਾ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਇਸ ਪਿੰਡ ਤਕ ਪਹੁੰਚਦੀਆਂ ਹੀ ਨਹੀਂ। ਲੰਬੇ ਸਮੇਂ ਤਕ ਸੂਰਜ ਦੀ ਰੋਸ਼ਨੀ ਨਾ ਮਿਲਣ ਸਕਣ ਕਾਰਨ ਇਸ ਪਿੰਡ ਵਿਚ ਬਿਮਾਰੀਆਂ ਪੈਰ ਪਸਾਰਨ ਲਗਦੀਆਂ ਹਨ। ਲੋਕ ਰੋਸ਼ਨੀ ਨਾ ਮਿਲਣ ਕਾਰਨ ਨਾਂ-ਪੱਖੀ ਸੋਚ, ਨੀਂਦ ਦੀ ਘਾਟ, ਮੂਡ ਖਰਾਬ ਰਹਿਣ ਆਦਿ ਵਰਗੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣ ਲੱਗਦੇ ਸਨ ਤੇ ਅਪਰਾਧ ਵੀ ਵਧ ਜਾਂਦਾ ਸੀ। ਅਜਿਹੇ ਵਿਚ ਇਸ ਪਿੰਡ ਦੇ ਲੋਕਾਂ ਨੇ ਠੰਢ ਦੇ ਮੌਸਮ ‘ਚ ਰੋਸ਼ਨੀ ਲਈ ਜਿਹੜੀ ਵਿਵਸਥਾ ਕੀਤੀ, ਉਸ ਦੀ ਤਾਰੀਫ ਕੀਤੇ ਬਿਨਾ ਨਹੀਂ ਰਿਹਾ ਜਾ ਸਕਦਾ।  ਪਿੰਡ ਦੇ ਲੋਕਾਂ ਨੇ ਰੋਸ਼ਨੀ ਹਾਸਲ ਕਰਨ ਲਈ ਸਾਲ 2006 ‘ਚ 100000 ਯੂਰੋ ਦੀ ਮਦਦ ਨਾਲ 8 ਮੀਟਰ ਲੰਬੀ ਤੇ 5 ਮੀਟਰ ਚੌੜੀ ਸਟੀਲ ਦੀ ਸ਼ੀਟ ਦਾ ਨਿਰਮਾਣ ਕੀਤਾ ਜਿਸ ‘ਤੇ ਸੂਰਜ ਦੀ ਰੋਸ਼ਨੀ ਪੈਂਦੇ ਹੀ ਪੂਰੇ ਪਿੰਡ ਰੁਸ਼ਨਾ ਉੱਠਦਾ ਹੈ। ਸੂਰਜ ਦੀ ਦਿਸ਼ਾ ਅਨੁਸਾਰ ਸ਼ੀਸ਼ੇ ਨੂੰ ਕੰਪਿਊਟਰ ਨਾਲ ਜੋੜਿਆ ਗਿਆ ਹੈ। ਇਸ ਤਕਨੀਕ ਦੇ ਇਸਤੇਮਾਲ ਸਬੰਧੀ ਵਿਗਨੇਲਾ ਦੇ ਮੇਅਰ ਪਿਅਰਫ੍ਰੇਂਕੋ ਮਿਡਾਲੀ ਨੇ ਕਿਹਾ, ‘ਇਹ ਆਸਾਨ ਨਹੀਂ ਸੀ, ਅਸੀਂ ਇਸ ਦੇ ਲਈ ਢੁਕਵੀਂ ਸਮੱਗਰੀ ਲੱਭਣੀ ਸੀ, ਤਕਨੀਕ ਬਾਰੇ ਸਿੱਖਣਾ ਸੀ ਤੇ ਖਾਸ ਤੌਰ ‘ਤੇ ਪੈਸਿਆਂ ਦਾ ਇੰਤਜ਼ਾਮ ਕਰਨਾ ਵੱਡੀ ਚੁਣੌਤੀ ਸੀ।’ ਇਸ ਤਕਨੀਕ ਨੂੰ ਇਕ ਵਿਗਿਆਨਕ ਨੇ ਸਮਝਾਉਂਦੇ ਹੋਏ ਦੱਸਿਆ ਕਿ ਸਟੀਲ ਸ਼ੀਟ ‘ਤੇ ਲੱਗਾ ਸ਼ੀਸ਼ਾ ਦਿਨ ਵਿਚ ਛੇ ਘੰਟੇ ਸੂਰਜ ਦੇ ਪ੍ਰਕਾਸ਼ ਨੂੰ ਪ੍ਰਤੀਬਿੰਬਿਤ ਕਰਦਾ ਹੈ ਜਿਸ ਨਾਲ ਪਿੰਡ ਵਾਲਿਆਂ ਨੂੰ ਹਨੇਰੇ ਤੋਂ ਮੁਕਤੀ ਮਿਲ ਜਾਂਦੀ ਹੈ।

Comment here