ਖੰਨਾ- ਪਿਛਲੇਰੀ ਰਾਤ ਇਥੇ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ‘ਚ ਤੇਜ਼ ਰਫਤਾਰ ਫਾਰਚਿਊਨਰ ਕਾਰ ਡਿੱਗਣ ਨਾਲ ਪੰਜ ਦੋਸਤਾਂ ਦੀ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਕਨੇਡਾ ਤੋਂ ਆਏ ਜਤਿੰਦਰ ਸਿੰਘ (40) ਪੁੱਤਰ ਭਗਵੰਤ ਸਿੰਘ ਵਾਸੀ ਨੰਗਲਾਂ, ਜਗਤਾਰ ਸਿੰਘ (45) ਪੁੱਤਰ ਬਾਵਾ ਸਿੰਘ ਵਾਸੀ ਨੰਗਲਾਂ, ਜੱਗਾ ਸਿੰਘ (35) ਪੁੱਤਰ ਭਜਨ ਸਿੰਘ ਵਾਸੀ ਗੋਪਾਲਪੁਰ, ਕੁਲਦੀਪ ਸਿੰਘ (45) ਪੁੱਤਰ ਕਰਨੈਲ ਸਿੰਘ ਵਾਸੀ ਲੇਹਲ ਅਤੇ ਜਗਦੀਪ ਸਿੰਘ (35) ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਰੁੜਕਾ ਵਜੋਂ ਹੋਈ ਹੈ | ਹਾਦਸਾਗ੍ਰਸਤ ਗੱਡੀ ਵਿੱਚੋਂ ਬਚੇ ਸੰਦੀਪ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਫਾਰਚੂਨਰ ਵਿੱਚ ਸਵਾਰ ਹੋ ਕੇ ਜ਼ਰੂਰੀ ਕੰਮ ਲਈ ਪਿੰਡ ਲਹਿਲ ਜਤਿੰਦਰ ਸਿੰਘ ਦੇ ਸਹੁਰੇ ਘਰ ਚਲੇ ਗਏ | ਉੱਥੋਂ ਚਾਹ-ਪਾਣੀ ਪੀਣ ਤੋਂ ਬਾਅਦ ਜਤਿੰਦਰ ਸਿੰਘ ਦੇ ਦੋਸਤ ਸਰਪੰਚ ਸਤਪਾਲ ਸਿੰਘ ਵਾਸੀ ਪਿੰਡ ਬੇਰ ਖੁਰਦ ਦੇ ਘਰ ਚਲੇ ਗਏ | ਉਸ ਤੋਂ ਬਾਅਦ ਅਸੀਂ ਬੇਰ ਖੁਰਦ ਤੋਂ ਪਿੰਡ ਨੰਗਲਾਂ ਵੱਲ ਨੂੰ ਚੱਲ ਪਏ | ਜਿਉਂ ਹੀ ਸਾਡੀ ਗੱਡੀ ਪਿੰਡ ਝੱਮਟ ਤੋਂ ਨਹਿਰੋਂ-ਨਹਿਰ ਸੜਕ ਪਿੰਡ ਜਗੇੜਾ ਪੁਲ ਵੱਲ ਨੂੰ ਮੁੜ ਕੇ ਕੁਲਾਹੜ ਵਾਲੀ ਸੜਕ ਤੋਂ ਸੌ ਗਜ਼ ਅੱਗੇ ਗਈ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਨਹਿਰ ਵਿੱਚ ਡਿੱਗ ਗਈ | ਡਿਵਾਈਡਰ ਨਾਲ ਟਕਰਾਉਣ ਕਾਰਨ ਗੱਡੀ ਦਾ ਇਕ ਸ਼ੀਸ਼ਾ ਟੁੱਟ ਗਿਆ ਅਤੇ ਮੈਂ ਝਟਕੇ ਨਾਲ ਨਹਿਰ ਦੇ ਕਿਨਾਰੇ ਡਿੱਗ ਗਿਆ | ਬਾਹਰ ਆ ਕੇ ਮੇਰੇ ਵੱਲੋਂ ਬਚਾਓ-ਬਚਾਓ ਦਾ ਰੌਲਾ ਪਾਉਣ ‘ਤੇ ਰਾਹਗੀਰਾਂ ਅਤੇ ਪੁਲਸ ਦੀ ਮਦਦ ਨਾਲ ਮੇਰੇ ਸਾਥੀਆਂ ਨੂੰ ਨਹਿਰ ਵਿਚੋਂ ਗੱਡੀ ਸਮੇਤ ਬਾਹਰ ਕੱਢਿਆ, ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ | ਸੰਦੀਪ ਨੂੰ ਤੁਰੰਤ ਸਿਵਲ ਹਸਪਤਾਲ ਡੇਹਲੋਂ ਦਾਖਲ ਕਰਵਾਇਆ ਗਿਆ |ਪੁਲਸ ਵੀ ਵੱਖ ਵੱਖ ਐੰਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
Comment here